ਦੇਸ਼ ਦੀਆਂ ਸੜਕਾਂ ’ਤੇ ਮੌਤ ਨੱਚਦੀ

ਦੇਸ਼ ਦੀਆਂ ਸੜਕਾਂ ’ਤੇ ਮੌਤ ਨੱਚਦੀ ਹੈ। ਸੜਕ ਤੇ ਰੇਲ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹਾਲਤ ਬਹੁਤ ਗੰਭੀਰ ਹੁੰਦੇ ਜਾ ਰਹੇ ਹਨ। ਸੜਕਾਂ ਉਪਰ ਤਾਂ ਹਰ ਰੋਜ਼ ਭਿਆਨਕ ਹਾਦਸੇ ਹੋ ਰਹੇ ਹਨ। ਰੇਲ ਹਾਦਸਿਆਂ ਦੀ ਗਿਣਤੀ ਵੀ ਆਮ ਤੋਂ ਜ਼ਿਆਦਾ ਹੈ। ਗੱਡੀਆਂ ਦੀ ਗਿਣਤੀ ਵੱਧਣ ਦੇ ਕਾਰਨ ਭੀੜ ਭੜਕਾ ਵੱਧ ਰਿਹਾ ਹੈ। ਲੋਕਾਂ ਵਿੱਚ ਇਕ ਦੂਜੇ ਤੋਂ ਅੱਗੇ ਵੱਧਣ ਦੀ ਦੌੜ ਵਿੱਚ ਵੀ ਹਾਦਸੇ ਵਾਪਰ ਰਹੇ ਹਨ। ਦੇਸ਼ ’ਚ ਹਰੇਕ 10 ਮਿੰਟਾਂ ’ਚ ਵਾਪਰਦੇ ਹਾਦਸਿਆਂ ’ਚ ਤਿੰਨ ਨਾਗਰਿਕਾਂ ਦੀ ਜਾਨ ਚਲੀ ਜਾਂਦੀ ਹੈ।ਇਹ ਬਹੁਤ ਹੀ ਗੰਭੀਰ ਅਤੇ ਅਫਸੋਸਨਾਕ ਸਥਿਤੀ ਹੈ। ਕੌਮੀ ਪੱਧਰ ’ਤੇ ਹਾਦਸਿਆਂ ਦੀ ਗਿਣਤੀ 9 ਫ਼ੀਸਦੀ ਵਧੀ ਹੈ।ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ ਸਾਲ 2015 ’ਚ ਇਕ ਲਖ 48 ਹਜ਼ਾਰ ਨਾਗਰਿਕ ਸੜਕ ਹਾਦਸਿਆਂ ’ਚ ਮਾਰੇ ਗਏ। ਸਾਲ 2011 ’ਚ ਇਹ ਗਿਣਤੀ ਇਕ ਲਖ 36 ਹਜ਼ਾਰ ਮੌਤਾਂ ਸੀ। ਆਵਾਜਾਈ ਨਾਲ ਸਬੰਧਤ ਮੌਤਾਂ ’ਚ ਰੇਲ ਹਾਦਸੇ ਅਤੇ ਰੇਲ ਫਾਟਕਾਂ ’ਤੇ ਹੁੰਦੇ ਹਾਦਸੇ ਵੀ ਸ਼ਾਮਲ ਹਨ। ਸਾਲ 2015 ’ਚ ਕੁੱਲ 4 ਲਖ 64 ਹਜ਼ਾਰ ਸੜਕ ਹਾਦਸੇ ਵਾਪਰੇ ਸਨ ਜੋ 2014 ਦੇ ਮੁਕਾਬਲੇ ਤਿੰਨ ਫ਼ੀਸਦੀ ਵੱਧ ਸਨ। ਰਿਪੋਰਟ ਮੁਤਾਬਿਕ ਦੇਸ਼ ਵਿੱਚ ਸਭ ਤੋਂ ਵਧ ਸੜਕ ਹਾਦਸੇ ਤਾਮਿਲ ਨਾਡੂ ਵਿੱਚ ਹੋਏ ਹਨ ਜਿਨ੍ਹਾਂ ਦੀ ਗਿਣਤੀ 69,059 ਰਹੀ। ਇਸੇ ਤਰ੍ਹਾਂ ਦੂਸਰੇ ਨੰਬਰ ’ਤੇ ਕਰਨਾਟਕ 44,011 ਅਤੇ ਤੀਸਰੇ ਨੰਬਰ ’ਤੇ ਮਹਾਰਾਸ਼ਟਰ 42,250 ਸੜਕ ਹਾਦਸੇ ਵਾਪਰੇ ਹਨ। ਸੜਕ ਹਾਦਸਿਆਂ ’ਚ ਸਭ ਤੋਂ ਵਧ 18,407 ਮੌਤਾਂ ਉਤਰ ਪ੍ਰਦੇਸ਼ ’ਚ ਹੋਈਆਂ ਹਨ। ਯੋਜਨਾ ਕਮਿਸ਼ਨ ਦੀ 2007 ਦੀ ਇਕ ਰਿਪੋਰਟ ਮੁਤਾਬਕ ਸੜਕ ਆਵਾਜਾਈ ਸੈਕਟਰ ਦੇਸ਼ ਦੀ ਜੀਡੀਪੀ ’ਚ 4.8 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ ਪਰ ਸੜਕ ਹਾਦਸਿਆਂ ਕਰਕੇ ਦੇਸ਼ ਨੂੰ ਇਸ ਤੋਂ 1 ਤੋਂ 3 ਫ਼ੀਸਦੀ ਜੀਡੀਪੀ ਦਾ ਨੁਕਸਾਨ ਬਰਦਾਸ਼ਤ ਕਰਨਾ ਪੈਂਦਾ ਹੈ।ਵਿਸ਼ਵ ਸਿਹਤ ਸੰਸਥਾ ਨੇ ਸੜਕ ਸੁਰੱਖਿਆ ਸਬੰਧੀ ਸਪੀਡ ਲਿਮਟ ’ਚ 10 ’ਚੋਂ 3, ਹੈਲਮਟ ਪਹਿਨਣ ’ਚ 10 ’ਚੋਂ 4, ਸ਼ਰਾਬ ਪੀ ਕੇ ਵਾਹਨ ਚਲਾਉਣ ’ਚ 10 ’ਚੋਂ 4 ਅਤੇ ਸੀਟ ਬੈਲਟ ਲਾਉਣ ’ਚ 10 ’ਚੋਂ 4 ਅੰਕ ਦਿਤੇ ਹਨ। ਸਾਲ 2015 ’ਚ 45,540 ਜਾਨਾਂ ਦੋ-ਪਹੀਆ ਵਾਹਨ ਚਾਲਕਾਂ ਦੀਆਂ ਗਈਆਂ। ਇਸ ਸਿਲਸਿਲੇ ਵਿੱਚ ਦੂਸਰਾ ਨੰਬਰ ਟਰੱਕਾਂ ਅਤੇ ਤੀਸਰਾ ਨੰਬਰ ਕਾਰਾਂ ਦਾ ਆਉਂਦਾ ਹੈ। ਦੋ-ਪਹੀਆ ਵਾਹਨ ਹਾਦਸਿਆਂ ’ਚ ਮੌਤਾਂ ਦੇ ਮਾਮਲੇ ’ਚ ਤਾਮਿਲ ਨਾਡੂ (3668) ਅਤੇ ਮਹਾਰਾਸ਼ਟਰ (3146) ਮੋਹਰੀ ਹਨ ਜਦਕਿ ਉਤਰ ਪ੍ਰਦੇਸ਼ ’ਚ ਟਰਕ ਹਾਦਸਿਆਂ ’ਚ ਸਭ ਤੋਂ ਵਧ ਜਾਨਾਂ ਉਤਰ ਪ੍ਰਦੇਸ਼ (5720) ’ਚ ਗਈਆਂ। ਰਾਹਗੀਰਾਂ ਦੀਆਂ ਮੌਤਾਂ ਦੇ ਮਾਮਲੇ ’ਚ ਮਹਾਰਾਸ਼ਟਰ 1256 ਮੌਤਾਂ ਨਾਲ ਹੋਰ ਸੂਬਿਆਂ ਤੋਂ ਅੱਗੇ ਹੈ। ਇਹ ਅੰਕੜਾ 17 ਫ਼ੀਸਦੀ ਬਣਦਾ ਹੈ। ਅਧਿਐਨ ਇਹ ਦੱਸਦੇ ਹਨ ਸੜਕ ਹਾਦਸਿਆਂ ’ਚ 41 ਫ਼ੀਸਦੀ ਮੌਤਾਂ ਲਈ ਤੇਜ਼ ਰਫ਼ਤਾਰੀ ਜ਼ਿੰਮੇਵਾਰ ਹੈ, ਜਦਕਿ ਅਣਗਹਿਲੀ ਜਾਂ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਨਾਲ 32 ਫ਼ੀਸਦੀ ਮੌਤਾਂ ਹੁੰਦੀਆਂ ਹਨ।ਖ਼ਰਾਬ ਮੌਸਮ ਕਾਰਨ 4 ਫ਼ੀਸਦੀ ਅਤੇ ਮਕੈਨਕੀ ਨੁਕਸ ਕਾਰਨ 3 ਫ਼ੀਸਦੀ ਹਾਦਸੇ ਹੋ ਰਹੇ ਹਨ। ਹਾਦਸਿਆਂ ’ਚ ਹੋ ਰਿਹਾ ਇਹ ਜਾਨੀ-ਮਾਲੀ ਨੁਕਸਾਨ ਬਹੁਤ ਹੀ ਦਰਦਨਾਕ ਅਤੇ ਨਾ-ਸਹਿਣ ਯੋਗ ਹੈ। ਇਸ ਸਬੰਧ ਵਿੱਚ ਕੌਮੀ ਪੱਧਰ ’ਤੇ ਵਿਆਪਕ ਯੋਜਨਾਬੰਦੀ ਅਤੇ ਚੌਕਸੀ ਦੀ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ ਸੜਕ ਹਾਦਸਿਆਂ ਨੂੰ ਰੋਕਣ ਲਈ ਸਖਤੀ ਨਾਲ ਪੇਸ਼ ਆਵੇ। ਸੜਕਾਂ ਉਪਰ ਗੱਡੀਆਂ ਅਤੇ ਡਰਾਇਵਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਸੜਕਾਂ ਦੀ ਹਾਲਤ ਵਿੱਚ ਵੀ ਸੁਧਾਰ ਹੋਣਾ ਚਾਹੀਦਾ ਹੈ। ਓਵਰ ਸਪੀਡ ਅਤੇ ਓਵਰ ਲੋਡ ਲਈ ਵੱਡੇ ਜ਼ੁਰਮਾਨੇ ਹੋਣੇ ਚਾਹੀਦੇ ਹਨ। ਲਾਇਸੰਸ ਪ੍ਰਣਾਲੀ ਵਿੱਚ ਵੀ ਸੁਧਾਰ ਦੀ ਜ਼ਰੂਰਤ ਹੈ। ਉਮਰ ਲੰਘ ਚੁੱਕੀਆਂ ਗੱਡੀਆਂ ਨੂੰ ਫੜਕੇ ਮੌਕੇ ’ਤੇ ਨਸ਼ਟ ਕੀਤਾ ਜਾਵੇ। ਬਹੁਤ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਘਟਾਉਣ ਵੱਲ ਵਿਸ਼ੇਸ਼ ਤਵਜੋਂ ਦਿੱਤੀ ਜਾਵੇ। ਸਰਕਾਰ ਅਤੇ ਨਾਗਰਿਕਾਂ ਨੂੰ ਇਸ ਵਿੱਚ ਬਰਾਬਰ ਯੋਗਦਾਨ ਪਾਉਣਾ ਹੋਵੇਗਾ।
– ਬਲਜੀਤ ਸਿੰਘ ਬਰਾੜ

Send this to a friend