ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ’ਚ ਸਿੱਖ ਭਾਈਚਾਰੇ ਨੂੰ 34 ਸਾਲ ਬੀਤ ਜਾਣ ਬਾਅਦ ਵੀ ਇਨਸਾਫ ਨਹੀਂ ਮਿਲਿਆ। ਕਾਤਿਲ ਹਾਲੇ ਵੀ ਦਨ-ਦਨਾਉਂਦੇ ਫਿਰਦੇ ਹਨ। ਪੁਲਿਸ ਅਤੇ ਕਮਾਂਡੋਆਂ ਦੀਆਂ ਡਾਰਾਂ ਕਾਤਲਾਂ ਦੀ ਰੱਖਿਆ ਕਰ ਰਹੀਆਂ ਹਨ। ਅਸਲ ਵਿੱਚ ਇਹ ਕਤਲੇਆਮ ਸਰਕਾਰੀ ਸ਼ਹਿ ਉਪਰ ਕੀਤਾ ਗਿਆ ਸੀ। ਇਸ ਕਰਕੇ ਸਿੱਖ ਭਾਈਚਾਰਾ ਇਨਸਾਫ਼ ਲੈਣ ਲਈ ਕਿਥੇ ਜਾਵੇ। 34 ਸਾਲਾਂ ਵਿੱਚ ਸਿੱਖਾਂ ਨਾਲ ਬੇਇਨਸਾਫੀ ਨਾ ਸਰਕਾਰ ਨੂੰ ਦਿਸੀ ਹੈ ਨਾ ਅਦਾਲਤਾਂ ਨੂੰ। ਉਲਟਾ ਕਾਤਿਲਾਂ ਨੂੰ ਬਚਾਉਣ ਲਈ ਸਾਜਿਸ਼ਾਂ ਰਚੀਆਂ ਗਈਆਂ। ਸਿੱਖ ਭਾਈਚਾਰੇ ਨੂੰ ਇਹ ਸਲਾਹਾਂ ਦਿੱਤੀਆਂ ਗਈਆਂ ਕਿ ਉਹ ਇਸ ਕਤਲੇਆਮ ਨੂੰ ਭੁੱਲ ਜਾਣ। ਹਿੰਦੁਸਤਾਨ ਦਾ ਸੰਵਿਧਾਨ ਅਤੇ ਕਾਨੂੰਨ ਸਿੱਖਾਂ ਲਈ ਗੁੰਗਾ-ਬੋਲ੍ਹਾ ਹੋ ਗਿਆ। ਬੇਸ਼ਕ ਸਿੱਖ ਭਾਈਚਾਰੇ ਦੇ ਇਕ ਹਿੱਸੇ ਨੇ ਇਸ ਬੇਇਨਸਾਫ਼ੀ ਵਿਰੁੱਧ ਵੱਡੀ ਅਤੇ ਬੇਕਿਰਕ ਲੜਾਈ ਲੜੀ ਹੈ ਪ੍ਰੰਤੂ ਦੇਸ਼ ਦੇ ਸਿਆਸੀ ਪ੍ਰਬੰਧ ਨੇ ਉਨ੍ਹਾਂ ਦੀ ਇਕ ਨਹੀਂ ਚੱਲਣ ਦਿੱਤੀ। ਪੁਲਿਸ, ਸੀ.ਬੀ.ਆਈ. ਅਤੇ ਹੋਰ ਜਾਂਚ ਏਜੰਸੀਆਂ ਨੇ ਵੀ ਤਿੰਨ ਦਹਾਕਿਆਂ ਤੱਕ ਸਿੱਖਾਂ ਦੀ ਇਕ ਨਹੀਂ ਸੁਣੀ। ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਨੂੰ ਵਾਪਸ ਲੈਣ ਲਈ ਅਰਜ਼ੀਆਂ ਦਿੱਤੀਆਂ ਗਈਆਂ। ਗਵਾਹਾਂ ਨੂੰ ਡਰਾਇਆ ਧਮਕਾਇਆ ਗਿਆ। ਸਿੱਖ ਭਾਈਚਾਰੇ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਜੇਕਰ ਉਹ ਨਵੰਬਰ 84 ਲਈ ਇਨਸਾਫ ਮੰਗਣਗੇ ਤਾਂ ਇਸ ਨਾਲ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਖਤਰਾ ਪੈਦਾ ਹੋਵੇਗਾ। ਇਸ ਸਭ ਕੁੱਝ ਦੇ ਚਲਦਿਆਂ ਮੰਗਲਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਨੂੰ ਇਨਸਾਫ਼ ਦੀ ਇਕ ਕਿਰਨ ਦਿਸੀ ਹੈ। 1984 ਦੇ ਸਿਖ ਵਿਰੋਧੀ ਕਤਲੇਆਮ ਨਾਲ ਜੁੜੇ ਇਕ ਮਾਮਲੇ ’ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਅਤੇ ਯਸ਼ਪਾਲ ਸਿੰਘ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਗਈ।ਇਹ ਦੋਵੇਂ ਦੋਸ਼ੀ ਦੱਖਣੀ ਦਿੱਲੀ ਦੇ ਪਿੰਡ ਮਹਿਪਾਲਪੁਰ ’ਚ ਦੋ ਸਿੱਖਾਂ ਦੇ ਕਤਲ ਦੇ ਦੋਸ਼ੀ ਹਨ।ਲੋਅਰ ਕੋਰਟ ਦਾ ਇਹ ਫੈਸਲਾ 34 ਸਾਲ ਦੇ ਲੰਬੇ ਵਕਫੇ ਬਾਅਦ ਆਇਆ ਹੈ।ਇਹ ਕੇਸ ਸੀ.ਬੀ.ਆਈ. ਨੇ ਇਕ ਸਮੇਂ ਵਾਪਸ ਲੈ ਲਿਆ ਸੀ। 2015 ਵਿੱਚ ਇਸ ਕੇਸ ਨੂੰ ਮੁੜ ਖੋਲ੍ਹਿਆ ਗਿਆ। ਬੇਸ਼ਕ ਸੰਕੇਤਕ ਤੌਰ ’ਤੇ ਇਹ ਫੈਸਲਾ ਕਾਫੀ ਸਕੂਨ ਵਾਲਾ ਹੈ ਪ੍ਰੰਤੂ ਇਸ ਕੇਸ ਨੂੰ ਅੰਜ਼ਾਮ ਤੱਕ ਪਹੁੰਚਣ ਲਈ ਹਾਲੇ ਹੋਰ ਕਿੰਨਾ ਸਮਾਂ ਲੱਗੇਗਾ ਇਹ ਦੇਖਣ ਵਾਲੀ ਗੱਲ ਹੈ। ਆਮ ਹਾਲਾਤਾਂ ਵਿੱਚ ਅਜਿਹੇ ਮਾਮਲੇ ਦਹਾਕਿਆਂ ਤੱਕ ਲਟਕਦੇ ਰਹਿੰਦੇ ਹਨ। ਜੇਕਰ ਅਦਾਲਤਾਂ ਅਤੇ ਸਰਕਾਰ ਸਿੱਖ ਭਾਈਚਾਰੇ ਨੂੰ ਸਹੀ ਅਰਥਾਂ ’ਚ ਇਨਸਾਫ ਦੇਣਾ ਚਾਹੁੰਦੀਆਂ ਹਨ ਤਦ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਕੇਸ ਨੂੰ ਜਲਦ ਤੋਂ ਜਲਦ ਅੰਜ਼ਾਮ ਤੱਕ ਪਹੁੰਚਾਉਣ। ਇਸ ਦੇ ਨਾਲ ਹੀ ਅਦਾਲਤਾਂ ਵਿੱਚ ਚੱਲ ਰਹੇ ਦੂਸਰੇ ਕੇਸਾਂ ਦਾ ਨਿਪਟਾਰਾ ਸਮਾਂਬੱਧ ਕੀਤਾ ਜਾਵੇ। ਇਸ ਕਤਲੇਆਮ ਨੂੰ ਅੰਜ਼ਾਮ ਦੇਣ ਵਾਲੇ ਵੱਡੇ ਕਾਂਗਰਸੀ ਨੇਤਾਵਾਂ ਨੂੰ ਤੁਰੰਤ ਜੇਲ੍ਹ ਭੇਜਿਆ ਜਾਵੇ ਅਤੇ ਉਨ੍ਹਾਂ ਖਿਲਾਫ ਕੇਸਾਂ ਦਾ ਨਿਰਣਾ 6 ਮਹੀਨਿਆਂ ਦੇ ਅੰਦਰ-ਅੰਦਰ ਕੀਤਾ ਜਾਵੇ। ਦਿੱਲੀ ਦੀ ਅਦਾਲਤ ਦਾ ਫੈਸਲਾ ਕਾਫੀ ਸ਼ਲਾਘਾਯੋਗ ਹੈ। ਅਦਾਲਤ ਵੱਲੋਂ ਦੋਸ਼ੀਆਂ ਨੂੰ 35-35 ਲੱਖ ਰੁਪਏ ਜੁਰਮਾਨਾ ਕਰਨਾ ਵੀ ਕਾਫੀ ਅਹਿਮੀਅਤ ਰੱਖਦਾ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਦੂਸਰੇ ਸਾਰੇ ਕੇਸਾਂ ਵਿੱਚ ਇਸੇ ਤਰਜ਼ ਉਪਰ ਇਨਸਾਫ ਕੀਤਾ ਜਾਵੇਗਾ। ਜਦੋਂ ਤੱਕ ਨਵੰਬਰ 84 ਦੇ ਸਾਰੇ ਦੋਸ਼ੀਆਂ ਨੂੰ ਸਜ਼ਾਏ ਮੌਤ ਨਹੀਂ ਮਿਲਦੀ ਤਦ ਤੱਕ ਇਹ ਇਨਸਾਫ ਅਧੂਰਾ ਹੀ ਰਹੇਗਾ। 84 ਦਾ ਕਤਲੇਆਮ ਹਿੰਦੋਸਤਾਨ ਦੇ ਰਾਜਸੀ ਪ੍ਰਬੰਧ ਉਪਰ ਇਕ ਕਾਲਾ ਧੱਬਾ ਹੈ। ਇੱਕਾ-ਦੁੱਕਾ ਕੇਸ ਦੇ ਫੈਸਲੇ ਨਾਲ ਇਹ ਧੱਬਾ ਨਹੀਂ ਮਿਟੇਗਾ। ਵਿਰੋਧੀ ਅਤੇ ਔਖਿਆਂ ਹਾਲਾਤਾਂ ਦੇ ਬਾਵਜੂਦ ਅਦਾਲਤਾਂ ਵਿੱਚ ਇਨਸਾਫ ਲਈ ਲੜ ਰਹੇ ਸਿੱਖ ਭਾਰੀ ਸ਼ਲਾਘਾ ਦੇ ਪਾਤਰ ਹਨ। ਇਨ੍ਹਾਂ ਅਣਖੀ ਯੋਧਿਆਂ ਨੂੰ ‘ਪੰਜਾਬ ਟਾਇਮਜ਼’ ਲੱਖ ਵਾਰ ਸਲਾਮ ਕਰਦਾ ਹੈ।



