ਸੰਚਾਰ ਸਾਧਨਾਂ ਦੇ ਵਿਕਸਤ ਹੋਣ ਨਾਲ ਮਨੁੰਖੀ ਜਿੰਦਗੀ ਕਾਫੀ ਸੁਖਾਲ਼ੀ ਹੋਈ ਹੈ। ਰਿਸ਼ਤੇਦਾਰ ਜਾਂ ਸਕੇ ਸਬੰਧੀ ਨੂੰ ਕੋਈ ਸੁਨੇਹਾ ਭੇਜਣਾਂ ਹੁਣ ਸਕਿੰਟਾਂ ਦਾ ਕੰਮ ਹੈ। ਜੇਬ ਵਿੱਚ ਪਾਇਆ ਮੋਬਾਇਲ ਫੋਨ ਸਾਨੂੰ ਸਾਰੀ ਦੁਨੀਆਂ ਨਾਲ ਜੋੜੀ ਰੱਖਦਾ ਹੈ। ੰਿਜੰਨਾਂ ਲੋਕਾਂ ਨੇ ਤਾਰ ਵਾਲੇ ਟੈਲੀਫੋਨ ਦਾ ਜਮਾਨਾ ਦੇਖਿਆ ਹੈ ਉਹਨਾਂ ਲਈ ਸੰਚਾਰ ਦੇ ਇਹ ਨਵੇਂ ਮਾਧਿਅਮ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ। ਬਿਨਾਂ ਕੋਈ ਪੈਸਾ ਖਰਚੇ ਮੋਬਾਇਲ ਫੋਨ ’ਤੇ ਚਲਦੇ ਵੱਟਸਐਪ ਅਤੇ ਫੇਸਬੁੱਕ ਨੇ ਆਪਸੀ ਸੰਪਰਕ ਹੋਰ ਵਧਾ ਦਿੱਤਾ ਹੈ। ਵੱਟਸਐਪ ਅਤੇ ਫੇਸਬੁੱਕ ’ਤੇ ਸਕਿੰਟਾਂ ਵਿੱਚ ਇੱਕ ਦੂਜੇ ਨੂੰ ਭੇਜੀਆਂ ਜਾਂਦੀਆਂ ਫੋਟੋਆਂ ਜਾਂ ਲਿਖਤ ਸੁਨੇਹੇ ਸਾਨੂੰ ਇੱਕ ਦੂਜੇ ਦੇ ਨੇੜੇ ਰੱਖਣ ਦਾ ਕੰਮ ਕਰਦੇ ਹਨ, ਪਰ ਇਸ ਦੀ ਹੱਦੋਂ ਵੱਧ ਵਰਤੋਂ ਨੇ ਨੌਜਵਾਨ ਪੀੜੀ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਅੱਜ ਨੌਜਵਾਨ ਜਿਆਦਾ ਸਮਾਂ ਵੱਟਸਐਪ ਅਤੇ ਫੇਸਬੁੱਕ ਚਲਾਉਣ ’ਚ ਹੀ ਖਪਤ ਕਰ ਰਹੇ ਹਨ।
ਕੋਈ ਸਮਾਂ ਸੀ ਜਦੋਂ ਲੋਕ ਵੱਧ ਤੋਂ ਵੱਧ ਸਮਾਂ ਕਿਤਾਬਾਂ, ਅਖਬਾਰਾਂ ਅਤੇ ਰਸਾਲੇ ਪੜਨ ’ਚ ਗੁਜ਼ਾਰਦੇ ਸਨ। ਲਾਇਬਰੇਰੀਆਂ ’ਚ ਰੌਣਕ ਆਮ ਦੇਖੀ ਜਾਂਦੀ ਸੀ। ਹੁਣ ਕਿਤਾਬਾਂ ਪੜਨ ਦੀ ਥਾਂ ਵੱਟਸਐਪ ਅਤੇ ਫੇਸਬੁੱਕ ਦੀ ਹਨੇਰੀ ਅੱਗੇ ਬੇਬਸ ਨੌਜਵਾਨ ਇਹਨਾਂ ਨੂੰ ਚਲਾ ਕੇ ਟਾਇਮ ਪਾਸ ਕਰਨ ਦਾ ਯਤਨ ਕਰਦਾ ਹੈ। ਦੇਰ ਰਾਤ ਤੱਕ ਜਾਗ ਕੇ ਇੱਕ ਦੂਜੇ ਨੂੰ ਭੇਜੇ ਜਾਂਦੇ ਸੁਨੇਹੇ ਸਿਹਤ ’ਤੇ ਵੀ ਨਕਰਾਤਮਕ ਅਸਰ ਪਾ ਰਹੇ ਹਨ। ਰਾਤ ਨੂੰ ਲੇਟ ਸੁੱਤਾ ਸਵੇਰੇ ਜਲਦੀ ਨਹੀਂ ਉਠ ਸਕਦਾ ਅਤੇ ਕਸਰਤ ਲਈ ਸਮਾਂ ਕੱਢਣਾਂ ਤਾਂ ਬਹੁਤ ਦੂਰ ਦੀ ਗੱਲ ਹੈ। ਮਾਨਸਿਕ ਅਤੇ ਸ਼ਰੀਰਕ ਤੌਰ ’ਤੇ ਬਿਮਾਰ ਹੁੰਦਾ ਇਨਸਾਨ ਜਿੰਦਗੀ ’ਚ ਸਫਲਤਾ ਦੀ ਪੌੜੀ ਨਹੀਂ ਚੜ ਸਕਦਾ। ਸਵੇਰੇ ਉਠਦੇ ਸਾਰ ਸਭ ਤੋਂ ਪਹਿਲਾਂ ਮੋਬਾਇਲ ਫੋਨ ’ਤੇ ਆਏ ਸੁਨੇਹੇ ਦੇਖਣਾਂ ਜਾਂ ਪੜਨਾਂ ਕਿਸੇ ਬਿਮਾਰੀ ਨਾਲੋਂ ਘੱਟ ਨਹੀਂ। ਗੁੱਡ ਮਾਰਨਿੰਗ ਜਾਂ ਹੈਲੋ ਦੇ ਰੋਜਾਨਾਂ ਸਾਂਝੇ ਹੁੰਦੇ ਹਜਾਰਾਂ ਸੁਨੇਹੇ ਅਸਲੀ ਪਿਆਰ ਅਤੇ ਸਤਿਕਾਰ ਤੋਂ ਕੋਹਾਂ ਦੂਰ ਹਨ। ਸੈਲ਼ਫੀ ਦੇ ਰੁਝਾਨ ਨੇ ਪਤਾ ਨਹੀਂ ਕਿੰਨੇ ਹੀ ਲੋਕਾਂ ਦੀ ਜਾਨ ਲੈ ਲਈ। ਆਪਣੀ ਫੋਟੋ ਆਪ ਖਿੱਚਣ ਦੀ ਕੋਸ਼ਿਸ਼ ਕਰਦੇ ਕਈ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਡਿੱਗੇ ਹਨ। ਲੋੜ ਤੋਂ ਵੱਧ ਵਰਤੀ ਕੋਈ ਵੀ ਚੀਜ਼ ਜਹਿਰ ਬਣ ਜਾਂਦੀ ਹੈ। ਸਮੇਂ ਅਤੇ ਲੋੜ ਅਨੁਸਾਰ ਵਰਤੇ ਵੱਟਸਐਪ ਜਾਂ ਫੇਸਬੁੱਕ ਫਾਇਦੇਮੰਂਦ ਸਾਬਿਤ ਹੋ ਸਕਦੇ ਹਨ। ਦਿੱਲੀ ਏਅਰਪੋਰਟ ’ਤੇ ਪਹੁੰਚ ਕੇ ਇੱਕ ਬੰਦੇ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਹ ਆਪਣੇ ਕੁੱਝ ਜਰੂਰੀ ਕਾਗਜ਼ ਘਰ ਭੁੱਲ ਅਇਆ ਹੈ ਤਾਂ ਵੱਟਸਐਪ ਅਤੇ ਈ ਮੇਲ ਦਾ ਸਹਾਰਾ ਲੈ ਕੇ ਉਸ ਬੰਦੇ ਨੇ ਆਪਣੇ ਜਰੂਰੀ ਕਾਗਜ਼ ਨਿਸ਼ਚਿਤ ਸਮੇਂ ਵਿੱਚ ਦਿੱਲੀ ਮੰਗਵਾ ਲਏ ਅਤੇ ੳੇਹ ਆਪਣੀ ਮੰਜਿਲ ਵਲ ਰਵਾਨਾ ਹੋ ਗਿਆ। ਇਹ ਉਹ ਫਾਈਦੇ ਹਨ ਜੋ ਸਾਨੂੰ ਨਵੇਂ ਸੰਚਾਰ ਸਾਧਨਾਂ ਨੇ ਉਪਲਬੱਧ ਕਰਵਾਏ ਹਨ, ਪਰ ਇਹਨਾਂ ਦੀ ਲੋੜੋ ਵੱਧ ਵਰਤੋਂ ਘਾਤਕ ਹੈ। ਫੇਸਬੁੱਕ ਉਤੇ ਪਾਈਆਂ ਜਾਂਦੀਆਂ ਗਲਤ ਫੋਟੋਆਂ ਕਈ ਵਾਰੀ ਲੜਾਈ ਅਤੇ ਬੇਇਜ਼ਤੀ ਦਾ ਕਾਰਨ ਬਣ ਜਾਂਦੀਆਂ ਹਨ। ਧਾਰਮਿਕ ਭਾਵਨਾਂਵਾਂ ਨੂੰ ਭੜਕਾਉਣ ਵਾਲੇ ਸੁਨਹੇ ਜਾਂ ਫੋਟੋਆਂ ਸਮਾਜਿਕ ਸਾਂਝੀਵਾਲਤਾ ਲਈ ਖਤਰਾ ਪੈਦਾ ਕਰਦੇ ਹਨ।
ਇਹ ਨੌਜਵਾਨਾਂ ਨੇ ਆਪ ਸੋਚਣਾਂ ਹੈ ਕਿ ਉਹਨਾਂ ਨੇ ਵੱਟਸਐਪ ਅਤੇ ਫੇਸਬੁੱਕ ਦੀ ਅੰਨੀ ਵਰਤੋਂ ਕਰਕੇ ਇਸਦਾ ਗੁਲਾਮ ਬਨਣਾ ਹੈ ਜਾਂ ਫਿਰ ਇਸ ਦੀ ਸਹੀ ਵਰਤੋਂ ਕਰਕੇ ਇਸਦਾ ਫਾਇਦਾ ਲੈਣਾਂ ਹੈ। ਜੇਕਰ ਨੌਜਵਾਨ ਇਹਨਾਂ ਚੀਜਾਂ ਦਾ ਗੁਲਾਮ ਬਣੇਗਾ ਤਾਂ ੳੇਸ ਕੋਲ ਵਿਚਾਰਾਂ ਦੀ ਆਜਾਦੀ ਨਹੀਂ ਰਹੇਗੀ ਅਤੇ ਵਿਚਾਰਾਂ ਦੀ ਆਜ਼ਾਦੀ ਤੋਂ ਬਿਨਾਂ ਇੱਕ ਚੰਗਾ ਜੀਵਨ ਨਿਰਵਾਹ ਕਰਨਾ ਮੁਸ਼ਕਿਲ ਹੈ। ਆਪਣੀ ਸ਼ਰੀਰਕ ਅਤੇ ਮਾਨਸਿਕ ਤਾਕਤ ਦੀ ਸੰਭਾਲ ਕਰਕੇ ਨੌਜਵਾਨ ਜਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਦਾ ਹਰ ਸਭੰਵ ਯਤਨ ਕਰਨ। ਸੰਚਾਰ ਦੇ ਇਹਨਾਂ ਸਾਂਧਨਾਂ ਨੇ ਸਮੇਂ ਨਾਲ ਹੋਰ ਵਿਕਸਤ ਹੁੰਦੇ ਜਾਣਾ ਹੈ, ਪਰ ਨੌਜਵਾਨ ਆਪਣੀ ਸ਼ਰੀਰਕ ਅਤੇ ਮਾਨਸਿਕ ਤਾਕਤ ਦੀ ਸੰਭਾਲ ਕਰਕੇ ਜਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਦਾ ਹਰ ਸਭੰਵ ਯਤਨ ਕਰਨ।