ਖੂਨੀ ਪਲਾਸਟਿਕ ਡੋਰ ਦਾ ਧੰਦਾ ਸਾਰਾ ਸਾਲ ਹੀ ਜ਼ੋਰਾਂ-ਸ਼ੋਰਾਂ ਨਾਲ ਚੱਲਦਾ ਰਹਿੰਦਾ ਹੈ। ਅੱਜ ਵੀ ਜਿੰਨ੍ਹੀ ਚਾਹੋ ਉਤਨੀ ਪਲਾਸਟਿਕ ਡੋਰ ਤੁਸੀ ਖ੍ਰੀਦ ਸਕਦੇ ਹੋ। ਤਿੰਨ ਚਾਰ ਮਹੀਨੇ ਦੁਕਾਨਦਾਰ ਪਲਾਸਟਿਕ ਡੋਰ ਦੀ ਵਿਕਰੀ ਕਰਦੇ ਹਨ ਤੇ ਬਾਕੀ ਸਮੇਂ ਵਿੱਚ ਇਸ ਡੋਰ ਨੂੰ ਸਟੋਰ ਕਰਨ ਤੇ ਲੱਗੇ ਰਹਿੰਦੇ ਹਨ। ਲੋਹੜੀ ਦਾ ਤਿਉਹਾਰ ਨੇੜੇ ਹੋਣ ਕਰਕੇ ਪਤੰਗਬਾਜ਼ੀ ਦਾ ਮੌਸਮ ਹੈ। ਫਿਰ ਫਰਵਰੀ ਵਿੱਚ ਅੱਗੇ ਬਸੰਤ ਆ ਜਾਵੇਗੀ। ਰੰਗ ਬਰੰਗੀਆਂ ਪਤੰਗਾਂ ਲੋਹੜੀ ਤੋਂ ਵੀ ਮਹੀਨਾ ਪਹਿਲਾਂ ਹੀ ਅਸਮਾਨ ਵਿੱਚ ਅਠਖੇਲੀਆਂ ਕਰਦੀਆਂ ਨਜ਼ਰ ਆਉਂਦੀਆਂ ਹਨ। ਇਹ ਅਸਮਾਨ ਵਿੱਚ ਉਡਦੀਆਂ ਲੱਗਦੀਆਂ ਤਾਂ ਬਹੁਤ ਸੁੰਦਰ ਹਨ, ਪਰ ਜਦੋਂ ਇਹ ਸੁੰਦਰ ਦਿੱਸਣ ਵਾਲੀਆਂ ਪਤੰਗਾਂ ਚਾਈਨਾਂ ਡੋਰ ਨਾਲ ਉਡਣ ਕਰਕੇ ਜਾਨ ਦਾ ਖੌਅ ਬਣ ਜਾਣ ਤਾਂ ਫਿਰ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰਨਾ ਹੀ ਬੇਹਤਰ ਹੋਵੇਗਾ। ਪਹਿਲਾਂ ਇਹਨਾਂ ਪਤੰਗਾਂ ਨੂੰ ਧਾਗੇ ਤੋਂ ਬਣੀ ਡੋਰ ਨਾਲ ਉਡਾਇਆ ਜਾਂਦਾ ਸੀ ਜੋ ਅਸਾਨੀ ਨਾਲ ਕਿਧਰੇ ਫਸ ਜਾਣ ਤੇ ਟੁੱਟ ਜਾਂਦੀ ਹੈ। ਚਾਈਨਾ ਡੋਰ ਦੀ ਘੁਸਪੈਠ ਨੇ ਧਾਗੇ ਤੋਂ ਬਣਨ ਵਾਲੀ ਡੋਰ ਤੇ ਗ੍ਰਹਿਣ ਲਗਾ ਦਿੱਤਾ ਹੈ।ਚਾਈਨਾ ਡੋਰ ਦੀ ਆਮਦ ਨਾਲ ਧਾਗੇ ਤੋਂ ਬਣਨ ਵਾਲੀ ਡੋਰ ਬਣਾਉਣ ਵਾਲੇ ਕਾਰੀਗਰ ਵੀ ਭੁੱਖੇ ਮਰ ਰਹੇ ਹਨ। ਇਹ ਜ਼ਾਲਿਮ ਡੋਰ ਨੂੰ ਲੋਕ ਜ਼ਿਆਦਾਤਰ ਇਸ ਲਈ ਵਰਤਦੇ ਹਨ ਕਿ ਸਾਡੀ ਪਤੰਗ ਬੋ ਨਾ ਹੋਵੇ। ਆਪਣੀ ਫੋਕੀ ਟੌਹਰ ਬਣਾਉਣ ਲਈ ਕਿਸੇ ਦੀ ਜਾਨ ਦੇ ਦੁਸ਼ਮਣ ਬਣ ਜਾਣਾ, ਇਹ ਕਿੱਧਰ ਦੀ ਸਮਝਦਾਰੀ ਹੈ।ਇਸ ਡੋਰ ਦੇ ਕਈ ਨੁਕਸਾਨ ਹਨ ਜਿਵੇਂ ਇਹ ਡੋਰ ਦੋ-ਪਹੀਆਂ ਵਾਹਨ ਸਵਾਰਾਂ ਦੇ ਅਚਾਨਕ ਅੱਗੇ ਆਉਣ ਨਾਲ ਟੁੱਟਦੀ ਨਹੀ। ਜਿਸ ਨਾਲ ਧੌਣ, ਗਲੇ, ਨੱਕ, ਅੱਖ ਜਾਂ ਚਿਹਰੇ ਦੇ ਕਿਸੇ ਵੀ ਹਿੱਸੇ ਤੇ ਕੱਟ-ਵੱਢ ਕਰ ਦੇਂਦੀ ਹੈ। ਕਈਆਂ ਦੀ ਇਸ ਨਾਲ ਜਾਨ ਵੀ ਚਲੀ ਜਾਂਦੀ ਹੈ ਤੇ ਕਈ ਭਿਆਨਕ ਰੂਪ ਵਿੱਚ ਫੱਟੜ ਹੋ ਜਾਂਦੇ ਹਨ।ਇਸ ਡੋਰ ਨਾਲ ਪਸ਼ੂ ਪੰਛੀ ਵੀ ਮਰ ਰਹੇ ਹਨ। ਤਰੇਲ ਪੈਣ ਕਾਰਨ ਜਾਂ ਕਿਸੇ ਹੋਰ ਕਾਰਨ ਇਹ ਡੋਰ ਗਿੱਲੀ ਹੋ ਕੇ ਬਿਜਲੀ ਦੀ ਕਿਸੇ ਨੰਗੀ ਤਾਰ ਨਾਲ ਲੱਗ ਜਾਵੇ ਤਾਂ ਕਰੰਟ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸ ਡੋਰ ਨੇ ਬਿਜਲੀ ਦੀਆ ਹਾਈ ਵੋਲਟੇਜ਼ ਤਾਰਾਂ ਤੇ ਵੀ ਆਲ੍ਹਣੇ ਬਣਾਏ ਹੋਏ ਹਨ, ਜਿਸਨੂੰ ਉਤਾਰਨ ਜਾਂ ਅੱਗ ਨਾਲ ਸਾੜਨ ਲਈ ਬਿਜਲੀ ਕਰਮਚਾਰੀਆਂ ਲਈ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਦੋ ਪਹੀਆ ਵਾਹਨ ਦੇ ਟਾਇਰ ਨਾਲ ਲਪੇਟੀ ਜਾਣ ਤੇ ਬੈਰਿੰਗ ਤੱਕ ਖਰਾਬ ਕਰ ਦੇਂਦੀ ਹੈ। ਪਾਣੀ ਵਾਲੀ ਟੈਂਕੀਆਂ ਦੇ ਪਾਈਪ ਕੱਟ ਦੇਂਦੀ ਹੈ।ਬੱਚਿਆਂ ਦੇ ਹੱਥਾਂ ਤੇ ਜਖਮ ਕਰ ਦੇਂਦੀ ਹੈ, ਜੋ ਜਲਦੀ ਠੀਕ ਨਹੀ ਹੁੰਦੇ।ਕਈ ਇਸ ਦੀ ਲਪੇਟ ਵਿੱਚ ਆਏ ਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਕੇਸ ਹਨ। ਉਹ ਤਾਂ ਪ੍ਰਿੰਟ ਮੀਡੀਏ ਨੇ ਇਸ ਮੁੱਦੇ ਨੂੰ ਉਛਾਲਿਆ, ਪਰ ਪ੍ਰਸਾਸ਼ਨ ਅਜੇ ਵੀ ਕੁੰਭਕਰਨੀ ਨੀਂਦ ਤੋਂ ਪੂਰੀ ਤਰ੍ਹਾਂ ਜਾਗਿਆ ਨਹੀ। ਜਿਲ੍ਹਿਆਂ ਦੇ ਡੀ.ਸੀ ਸਾਹਬਾਂ ਨੇ ਸਖਤ ਨਿਰਦੇਸ਼ ਦਿੱਤੇ। ਛਾਪੇਮਾਰੀ ਵੀ ਹੁੰਦੀ ਹੈ, ਪਰ ਕੋਈ ਬਹੁਤੀ ਸਫਲਤਾ ਹੱਥ ਨਹੀ ਲੱਗਦੀ, ਕਿਉਂਕਿ ਇਹ ਮਹਾਨ ਭਾਰਤ ਦੀ ਖਾਸੀਅਤ ਰਹੀ ਹੈ ਕਿ ਬੈਨ ਹੋਈ ਹਰ ਚੀਜ਼ ਤੁਹਾਨੂੰ ਜਿੰਨ੍ਹੀ ਚਾਹੋ ਮਿਲੇਗੀ, ਪਰ ਦੁਣੇ-ਤੀਣੇ ਰੇਟ ਤੇ। ਫਰਕ ਸਿਰਫ ਇਹ ਪੈਂਦਾ ਹੈ ਕਿ ਮੁਲਜ਼ਮ ਵੀ ਨਵੇਂ-ਨਵੇਂ ਪੈਂਤਰੇ ਇਜ਼ਾਦ ਕਰ ਲੈਂਦੇ ਹਨ। ਚਾਈਨਾ ਡੋਰ ਰੇਲ ਮਾਰਗ ਤੇ ਸੜ੍ਹਕੀ ਮਾਰਗ ਰਾਹੀਂ ਜਾਂ ਫਿਰ ਪਾਰਸਲ ਦੇ ਜਰੀਏ ਮੰਗਵਾਈ ਜਾਂਦੀ ਹੈ।ਬਿੱਲ ਕਿਸੇ ਹੋਰ ਪਲਾਸਟਿਕ ਦੀ ਚੀਜ਼ ਦਾ ਕੱਟਿਆ ਜਾਂਦਾ ਹੈ। ਉਹ ਚਾਈਨਾ ਡੋਰ ਦੇ ਗੱਟੂ ਆਪਣੀ ਦੁਕਾਨ ਤੇ ਨਾ ਰੱਖ ਕੇ ਜਾਂ ਤਾਂ ਕਿਧਰੇ ਹੋਰ ਜਗ੍ਹਾ ਸਟੋਰ ਵਿੱਚ ਰੱਖਦੇ ਹਨ ਜਾਂ ਫਿਰ ਸਾਹਮਣੇ ਫਲ ਜਾਂ ਸਬਜੀਆਂ ਵਾਲੀ ਰੇਹੜੀ ਤੇ ਰੱਖਦੇ ਹਨ, ਤੇ ਜੇ ਕਿਧਰੇ ਪ੍ਰਸ਼ਾਸਨ ਭੁੱਲ-ਭੁਲੇਖੇ ਅਖਬਾਰ ਵਿੱਚ ਫੋਟੋ ਲਵਾਉਣ ਖਾਤਿਰ ਛਾਪਾ ਮਾਰ ਵੀ ਲਵੇ ਤਾਂ ਉਹਨਾਂ ਦੀ ਦੁਕਾਨ ਵਿੱਚੋਂ ਚਾਈਨਾ ਡੋਰ ਬਰਾਮਦ ਨਹੀ ਹੁੰਦੀ, ਪਰ ਗ੍ਰਾਹਕ ਦੇ ਮੰਗਣ ਤੇ 150-200 ਰੁ: ਪ੍ਰਤੀ ਕਿਲੋ ਮਿੱਲਣ ਵਾਲਾ ਗੱਟੂ, ਹੁਣ ਪਾਬੰਦੀ ਦੇ ਬਾਵਜੂਦ 600-700 ਤੇ 1000 ਰੁ: ਪ੍ਰਤੀ ਕਿਲੋ ਗੱਟੂ ਤੱਕ ਅਸਾਨੀ ਨਾਲ ਮਿਲ ਜਾਂਦਾ ਹੈ।ਹਾਈਕੋਰਟ ‘ਚ ਦਾਇਰ ਜਨਹਿੱਤ ਪਟੀਸ਼ਨ ਦੇ ਬਾਅਦ ਮਾਨਯੋਗ ਅਦਾਲਤ ਨੇ ਚਾਈਨੀਜ਼ ਡੋਰ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਹੈ। ਹਾਈਕੋਰਟ ਦੇ ਹੁਕਮਾਂ ਦੇ ਬਾਅਦ ਪ੍ਰਸ਼ਾਸਨ ਨੇ ਇਸ ਦੀ ਰੋਕਥਾਮ ਲਈ ਪਿਛਲੇ ਸਾਲਾਂ ਦੌਰਾਨ ਸੇਲਜ਼ ਟੈਕਸ ਵਿਭਾਗ, ਲੇਬਰ ਵਿਭਾਗ, ਸਿਵਲ ਅਤੇ ਪੁਲਿਸ ਤੇ ਨਗਰ ਨਿਗਮ ਨੇ ਰਲ ਕੇ ਵਖਾਵੇ ਲਈ ਛਾਪੇ ਮਾਰੀ ਆਰੰਭੀ। ਇਹ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਖ੍ਰੀਦ ਕੇ ਪਤੰਗ ਉਡਾਉਣ ਵਾਲਿਆਂ ਤਹਿਤ ਧਾਰਾ 144 ਅਤੇ ਪੰਜਾਬ ਵੈਟ ਅਧੀਨ ਕੇਸ ਦਰਜ ਦਾ ਡਰਾਵਾ ਵੀ ਦਿੱਤਾ। ਜਿਲ੍ਹਿਆਂ ਦੇ ਡੀ.ਸੀ ਸਹਿਬਾਨਾਂ ਦੇ ਹੁਕਮਾਂ ਤੇ ਐਕਸਾਈਜ਼ ਵਿਭਾਗ, ਬੀ.ਡੀ.ਪੀ.ਉਜ਼, ਲੇਬਰ ਕਮਿਸ਼ਨਰ, ਐਸ.ਡੀ.ਐਮ, ਤਹਿਸੀਲਦਾਰ, ਥਾਣਾ ਮੁਖੀ ਘਰਾਂ ਦੀ ਤਲਾਸ਼ੀ ਲੈਣ ਦਾ ਡਰਾਵਾ ਵੀ ਦਿੱਤਾ। ਸੱਤ ਮੈਂਬਰੀ ਕਮੇਟੀ ਵੀ ਬਣਾਈ ਗਈ, ਜਿਸਦੇ ਮੋਬਾਇਲ ਨੰ: ਵੀ ਜਨਤਕ ਕੀਤੇ ਗਏ ਤਾਂ ਕਿ ਜ਼ਿੰਮੇਵਾਰ ਇਨਸਾਨ ਸ਼ਿਕਾਇਤ ਕਰ ਸਕਣ। ਇਸ ਸਭ ਦੇ ਬਾਵਜ਼ੂਦ ਵੀ ਪਲਾਸਟਿਕ ਡੋਰ ਦੀ ਵਿਕਰੀ ਅੱਜ ਤੱਕ ਪੂਰੇ ਜ਼ੋਰ-ਸ਼ੋਰ ਨਾਲ ਹੋ ਰਹੀ ਹੈ। ਲੱਗਦਾ ਕਿਸੇ ਨੇ ਵੀ ਨਾ ਜਨਤਾ ਨੇ , ਨਾ ਪ੍ਰਸਾਸ਼ਨ ਨੇ ਤੇ ਨਾ ਹੀ ਦੁਕਾਨਦਾਰਾਂ ਨੇ ਇਮਾਨਦਾਰੀ ਨਿਭਾਈ ਹੈ ਤਾਂ ਹੀ ਇਹ ਧੰਦਾ ਅੱਜ ਵੀ ਬਿਨ੍ਹਾਂ ਰੋਕ-ਟੋਕ ਬਾਦਸਤੂਰ ਜਾਰੀ ਹੈ। ਅੰਤ ਵਿੱਚ ਇਹ ਕਹਿਣਾ ਬਣਦਾ ਹੈ, ਕੁੱਝ ਮੋਹਤਬਰ ਇਨਸਾਨਾਂ ਵੱਲੋਂ ਚਾਈਨਾ ਡੋਰ ਦੇ ਕੁੱਝ ਗੱਟੂ ਰੱਖ ਕੇ ਸਾੜ੍ਹਦੇ ਹੋਏ ਫੋਟੋਆਂ ਖਿੱਚਵਾਂ ਕੇ ਅਖਬਾਰ ਵਿੱਚ ਲਗਵਾਉਣ ਨਾਲ ਇਸ ਖੂਨੀ ਡੋਰ ਦਾ ਖਾਤਮਾ ਨਹੀ ਹੋਣਾ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਸਰਕਾਰ ਵੀ ਇਸ ਡੋਰ ਤੇ ਤੁਰੰਤ ਸਖਤੀ ਨਾਲ ਤੇ ਪੂਰੀ ਇਮਾਨਦਾਰੀ ਨਾਲ ਰੋਕ ਲਗਾਵੇ ।ਗੁਜਰਾਤ ਵਾਂਗ ਚਾਈਨਾ ਡੋਰ ਵੇਚਣ ਵਾਲੇ ਤੇ ਖ੍ਰੀਦ ਕੇ ਪਤੰਗ ਉਡਾਉਣ ਵਾਲੇ ਨੂੰ ਦੋ ਸਾਲ ਦੀ ਕੈਦ ਤੇ ਮੋਟਾ ਜੁਰਮਾਨਾ ਹੋਵੇ।ਜਿਸ ਤੋਂ ਕੋਈ ਸਬਕ ਸਿੱਖ ਸਕੇ।ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਚਾਈਨਾ ਡੋਰ ਦੀ ਰੋਕਥਾਮ ਲਈ ਸੈਮੀਨਾਰ ਹੋਣੇ ਚਾਹੀਦੇ ਹਨ। ਮਾਂ-ਬਾਪ, ਅਧਿਆਪਕ, ਪਿੰਡਾਂ ਦੇ ਪੰਚ, ਸਰਪੰਚ ਆਪਣੇ ਬੱਚਿਆਂ ਨੂੰ ਤੇ ਇਸ ਡੋਰ ਨਾਲ ਪਤੰਗ ਉਡਾਉਣ ਵਾਲੇ ਹਰ ਇਨਸਾਨ ਨੂੰ ਇਸ ਦੇ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਣ ਤੇ ਇਹ ਡੋਰ ਨਾ ਖ੍ਰੀਦ ਕੇ ਦੇਣ ਸਗੋਂ ਇਸ ਦੇ ਖਿਲਾਫ ਸੜ੍ਹਕਾਂ ਤੇ ਉਤਰਨ, ਵੇਚਣ ਵਾਲਿਆਂ ਖਿਲਾਫ ਤੇ ਇਸ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਖਿਲਾਫ ਆਪਣਾ ਵਿਰੋਧ ਜਤਾਉਣ। ਇਹ ਡੋਰ ਖ੍ਰੀਦਣ ਤੇ ਵੇਚਣ ਵਾਲੇ ਦੀ ਸ਼ਿਕਾਇਤ ਆਪਣੇ ਜਿਲ੍ਹੇ ਦੇ ਡੀ.ਸੀ, ਸੇਲਜ਼ ਟੈਕਸ ਅਫਸਰ, ਤਹਿਸੀਲਦਾਰ ਜਾਂ ਥਾਣਿਆਂ ਵਿੱਚ ਪੁਲਿਸ ਮੁੱਖੀਆਂ ਨੂੰ ਕਰਨ। ਪਲਾਸਟਿਕ ਦੀ ਡੋਰ ਵੇਚਣਾ ਤੇ ਖ੍ਰੀਦਣਾ ਕਾਨੂੰਨੀ ਜ਼ੁਰਮ ਹੈ। ਆਪਾਂ ਸਾਰੇ ਇਹ ਅਹਿਦ ਕਰੀਏ ਕਿ ਮੈਂ ਇਹ ਜ਼ੁਰਮ ਨਹੀ ਕਰਨਾ। ਪ੍ਰਸ਼ਾਸ਼ਨ ਵੱਲੋਂ ਸ਼ਿਕਾਇਤ ਕਰਨ ਵਾਲੇ ਦਾ ਨਾਂ ਜਨਤਕ ਨਹੀ ਕੀਤਾ ਜਾਂਦਾ।ਸਾਰੇ ਆਪਣੀ-ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ।ਇਸੇ ਸਿਆਣਪ ਵਿੱਚ ਹੀ ਸਭ ਦੀ ਭਲਾਈ ਹੈ।