ਇਸ ਸੰਸਾਰ ਵਿਚ ਬਹੁਤ ਸਾਰੇ ਇਨਸਾਨ ਆਉਂਦੇ ਹਨ ਅਤੇ ਆਪਣਾ ਰੋਜ ਮਰਰ੍ਹਾ ਦਾ ਜੀਵਨ ਬਤੀਤ ਕਰਕੇ ਚਲੇ ਜਾਂਦੇ ਹਨ। ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਵਿਲੱਖਣ ਕਾਰਜਾਂ ਕਰਕੇ ਆਪਣੇ ਜੀਵਨ ਨੂੰ ਇਨਸਾਨੀਅਤ ਅਤੇ ਦੇਸ਼ ਦੀ ਬਿਹਤਰੀ ਲਈ ਲੇਖੇ ਲਾ ਦਿੰਦੇ ਹਨ। ਭਾਵੇਂ ਉਨ੍ਹਾਂ ਨੂੰ ਕਿਤਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਪ੍ਰੰਤੂ ਉਹ ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਆਪਣੇ ਮੰਤਵ ਦੀ ਪੂਰਤੀ ਲਈ ਦੁਨੀਆਂ ਤੋਂ ਬੇਖ਼ਬਰ ਹੋ ਕੇ ਲੱਗੇ ਰਹਿੰਦੇ ਹਨ। ਅਜਿਹੇ ਹੀ ਇਨਸਾਨਾਂ ਵਿਚੋਂ ਇਕ ਹਨ ਸ੍ਰ ਧਰਮ ਸਿੰਘ ਸਾਬਕਾ ਚੀਫ ਕੋਚ ਰੇਲਵੇ, ਜਿਨ੍ਹਾਂ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣਾ ਅਤੇ ਆਪਣੇ ਪਿੰਡ ਕੱਦੋਂ ਦਾ ਨਾਮ ਅਥਲੈਟਿਕਸ ਸੰਸਾਰ ਵਿਚ ਮਸ਼ਹੂਰ ਕੀਤਾ। ਪੰਜਾਬ ਨੂੰ ਦੇਸ਼ ਦੀ ਖੇਡਾਂ ਦੀ ਨਰਸਰੀ ਕਿਹਾ ਜਾਂਦਾ ਹੈ। ਜ¦ਧਰ ਜਿਲ੍ਹੇ ਦੇ ਪਿੰਡ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਲੁਧਿਆਣਾ ਜਿਲ੍ਹੇ ਦੇ ਪਿੰਡ ਕੱਦੋਂ ਨੂੰ ਕਲਾਕਾਰਾਂ, ਸਿਖਿਆ ਸ਼ਾਸ਼ਤਰੀਆਂ ਅਤੇ ਖਿਡਾਰੀਆਂ ਦਾ ਪਿੰਡ ਕਿਹਾ ਜਾਂਦਾ ਹੈ। ਭਾਵੇਂ ਲੁਧਿਆਣੇ ਜਿਲ੍ਹੇ ਦਾ ਇਹ ਪਿੰਡ ਕਿਸੇ ਸਮੇਂ ਰੇਤ ਦੇ ਟਿਬਿਆਂ ਦੇ ਦੋਰਾਹਾ ਅਤੇ ਪਾਇਲ ਦੇ ਵਿਚਕਾਰ ਵਸਿਆ ਹੋਇਆ ਸੀ ਪ੍ਰੰਤੂ ਕੱਦੋਂ ਪਿੰਡ ਦੀ ਖਾਸੀਅਤ ਇਹ ਰਹੀ ਹੈ ਕਿ ਇਥੋਂ ਦੇ ਵਸਨੀਕ ਅਣਸੁਖਾਵੇਂ ਹਾਲਾਤਾਂ ਦੇ ਬਾਵਜੂਦ ਵੀ ਪੜ੍ਹੇ ਲਿਖੇ ਅਤੇ ਸੰਸਾਰ ਵਿਚ ਆਪੋ ਆਪਣੇ ਖੇਤਰਾਂ ਵਿਚ ਨਾਮਣਾ ਖੱਟਦੇ ਰਹੇ ਹਨ। ਕਾਮੇਡੀਅਨ ਜਸਵਿੰਦਰ ਭੱਲਾ, ਜੀਤ ਕੱਦੋਂਵਾਲਾ, ਰਮਨ ਕੱਦੋਂ , ਲਾਲੀ ਦੋਰਾਹਾ (ਤਿੰਨੋ ਗੀਤਕਾਰ), ਪ੍ਰਸਿਧ ਗਾਇਕਾ ਮਨਪ੍ਰੀਤ ਅਖ਼ਤਰ, ਧਰਮ ਸਿੰਘ ਅਥਲੀਟ, ਡਾ ਓਮ ਪ੍ਰਕਾਸ਼ ਵਸ਼ਿਸ਼ਟ, ਡਾ ਗੁਰਮੁਖ ਸਿੰਘ, ਡਾ ਜਸਵੀਰ ਸਿੰਘ ਮੁੰਡੀ ਡੈਂਟਿਸਟ ਕੇਲਗਰੀ ਅਤੇ ਪੁਸ਼ਪਿੰਦਰ ਸਿੰਘ ਸ਼ੈਸ਼ਨਜ਼ ਜੱਜ ਨੇ ਆਪੋ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਇਨ੍ਹਾਂ ਵਿਚੋਂ ਧਰਮ ਸਿੰਘ ਅਥਲੀਟ 1953 ਵਿਚ 800, 1500 ਅਤੇ 5000 ਮੀਟਰ ਦੌੜਾਂ ਵਿਚ ਦੇਸ਼ ਦਾ ਚੈਂਪੀਅਨ ਬਣਿਆਂ, ਜਿਸਨੇ ਪਿੰਡ ਕੱਦੋਂ ਦਾ ਨਾਮ ਸੰਸਾਰ ਵਿਚ ਚਮਕਾਇਆ ਕਿਉਂਕਿ ਉਨ੍ਹਾਂ ਦਿਨਾਂ ਵਿਚ ਕੱਦੋਂ ਪਿੰਡ ਨਾਲ ਕਈ ਵਿਸ਼ੇਸ਼ਣ ਜੁੜੇ ਹੋਏ ਸਨ ਪ੍ਰੰਤੂ ਧਰਮ ਸਿੰਘ ਦੇ ਚੈਂਪੀਅਨ ਬਣਨ ਨਾਲ ਉਹ ਸਾਰੇ ਬਦਲ ਗਏ ਅਤੇ ਪਿੰਡ ਕੱਦੋਂ ਨੂੰ ਧਰਮੇ ਕੱਦੋਂਵਾਲਾ ਦੇ ਨਾਮ ਨਾਲ ਜਾਣਿਆਂ ਜਾਣ ਲੱਗਾ ਸੀ। ਧਰਮ ਸਿੰਘ ਜਦੋਂ ਸਰਕਾਰੀ ਕਾਲਜ ਲੁਧਿਆਣੇ ਪੜ੍ਹ ਰਿਹਾ ਸੀ ਤਾਂ ਉਹ 400, 800, 1500 ਅਤੇ 5000 ਮੀਟਰ ਦੀਆਂ ਦੌੜਾਂ ਵਿਚ ਹਿੱਸਾ ਲੈਂਦਾ ਸੀ। ਯੂਨੀਵਰਸਿਟੀ ਖੇਡਾਂ ਵਿਚ ਨਾਮਣਾ ਖੱਟਣ ਕਰਕੇ ਆਪਦਾ ਨਾਮ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਹਰਮਨ ਪਿਆਰਾ ਹੋ ਗਿਆ। ਸਰਕਾਰੀ ਕਾਲਜ ਲੁਧਿਆਣਾ ਵਿਚ ਪੜ੍ਹਦਿਆਂ ਆਪਦੀ ਦੌੜਾਂ ਵਿਚਲੀ ਯੋਗਤਾ ਦੀ ਕਦਰ ਕਰਦਿਆਂ ਆਪ ਨੂੰ ਰੇਲਵੇ ਨੇ ਜਨਵਰੀ 1955 ਵਿਚ ਇਨਸਪੈਕਟਰ ਭਰਤੀ ਕਰ ਲਿਆ ਅਤੇ ਪ੍ਰੈਕਟਿਸ ਕਰਵਾਉਣੀ ਸ਼ੁਰੂ ਕਰ ਦਿੱਤੀ। ਰੇਲਵੇ ਵੱਲੋਂ ਹੀ ਆਪ ਦੇਸ਼ ਦੀਆਂ ਅਥਲੈਟਿਕਸ ਵਿਚ ਹਿੱਸਾ ਲੈਂਦੇ ਰਹੇ। 1953 ਵਿਚ ਲਾਹੌਰ ਵਿਖੇ ਹੋਈਆਂ ਭਾਰਤ ਅਤੇ ਪਾਕਿਸਤਾਨ ਦੀਆਂ ਖੇਡਾਂ ਵਿਚ ਆਪਨੂੰ ਸਰਵੋਤਮ ਅਥਲੀਟ ਐਲਾਨਿਆਂ ਗਿਆ। ਇਨ੍ਹਾਂ ਖੇਡਾਂ ਵਿਚ ਆਪ 800 ਅਤੇ 1500 ਮੀਟਰ ਦੌੜਾਂ ਵਿਚ ਪਹਿਲੇ ਨੰਬਰ ਤੇ ਆਏ ਅਤੇ ਚੈਂਪੀਅਨ ਬਣੇ। 400 ਅਤੇ 5000 ਮੀਟਰ ਦੌੜ ਵਿਚੋਂ ਦੂਜੇ ਨੰਬਰ ਤੇ ਰਹੇ। ਫਿਰ ਆਪ ਨੇ 400 ਮੀਟਰ ਦੌੜ ਵਿਚ ਮੁੜਕੇ ਹਿੱਸਾ ਨਹੀਂ ਲਿਆ ਕਿਉਂਕਿ ਆਪ ਦਾ ਨਿਸ਼ਾਨਾ ਪਹਿਲੇ ਸਥਾਨ ਤੇ ਆਉਣਾ ਹੀ ਹੁੰਦਾ ਸੀ। ਇਸ ਤੋਂ ਬਾਅਦ ਆਪ ਨੇ ਹਰ ਸਾਲ ਹੋਣ ਵਾਲੀਆਂ ਕੌਮੀ ਖੇਡਾਂ ਵਿਚ ਹਮੇਸ਼ਾ 800, 1500 ਅਤੇ 5000 ਮੀਟਰ ਦੌੜਾਂ ਵਿਚ ਪਹਿਲਾ ਇਨਾਮ ਜਿੱਤਿਆ।
ਆਪ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਕੱਦੋਂ ਵਿਖੇ ਪਿਤਾ ਈਸ਼ਰ ਸਿੰਘ ਆੜ੍ਹਤੀਏ ਅਤੇ ਮਾਤਾ ਕਪੂਰ ਕੌਰ ਦੇ ਘਰ 14 ਜੂਨ 1934 ਨੂੰ ਹੋਇਆ। ਧਰਮ ਸਿੰਘ ਨੂੰ ਬਚਪਨ ਵਿਚ ਹੀ ਖੇਡਾਂ ਖੇਡਣ ਅਤੇ ਦੌੜਾਂ ਲਾਉਣ ਦਾ ਸ਼ੌਕ ਹੁੰਦਾ ਸੀ। ਉਸਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਕੱਦੋਂ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਦਸਵੀਂ ਸਰਕਾਰੀ ਹਾਈ ਸਕੂਲ ਜਸਪਾਲੋਂ ਤੋਂ ਪਾਸ ਕੀਤੀ। ਸਕੂਲ ਵਿਚ ਪੜ੍ਹਦਿਆਂ ਹੀ ਆਪਦੀ ਖੇਡਾਂ ਅਤੇ ਦੌੜਨ ਦੀ ਰੁਚੀ ਦੀ ਪਛਾਣ ਹੋ ਗਈ ਸੀ। 1951-52 ਵਿਚ ਹੋਈਆਂ ਪੰਜਾਬ ਸਕੂਲ ਖੇਡਾਂ ਵਿਚ ਆਪਨੇ ਹਿੱਸਾ ਲਿਆ ਅਤੇ ਸਾਰੇ ਈਵੈਂਟਸ ਵਿਚ ਪਹਿਲੇ ਨੰਬਰ ਤੇ ਆਏ। ਇਨ੍ਹਾਂ ਖੇਡਾਂ ਤੋਂ ਬਾਅਦ ਹੀ ਆਪ ਸਮੁਚੇ ਭਾਰਤ ਵਿਚ ਜਾਣੇ ਜਾਣ ਲੱਗੇ। ਸਪੋਰਟਸ ਕਾਲਜਾਂ ਨੇ ਆਪ ਨੂੰ ਮੁਫ਼ ਪੜ੍ਹਾਈ ਅਤੇ ਬੋਰਡਿੰਗ ਸਹੂਲਤ ਦੇਣ ਦੀਆਂ ਆਫਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ ਆਪਦੇ ਪਿਤਾ ਨੇ ਉਨ੍ਹਾਂ ਸਾਰੀਆਂ ਸਹੂਲਤਾਂ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਪਣੇ ਖ਼ਰਚੇ ਤੇ ਪੜ੍ਹਾਈ ਕੀਤੀ ਜਾਵੇਗੀ। ਇਸ ਲਈ ਦਸਵੀਂ ਪਾਸ ਕਰਨ ਤੋਂ ਬਾਅਦ ਆਪਨੂੰ ਸਰਕਾਰੀ ਕਾਲਜ ਲੁਧਿਆਣਾ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਆਪ ਆਪਣੇ ਪਰਿਵਾਰ ਵਿਚ 5 ਭਰਾਵਾਂ ਅਤੇ ਇਕ ਭੈਣ ਵਿਚੋਂ ਸਭ ਤੋਂ ਵੱਡੇ ਸਨ, ਇਸ ਲਈ ਆਪਨੂੰ ਘਰੇਲੂ ਕਾਰੋਵਾਰ ਵਿਚ ਆਪਣੇ ਪਿਤਾ ਦੀ ਮਦਦ ਕਰਨੀ ਪੈਂਦੀ ਸੀ, ਜਿਸ ਕਰਕੇ ਆਪਨੂੰ ਮਿਹਨਤ ਕਰਨ ਦੀ ਲਗਨ ਲੱਗ ਪਈ। ਸਕੂਲ ਜਾਣ ਤੋਂ ਪਹਿਲਾਂ ਸਵੇਰੇ ਪਹਿਰ ਦੇ ਤੜਕੇ ਉਠਕੇ ਘਰ ਦੇ ਪਸ਼ੂਆਂ ਲਈ ਚਾਰਾ ਵੱਢਕੇ ਲਿਆਉਂਦੇ ਅਤੇ ਫਿਰ ਤਿਆਰ ਹੋ ਕੇ ਸਕੂਲ ਜਾਂਦੇ ਸਨ। ਆਪ ਸਰਕਾਰੀ ਹਾਈ ਸਕੂਲ ਜਸਪਾਲੋਂ ਵਿਖੇ ਪੜ੍ਹਦੇ ਸਨ, ਜਿਹੜਾ ਆਪਦੇ ਪਿੰਡ ਤੋਂ 5 ਮੀਲ ਪੈਂਦਾ ਸੀ। ਆਪ ਭਾਵੇਂ ਖਾਂਦੇ ਪੀਂਦੇ ਕਿਸਾਨ ਆੜ੍ਹਤੀਏ ਪਰਿਵਾਰ ਵਿਚੋਂ ਸਨ, ਸਾਈਕਲ ਵੀ ਖ੍ਰੀਦ ਸਕਦੇ ਸਨ ਪ੍ਰੰਤੂ ਰੇਤਲੇ ਰਸਤੇ ਸਨ, ਸੜਕਾਂ ਅਜੇ ਬਣੀਆਂ ਨਹੀਂ ਸਨ, ਸਾਈਕਲ ਚਲਦਾ ਨਹੀਂ ਸੀ, ਇਸ ਲਈ ਆਪ ਪਿੰਡ ਤੋਂ ਬਰਮਾਲੀਪੁਰ ਹੁੰਦੇ ਹੋਏ ਜਸਪਾਲੋਂ ਤੱਕ ਭੱਜਕੇ ਹੀ ਜਾਂਦੇ ਅਤੇ ਭੱਜਕੇ ਹੀ ਵਾਪਸ ਆਉਂਦੇ ਸਨ ਕਿਉਂਕਿ ਆਪਨੇ ਘਰ ਆ ਕੇ ਪਸ਼ੂਆਂ ਲਈ ਚਾਰਾ ਵੱਢਣਾ ਹੁੰਦਾ ਸੀ। ਇਸ ਤਰ੍ਹਾਂ ਆਪ ਦੀ ਪ੍ਰੈਕਟਿਸ ਵੀ ਹੋ ਜਾਂਦੀ ਸੀ। ਸਰਵੋਤਮ ਅਥਲੀਟ ਬਣਨ ਵਿਚ ਸਕੂਲ ਭੱਜਕੇ ਜਾਣਾ ਵੀ ਸਹਾਈ ਹੋਇਆ। ਸਕੂਲ ਖੇਡਾਂ ਵਿਚ ਆਪਨੂੰ ਬੈਸਟ ਅਥਲੀਟ ਚੁਣਿਆ ਗਿਆ। ਸਕੂਲ ਦੀਆਂ ਅਥਲੈਟਿਕਸ ਖੇਡਾਂ ਵਿਚ ਤਮਗੇ ਜਿੱਤਣ ਕਰਕੇ ਆਪਨੂੰ ਹੱਲਾਸ਼ੇਰੀ ਮਿਲੀ, ਜਿਸ ਤੋਂ ਬਾਅਦ ਆਪਨੇ ਲਗਾਤਾਰ ਕੋਚਿੰਗ ਅਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਰੇਲਵੇ ਵਿਚ ਆਪ ਪਹਿਲਾਂ ਅਥਲੈਟਿਕਸ ਦੇ ਕੋਚ ਪਦ ਉਨਤ ਹੋ ਗਏ, ਜਿਸ ਅਹੁਦੇ ਤੇ ਆਪ 10 ਸਾਲ ਰਹੇ। ਇਸ ਤੋਂ ਬਾਅਦ ਆਪਨੂੰ ਰੇਲਵੇ ਨੇ ਚੀਫ ਕੋਚ ਬਣਾ ਦਿੱਤਾ। ਰੇਲਵੇ ਵਿਚ ਨੌਕਰੀ ਕਰਦਿਆਂ ਆਪਨੇ ਲਗਪਗ 500 ਖਿਡਾਰੀਆਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕਰਵਾਕੇ ਉਨ੍ਹਾਂ ਨੂੰ ਕੋਚਿੰਗ ਦਿੱਤੀ ਜਿਹੜੇ ਦੇਸ਼ ਵਿਚ ਹੋਣ ਵਾਲੀਆਂ ਖੇਡਾਂ ਵਿਚ ਤਮਗੇ ਜਿੱਤਦੇ ਰਹੇ। ਆਪ ਧਾਰਮਿਕ ਬਿਰਤੀ ਦੇ ਮਾਲਕ ਹਨ, ਇਸ ਲਈ ਖਿਡਾਰੀਆਂ ਨੂੰ ਵੀ ਗੁਰੂ ਦੇ ਲੜ ਲੱਗਕੇ ਲਗਨ, ਦ੍ਰਿੜ੍ਹਤਾ ਅਤੇ ਜੋਸ਼ ਨਾਲ ਦੌੜਾਂ ਲਗਾਉਣ ਦੀ ਪ੍ਰੈਕਟਿਸ ਕਰਕੇ ਜਿੱਤਣ ਦੀ ਪ੍ਰੇਰਨਾ ਦਿੰਦੇ ਸਨ। ਉਹ ਖਿਡਾਰੀਆਂ ਨੂੰ ਨਿਸ਼ਾਨਾ ਮਿਥਕੇ ਉਸਦੀ ਪ੍ਰਾਪਤੀ ਲਈ ਸਿਰੜ ਨਾਲ ਮਿਹਨਤ ਕਰਨ ਲਈ ਕਹਿੰਦੇ ਹਨ। ਉਨ੍ਹਾਂ ਰੇਲਵੇ ਵਿਚ ਉਭਰਦੇ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਿਖਿਆ ਦਿੱਤੀ ਜਿਸ ਕਰਕੇ ਉਨ੍ਹਾਂ ਵਲੋਂ ਤਿਆਰ ਕੀਤੇ ਖਿਡਾਰੀ ਹਮੇਸ਼ਾ ਜਿੱਤਾਂ ਪ੍ਰਾਪਤ ਕਰਦੇ ਸਨ। ਉਹ ਮਹਿਸੂਸ ਕਰਦੇ ਹਨ ਕਿ ਸੰਸਾਰ ਵਿਚ ਦੇਸ਼ ਦਾ ਨਾਮ ਚਮਕਾਉਣ ਲਈ ਸਕੂਲਾਂ ਵਿਚੋਂ ਖਿਡਾਰੀਆਂ ਦੀ ਚੋਣ ਕਰਕੇ ਸੰਸਾਰ ਖੇਡਾਂ ਲਈ ਤਿਆਰ ਕਰਨਾ ਚਾਹੀਦਾ ਹੈ। ਧਰਮ ਸਿੰਘ ਫੁਟਬਾਲ ਦੇ ਵੀ ਚੰਗੇ ਖਿਡਾਰੀ ਹਨ। ਪੰਜਾਬ ਪੱਧਰ ਤੱਕ ਖੇਡਦੇ ਰਹੇ ਪ੍ਰੰਤੂ ਉਨ੍ਹਾਂ ਅਥਲੈਟਿਕਸ ਨੂੰ ਤਰਜੀਹ ਦਿੱਤੀ। ਆਪਨੇ ਦੇਸ਼ ਵੱਲੋਂ ਬਹੁਤ ਸਾਰੇ ਹੋਰ ਦੇਸ਼ਾਂ ਵਿਚ ਹੋਈਆਂ ਸਪੋਰਟਸ ਨਾਲ ਸੰਬੰਧਤ ਕਨਵੈਨਸ਼ਨਾ ਵਿਚ ਹਿੱਸਾ ਲਿਆ। ਆਪ ਆਪਣੀ ਸਫਲਤਾ ਦਾ ਸਿਹਰਾ ਗੁਰੂ ਦੇ ਲੜ ਲੱਗਣ ਨੂੰ ਹੀ ਦਿੰਦੇ ਹਨ। ਆਪਦਾ ਵਿਆਹ 1956 ਵਿਚ ਬੀਬੀ ਰਣਜੀਤ ਕੌਰ ਨਾਲ ਹੋਇਆ। ਆਪਦੇ ਦੋ ਲੜਕੇ ਰਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਅਤੇ ਦੋ ਲੜਕੀਆਂ ਹਨ। ਦੋਵੇਂ ਲੜਕੇ ਪੜ੍ਹੇ ਲਿਖੇ ਆਪੋ ਆਪਣੇ ਪਰਿਵਾਰਾਂ ਵਿਚ ਸਫਲ ਜੀਵਨ ਬਤੀਤ ਕਰ ਰਹੇ ਹਨ। ਇਕ ਲੜਕੀ ਬੈਕ ਵਿਚੋਂ ਚੀਫ ਮੈਨੇਜਰ ਸੇਵਾ ਮੁਕਤ ਹੋਈ ਹੈ ਅਤੇ ਦੂਜੀ ਲੜਕੀ ਇੰਗਲੈਂਡ ਵਿਚ ਜੀਵਨ ਬਸਰ ਕਰ ਰਹੀ ਹੈ। ਆਪਦੇ ਲੜਕੇ ਵੀ ਸਪੋਰਟਸ ਵਿਚ ਤਮਗੇ ਜਿੱਤਦੇ ਰਹੇ ਹਨ। ਸਾਰਾ ਪਰਿਵਾਰ ਹੀ ਅੰਮ੍ਰਿਤਧਾਰੀ ਹੈ।