ਅਜ (8 ਜਨਵਰੀ) ਮੇਰੇ ਪਿਤਾ ਜੀ ਗਿਆਨੀ ਕਰਤਾਰ ਸਿੰਘ ਦਾ ਜਨਮ ਦਿਨ ਹੈ। ਜੇ ਉਹ ਅਜ ਜਿਉਂਦੇ ਹੁੰਦੇ ਤਾਂ ਉਨ੍ਹਾਂ ਨੇ ਸ਼ਤਾਬਦੀ ਦੇ ਨੇੜੇ-ਤੇੜੇ ਹੋਣਾ ਸੀ। ਪਰ ਉਹ 2013 ਦੀ 22 ਮਈ ਨੂੰ ਕਰੀਬ 92ੌ ਸਾਲ ਦੀ ਉਮਰ ਵਿਚ ਰੁਖ਼ਸਤ ਹੋ ਗਏ ਸਨ। ਮੇਰੇ ਪਿਤਾ ਜੀ ਬਹੁਤ ਹੀ ਨਿਮਨ, ਸਧਾਰਨ, ਕਿਰਤੀ- ਪਰਿਵਾਰ ਵਿਚ 8 ਜਨਵਰੀ 1921 ਨੂੰ ਪੈਦਾ ਹੋਏ। ਚਾਰ ਭਰਾਵਾਂ ਤੇ ਦੋ ਭੈਣਾਂ ਵਿਚੋਂ ਮੇਰੇ ਪਿਤਾ ਦਾ ਚੌਥਾ ਸਥਾਨ ਸੀ। ਯਾਨੀ, ਇਕ ਭਰਾ ਤੇ ਇਕ ਭੈਣ ਪਿਤਾ ਜੀ ਤੋਂ ਛੋਟੇ ਸਨ, ਜਦਕਿ ਇਕ ਭੈਣ ਤੇ ਦੋ ਭਰਾ ਵਡੇ। ਪਿਤਾ ਜੀ ਦੇ ਪਰਿਵਾਰ ਕੋਲ ਬਹੁਤ ਹੀ ਘਟ ਜ਼ਮੀਨ ਸੀ, ਜਿਸ ਨਾਲ ਇਕ ਵਡੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ।
ਮੇਰੇ ਪਿਤਾ ਜੀ ਹੀ ਆਪਣੇ ਪਰਿਵਾਰ ਵਿਚ ਸਭ ਤੋਂ ਵਧ ਪੜ੍ਹੇ ਹੋਏ ਸਨ। ਸਿਰਫ਼ ਪੜ੍ਹੇ ਹੋਏ ਹੀ ਨਹੀਂ, ਸਗੋਂ ਨੌਕਰੀ ਤੇ ਤਾਇਨਾਤ ਸਨ। ਮੇਰੇ ਪਿਤਾ ਜੀ ਦੇ ਮਾਂ- ਪਿਓ ਤਾਂ ਅਨਪੜ੍ਹ ਸਨ ਹੀ, ਬਾਕੀ ਭੈਣ- ਭਰਾ ਵੀ ਚਾਰ-ਪੰਜ ਜਮਾਤਾਂ ਤੋਂ ਵਧ ਨਾ ਪੜ੍ਹ ਸਕੇ ਤੇ ਉਹ ਮਾਮੂਲੀ ਛੋਟੇ- ਮੋਟੇ ਕੰਮ ਕਰਕੇ ਪਰਿਵਾਰ ਦਾ ਢਿਡ ਭਰਦੇ ਸਨ। ਮੇਰੇ ਪਿਤਾ ਜੀ ਨੇ ਘਰ ਦੇ ਕੰਮਾਂ ਵਿਚ ਹਥ ਵਟਾਉਂਦਿਆਂ ਵੀ ਪੜ੍ਹਨਾ ਜਾਰੀ ਰਖਿਆ ਤੇ ਪ੍ਰਾਇਮਰੀ ਤਕ ਦੀ ਵਿਦਿਆ ਪਿੰਡ ਦੇ ਸਕੂਲ ‘ਚੋਂ ਪ੍ਰਾਪਤ ਕੀਤੀ। ਅਗਲੀ ਪੜ੍ਹਾਈ ਲਈ ਉਹ ਆਪਣੀ ਭੂਆ ਕੋਲ ਮੁਕਤਸਰ ਚਲੇ ਗਏ, ਜਿਥੇ ਬੜੀਆਂ ਹੀ ਮੁਸ਼ਕਿਲ ਪਰਿਸਥਿਤੀਆਂ ਵਿਚ ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ (1937 ਈ. ਵਿਚ) ਪਹਿਲੀ ਸ਼੍ਰੇਣੀ ਵਿਚ ਪਾਸ ਕੀਤੀ।
ਪਿਛੋਂ ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਅਕਾਲ ਵਿਦਿਅਕ ਸੰਸਥਾ, ਮਸਤੂਆਣਾ ਤੋਂ 1938 ਈ. ਵਿਚ ਗਿਆਨੀ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਥੋਂ ਹੀ ਖੰਡੇ- ਬਾਟੇ ਦੀ ਪਾਹੁਲ ਵੀ। 1940-41 ਈ. ਵਿਚ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ਼ਹੀਦ ਸਿਖ ਮਿਸ਼ਨਰੀ ਕਾਲਜ ਤੋਂ ਸਿਖ ਮਿਸ਼ਨਰੀ ਕੋਰਸ ਪਾਸ ਕੀਤਾ। ਸਤੰਬਰ 1942 ਤੋਂ ਅਕਤੂਬਰ 1949 ਤਕ ਉਨ੍ਹਾਂ ਨੇ ਤਲਵੰਡੀ ਸਾਬੋ ਅਤੇ ਮੁਕਤਸਰ ਦੇ ਖ਼ਾਲਸਾ ਸਕੂਲਾਂ ਵਿਚ ਅਧਿਆਪਕ ਵਜੋਂ ਕੰਮ ਕੀਤਾ ਅਤੇ 24 ਅਕਤੂਬਰ 1949 ਤੋਂ 31 ਜਨਵਰੀ 1979 ਤਕ ਕੋਟਕਪੂਰਾ, ਬਰਗਾੜੀ, ਮੁਦਕੀ, ਗੋਨਿਆਣਾ ਮੰਡੀ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਈ। ਅਧਿਆਪਨ ਦੌਰਾਨ ਹੀ ਉਨ੍ਹਾਂ ਨੇ ਓ.ਟੀ. ਪਾਸ ਕੀਤੀ ਅਤੇ ਸੀ.ਐਂਡ ਵੀ. (ਕਲਾਸੀਕਲ ਐਂਡ ਵਰਨੈਕੂਲਰ) ਅਧਿਆਪਕ ਵਜੋਂ ਕਰੀਬ ਤੀਹ ਸਾਲ ਪੰਜਾਬੀ ਅਧਿਆਪਕ ਵਜੋਂ ਕਾਰਜ ਕੀਤਾ।
ਮੇਰੇ ਪਿਤਾ ਜੀ ਨੇ ਅਧਿਆਪਕ ਲਗ ਕੇ ਵੀ ਧਰਤੀ ਨਾਲੋਂ ਪੈਰ ਨਹੀਂ ਛਡੇ ਤੇ ਹਮੇਸ਼ਾ ਆਪਣੀਆਂ ਜੜ੍ਹਾਂ, ਆਪਣੇ ਵਿਰਸੇ ਨਾਲ ਜੁੜੇ ਰਹੇ। ਉਨ੍ਹਾਂ ਨੇ ਸਾਰੀ ਉਮਰ ਸਾਧਾਰਨ ਕੁੜਤਾ- ਪਜਾਮਾ ਪਹਿਨਿਆ, ਕਦੇ ਵੀ ਪੈਂਟ- ਸ਼ਰਟ ਦੀ ਵਰਤੋਂ ਨਹੀਂ ਕੀਤੀ; ਹਮੇਸ਼ਾ ਸਾਈਕਲ ਦੀ ਸਵਾਰੀ ਹੀ ਕੀਤੀ ਅਤੇ ਆਪਣੇ ਧੀਆਂ- ਪੁਤਰਾਂ ਦੇ ਵਿਆਹਾਂ ਵਿਚ ਵਿਖਾਵੇਬਾਜ਼ੀ ਜਾਂ ਆਡੰਬਰ ਨਹੀਂ ਕੀਤੇ।
ਇਹ ਮੇਰੇ ਪਿਤਾ ਹੀ ਸਨ, ਜਿਨ੍ਹਾਂ ਨੇ ਆਪਣੇ ਸਤ ਧੀਆਂ- ਪੁਤਰਾਂ (ਦੋ ਲੜਕੀਆਂ, ਪੰਜ ਲੜਕਿਆਂ) ਨੂੰ ਆਪਣੇ ਨਾਲੋਂ ਵਧ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਸਾਰਿਆਂ ਨੂੰ ਪੋਸਟਗ੍ਰੈਜੂਏਟ ਪਧਰ ਤਕ ਦੀ ਪੜ੍ਹਾਈ ਕਰਵਾਈ। ਮੇਰੇ ਮਾਤਾ ਜੀ ਬਿਲਕੁਲ ਅਨਪੜ੍ਹ ਸਨ ਤੇ ਸਿਰਫ ਘਰ ਦੇ ਕੰਮਾਂ ਤਕ ਸੀਮਤ ਸਨ। ਪਰ ਮੇਰੇ ਪਿਤਾ ਜੀ ਨੇ ਆਪਣੀ ਥੋੜ੍ਹੀ ਤਨਖਾਹ ਰਾਹੀਂ ਹੀ ਘਰ ਦੇ ਖਰਚਿਆਂ ਦੇ ਨਾਲ- ਨਾਲ ਬਚਿਆਂ ਦੀ ਪੜ੍ਹਾਈ ਲਈ ਵੀ ਪੈਸਾ ਬਚਾਇਆ।
ਸਾਡੇ ਕਿਸੇ ਭੈਣ- ਭਰਾ ਦੇ ਵਿਆਹ ਵਿਚ ਕੋਈ ਲਾਊਡ- ਸਪੀਕਰ, ਕੋਈ ਨਾਚ- ਗਾਣੇ ਜਾਂ ਢੋਲ- ਢਮਕਾ ਨਹੀਂ ਵਜਿਆ। ਘਰ ਦੇ ਮੈਂਬਰ ਚੁਪ-ਚੁਪੀਤੇ ਜਾਂਦੇ ਅਤੇ ਵਿਆਹ ਪਿਛੋਂ ਚੁਪ- ਚੁਪੀਤੇ ਆ ਜਾਂਦੇ। ਗਲੀ- ਗੁਆਂਢ ਵਿਚ ਮੇਰੇ ਮਾਤਾ ਜੀ ਮੂੰਹ ਮਿਠਾ ਕਰਾਉਣ ਦੇ ਮੰਤਵ ਵਜੋਂ ਲਡੂ ਜ਼ਰੂਰ ਵੰਡ ਕੇ ਆਉਂਦੇ। ਪਰ ਕਿਸੇ ਤੋਂ ਸ਼ਗਨ ਦੀ ਝਾਕ ਨਹੀਂ ਰਖੀ।
ਮੇਰੇ ਪਿਤਾ ਜੀ ਨੇ ਸਾਰੀ ਉਮਰ ਆਪਣੇ ਲਈ ਕੋਈ ਜ਼ਮੀਨ, ਜਾਇਦਾਦ ਜਾਂ ਘਰ ਨਹੀਂ ਬਣਾਇਆ ਅਤੇ ਸਾਰੀ ਜ਼ਿੰਦਗੀ ਕਿਰਾਏ ਦੇ ਮਕਾਨਾਂ ਵਿਚ ਲੰਘਾ ਦਿਤੀ। ਜਦੋਂ ਕਦੇ ਵੀ ਪਰਿਵਾਰ ਵਿਚ ਘਰ ਬਣਾਉਣ ਬਾਰੇ ਗਲ ਚਲਦੀ, ਤਾਂ ਉਹ ਗੁਰਬਾਣੀ ਵਿਚੋਂ ਫਰਮਾਨ ਸੁਣਾ ਕੇ ਸਭ ਨੂੰ ਖਾਮੋਸ਼ ਕਰ ਦਿੰਦੇ:
ਫ਼ਰੀਦਾ ਕੋਠੇ ਮੰਡਪ ਮਾੜੀਆ ਉਸਾਰੇਂਦੇ ਭੀ ਗਏ॥
ਕੂੜਾ ਸਉਦਾ ਕਰ ਗਏ ਗੋਰੀ ਆਏ ਪਏ॥
ਮੇਰੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਗਪਾਂ ਮਾਰ ਕੇ; ਤਾਸ਼ ਜਾਂ ਜੂਆ ਖੇਡ ਕੇ; ਖੁੰਢਾਂ ਤੇ ਬਹਿ ਕੇ ‘ਟਾਈਮ ਪਾਸ‘ ਕੀਤਾ। ਉਨ੍ਹਾਂ ਦਾ ਮੰਤਵ ਸਾਫ ਤੇ ਸਪਸ਼ਟ ਸੀ। ਮੇਰੇ ਪਿਤਾ ਜੀ ਛੇਵੀਂ ਜਮਾਤ ਤੋਂ ਅਸੀ ਸਾਲ ਦੀ ਉਮਰ ਤਕ ਸੇਵਾ- ਭਾਵਨਾ ਅਧੀਨ ਮਾਘੀ ਦੇ ਜੋੜ- ਮੇਲੇ ਤੇ ਦਰਬਾਰ ਸਾਹਿਬ ਮੁਕਤਸਰ ਵਿਖੇ ਸਾਈਕਲ ਅਤੇ ਗਠੜੀਆਂ ਸੰਭਾਲਣ ਦੀ ਸੇਵਾ ਕਰਦੇ ਰਹੇ। ਗੁਰੂ ਸਾਹਿਬਾਨਾਂ ਦੇ ਗੁਰਪੁਰਬ, ਨਗਰ- ਕੀਰਤਨ, ਪ੍ਰਭਾਤ- ਫੇਰੀਆਂ ਸਮੇਂ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਨਾਲ ਲਿਜਾ ਕੇ ਇਸ ਵਿਚ ਸ਼ਾਮਲ ਹੋਣਾ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਸਨ। ਆਪਣੇ ਵਿਦਿਆਰਥੀਆਂ ਵਿਚ ‘ਅਧਿਆਪਨ ਦੇ ਮਸੀਹਾ’ ਅਤੇ ‘ਕਰਮਯੋਗੀ ਇਨਸਾਨ’ ਵਜੋਂ ਜਾਣੇ ਜਾਂਦੇ ਮੇਰੇ ਪਿਤਾ ਜੀ ਸਧਾਰਨ ਹੁੰਦਿਆਂ ਹੋਇਅ ਵੀ ਅਸਾਧਾਰਨ ਅਤੇ ਆਦਰਸ਼ਕ ਅਧਿਆਪਕ ਵਜੋਂ ਚਰਚਿਤ ਰਹੇ।