ਕਾਬਲੀਅਤ ਨੂੰ ਖ਼ਤਮ ਕਰ ਦਿੰਦੀ ਹੈ ਬੇਲਗਾਮ ਲਾਲਸਾ

ਕਿਸੇ ਕੰਮ ਜਾਂ ਕਿੱਤੇ ’ਚ ਇਨਸਾਨ ਦਾ ਕਾਬਿਲ ਹੋਣਾ ਇੱਕ ਬਹੁਤ ਵੱਡੀ ਗੱਲ ਪਰ ਜਦੋਂ ਇੱਕ ਹੁਨਰਮੰਦ ਇਨਸਾਨ ਅੰਦਰ ਲਾਲਚ ਦੀ ਭਾਵਨਾਂ ਹੱਦੋਂ ਵੱਧ ਪ੍ਰਬਲ ਹੋ ਜਾਵੇ ਤਾਂ ਸਮਝੋ ਉਸ ਇਨਸਾਨ ਵਲੋਂ ਕਾਬਲੀਅਤ ਦੇ ਦਮ ’ਤੇ ਕੀਤੇ ਜਾਣ ਵਾਲੇ ਕਾਰਜ ਲਾਲਚ ਦੇ ਵੱਸ ਪੈ ਗਏ ਹਨ। ਲਗਨ ਨਾਲ ਕੋਈ ਕੰਮ ਕਰੀਏ ਤਾਂ ਧਿਆਨ ਟਿਕਦਾ ਹੈ, ਇਸ ਤੋਂ ਉਲਟ ਲਾਲਚ ਧਿਆਨ ਨੂੰ ਸਹੀ ਰਸਤੇ ਤੋਂ ਭੜਕਾ ਕੇ ਗਲਤ ਦਿਸ਼ਾ ਵੱਲ ਕੇਂਦਰਿਤ ਕਰ ਦਿੰਦਾ ਹੈ। ਕਾਬਲ ਇਨਸਾਨ ਆਪਣੇ ਹੁਨਰ ਸਦਕਾ ਆਪਣਾ ਨਾਂਅ ਕਮਾਉਣ ਦੀ ਤਾਕਤ ਰੱਖਦਾ ਹੈ ਜਦਕਿ ਲਾਲਚ ਦੀ ਭੇਂਟ ਚੜਿਆ ਇਹੀ ਹੁਨਰ ਇਨਸਾਨ ਨੂੰ ਅੰਦਰੋਂ ਕੰਮਜੋਰ ਕਰ ਦਿੰਦਾ ਹੈ। ਅਜਿਹੀ ਅਵਸਥਾ ’ਚ ਇਨਸਾਨ ਕੋਲ ਆਪਣੇ ਪਰਾਏ ਦੀ ਵੀ ਪਰਖ ਨਹੀਂ ਰਹਿੰਦੀ।
ਲਾਲਚ ਦੀ ਹਾਲਤ ’ਚ ਹੁਨਰ ਸਦਕਾ ਹੌਲ਼ੀ ਹੌਲ਼ੀ ਮਿਲਦੀ ਕਾਮਯਾਬੀ ਅਤੇ ਪਹਿਚਾਣ ਇਨਸਾਨ ਨੂੰ ਸਤੁੰਸ਼ਟ ਨਹੀਂ ਕਰ ਪਾਉਂਦੀ ਜਿਸਦੀ ਭਰਪਾਈ ਫਿਰ ਲਾਲਚ ਨਾਲ ਕਮਾਈ ਕਰ ਕੇ ਕੀਤੀ ਜਾਂਦੀ ਹੈ। ਰੋਜ਼ਮਰਾ ਦੀ ਜ਼ਿੰਦਗੀ ’ਚ ਬੇਅੰਤ ਮਿਸਾਲਾਂ ਹਨ ਜਿੱਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਾਬਲ ਵਿਅਕਤੀ ਜਦੋਂ ਲਾਲਚ ਦੇ ਵੱਸ ਪੈ ਜਾਵੇ ਫਿਰ ਦੇਰ ਜਾਂ ਸਵੇਰ ਉਸਦੀ ਕਾਬਲੀਅਤ ਦਾ ਅੰਤ ਹੋਣਾਂ ਨਿਸ਼ਚਿਤ ਹੋ ਜਾਂਦਾ ਹੈ। ਇਸ ਅਲਾਮਤ ਦਾ ਸ਼ਿਕਾਰ ਤਕਰੀਬਨ ਹਰ ਹੁਨਰਮੰਦ ਵਿਅਕਤੀ ਹੁੰਦਾ ਹੈ, ਇਹ ਅਲੱਗ ਗੱਲ ਹੈ ਕਿ ਲਾਲਚ ਦਵਾਰਾ ਕੋਈ ਵਿਅਕਤੀ ਥੋੜਾ ਪ੍ਰਭਾਵਿਤ ਹੁੰਦਾ ਹੈ ਜਾਂ ਜਿਆਦਾ। ਕਿਸੇ ਹੁਨਰਮੰਦ ਵਿਅਕਤੀ ਦਵਾਰਾ ਲਾਲਚੀ ਹੋ ਜਾਣਾਂ ਇਹ ਸਿੱਧ ਕਰਦਾ ਹੈ ਉਸਨੇ ਆਪਣੀ ਕਾਬਲੀਅਤ ਦੀ ਬੋਲੀ ਲਗਾ ਦਿੱਤੀ ਹੈ ਅਤੇ ਉਸਦਾ ਜਿਆਦਾ ਫਾਇਦਾ ਉੁਸਨੂੰ ਹੀ ਮਿਲੇਗਾ ਜੋ ਜਿਆਦਾ ਬੋਲੀ ਲਗਾਏਗਾ ਇਸ ਦੌਰਾਨ ਆਪਣੀ ਕਾਬਲੀਅਤ ਨਾਲ ਆਮ ਲੋਕਾਈ ਦੀ ਸੇਵਾ ਕਰਨ ਦੀ ਧਾਂਘ ਮਨ ’ਚੋਂ ਮਨਫੀ ਹੋ ਜਾਂਦੀ ਹੈ। ਉਸ ਕਾਬਲੀਅਤ ਦਾ ਵੀ ਕੀ ਅਰਥ ਜਿਸ ਤੋਂ ਕਿਸੇ ਆਮ ਇਨਸਾਨ ਨੂੰ ਕੋਈ ਫਾਇਦਾ ਹੀ ਨਾ ਹੋ ਸਕੇ।
ਪੈਸੇ ਦੀ ਤਾਕਤ ਨਾਲ ਨਾਂਅ ਕਮਾਉਣ ਵਾਲੇ ਇਸ ਦੁਨੀਆਂ ’ਚ ਅਣਗਿਣਤ ਹੋਣਗੇ ਪਰ ਆਪਣੇ ਇਮਾਨ ਅਤੇ ਹੁਨਰ ਦੇ ਸਿਰ ’ਤੇ ਨਾਂਅ ਕਮਾਉਣਾਂ ਬਹੁਤ ਘੱਟ ਲੋਕਾਂ ਦੇ ਹਿੱਸਾ ਆਇਆ ਹੈ। ਪੈਸੇ ਦੀ ਬੋਲੀ ਬੋਲਣ ਵਾਲੇ ਇਸ ਨਿਜ਼ਾਮ ’ਚ ਇਮਾਨਦਾਰ ਅਤੇ ਸਾਫ ਕਿਰਦਾਰ ਵੀ ਦਾਗਦਾਰ ਹੋ ਜਾਂਦੇ ਹਨ। ਸਿਆਸੀ ਪਿੜ ’ਚ ਆਪਣੀ ਲੋਕ ਸੇਵਾ ਕਰਕੇ ਜਾਣੇ ਜਾਣ ਵਾਲੇ ਸਿਆਸੀ ਨੇਤਾ ਸਦਾ ਲਈ ਲੋਕ ਮਨਾਂ ’ਤੇ ਡੂੰਘੀ ਛਾਪ ਛੱਡ ਗਏ ਜਿਹਨਾਂ ਨੂੰ ਦਿਲੋਂ ਭੁਲਾਉਣਾਂ ਔਖਾ ਹੈ। ਲੋਕ ਕਚਹਿਰੀ ’ਚ ਵਿਚਰਨ ਦੀ ਕਾਬਲੀਅਤ ਨੇ ਕਈ ਰਾਜਸੀ ਨੇਤਾਵਾਂ ਨੂੰ ਲੋਕਾਂ ਦੇ ਹੀਰੋ ਬਣਾ ਦਿੱਤਾ ਜਿਹਨਾਂ ਵਰਗਾ ਦੁਬਾਰਾ ਕਿਸੇ ਦਾ ਬਨਣਾਂ ਮੁਸ਼ਕਿਲ ਹੈ। ਅਮਰੀਕਾ ਵਰਗੇ ਅਗਾਂਹ ਵਧੂ ਦੇਸ਼ ਦੇ ਸੋਲ਼ਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਆਪਣੀ ਪਹਿਚਾਣ ਇੱਕ ਇਮਾਨਦਾਰ ਅਤੇ ਕਾਬਲ ਸਿਆਸਤਦਾਨ ਵਾਲੀ ਬਣਾ ਗਏ। ਅੱਜ ਕਿਸੇ ਵੀ ਸਕੂਲ ’ਚ ਜਾ ਕੇ ਜੇਕਰ ਇਹ ਪ੍ਰਸ਼ਨ ਪੁੱਛਿਆ ਜਾਵੇ ਕਿ ਦੁਨੀਆਂ ਦਾ ਸਭ ਤੋਂ ਸਿਆਣਾਂ, ਇਮਾਨਦਾਰ, ਮਿਹਨਤੀ ਅਤੇ ਕਾਬਿਲ ਰਾਸ਼ਟਰਪਤੀ ਕੌਣ ਸੀ ਅਤੇ ਉਹ ਕਿਸ ਦੇਸ਼ ਦਾ ਸੀ ਤਾਂ ਇੱਕੋ ਜਵਾਬ ਮਿਲੇਗਾ ਅਬਰਾਹਿਮ ਲਿੰਕਨ, ਅਮਰੀਕਾ ਦੇ ਸੋਲ਼ਵੇਂ ਰਾਸ਼ਟਰਪਤੀ। ਇਸ ਇਨਸਾਨ ਦਵਾਰਾ ਆਪਣੀ ਕਾਬਲੀਅਤ, ਮਿਹਨਤ ਅਤੇ ਲਿਆਕਤ ਸਦਕਾ ਕਮਾਇਆ ਨਾਂਅ ਉਸਦੇ ਦੁਨੀਆਂ ਤੋਂ ਰੁਸਤਖ ਹੋ ਜਾਣ ਤੋਂ ਕਈ ਦਹਾਕੇ ਬਾਅਦ ਵੀ ਲੋਕ ਮਨਾਂ ’ਤੇ ਰਾਜ ਕਰ ਰਿਹਾ ਹੈ। ਅਬਰਾਹਿਮ ਲਿੰਕਨ ਵਰਗਾ ਮਹਾਨ ਇਨਸਾਨ ਇੱਕ ਧਨੀ ਦੇਸ਼ ਦਾ ਰਾਸ਼ਟਰਪਤੀ ਸੀ। ਉਹ ਚਾਹੁੰਦਾ ਤਾਂ ਅਰਬਾਂ ਖਰਬਾਂ ਦੀ ਜਾਇਦਾਦ ਬਣਾ ਸਕਦਾ ਸੀ ਪਰ ਆਪਣੀ ਕਾਬਲੀਅਤ ਅਤੇ ਸੂਝਬੂਝ ਸਦਕਾ ਉਸਨੇ ਆਪਣੇ ਦੇਸ਼ ਅਤੇ ਲੋਕਾਂ ਦੀ ਇਮਾਨਸਦਾਰੀ ਨਾਲ ਸੇਵਾ ਕੀਤੀ ਅਤੇ ਆਪਣੇ ਹੁਨਰ ਸਦਕਾ ਅਮਰੀਕਾ ਨੂੰ ਦੁਨੀਆਂ ਦੇ ਨਕਸ਼ੇ ’ਤੇ ਇੱਕ ਕਾਮਯਾਬ ਦੇਸ਼ ਦੀ ਪਹਿਚਾਣ ਦੇਣ ਵਿੱਚ ਕਾਮਯਾਬ ਰਿਹਾ।
ਸਮੇਂ ਅਤੇ ਹਾਲਾਤਾਂ ਦੇ ਬਦਲਣ ਨਾਲ ਅੱਜ ਸਭ ਕੁੱਝ ਬਦਲ ਗਿਆ ਹੈ। ਇਮਾਨ ਅਤੇ ਹੁਨਰ ਹੁਣ ਵਿਕਾਊ ਅਵਸਥਾ ਵਿੱਚ ਆ ਗਏ ਹਨ। ਪੈਸੇ ਦੇ ਸਿਰ ’ਤੇ ਗਲਤ ਅਤੇ ਗੈਰ ਕਾਨੂੰਨੀ ਕੰਮ ਠੀਕ ਕੀਤੇ ਜਾ ਰਹੇ ਹਨ। ਆਪਣੇ ਆਪ ਨੂੰ ਕਾਬਿਲ ਕਹਾਉਣ ਵਾਲਾ ਅਜੋਕਾ ਇਨਸਾਨ ਪੈਸੇ ਦੀ ਚਮਕ ਅੱਗੇ ਆਪਣਾ ਆਪ ਵੇਚਦਾ ਨਜ਼ਰ ਆ ਰਿਹਾ ਹੈ। ਬੇਸ਼ੱਕ ਅਜਿਹਾ ਸਭ ’ਤੇ ਲਾਗੂ ਨਹੀਂ ਹੁੰਦਾ ਪਰ ਪੈਸੇ ਦੀ ਚਮਕ ਅੱਗੇ ਇਨਸਾਨ ਆਪਣੀਆਂ ਲੋੜਾਂ ਅਤੇ ਜਰੂਰਤਾਂ ਨੂੰ ਦੇਖ ਕੇ ਅਕਸਰ ਟੁੱਟਦਾ ਨਜ਼ਰ ਆਉਂਦਾ ਹੈ।
ਅਜਿਹੀ ਵਿਵਸਥਾ ’ਚ ਲੋਕਾਂ ਦਾ ਅਸਲ ਹਮਦਰਦ ਲੱਭਣਾਂ ਵੀ ਔਖਾ ਹੋ ਗਿਆ ਹੈ ਅਤੇ ਇਹ ਸਭ ਲਾਲਚ ਦੇ ਵੱਸ ਪੈਣ ਕਾਰਨ ਹੋਇਆ ਹੈ। ਜੇਕਰ ਸਮੇਂ ਦੀ ਰਫਤਾਰ ਨਾਲ ਇਹ ਵਰਤਾਰਾ ਨਾ ਰੁੱਕਿਆ ਤਾਂ ਦੇਸ਼ ਅਤੇ ਆਮ ਲੋਕਾਂ ਦੀ ਸੇਵਾ ਕਰਨ ਵਾਲੇ ਕਾਬਿਲ ਅਤੇ ਹੁਨਰਮੰਦ ਵਿਅਕਤੀ ਇਸ ਦੁਨੀਆ ਤੋਂ ਸਦਾ ਲਈ ਮਨਫੀ ਹੋ ਜਾਣਗੇ।

Send this to a friend