ਚੰਡੀਗੜ੍ਹ- ਪੰਜਾਬ ਦੀ ਰਾਜਧਾਨੀ ਦਾ ਇਕ ਨੌਜਵਾਨ ਨਾਂਅ ਅਤੇ ਕਾਂਗਰਸ ਪ੍ਰਦੇਸ਼ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਫਿਲਮ ਦੀ ਸਖਤ ਸ਼ਬਦਾਂ ’ਚ ਨਿੰਦਿਆ ਕੀਤੀ ਹੈ ਅਤੇ ਫਿਲਮ ਨੂੰ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਇਕ ਘਟੀਆ ਸਟੰਟ ਦਸਿਆ ਹੈ। ਇਹ ਫਿਲਮ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜੀਵਨੀ ’ਤੇ ਅਧਾਰਿਤ ਹੈ ਜਿਸ ’ਚ ਅਦਾਕਾਰ ਅਨੂਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ ਅਦਾ ਕੀਤੀ ਹੈ। ਮਨਮੋਹਨ ਸਿੰਘ ਸਾਲ 2004 ਤੋਂ 2014 ਤਕ ਯੂਪੀਏ ਦੇ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਰਹੇ।
ਫਿਲਮ ਦੀ ਕਹਾਣੀ ਸੰਜੇ ਬਾਰੂ ਵਲੋਂ ਲਿਖੀ ਕਿਤਾਬ ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ ’ਤੇ ਅਧਾਰਿਤ ਹੈ ਅਤੇ ਫਿਲਮ ਦਾ ਨਾਂਅ ਵੀ ਕਿਤਾਬ ਦੇ ਨਾਂਅ ਤੋਂ ਪ੍ਰੇਰਿਤ ਹੈ। ਸੰਜੇ ਬਾਰੂ ਇਕ ਭਾਰਤੀ ਨੀਤੀ ਵਿਸ਼ਲੇਸ਼ਕ ਹਨ, ਜਿਨ੍ਹਾਂ ਨੇ ਮਈ 2004 ਤੋਂ ਅਗਸਤ 2008 ਤਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਦੇ ਰੂਪ ’ਚ ਕੰਮ ਕੀਤਾ। ਆਪਣੇ ਪਹਿਲੇ ਅਧਿਕਾਰਕ ਟ੍ਰੇਲਰ ਦੇ ਨਾਲ, ਫਿਲਮ ਨੇ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਟਾਪ ਮੈਂਬਰਾਂ ਦੀ ਦਿਖ ਨੂੰ ਸਿਧਾ ਨੁਕਸਾਨ ਪਹੁੰਚਾਉਣ ਦੇ ਲਈ ਕਈ ਵਿਵਾਦਾਂ ਨੂੰ ਜਨਮ ਦਿਤਾ ਹੈ। ਫਿਲਮ ’ਚ ਬਾਰੂ ਦਾ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਬਕਾ ਪ੍ਰੈਜੀਡੈਂਟ ਸੋਨੀਆ ਗਾਂਧੀ ਦੇ ਅਧੀਨ ਸਨ।
ਅਨੁਮੀਤ ਹੀਰਾ ਸੋਢੀ ਨੇ ਫਿਲਮ ਦੇ ਬਾਰੇ ’ਚ ਗਲ ਕਰਦੇ ਹੋਏ ਕਿਹਾ, ‘ਅਜਿਹੀ ਫਿਲਮ ਜਿਹੜੀ ਰਾਜਨੀਤਕ ਰੂਪ ਨਾਲ ਪ੍ਰੇਰਿਤ ਹੈ ਅਤੇ ਕਾਂਗਰਸ ਪਾਰਟੀ ਨੂੰ ਨੀਵਾਂ ਦਿਖਾਉਣ ਅਤੇ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਭਾਜਪਾ ਵਲੋਂ ਅਪਣਾਈ ਗਈ ਇਕ ਗੰਦੀ ਚਾਲ ਹੈ। ਸੰਜੇ ਬਾਰੂ ਵਲੋਂ ਲਿਖੀ ਕਿਤਾਬ ਨੂੰ ਸਾਬਕਾ ਪ੍ਰਧਾਨ ਮੰਤਰੀ ਵਲੋਂ ਖੁਦ ਹੀ ‘ਕਾਲਪਨਿਕ’ ਘੋਸ਼ਿਤ ਕੀਤਾ ਗਿਆ ਸੀ। ਹੁਣ ਇਸ ਵਿਸ਼ੇ ’ਤੇ ਫਿਲਮ 2019 ਦੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ ਕੀਤੀ ਜਾ ਰਹੀ ਹੈ, ਜਿਸ ’ਚ ਅਨੂਪਮ ਖੇਰ ਅਦਾਕਾਰ ਹਨ ਅਤੇ ਖੁਦ ਇਕ ਕਟੜ ਭਾਜਪਾ ਸਮਰਥਕ ਹਨ।’
ਅਗੇ ਬੋਲਦੇ ਹੋਏ ਸੋਢੀ ਨੇ ਕਿਹਾ ਕਿ ‘ਇਹ ਸਾਫ ਰੂਪ ਨਾਲ ਜਾਹਿਰ ਹੈ ਕਰਦਾ ਹੈ ਕਿ ਫਿਲਮ ਭਾਰਤੀ ਜਨਤਾ ਪਾਰਟੀ ਦੀ ਮਾਰਕੀਟਿੰਗ ਰਣਨੀਤੀ ਹੈ ਜਿਸਦੇ ਜਰੀਏ ਉਹ ਆਪਣੀਆਂ ਖਾਮੀਆਂ ਅਤੇ ਮਾੜੇ ਕੰਮਾਂ ਨੂੰ ਲੁਕਾਉਣਾ ਚਾਹੁੰਦੀ ਹੈ। ਉਹ ਆਪਣੀ ਇਸ ਗੰਦੀ ਚਾਲ ਦੇ ਮਾਧਿਅਮ ਨਾਲ ਆਮ ਚੋਣਾਂ ਤੋਂ ਠੀਕ ਪਹਿਲਾਂ ਲੋਕਾਂ ਦਾ ਧਿਆਨ ਮੋਦੀ ਸਰਕਾਰ ਦੀ ਵਿਫਲਤਾ ਤੋਂ ਹਟਾਉਣਾ ਚਾਹੁੰਦੇ ਹਨ।’
– ਪੰਜਾਬ ਟਾਇਮਜ਼ ਬਿਊਰੋ