ਬਹੁਤ ਸਾਰੇ ਸਿਰੜੀ ਤੇ ਅਣਥੱਕ ਲੋਕ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਸੰਵਰਾਨ ਦੇ ਨਾਲ-ਨਾਲ ਉਸ ਵਿਚਲੀ ਗੁਣਵੱਤਾ ਨੂੰ ਉਜਾਗਰ ਕਰਨ ਲਈ ਆਪਣੇ ਤੌਰ ’ਤੇ ਯਤਨ ਜੁਟਾ ਰਹੇ ਹਨ,ਚਾਹੇ ਉਹ ਕਿਸੇ ਵੀ ਰੂਪ ਵਿੱਚ ਕਿਉਂ ਨਾ ਹੋਣ। ਅੱਜ ਤੁਹਾਡੇ ਨਾਲ ਕਿਸੇ ਨਿੱਜੀ ਸਕੂਲ ਦੀ ਨਹੀਂ ਸਗੋ- ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਦੀ ਗੱਲ ਕਰ ਰਿਹਾ ਹਾਂ।ਜਿੱਥੇ ਕਿ ਮੈਨੂੰ ਆਪਣੀ ਸਾਥੀ ਅਧਿਆਪਕ ਚਰਨਜੀਤ ਸਿੰਘ ਚਹਿਲ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ।ਤੁਹਾਨੂੰ ਸਕੂਲ ਦੇ ਮੁੱਖ ਦਵਾਰ ਤੋਂ ਹੀ ਸਕੂਲ ਨਾਲ ਲਗਾਅ ਹੋਣਾ ਸ਼ੁਰੂ ਹੋ ਜਾਵੇਗਾ।ਅੰਦਰ ਵੜਦਿਆਂ ਹੀ ਮਨਮੋਹਕ ਲੈਂਡਸਪੈਕਿੰਗ ਅਤੇ ਵਿਦਿਆਰਥੀ ਹਰ ਸਹੂਲਤ, ਟਾਈਬੈਲਟ ਆਦਿ ਨਾਲ ਸੱਜ ਦਿਖਾਈ ਦਿੰਦੇ ਹਨ। ਇਹ ਦ੍ਰਿਸ਼ ਦੇਖਣ ’ਤੇ ਕਿਸੇ ਕੌਨਵੈਂਟ ਸਕੂਲ ਦੀ ਝਲਕ ਪੈਂਦੀ ਹੈ। ਇਹ ਪੰਜਾਬ ਦਾ ਇੱਕ ਅਜਿਹਾ ਸਕੂਲ ਹੈ,ਜਿਸ ਵਿੱਚ ਵਿਦਿਆਰਥੀਆਂ ਨੂੰ ਹਰ ਪੱਖ ਦੀ ਸਹੂਲਤ ਦੇਣ ਲਈ ਵਿਲੱਖਣ ਕਿਸਮ ਦੇ ਕਾਰਜ਼ ਕੀਤੇ ਜਾ ਰਹੇ ਹਨ।ਸੰਨ 1953 ਵਿੱਚ ਸਥਾਪਿਤ ਹੋਇਆ ਇਹ ਸਕੂਲ ਮਾਨਸਾ ਜ਼ਿਲ੍ਹੇ ’ਚ ਹੀ ਨਹੀਂ ਸਗੋ- ਅੰਤਰਰਾਸ਼ਟਰੀ ਪੱਧਰ ’ਤੇ ਵੀ ਚਰਚਾ ’ਚ ਹੈ। ਆਸਟ੍ਰੇਲੀਆ, ਕੈਨੇਡਾ, ਮਲੇਸ਼ੀਆ ਆਦਿ ਦੇਸ਼ਾਂ ਤੋਂ ਵੀ ਲੋਕ ਇਸ ਸਕੂਲ ਨਾਲ ਜੁੜ ਰਹੇ ਹਨ ਅਤੇ ਉਨ੍ਹਾਂ ਦੁਆਰਾ ਵਿਜ਼ਿਟ ਕੀਤਾ ਗਿਆ ਹੈ।ਸਕੂਲ ਦੇ ਇੰਚਾਰਜ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸਕੂਲ ਦੀ ਵੈਲਫੇਅਰ ਕਮੇਟੀ ਬਣਾਈ ਹੋਈ ਹੈ ਜਿਸ ਦੇ ਪ੍ਰਧਾਨ ਕਾਬਲ ਸਿੰਘ ਹਨ।ਸਕੂਲ ਸਟਾਫ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਰੰਗ-ਰੋਗਨ ਕਰਵਾਇਆ ਗਿਆ। ਪੰਚਾਇਤ ਰਾਹੀਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੀ ਮੱਦਦ ਨਾਲ 2 ਲੱਖ ਰੁਪਏ ਨਾਲ ਫਰਨੀਚਰ,ਝੂਲੇ,ਕੰਪਿਊਟਰ ਲੈਬ ਅਤੇ ਲਾਇਬਰੇਰੀ ਬਣਾਈ ਗਈ।ਸਕੂਲ ਦੇ ਮੌਜੂਦਾ ਇੰਚਾਰਜ਼ ਜਗਜੀਤ ਸਿੰਘ ਵਾਲੀਆ ਵੱਲੋਂ ਆਪਣੇ ਤੌਰ ’ਤੇ 2 ਲੱਖ ਰੁਪਏ ਅਤੇ ਸਾਥੀ ਅਧਿਆਪਕ ਚਰਨਜੀਤ ਸਿੰਘ ਵੱਲੋਂ 80 ਹਜ਼ਾਰ ਰੁਪਏ ਨਿੱਜੀ ਵਸੀਲਿਆਂ ਰਾਹੀਂ ਸਕੂਲ ’ਤੇ ਖਰਚ ਕੀਤੇ ਗਏ। ਸਕੂਲ ਦੇ ਹਰ ਅਧਿਆਪਕ ਸਾਥੀ ਨੇ ਆਪਣਾ-ਆਪਣਾ ਬਣਦਾ ਯੋਗਦਾਨ ਪਾਇਆ ਅਤੇ ਆਪਸੀ ਮਿਲਵਰਤਣ ਨਾਲ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਉਪਰਾਲੇ ਕੀਤੇ ਗਏ।ਇਸ ਸਕੂਲ ਦੀਆਂ ਬਾਹਰੀ ਕੰਧਾਂ ’ਤੇ ਜਮਾਤ ਦੇ ਕਮਰਿਆਂ ਨੂੰ ਖੂਬਸੂਰਤੀ ਨਾਲ ਟੀ.ਐਲ.ਐਮ. ਦੇ ਚਿੱਤਰਾਂ ਨਾਲ ਤਿਆਰ ਕੀਤਾ ਗਿਆ ਹੈ।ਸਕੂਲ ਦਾ ਹਰ ਇੱਕ ਕੋਨਾ,ਹਰ ਦੀਵਾਰ ਉਪਰ ਬਹੁਤ ਹੀ ਸਲਾਹੁਣਯੋਗ ਕੰਮ ਕੀਤਾ ਗਿਆ ਹੈ ਤੇ ਹਰ ਦੀਵਾਰ ਅਤੇ ਕੋਨਾ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਅਤੇ ਲੋਕਾਂ ਨਾਲ ਆਪਣੀਆਂ ਸੇਧਮਈ ਗੱਲਾਂ ਸਾਂਝੀਆਂ ਕਰਦਾ ਹੈ।ਇੰਝ ਲੱਗਦਾ ਹੈ ਕਿ ਜਿਵੇਂ ਸਕੂਲ ਦਾ ਕਣ-ਕਣ ਸਾਨੂੰ ਕੁੱਝ ਕਹਿ ਕੇ ਪ੍ਰੇਰਿਤ ਕਰ ਰਿਹਾ ਹੋਵੇ। ਬੱਚਿਆਂ ਦੇ ਨਾਲ-ਨਾਲ ਲੋਕਾਂ ਨੂੰ ਕੰਮਾਂ ਪ੍ਰਤੀ ਸੁਚੇਤ,ਸਤਿਕਾਰ ਕਰਨਾ,ਭਰੂਣ ਹੱਤਿਆ, ਸਮਾਜਿਕ ਬੁਰਾਈਆਂ ਖਿਲਾਫ ਲਿਖੇ ਮਾਟੋ ਅਤੇ ਚਿੱਤਰ ਲੋਕ ਮਨਾਂ ਉਪਰ ਡੂੰਘੀ ਛਾਪ ਛੱਡਦੇ ਹਨ।ਸਕੂਲ ਦੇ ਕਮਰੇ ਅਤੇ ਵਰਾਂਡੇ ਬੱਚਿਆਂ ਦੇ ਸਿਲੇਬਸ ਅਨੁਸਾਰ ਤਿਆਰ ਕੀਤੇ ਹੋਏ ਹਨ। ਇੱਥੋਂ ਤੱਕ ਕਿ ਫਰਨੀਚਰ ਵੀ ਪਾਠਕ੍ਰਮ ਅਨੁਸਾਰ ਤਿਆਰ ਹੋਇਆ ਹੈ।ਸਕੂਲ ਵਿੱਚ ਬੱਚਿਆਂ ਦੀ ਗਿਣਤੀ 210 ਹੈ।ਸਕੂਲ ’ਚ 6 ਅਧਿਆਪਕ ਹਨ ਤੇ ਹਰ ਅਧਿਆਪਕ ਮਿਹਨਤੀ ਅਤੇ ਸਤਿਕਾਰ ਦਾ ਪਾਤਰ ਹੈ।ਸਟਾਫ ਦਾ ਆਪਸੀ ਸਹਿਯੋਗ ਹੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਹੈ।ਹਰ ਸਾਲ ਅਡਵਾਂਸ ਵਿੱਚ ਹੀ ਬੱਚਿਆਂ ਦਾ ਦਾਖਲਾ ਹੋ ਜਾਂਦਾ ਹੈ।ਬੱਚਿਆਂ ਦੀ ਗਿਣਤੀ ਵਿੱਚ ਹਰ ਵਰ੍ਹੇ ਵਾਧਾ ਹੋ ਰਿਹਾ ਹੈ।ਗਰੀਬ ਅਤੇ ਸਕੂਲ ਨਾ ਆਉਣ ਵਾਲੇ ਬੱਚਿਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।ਲੱਗਭੱਗ ਹਰ ਸਾਲ ਨਵੋਦਿਆ ਵਿੱਦਿਆਲਿਆ ਦੀ ਪ੍ਰੀਖਿਆ ਵਿੱਚ ਬੱਚੇ ਸਫਲਤਾ ਪ੍ਰਾਪਤ ਕਰਦੇ ਹਨ। ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ,ਵਿੱਦਿਅਕ ਮੁਕਾਬਲਿਆਂ ਆਦਿ ਵਿੱਚ ਮੁੱਢਲੇ ਸਥਾਨ ਪ੍ਰਾਪਤ ਕਰਦੇ ਹਨ। ਪੂਰਾ ਸਕੂਲ ਸਮਾਰਟ ਸਕੂਲ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।ਸਮੁੱਚਾ ਵਾਤਾਵਰਨ ਹੀ ਇੱਕ ਵਰਕਿੰਗ ਮਾਡਲ ਹੈ। ਅਜਿਹਾ ਕੋਈ ਵੀ ਕੰਮ ਨਹੀਂ ਜੋ ਇੱਕ ਨਿੱਜੀ ਸਕੂਲ ਦੇ ਮੁਕਾਬਲੇ ਇਸ ਸਕੂਲ ਵਿੱਚ ਨਹੀਂ ਕੀਤਾ ਜਾਂਦਾ।ਇੰਗਲਿਸ਼ ਸਪੀਕਿੰਗ ਦੀਆਂ ਵਿਸ਼ੇਸ਼ ਜਮਾਤਾਂ ਦਾ ਪ੍ਰਬੰਧ ਹੈ।ਸਕੇਟਿੰਗ ਵਰਗੀਆਂ ਮਹਿੰਗੀਆਂ ਖੇਡਾਂ ਸਕੂਲ ਵੱਲੋਂ ਕਰਵਾਈਆਂ ਜਾਂਦੀਆਂ ਹਨ।ਰਿੰਕ ਫਲੌਰ ਬਣਿਆ ਹੋਇਆ ਹੈ।ਸਕੂਲ ਵਿੱਚ ਰੈਸਲਿੰਗ ਸੈਂਟਰ ਚੱਲ ਰਿਹਾ ਹੈ,ਜਿਸ ਵਿੱਚੋ- ਖਿਡਾਰੀ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ।ਪੰਜਾਬ ਦਾ ਇਹ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿੱਥੇ ਸੰਗੀਤ ਨੂੰ ਕਿੱਤਾ ਮੁਖੀ ਕੋਰਸ ਦੇ ਰੂਪ ਵਿੱਚ ਕਰਵਾਇਆ ਜਾਂਦਾ ਹੈ।ਹਰ ਸਾਲ ਵਿਦਿਆਰਥੀ ਸੰਗੀਤ ਖੇਤਰ ਵਿੱਚ ਵਧੀਆ ਪ੍ਰਾਪਤੀਆਂ ਕਰ ਰਹੇ ਹਨ।ਸਕੂਲ ਦਾ ਸਮਾਂ ਗਰਮੀਆਂ ਵਿੱਚ 8 ਤੋਂ ਸ਼ਾਮ 7 ਵਜੇ ਹੈ ਅਤੇ ਸਰਦੀਆਂ ਵਿੱਚ 8 ਤੋਂ ਸ਼ਾਮ 5 ਵਜੇ ਤੱਕ ਹੈ।ਇਸ ਸਮੇਂ ਵਿੱਚ ਸਾਥੀ ਅਧਿਆਪਕਾਂ ਦੀ ਮੱਦਦ ਨਾਲ ਵਿਸ਼ੇਸ਼ ਤੌਰ ’ਤੇ ਸਰਵਪੱਖੀ ਵਿਕਾਸ ਦੀ ਪੂਰਨਤਾ ਲਈ ਕਾਰਜ਼ ਕੀਤਾ ਜਾਂਦਾ ਹੈ।ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵੱਖਰੀ ਜਮਾਤ ਦਾ ਪ੍ਰਬੰਧ ਹੈ,ਜਿੱਥੇ ਉਨ੍ਹਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।ਸਕੂਲ ਵਿੱਚ ਕੰਪਿਊਟਰ ਤੋਂ ਲੈ ਕੇ ਪ੍ਰੋਜੈਕਟਰ ਤੱਕ ਹਰ ਇੱਕ ਸਹੂਲਤ ਹੈ।ਜਿੱਥੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ।ਕਈ ਉਚ ਅਧਿਕਾਰੀਆਂ ਵਿੱਦਿਅਕ ਅਦਾਰਿਆਂ, ਕਲੱਬਾਂ ਅਤੇ ਬੁੱਧੀਜੀਵੀਆਂ ਦੁਆਰਾ ਵੱਖ-ਵੱਖ ਸਮੇਂ ਤੋਂ ਸਕੂਲ ਨੂੰ ਵਿਜ਼ਿਟ ਕੀਤਾ ਗਿਆ ਹੈ।ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਸਕੂਲਾਂ ਨੇ ਇਸ ਸਕੂਲ ਨੂੰ ਵਿਜ਼ਿਟ ਕੀਤਾ ਹੈ ਤੇ ਪ੍ਰੇਰਨਾ ਸਰੋਤ ਦੇ ਤੌਰ ’ਤੇ ਆਪਣੇ ਸਕੂਲ ਵਿੱਚ ਵੀ ਕਾਰਜ਼ ਕਰਵਾ ਰਹੇ ਹਨ।ਪ੍ਰਸ਼ਾਸ਼ਨ ਅਤੇ ਵੱਖ-ਵੱਖ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਹੁਤ ਵਾਰ ਸਕੂਲ ਨੂੰ ਮਾਨ-ਸਨਮਾਨ ਪ੍ਰਾਪਤ ਹੋਇਆ ਹੈ।ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀ ਨੂੰ ਵਿਸ਼ੇਸ਼ ਪ੍ਰਸ਼ੰਸ਼ਾ ਪੱਤਰ ਵੀ ਪ੍ਰਾਪਤ ਹੋਇਆ ਹੈ।ਸਕੂਲ ਮੁਖੀ,ਸਟਾਫ,ਪਿੰਡ ਵਾਸੀ ਅਤੇ ਦਾਨੀ ਸੱਜਣਾਂ ਦੇ ਯਤਨ ਸਕੂਲ ਲਈ ਵਰਦਾਨ ਸਿੱਧ ਹੋ ਰਹੇ ਹਨ।ਹੋਰ ਵੀ ਕਈ ਸਕੂਲ ਇਸ ਸਕੂਲ ਤੋਂ ਪ੍ਰੇਰਿਤ ਹੋ ਕੇ ਆਪਣੇ-ਆਪਣੇ ਸਕੂਲ ਵਿੱਚ ਸਮਾਰਟ ਵਰਕ ਅਤੇ ਸਖਤ ਮਿਹਨਤ ਕਰਵਾ ਰਹੇ ਹਨ।ਉਮੀਦ ਹੀ ਨਹੀਂ ਵਿਸ਼ਵਾਸ ਕਰਦੇ ਹਾਂ ਕਿ ਪੰਜਾਬ ਦਾ ਹਰ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਮੂਸਾ (ਮਾਨਸਾ) ਵਰਗਾ ਹੋਵੇ ਤਾਂ ਕਿ ਅਸੀਂ ਸਰਕਾਰੀ ਸਿੱਖਿਆ ਦਾ ਸੁਧਰਿਆ ਨੇ ਨਵਾਂ ਨਰੋਆ ਭਵਿੱਖ ਦੇਖ ਸਕੀਏ।