ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਸੁਣਾਇਆ ਫੈਸਲਾ
ਨਵੀਂ ਦਿੱਲੀ, 20 ਨਵੰਬਰ-1984 ਦੇ ਸਿਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ’ਚ ਦਿਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਸਜ਼ਾ ਸੁਣਾ ਦਿਤੀ ਹੈ। ਦੋਸ਼ੀ ਯਸ਼ਪਾਲ ਨੂੰ ਸਜ਼ਾ-ਏ-ਮੌਤ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦਿਲੀ ਦੇ ਮਹੀਪਾਲਪੁਰ ਇਲਾਕੇ ’ਚ ਦੋ ਸਿਖਾਂ ਦੇ ਕਤਲ ਮਾਮਲੇ ਵਿਚ ਪਟਿਆਲਾ ਹਾਊਸ ਕੋਰਟ ਨੇ ਇਹ ਸਜ਼ਾ ਦਾ ਐਲਾਨ ਕੀਤਾ ਹੈ। ਅਦਾਲਤ ਨੇ ਬੀਤੀ 15 ਨਵੰਬਰ ਨੂੰ ਦੋਵਾਂ ਨੂੰ ਅਵਤਾਰ ਸਿੰਘ ਤੇ ਹਰਦੇਵ ਸਿੰਘ ਦੇ ਕਤਲ ਦੇ ਮਾਮਲੇ ’ਚ ਦੋਸ਼ੀ ਠਹਿਰਾ ਦਿਤਾ ਗਿਆ ਸੀ ਅਤੇ ਫ਼ੈਸਲਾ ਰਾਖਵਾਂ ਰਖ ਲਿਆ ਸੀ। ਅਜ ਪਟਿਆਲਾ ਹਾਊਸ ਅਦਾਲਤ ਦੇ ਜਜ ਅਜੈ ਕੁਮਾਰ ਨੇ ਇਸ ਕੇਸ ਵਿਚ ਸਜ਼ਾ ਦਾ ਐਲਾਨ ਵੀ ਕਰ ਦਿਤਾ ਹੈ। ਪਹਿਲੀ ਜਨਵਰੀ 1984 ਨੂੰ ਦਿਲੀ ਦੇ ਮਹੀਪਾਲਪੁਰ ਇਲਾਕੇ ’ਚ ਉਕਤ ਦੋਵੇਂ ਸਿਖਾਂ ਦਾ ਕਤਲ ਕਰ ਦਿਤਾ ਗਿਆ ਸੀ। ਇਹ ਮਾਮਲਾ ਸੰਨ 1994 ਦੌਰਾਨ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿਤਾ ਗਿਆ ਸੀ, ਪਰ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਨੂੰ ਫ਼ਿਰ ਤੋਂ ਖੋਲ੍ਹਿਆ ਗਿਆ ਸੀ, ਜਿਸ ਵਿਚ ਅਜ ਸਜ਼ਾ ਦਾ ਐਲਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਅਦਾਲਤ ਦੇ ਅੰਦਰ ਅਤੇ ਬਾਹਰ ਭਾਰੀ ਸੁਰਖਿਆ ਤੈਨਾਤ ਕੀਤੀ ਗਈ ਸੀ।।ਇਸ ਦੌਰਾਨ ਜਸਟਿਸ ਅਜੈ ਪਾਂਡੇ ਨੇ ਸੀਮਿਤ ਲੋਕਾਂ ਦੇ ਅਦਾਲਤ ’ਚ ਦਾਖ਼ਲ ਹੋਣ ਦੇ ਹੁਕਮ ਦਿਤੇ ਸਨ,।ਜਿਸ ਕਰਕੇ ਅਦਾਲਤ ਨੇ ਪੀੜ੍ਹਤਾਂ ਨਾਲ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਤੇ ਦੋਸ਼ੀਆਂ ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਅਦਾਲਤ ਅੰਦਰ ਜਾਣ ਦੀ ਆਗਿਆ ਦਿਤੀ। ਇਹ ਹੈ ਪੂਰਾ ਮਾਮਲਾ- 1 ਨਵੰਬਰ 1984 ਨੂੰ ਦਖਣੀ ਦਿੱਲੀ ਦੇ ਮਹਿਪਾਲਪੁਰ ਪਿੰਡ ’ਚ ਰਹਿਣ ਵਾਲੇ 5 ਭਰਾਵਾਂ ਦੀ ਦੁਕਾਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਹਮਲੇ ’ਚ ਹਰਦੇਵ ਸਿੰਘ, ਅਵਤਾਰ ਸਿੰਘ ਅਤੇ ਸੰਗਤ ਸਿੰਘ ਨੂੰ ਅਗ ਦੇ ਹਵਾਲੇ ਕਰ ਦਿਤਾ ਗਿਆ ਸੀ, ਜਦੋਂ ਕਿ ਦੋ ਭਰਾ ਸੰਤੋਖ ਸਿੰਘ ਅਤੇ ਕ੍ਰਿਪਾਲ ਸਿੰਘ ਜ਼ਖ਼ਮੀ ਹੋ ਗਏ ਸਨ।
ਅਗ ’ਚ ਝੁਲਸਣ ਕਾਰਨ ਅਵਤਾਰ ਸਿੰਘ ਅਤੇ ਹਰਦੇਵ ਸਿੰਘ ਦੀ ਮੌਤ ਹੋ ਗਈ ਸੀ, ਜਦੋਂ ਕਿ ਸੰਗਤ ਸਿੰਘ ਜ਼ਖ਼ਮੀ ਹੋ ਗਏ ਸਨ। ਮ੍ਰਿਤਕਾਂ ਦੇ ਭਰਾ ਸੰਤੋਖ ਸਿੰਘ ਦੀ ਸ਼ਿਕਾਇਤ ’ਤੇ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। ਸਬੂਤਾਂ ਦੀ ਘਾਟ ਕਾਰਨ ਦਿਲੀ ਪੁਲਸ ਨੇ ਇਸ ਮਾਮਲੇ ਨੂੰ ਸਾਲ 1994 ’ਚ ਬੰਦ ਕਰ ਦਿਤਾ ਸੀ, ਜਿਸ ਮਗਰੋਂ ਇਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਕੀਤੀ ਅਤੇ ਇਸ ਨੂੰ ਅੰਜ਼ਾਮ ਤਕ ਪਹੁੰਚਾਇਆ। ਅੱਜ ਕਰੀਬ 34 ਸਾਲਾਂ ਬਾਅਦ ਦਿਲੀ ਦੀ ਪਟਿਆਲਾ ਕੋਰਟ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਕਰਾਰ ਦਿਤੇ ਜਾਣ ਬਾਅਦ ਸਜ਼ਾ ਦਾ ਐਲਾਨ ਕੀਤਾ ਹੈ।



