ਦਸਵੇਂ ਗੁਰੂ, ਬਾਦਸ਼ਾਹ ਦਰਵੇਸ਼, ਹੱਕ-ਸੱਚ ਤੇ ਨਿਆਂ ਦੇ ਰਾਖੇ, ਸਰਬੰਸਦਾਨੀ, ਸਾਹਿਬ-ਏ-ਕਮਾਲ, ਮਹਾਨ ਬਾਣੀਕਾਰ, ਨਿਡਰ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਿਰਮਲ ਜੋਤ ਦੇ ਦਸਵੇਂ ਵਾਰਸ ਵਜੋਂ ਜ਼ੁਲਮ ਅਤੇ ਜਾਲਮ ਦਾ ਖਾਤਮਾ ਕਰਨ ਹਿੱਤ ਸ੍ਰੀ ਪਟਨਾ ਸਾਹਿਬ, ਬਿਹਾਰ ਦੀ ਧਰਤੀ ’ਤੇ 1666 ਈ. ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਮਾਤਾ ਗੁਜਰੀ ਜੀ ਦੀ ਪਾਵਨ ਕੁੱਖੋਂ ਪ੍ਰਕਾਸ਼ ਧਾਰਿਆ। ਗੁਰੂ ਜੀ ਆਪਣੀ ਪਵਿੱਤਰ ਬਾਣੀ ‘ਬਚਿਤ੍ਰ ਨਾਟਕ’ ਵਿਚ ਫੁਰਮਾਉਂਦੇ ਹਨ:
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥
ਗੁਰੂ ਸਾਹਿਬ ਨੇ ਆਪਣੇ ਜੀਵਨ-ਕਾਲ ਦੌਰਾਨ ਜੋ ਮਹਾਨ ਕਾਰਜ ਕੀਤੇ ਉਨ੍ਹਾਂ ਦੀ ਮਿਸਾਲ ਦੁਨੀਆ ਦੇ ਇਤਿਹਾਸ ’ਤੇ ਕਿਧਰੇ ਨਹੀਂ ਮਿਲਦੀ। ਇਹ ਮਿਸਾਲਮਈ ਕਾਰਜ ਗੁਰੂ ਜੀ ਵੱਲੋਂ ਆਪਣੇ 42 ਸਾਲਾਂ ਦੇ ਜੀਵਨ ਵਿਚ ਕੀਤੇ ਅਜਿਹੇ ਪਰਉਪਕਾਰ ਸਨ, ਜਿਨ੍ਹਾਂ ਨੇ ਸੰਸਾਰ ਦੇ ਇਤਿਹਾਸ ਵਿਸ਼ੇਸ਼ ਕਰਕੇ ਧਾਰਮਿਕ ਜਗਤ ਅੰਦਰ ਅਜਿਹੀਆਂ ਉਦਾਹਰਨਾਂ ਪੈਦਾ ਕੀਤੀਆਂ ਜਿਨ੍ਹਾਂ ਨੇ ਧਰਮ ਨੂੰ ਕੇਵਲ ਦਿੱਬਤਾ ਜਾਂ ਦੈਵੀ ਅਨੁਭਵ ਨਾਲ ਹੀ ਨਹੀਂ ਜੋੜਿਆ, ਸਗੋਂ ਜਨ-ਸਧਾਰਨ ਅੰਦਰ ਸਮਾਜਿਕ ਕਲਿਆਣ ਦੀ ਭਾਵਨਾ ਪੈਦਾ ਕਰ ਕੇ, ਭਗਤੀ ਤੋਂ ਸ਼ਕਤੀ ਦਾ ਸੁਮੇਲ ਕਰ ਕੇ ਹਾਕਮਾਂ ਦੀ ਦੱਬੀ-ਕੁਚਲੀ ਅਤੇ ਸ਼ੋਸ਼ਣ ਦਾ ਸ਼ਿਕਾਰ ਜਨਤਾ ਨੂੰ ਆਪਣੇ ਪੈਰੀਂ ਖੜ੍ਹੇ ਹੋਣਾ ਸਿਖਾਇਆ। ਗੁਰੂ ਸਾਹਿਬ ਦੇ ਇਹ ਕਾਰਜ ਆਪਣੇ ਤੋਂ ਪਹਿਲਾਂ ਦੇ ਨੌ ਗੁਰੂ ਸਾਹਿਬਾਨ ਦੀ ਸਿਧਾਂਤਕ ਲੀਹ ’ਤੇ ਗੁਰਮਤਿ ਵਿਚਾਰਧਾਰਾ ਨੂੰ ਵਿਹਾਰਕਤਾ ਵਿਚ ਮੋੜਨ ਦਾ ਉਪਰਾਲਾ ਸੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਉਪਰੰਤ ਲੀਹੇ ਚਾੜ੍ਹਿਆ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਕੇਵਲ 33 ਸਾਲਾਂ ਦੀ ਆਯੂ ਵਿਚ ਸੰਨ 1699 ਈ: ਦੀ ਵੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਕੀਤੀ ਖਾਲਸਾ ਪੰਥ ਦੀ ਸਿਰਜਣਾ ਕੇਵਲ ਹਿੰਦੁਸਤਾਨ ਹੀ ਨਹੀਂ, ਬਲਕਿ ਦੁਨੀਆ ਦੀਆਂ ਉਨ੍ਹਾਂ ਤਮਾਮ ਪ੍ਰਭੂ-ਸੱਤਾ ਸੰਪੰਨ ਧਿਰਾਂ ਨੂੰ ਇਕ ਚੁਣੌਤੀ ਸੀ ਅਤੇ ਅੱਜ ਵੀ ਹੈ, ਜੋ ਰਾਜ ਗੱਦੀ ’ਤੇ ਬੈਠ ਕੇ ਆਮ ਜਨਤਾ ਅਤੇ ਮਜ਼ਲੂਮ ਧਿਰਾਂ ਦੀ ਹੱਕ-ਸੱਚ ਦੀ ਰਾਖੀ ਦੀ ਬਜਾਏ, ਉਨ੍ਹਾਂ ਉਪਰ ਇਕ ਵਿਸ਼ੇਸ਼ ਅਤੇ ਆਪਣੀ ਮਰਜ਼ੀ ਦਾ ਸਿਸਟਮ ਥੋਪ ਕੇ, ਸਭ ਨੂੰ ਇੱਕੋ ਗ਼ੁਲਾਮੀ ਦੇ ਜੂਲੇ ਹੇਠੋਂ ਕੱਢਣਾ ਚਾਹੁੰਦੀਆਂ ਹਨ।
ਗੁਰੂ ਜੀ ਵੱਲੋਂ ‘ਖਾਲਸਾ ਪੰਥ’ ਦੀ ਸਿਰਜਣਾ ਨੇ ਇਹ ਸਿੱਧ ਕੀਤਾ ਕਿ ਮਨੁੱਖੀ ਹੱਕ ਕੇਵਲ ਹਕੂਮਤਾਂ ਤੇ ਉਨ੍ਹਾਂ ਦੀ ਰਾਜ-ਸੱਤਾ ਅਧੀਨ ਸਵੈ-ਸੁਆਰਥ ਵਿਚ ਵਿਚਰਦੇ ਚੰਦ ਕੁ ਲੋਕਾਂ ਦੇ ਮੁਥਾਜ ਨਹੀਂ, ਬਲਕਿ ਧਰਤੀ ’ਤੇ ਵਿਚਰ ਰਿਹਾ ਹਰ ਮਨੁੱਖ ਭਾਵੇਂ ਉਹ ਕਿਸੇ ਵੀ ਖਿੱਤੇ, ਧਰਮ, ਜਾਤ, ਨਸਲ ਦਾ ਕਿਉਂ ਨਾ ਹੋਵੇ, ਵੀ ਉਨ੍ਹਾਂ ਹੱਕਾਂ ਨੂੰ ਪੂਰੀ ਖੁੱਲ੍ਹ ਅਤੇ ਅਜ਼ਾਦੀ ਨਾਲ ਮਾਣਨ ਦਾ ਹੱਕਦਾਰ ਹੈ।
ਔਰੰਗਜ਼ੇਬ ਦੇ ਕੱਟੜ ਰਵੱਈਏ ਨੇ ਪੂਰੇ ਹਿੰਦੁਸਤਾਨ ਵਿਚ ਇਸਲਾਮ ਨੂੰ ਕਬੂਲਣ ਦਾ ਆਦੇਸ਼ ਦਿੱਤਾ ਹੋਇਆ ਸੀ। ਜੋ ਲੋਕ ਦੀਨ-ਏ-ਇਲਾਹੀ ਭਾਵ ਇਸਲਾਮ ਧਰਮ ਨੂੰ ਕਬੂਲ ਨਹੀਂ ਸਨ ਕਰ ਰਹੇ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਦੌਰ ਜਾਰੀ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁਗ਼ਲ ਹਾਕਮਾਂ ਦੀ ਇਸ ਕੱਟੜ ਅਤੇ ਇਸਲਾਮ ਤੋਂ ਇਲਾਵਾ ਕਿਸੇ ਦੂਜੇ ਧਰਮ ਨੂੰ ਬਰਦਾਸ਼ਤ ਨਾ ਕੀਤੇ ਜਾਣ ਦੀ ਨੀਤੀ ਤਹਿਤ ਹੀ ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਤਕਾਲੀ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਨਾਲ ਸ਼ਹੀਦੀ ਹੋਈ ਸੀ। ਜਿਸ ਤੋਂ ਬਾਅਦ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀ ਨੀਤੀ ਅਪਣਾਅ ਕੇ ਸਿੱਖਾਂ ਵਿਚ ਇਕ ਨਵੀਂ ਸਪਿਰਟ ਭਰੀ, ਜਿਸ ਦੀ ਸਿਖਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ‘ਖਾਲਸੇ’ ਦੇ ਰੂਪ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕੀਤੀ। ਔਰੰਗਜ਼ੇਬ ਵੱਲੋਂ ਵੀ ਇਸੇ ਤਰ੍ਹਾਂ ਇਸਲਾਮ ਤੋਂ ਛੁਟ ਦੂਜੇ ਧਰਮਾਂ ਵਿਸ਼ੇਸ਼ਕਰ ਬ੍ਰਾਹਮਣ (ਹਿੰਦੂ) ਵਰਗ ਦਾ ਜੋ ਹਾਲ ਕੀਤਾ ਗਿਆ, ਉਸ ਦੀ ਸਥਿਤੀ ਇੰਨੀ ਤਰਸਯੋਗ ਸੀ ਕਿ ਬਿਆਨ ਤੋਂ ਵੀ ਬਾਹਰ ਹੈ। ਗੈਰ-ਇਸਲਾਮੀ ਧਾਰਮਿਕ ਕੇਂਦਰਾਂ ਨੂੰ ਢਾਹ ਕੇ ਉਨ੍ਹਾਂ ਉਪਰ ਮਸੀਤਾਂ ਬਣਵਾਈਆਂ ਜਾਣ ਲੱਗੀਆਂ। ਵਿਸ਼ੇਸ਼ਕਰ ਉਤਰ-ਭਾਰਤ ਦੇ ਖੇਤਰ ਪੰਜਾਬ ਤੇ ਕਸ਼ਮੀਰ ਇਸ ਤਹਿਤ ਵੱਡਾ ਸੰਤਾਪ ਭੋਗਣ ਲੱਗੇ।
ਕਸ਼ਮੀਰੀ ਪੰਡਤਾਂ ਨੂੰ ਜਦ ਆਪਣੇ ਧਰਮ ਦਾ ਬਚਾਅ ਕਰਨ ਲਈ ਕੋਈ ਹੋਰ ਰਾਹ ਨਾ ਲੱਭਾ ਤਾਂ ਉਸ ਸਮੇਂ ਕਸ਼ਮੀਰੀ ਪੰਡਤਾਂ ਦਾ ਇਕ ਜਥਾ ਪੰਡਤ ਕਿਰਪਾ ਰਾਮ ਦੀ ਅਗਵਾਈ ਵਿਚ ਆਪਣੇ ਧਰਮ ਦੀ ਰੱਖਿਆ ਖਾਤਰ ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਦੇ ਰਾਹੇ ਪੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਆਇਆ। ਇਸ ਦਾ ਜ਼ਿਕਰ ‘ਭੱਟ ਵਹੀ’ ਵਿਚ ਇੰਝ ਮਿਲਦਾ ਹੈ:
ਕਿਰਪਾ ਰਾਮ ਬੇਟਾ ਅੜੂ ਰਾਮ ਕਾ ਪੋਤਾ ਨਰੈਣ ਦਾਸ ਕਾ
ਖੋੜਸ ਮੁਖੀ ਬ੍ਰਾਹਮਣ ਕਾ ਸੰਗ ਲੈ ਕੇ ਚੱਕ ਨਾਨਕੀ ਆਇਆ।
ਬੱਸ ਫਿਰ ਕੀ ਸੀ, ਇੱਥੋਂ ਹੀ ਇਤਿਹਾਸ ਅੰਦਰ ਉਹ ਮੋੜ ਮੁੜਿਆ ਜਿਸ ਤਹਿਤ ਜਿੱਥੇ ਸਿੱਖ ਧਰਮ ਦੇ ਗੁਰੂ-ਸਾਹਿਬਾਨ ਨੇ ਆਪਣੇ ਧਰਮ ’ਤੇ ਅਟੱਲ ਰਹਿਣ ਲਈ ਜੋ ਕੁੱਲ ਦੁਨੀਆ ਨੂੰ ਸੁਨੇਹਾ ਦਿੱਤਾ ਸੀ, ਉਸੇ ਸਿਧਾਂਤ ’ਤੇ ਖ਼ੁਦ ਚੱਲਦਿਆਂ ਇਹ ਗੱਲ ਵਿਹਾਰਕ ਤੌਰ ’ਤੇ ਸਪੱਸ਼ਟ ਵੀ ਕਰ ਦਿੱਤੀ ਕਿ ਮਜ਼ਲੂਮ ਦੀ ਅਤੇ ਧਾਰਮਿਕ ਸੁਤੰਤਰਤਾ ਦੀ ਰੱਖਿਆ ਲਈ ਕਿਵੇਂ ਤਤਪਰ ਰਹਿਣਾ ਹੈ।
ਸੋ ਇਸੇ ਤਹਿਤ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ) ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭਾਰਤੀ ਲੋਕਾਂ ਦੇ ਧਰਮ ਅਤੇ ਉਨ੍ਹਾਂ ਦੇ ਤਿਲਕ-ਜੰਝੂ ਦੀ ਰੱਖਿਆ ਖਾਤਰ ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਤੋਂ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਭੇਜਿਆ। ਗੁਰੂ ਜੀ ਦੀ ਦਿੱਲੀ ਵਿਖੇ ਇਸ ਸ਼ਹਾਦਤ ਦਾ ਇਕ ਵੱਖਰਾ ਗੌਰਵਮਈ ਇਤਿਹਾਸ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਉਦੋਂ ਸਦਾ ਲਈ ਅਮਰ ਕਰ ਦਿੱਤਾ, ਜਦ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਈ ਲੋਕਾਈ ਵਿੱਚੋਂ ਪੰਜ ਮਰਜੀਵੜਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਅਤੇ ਖ਼ੁਦ ਉਨ੍ਹਾਂ ਤੋਂ ਅੰਮ੍ਰਿਤ ਛਕ ਕੇ ‘ਖਾਲਸਾ’ ਭਾਵ ਉਸ ਸ਼ੁੱਧਤਾ ਦਾ ਰੂਪ ਦਿੱਤਾ, ਜਿਸ ਅੰਦਰ ਨਾ ਤਾਂ ਡਰ ਸੀ, ਨਾ ਹੀ ਕਿਸੇ ਦੀ ਅਧੀਨਗੀ ਨੂੰ ਕਬੂਲ ਕਰਨ ਦੀ ਭਾਵਨਾ, ਬਲਕਿ ਖਾਲਸਾ ਮਜ਼ਲੂਮਾਂ ਦੀ ਢਾਲ ਬਣ ਕੇ, ਜਬਰ ਅਤੇ ਜ਼ੁਲਮ ਦੀ ਜੜ੍ਹ ਨੂੰ ਮੁੱਢੋਂ ਹੀ ਪੁੱਟ ਦੇਣ ਦਾ ਜਜ਼ਬਾ ਰੱਖਦਾ ਸੀ, ਜਿਸ ਨੇ ਵਾਕਇ ਇਹ ਸਭ ਕੁਝ ਕਰ ਦਿਖਾਇਆ। ਇਸ ਜਜ਼ਬੇ ਦਾ ਗਵਾਹ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਬਣਿਆ।
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਅਤੇ ਉਸ ਵਿਚਲੀ ਸ਼ਕਤੀ ਦਾ ਜਜ਼ਬਾ ਹੀ ਸੀ, ਜਿਸ ਨੇ ‘ਸਵਾ ਲਾਖ ਸੇ ਏਕ ਲੜਾਊ’ ਦਾ ਹੌਂਸਲਾ ਪੈਦਾ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ ਦੀ ਸਾਜਣਾ ਤੋਂ ਬਾਅਦ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਉਨ੍ਹਾਂ ਪਰੰਪਰਾਵਾਂ ਨੂੰ ਵੀ ਇਕ ਨਵੀਂ ਦਿਸ਼ਾ ਅਤੇ ਨਵਾਂ ਰੂਪ ਦਿੱਤਾ, ਜੋਕਿ ਲੋਕਾਂ ਅੰਦਰ ਬੁਜ਼ਦਿਲੀ ਅਤੇ ਫਜ਼ੂਲ ਦੇ ਕਰਮ-ਕਾਂਡਾਂ ਨੂੰ ਉਤਸ਼ਾਹਿਤ ਕਰਦੀਆਂ ਸਨ।
ਦਸਵੇਂ ਪਾਤਸ਼ਾਹ ਨੇ ਇਕ ਨਵੀਂ ‘ਰਹਿਤ ਮਰਯਾਦਾ’ ਸਥਾਪਿਤ ਕਰ ਕੇ, ਖਾਲਸੇ ਨੂੰ ਪੰਜ ਬਾਣੀਆਂ ਅਤੇ ਪੰਜ ਕਕਾਰ ਬਖਸ਼ ਕੇ, ਭਗਤੀ ਅਤੇ ਸ਼ਕਤੀ ਦਾ ਸੁਮੇਲ ਦਿੱਤਾ। ਹੋਲੀ ਵਰਗੇ ਇਕ-ਦੂਜੇ ਉਪਰ ਰੰਗ ਤੇ ਗੰਦ ਪਾਉਣ ਵਾਲੇ ਤਿਉਹਾਰਾਂ ਨੂੰ ਬਦਲ ਕੇ ‘ਹੋਲਾ ਮਹੱਲਾ’ ਦਾ ਰੂਪ ਦੇ ਕੇ ਇੱਕ ਅਕਾਲ ਦੇ ਪੁਜਾਰੀ ਬਣਾ ਕੇ ਸੂਰਬੀਰਤਾ ਅਤੇ ਅਧਿਆਤਮਕ ਦੇ ਰੰਗ ਵਿਚ ਰੰਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਦੇ ਤਮਾਮ ਲੋਕਾਂ ਅੰਦਰ ਬਰਾਬਰਤਾ, ਸਮਾਨਤਾ, ਧਾਰਮਿਕ ਅਜ਼ਾਦੀ ਦੀ ਭਾਵਨਾ ਪੈਦਾ ਕਰ ਕੇ ਕੱਟੜਤਾ ਦੀ ਸੌੜੀ ਸੋਚ ਨੂੰ ਮਨੁੱਖੀ ਮਨਾਂ ਅੰਦਰੋਂ ਪਰ੍ਹਾਂ ਵਗਾਹ ਮਾਰਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੀ ਮਾਨਵਤਾ ਨੂੰ ਆਪਣੇ ਉਨ੍ਹਾਂ ਹਿੱਤਾਂ ਦੀ ਰਾਖੀ ਕਰਨੀ ਸਿਖਾਈ, ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਭਾਰਤੀ ਜਨਤਾ ਦੀ ਮਾਨਸਿਕਤਾ ਵਿਚ ਕਾਇਰਤਾ ਵਾਲੀ ਭਾਵਨਾ ਦੇ ਪਨਪਣ ਕਰਕੇ ਕਿਧਰੇ ਗੁਆਚ ਚੁੱਕੇ ਸਨ।
ਗੁਰੂ ਜੀ ਵੱਲੋਂ ਸਜਾਏ ਗਏ ‘ਖਾਲਸਾ ਪੰਥ’ ਨੇ ਉਨ੍ਹਾਂ ਲੋਕਾਂ ਨੂੰ ਵੰਗਾਰਿਆ ਜੋ ਧੱਕੇ ਨਾਲ ਆਪਣੀ ਬਾਦਸ਼ਾਹਤ ਸਥਾਪਿਤ ਕਰਨਾ ਚਾਹੁੰਦੇ ਸਨ। ਭਾਵੇਂ ਮੁਗ਼ਲ ਹਕੂਮਤ ਸੀ ਤੇ ਭਾਵੇਂ ਪਹਾੜੀ ਰਾਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰਣਜੀਤ ਨਗਾਰੇ’ ਦੀ ਚੋਟ ਨਾਲ ਉਨ੍ਹਾਂ ਸਾਰਿਆਂ ਨੂੰ ਇਸ ਗੱਲ ਤੋਂ ਆਗਾਹ ਕਰਵਾਇਆ ਕਿ ਜਿਉਂ-ਜਿਉਂ ਧਰਤੀ ’ਤੇ ਜ਼ਾਲਮ ਦਾ ਜ਼ੁਲਮ ਤੇ ਜਬਰ ਵਧੇਗਾ, ਤਿਉਂ-ਤਿਉਂ ਹੀ ਲੋਕ-ਮਨਾਂ ਅੰਦਰ ਰੋਹ ਤੇ ਰੋਸ ਦੀ ਭਾਵਨਾ ਪ੍ਰਬਲ ਹੋਵੇਗੀ ਤੇ ਕਿਸੇ ਨਵੀਂ ਕ੍ਰਾਂਤੀ ਦਾ ਆਗ਼ਾਜ਼ ਹੋਵੇਗਾ। ਇਹੀ ਨਵੀਂ ਕ੍ਰਾਂਤੀ ‘ਖਾਲਸੇ’ ਦੇ ਰੂਪ ਵਿਚ ਦੁਨੀਆ ਦੇ ਸਾਹਮਣੇ ਆਉਂਦੀ ਹੈ, ਜਿਸ ਨੇ ਵਿਸ਼ਵ ਧਰਮਾਂ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰ ਕੇ ਦੁਨੀਆ ਦੇ ਲੋਕਾਂ ਨੂੰ ਆਪਣੇ ਧਰਮ, ਗਰੀਬ-ਗੁਰਬੇ ਅਤੇ ਮਜ਼ਲੂਮ ਧਿਰਾਂ ਦੀ ਰਾਖੀ ਕਰਨੀ ਸਿਖਾਈ। ਗੁਰੂ ਜੀ ਵੱਲੋਂ ‘ਖਾਲਸਾ ਪੰਥ’ ਨਿਵੇਕਲੀ ਹੋਂਦ-ਵਿਧੀ ਕਾਰਨ ਅੱਜ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਕ੍ਰਾਂਤੀਕਾਰੀ ਵਿਚਾਰਧਾਰਾ ਉਨ੍ਹਾਂ ਵੱਲੋਂ ਰਚੀ ਬਾਣੀ ਵਿਚ ਵੀ ਸਪੱਸ਼ਟ ਨਜ਼ਰੀਂ ਪੈਂਦੀ ਹੈ। ਉਨ੍ਹਾਂ ਨੇ ਆਗਾਹ ਕਰਵਾਇਆ ਹੈ ਕਿ ਮਜ਼ਲੂਮਾਂ ਦੀ ਰਾਖੀ ਹਿੱਤ ਜਦ ਕੋਈ ਵੀ ਸਾਧਨ ਕਾਰਗਰ ਸਿੱਧ ਨਾ ਹੋਵੇ ਤਾਂ ਜੰਗ ਦੇ ਮੈਦਾਨ ਵਿਚ ਨਿੱਤਰ ਕੇ ਕਿਰਪਾਨ ਚੁੱਕਣੀ ਲਾਜ਼ਮੀ ਅਤੇ ਜਾਇਜ਼ ਬਣ ਜਾਂਦੀ ਹੈ:
ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥ (ਜ਼ਫ਼ਰਨਾਮਾ)