ਐਸ. ਏ. ਐਸ. ਨਗਰ, 22 ਜਨਵਰੀ (ਧਾਮੀ ਸ਼ਰਮਾ)- ਹਲਕੇ ਦੇ ਵਿਕਾਸ ਕਾਰਜਾਂ ’ਤੇ 5 ਕਰੋੜ ਰੁਪਏ ਖਰਚੇ ਜਾਣਗੇ ਅਤੇ ਕਿਸੇ ਵੀ ਪਿੰਡ ਨੂੰ ਵਿਕਾਸ ਪਖੋਂ ਪਛੜਿਆ ਨਹੀਂ ਰਹਿਣ ਦਿੱਤਾ ਜਾਵੇਗਾ।ਢਾਈ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਨਾਲ ਹਲਕੇ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਕਰਵਾਏ ਜੇ ਰਹੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿਧੂ ਨੇ ਜ਼ਿਲ੍ਹਾ ਪ੍ਰੀਸ਼ਦ ਭਵਨ ਵਿਖੇ ਹਲਕੇ ਦੇ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਕੈਬਨਿਟ ਮੰਤਰੀ ਸ. ਸਿਧੂ ਨੇ ਮੀਟਿੰਗ ਵਿਚ ਹਾਜ਼ਰ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਹੋ ਚੁਕੀ ਹੈ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ 31 ਜਨਵਰੀ ਤਕ ਮਤੇ ਪਾ ਕੇ ਭੇਜਣ ਲਈ ਕਿਹਾ ਤਾਂ ਜੋ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਸਕੇ। ਉਨ੍ਹਾਂ ਪੰਚਾਇਤਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਵਿਕਾਸ ਕਾਰਜਾਂ ਦੀ ਸੂਚੀ ਬਣਾ ਕੇ ਮਤੇ ਪਾਉਣ ਲਈ ਕਿਹਾ ਤਾਂ ਜੋ ਪਿੰਡਾਂ ਦੇ ਜ਼ਰੂਰੀ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਏ ਜਾ ਸਕਣ।ਸ. ਸਿਧੂ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਦਾ ਪਹਿਲਾ ਕੰਮ ਇਲਾਕੇ ਦਾ ਵਿਕਾਸ ਕਰਵਾਉਣਾ ਹੁੰਦਾ ਹੈ, ਇਸ ਲਈ ਉਹ ਸਭ ਨੂੰ ਨਾਲ ਲੈ ਕੇ ਚਲਣ ਅਤੇ ਬਿਨਾਂ ਕਿਸੇ ਪਖਪਾਤ ਤੋਂ ਆਪੋ-ਆਪਣੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਲਈ ਮਤੇ ਪਾ ਕੇ ਭੇਜਣ। ਉਨ੍ਹਾਂ ਕਿਹਾ ਕਿ ਅਜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ, ਜਿਸਦੇ ਜਿਥੇ ਉਹ ਮੰਤਰੀ ਹਨ ਉਥੇ ਹਲਕੇ ਦੇ ਵਿਧਾਇਕ ਵੀ ਹਨ, ਜਿਸਦਾ ਪੂਰਾ ਫਾਇਦਾ ਉਹ ਐਸ. ਏ. ਐਸ. ਨਗਰ ਵਾਸੀਆਂ ਨੂੰ ਹਲਕੇ ਦਾ ਵਿਕਾਸ ਕਰਵਾ ਕੇ ਦਿਵਾਉਣਗੇ। ਉਨ੍ਹਾਂ ਅਗੇ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿਚ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਜਾਵੇਗਾ। ਜਿਸ ਨਾਲ ਇਲਾਕੇ ਦੀ ਕਾਇਆ ਕਲਪ ਹੋ ਜਾਵੇਗੀ। ਇਸ ਮੌਕੇ ਸ. ਸਿਧੂ ਨੇ ਬਿਨਾਂ ਕਿਸੇ ਲੜਾਈ-ਝਗੜੇ ਤੋਂ ਪੰਚਾਇਤੀ ਚੋਣਾਂ ਹੋਣ ‘ਤੇ ਪੰਚਾਂ-ਸਰਪੰਚਾਂ ਨੂੰ ਵਧਾਈ ਵੀ ਦਿਤੀ ਅਤੇ ਪਿੰਡਾਂ ਦੀ ਧੜੇਬੰਦੀ ਤੋਂ ਉਪਰ ਉਠ ਕੇ ਵਿਕਾਸ ਕਾਰਜਾਂ ਲਈ ਅਗੇ ਆਉਣ ਦਾ ਸਦਾ ਦਿਤਾ।ਇਸ ਮੌਕੇ ਉਨ੍ਹਾਂ ਪੰਚਾਇਤ ਸੈਕਟਰੀਆਂ, ਬੀ. ਡੀ. ਪੀ. ਓਜ਼ ਸਮੇਤ ਹੋਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਦੇ ਵਿਕਾਸ ਕਾਰਜਾਂ ਵਿਚ ਕੋਈ ਕੁਤਾਈ ਨਾ ਵਰਤੀ ਜਾਵੇ ਅਤੇ ਕਿਸੇ ਕਿਸਮ ਦੀ ਢਿਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫਸਰ ਸ੍ਰੀ ਗੁਰਅਮਨਪ੍ਰੀਤ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਲੈ ਕੇ ਕਈ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਵਿਚੋਂ ਇਕ ਪ੍ਰੋਗਰਾਮ ਤਹਿਤ ਵਣ ਵਿਭਾਗ ਵੱਲੋਂ ਪਿੰਡਾਂ ਵਿਚ ਲਾਉਣ ਲਈ ਮੁਫਤ ਪੌਦੇ ਦਿਤੇ ਜਾਣਗੇ।ਇਸ ਮੌਕੇ ਸਰਪੰਚ ਸ. ਗੁਰਪ੍ਰੀਤ ਸਿੰਘ ਢੀਂਡਸਾ ਜੁਝਾਰ ਨਗਰ, ਸਰਪੰਚ ਰਣਜੀਤ ਸਿੰਘ ਗਿਲ ਜਗਤਪੁਰਾ ਅਤੇ ਸਰਪੰਚ ਸ. ਛਜਾ ਸਿੰਘ ਕੁਰੜੀ ਨੇ ਆਪੋ-ਆਪਣੇ ਪਿੰਡਾਂ ਸਮੇਤ ਹਲਕੇ ਦੀਆਂ ਸਾਂਝੀਆਂ ਮੰਗਾਂ ਰਖਦਿਆਂ ਸ. ਸਿਧੂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁਖ ਕਾਰਜਕਾਰੀ ਅਫਸਰ ਸ. ਰਵਿੰਦਰ ਸਿੰਘ ਸੰਧੂ, ਐਕਸੀਅਨ ਪੰਚਾਇਤੀ ਰਾਜ ਸ. ਕੁਲਦੀਪ ਸਿੰਘ ਗਰਚਾ, ਐਸ. ਡੀ. ਓ. ਪੰਚਾਇਤੀ ਰਾਜ ਸ. ਅਜੀਤ ਭਲਾ, ਬੀ. ਡੀ. ਪੀ. ਓ. ਖਰੜ ਸ. ਰਣਜੀਤ ਸਿੰਘ, ਬੀ. ਡੀ. ਪੀ. ਓ. ਮਾਜਰੀ ਹਿਤੇਨ ਕਪਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਣ ਸਿੰਘ ਬਠਲਾਣਾ, ਸ਼੍ਰੀਮਤੀ ਜਸਵਿੰਦਰ ਕੌਰ ਦੁਰਾਲੀ, ਮੈਂਬਰ ਬਲਾਕ ਸੰਮਤੀ ਸ. ਮਨਜੀਤ ਸਿੰਘ ਤੰਗੌਰੀ, ਸ. ਰਘੁਵੀਰ ਸਿੰਘ ਚਾਉਮਾਜਰਾ, ਸ. ਗੁਰਬਿੰਦਰ ਸਿੰਘ ਬੜੀ, ਸ. ਬਲਜੀਤ ਸਿੰਘ ਭਾਗੋਮਾਜਰਾ, ਸ. ਸ਼ਮਸ਼ੇਰ ਸਿੰਘ ਕੈਲੋਂ, ਸ. ਗੁਰਦੀਪ ਸਿੰਘ ਬਾਸੀ ਅਤੇ ਕਾਂਗਰਸੀ ਆਗੂ ਸ. ਭਗਤ ਸਿੰਘ ਨਾਮਧਾਰੀ ਸਮੇਤ ਵਖ-ਵਖ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।