Skip to content
Independent perspectives. Global stories.
BREAKING

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਦ੍ਰਿਸ਼ਟੀ ’ਚ ਧਰਮ

Share this story

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੰਸਾਰ ਆਗਮਨ ਦਾ ਮਨੋਰਥ ਧਰਮ ਦੀ ਪਛਾਣ ਕਾਇਮ ਕਰਣਾ ਸੀ ਜੋ ਕਲਿਜੁਗ ਦੇ ਅਸਰ ਹੇਠ ਪੰਖ ਲਾ ਕੇ ਕਿਤੇ ਉਡ ਗਿਆ ਸੀ ਤੇ ਭਾਰੀ ਖੋਜ ਕਰਨ ਵਾਲੀਆਂ ਨੂੰ ਵੀ ਲਭ ਨਹੀਂ ਰਿਹਾ ਸੀ। ਧਰਮ ਦੇ ਨਾਂ ਤੇ ਕਰਮਕਾਂਡ , ਪਾਖੰਡ , ਕੂੜ ਵਰਤ ਰਿਹਾ ਸੀ। ਆਤਮਕ ਵਿਗਾਸ ਦੇ ਧੋਖੇ ’ਚ ਮਨੁਖ ਨੂੰ ਠਗਿਆ ਜਾ ਰਿਹਾ ਸੀ। ਕੂੜ ਦਾ ਅਸਰ ਇੰਨਾ ਡੁੰਘਾ ਸੀ ਕਿ ਲੋਕਾਂ ਨੂੰ ਠਗੇ ਜਾਣ ਦੀ ਪ੍ਰਤੀਤਿ ਹੀ ਨਹੀਂ ਸੀ ਹੋ ਰਹੀ “ ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ। ਝੂਠ –ਸਚ , ਬਿਖ – ਅੰਮ੍ਰਿਤ , ਨਿਆ – ਅਨਿਆ ਦਾ ਨਿਰਣਾਂ ਕਰਣਾ ਕਠਿਨ ਸੀ। ਧਰਮ ਦੇ ਨਾਂ ਤੇ ਚਲ ਹਰ ਫਰੇਬ ਤੇ ਸਵਾਲ ਚੁਕਦਿਆਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਧਰਮ ਤਾਂ ਉਹ ਹੈ ਜੋ ਦੁਧ ਦਾ ਦੁਧ , ਪਾਨੀ ਦਾ ਪਾਨੀ ਕਰ ਸਕੇ “ ਕਚ ਪਕਾਈ ਓਥੈ ਪਾਇ। ਜੋ ਧਰਮ ਲੋਕਾਂ ਨੂੰ ਸਚ , ਨਿਆ , ਸਤ – ਸੰਜਮ ਨਹੀਂ ਦਿੰਦਾ ਉਹ ਧਰਮ ਨਹੀਂ ਹੋ ਸਕਦਾ। ਸੰਸਾਰ ਅੰਦਰ ਭਰਮ ਇੰਨੇ ਵਧ ਚੁਕੇ ਹਨ ਕਿ ਸਾਰਾ ਤਾਨਾ – ਬਾਨਾ ਹੀ ਉਲਝ ਗਿਆ ਹੈ ਆਸਾ ਆਵੈ ਮਨਸਾ ਜਾਇ , ਉਰਝੀ ਤਾਣੀ ਕਿਛੁ ਨ ਬਸਾਇ। ਮਨੁਖੀ ਜੀਵਨ ਦੇ ਬੇਹਦ ਉਲਝੇ ਹੋਏ ਤਾਨੇ ਨੂੰ ਸੁਲਝਾਉਣ ਲਈ ਗੁਰੂ ਨਾਨਕ ਸਾਹਿਬ ਨੇ ਕਈ ਢੰਗ ਵਰਤੇ। ਗੁਰੂ ਸਾਹਿਬ ਨੇ ਆਪਣੇ ਜੀਵਨ ਨੂੰ ਮਿਸਾਲ ਵਜੋਂ ਸੰਸਾਰ ਦੇ ਸਾਹਮਣੇ ਰਖਿਆ। ਆਪ ਨੇ ਵਿਆਪਕ ਧਰਮ ਯਾਤਰਾਵਾਂ ਕੀਤੀਆਂ ਤੇ ਸੰਸਾਰ ਦੇ ਕੋਨੇ ਕੋਨੇ ’ਚ ਜਾ ਕੇ ਧਰਮ ਚਰਚਾਵਾਂ ਕੀਤੀਆਂ, ਲੋਕਾਂ ਅੰਦਰ ਜਾਗ੍ਰਿਤੀ ਪੈਦਾ ਕੀਤੀ। ਗੁਰੂ ਸਾਹਿਬ ਨੇ ਇਲਾਹੀ ਬਾਣੀ ਦੀ ਰਚਨਾ ਕੀਤੀ ਜੋ ਮਨੁਖਤਾ ਲਈ ਅਨਮੋਲ ਵਿਰਾਸਤ ਤੇ ਗਿਆਨ ਦਾ ਵਿਸ਼ਾਲ ਖਜਾਨਾ ਬਣੀ। ਅਜ ਜਿਸ ਕਿਸੇ ਨੂੰ ਵੀ ਧਰਮ ਬਾਰੇ ਕੋਈ ਸ਼ੰਕਾ ਜਾਂ ਦੁਵਿਧਾ ਹੋਵੇ ਉਹ ਗੁਰੂ ਨਾਨਕ ਸਾਹਿਬ ਦੀ ਸ਼ਰਨ ’ਚ ਨਿਦਾਨ ਪਾ ਸਕਦਾ ਹੈ। ਗੁਰੂ ਨਾਨਕ ਸਾਹਿਬ ਦਾ ਸਚਾ ਸਿਖ ਹੋਣ ਦਾ ਅਰਥ ਹੈ ਸਾਰੇ ਭਰਮਾਂ, ਅਗਿਆਨਤਾ ਤੇ ਝੂਠ – ਕੂੜ ਤੋਂ ਮੁਕਤ ਹੋਣਾ।
ਗੁਰੂ ਨਾਨਕ ਸਾਹਿਬ ਨੇ ਜੀਵਨ , ਸਮਾਜ ਤੇ ਸੰਸਾਰ ਅੰਦਰ ਸਚ ਵੇਖਣ ਦੀ ਜੁਗਤ ਹੀ ਨਹੀਂ ਦਸੀ, ਸਚ ਨਾਲ ਵਿਉਹਾਰਕ ਰੂਪ ’ਚ ਜੋੜਿਆ। ਇਹ ਸਚ ਦੀ ਕਰਾਮਾਤ ਸੀ। ਗੁਰੂ ਸਾਹਿਬ ਨੇ ਕਿਹਾ ਕਿ ਇਕ ਪਰਮਾਤਮਾ ਹੀ ਸੰਸਾਰ ਅੰਦਰ ਸਚ ਹੈ ਜੋ ਸ੍ਰਿਸ਼ਟੀ ਦੇ ਆਰੰਭ ਤੋਂ ਹੈ ਤੇ ਸ੍ਰਿਸ਼ਟੀ ਦੇ ਅੰਤ ਤੋਂ ਬਾਅਦ ਵੀ ਰਹਿਣ ਵਾਲਾ ਹੈ ਕਿਉਂਕਿ ਉਹ ਅਕਾਲ ਮੂਰਤਿ ਹੈ, ਆਵਾਗਮਨ ਤੋਂ ਪਰੇ ਹੈ। ਉਹ ਸਦੀਵੀ ਨਿਰੰਕਾਰ ਹੈ “ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ। ਪਰਮਾਤਮਾ ਸਦਾ ਤੋਂ ਹੀ ਕਲਿਆਨ ਰੂਪ ਹੈ ਕਰਤਾ ਪੁਰਖੁ ਨਿਰਭਉ ਨਿਰਵੈਰ। ਸੰਸਾਰ ਅੰਦਰ ਸ਼ਕਤੀ ਦੇ ਕਈ ਕੇਂਦਰ ਬਣ ਗਏ ਸਨ। ਹਰ ਕੋਈ ਆਪਣੀ ਗਲ ਮਨਵਾਉਣ ਦੀ ਮੰਸ਼ਾ ਨਾਲ ਤਾਕਤ ਵਰਤ ਰਿਹਾ ਸੀ। ਆਮ ਲੋਕਾਂ ਲਈ ਸਮਝਨਾ ਕਠਿਨ ਹੋ ਗਿਆ ਸੀ ਕਿ ਉਹਨਾਂ ਦਾ ਹਿਤ ਕਿਸ ਵਿਚ ਹੈ। ਇਹ ਸਮਾਜ ਦੀ ਸਭ ਤੋਂ ਦੁਖਦਾਈ ਸਥਿਤੀ ਸੀ। ਜੀਵਨ ਭੰਭਲ ਭੂਸੀਆਂ ’ਚ ਹੀ ਵਿਅਰਥ ਹੋ ਰਹੇ ਸਨ। ਮੁਕਤੀ ਦੀਆਂ ਵਖ – ਵਖ ਜੁਗਤੀਆਂ ਪ੍ਰਚਲਤ ਸਨ ਪਰ ਸੁਫਲ ਕਿਧਰੋਂ ਵੀ ਨਹੀਂ ਪ੍ਰਾਪਤ ਨਹੀਂ ਹੋ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਇਕ ਪਰਮਾਤਮਾ ਹੀ ਸਰਬ ਸ਼ਕਤੀਮਾਨ ਹੈ ਕੀਤਾ ਪਸਾਉ ਏਕੋ ਕਵਾਉ , ਤਿਸ ਤੇ ਹੋਏ ਲਖ ਦਰੀ ਆਉ “ , ਜਿਸ ਦਾ ਹੁਕਮ ਸਾਰੇ ਬ੍ਰਹਮੰਡ ਅੰਦਰ ਚਲ ਰਿਹਾ ਹੈ “ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ਇਸ ਤੋਂ ਵੀ ਮਹਤਵਪੂਰਨ ਗਲ ਗੁਰੂ ਸਾਹਿਬ ਨੇ ਆਖੀ ਕਿ ਇਸ ਅਥਾਹ ਤਾਕਤ ਦੀ ਵਰਤੋਂ ਪਰਮਾਤਮਾ ਆਪਨੇ ਲਈ ਨਹੀਂ ਸਗੋਂ ਜੀਆਂ ਦੀ ਸੰਭਾਲ ਲਈ ਕਰ ਰਿਹਾ ਹੈ “ ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਨਹਾਰ। ਅਜਿਹੇ “ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਨਾਲ ਜੁੜਨ ਨੂੰ ਗੁਰੂ ਨਾਨਕ ਸਾਹਿਬ ਨੇ ਮਨੁਖ ਦਾ ਧਰਮ ਕਿਹਾ “ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ। ਪਰਮਾਤਮਾ ਹੀ ਮੁਕਤੀ ਦਾ ਦਾਤਾ ਹੈ ਕੋਈ ਹੋਰ ਨਹੀਂ। ਪਰਮਾਤਮਾ ਦੀ ਮਹਿਮਾ ਤੇ ਵਡਿਆਈ ਬੇਅੰਤ ਹੈ। ਉਸ ਦੀ ਵਡਿਆਈ ਤੇ ਸਮਰਥਾ ਅਕਥ ਹੈ , ਵਰਣਨ ਨਹੀਂ ਕੀਤੀ ਜਾ ਸਕਦੀ। ਮਨੁਖ ਪਰਮਾਤਮਾ ਦੀ ਵਡਿਆਈ ਨੂੰ ਸਵੀਕਾਰ ਕਰੇ ਤੇ ਉਸ ਦੇ ਹੁਕਮ ਅੰਦਰ ਰਹਿਣਾ ਸਿਖ ਲਵੇ। ਪਰਮਾਤਮਾ ਦੀ ਮਹਿਮਾ ਨੂੰ ਮਨ ਅੰਦਰ ਵਸਾਉਣਾ , ਉਸ ਦੇ ਹੁਕਮ ਅੰਦਰ ਆਨੰਦਿਤ ਰਹਨਾ ਮਨੁਖ ਦਾ ਮੁਢਲਾ ਤੇ ਸ੍ਰੇਸ਼ਟ ਕਰਮ ਹੈ।
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
( ਪੰਨਾ 3)
ਗੁਰੂ ਨਾਨਕ ਸਾਹਿਬ ਨੇ ਇਸ ਭਾਵਨਾ ਨੂੰ ਹੀ ਧਰਮ ਦਾ ਤਤ ਕਿਹਾ। ਧਰਮ ਪੂਜਾ ਅਸਥਾਨਾਂ, ਤੀਰਥਾਂ , ਵਰਤ – ਨੇਮ , ਜੋਗ – ਸੰਨਿਆਸ , ਤਪ – ਹਠ ਤੋਂ ਨਿਕਲ ਕੇ ਮਨ ਅੰਦਰ ਦਾ ਸਤ ਤੇ ਜਤ ਬਣ ਗਿਆ “ ਮੰਨੈ ਪਾਵਹਿ ਮੋਖੁ ਦੁਆਰੁ । ਇਸ ਭਾਵਨਾ ਤੇ ਕਿਸੇ ਖਾਸ ਵਿਅਕਤੀ , ਵਰਗ ਜਾਂ ਵਰਣ ਦਾ ਕੋਈ ਰਾਖਵਾਂ ਹਕ ਨਹੀਂ ਸੀ। ਬਿਨੇ ਕਿਸੇ ਭੇਦਭਾਵ , ਵਿਤਕਰੇ , ਵੰਡ ਦੇ ਹਰ ਕੋਈ ਇਕ ਸਮਾਨ ਧਰਾਤਲ ਤੇ ਖੜੋਤਾ ਹੋਇਆ ਸੀ। ਜਿਸ ਨੇ ਮਨ ਨੂੰ ਜਿਤ ਲਿਆ ਉਸ ਨੇ ਪਰਮਾਤਮਾ ਨੂੰ ਪਾ ਲਿਆ। ਇਹ ਸੋਚ ਦਾ ਇਕ ਮਹਾਨ ਬਦਲਾਵ ਸੀ ਜਿਸ ਨੇ ਸਦੀਆਂ ਤੋਂ ਥਾਪੀਆਂ ਹੋਈਆਂ ਮਾਨਤਾਵਾਂ ਨੂੰ ਖਾਕ ’ਚ ਰਲਾ ਮਨੁਖਤਾ ਨੂੰ ਇਕ ਨਵੀਂ ਨੁਹਾਰ ਨਾਲ ਸਾਜਿਆ। ਮਨ ਦੀ ਸਾਧਨਾ ਸੌਖੀ ਨਹੀਂ ਸੀ। ਮਨ ਦੇ ਵੇਗ, ਚੰਚਲਤਾ ਕਾਰਣ ਵਡੇ – ਵਡੇ ਤਪੀਆਂ – ਸਾਧਕਾਂ ਦੇ ਜੀਵਨ ਭਰ ਦੇ ਤਪ ਭੰਗ ਹੋ ਰਹੇ ਸਨ। ਹਠ ਜੋਗ ਮਨ ਨੂੰ ਸੰਜਮ ਅੰਦਰ ਰਖਨ ਲਈ ਨਿਰਾ ਕਰੜਾ ਮਾਰਗ ਸੀ ਜਿਸ ਤੇ ਚਲਣ ਦਾ ਹੀਆ ਹਰ ਕਿਸੇ ਦੇ ਵਸ ਦਾ ਨਹੀਂ ਸੀ। ਗੁਰੂ ਸਾਹਿਬ ਨੇ ਬੜਾ ਹੀ ਸੌਖਾ ਮਾਰਗ ਦਸਿਆ “ ਜੀਅਰੇ ਰਾਮ ਜਪਤ ਮਨੁ ਮਾਨੁ। ਮਨੁਖੀ ਮਨ ਦੀਆਂ ਕਮਜੋਰੀਆਂ ਤੋਂ ਅੰਤਰਜਾਮੀ ਗੁਰੂ ਸਾਹਿਬ ਪੂਰੀ ਤਰਹ ਵਾਕਫ ਸਨ। ਇਨ੍ਹਾਂ ਕਮਜੋਰੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਪਰਮਾਤਮਾ ਦਾ ਪਲਾ ਫੜਾਇਆ। ਪਰਮਾਤਮਾ ਦੀ ਨਦਰਿ ਹੋਵੇ ਤਾਂ ਹੀ ਮਨ ਥਿਰ ਹੁੰਦਾ ਹੈ ਤੇ ਨਾਮ ਵਿਚ ਟਿਕਦਾ ਹੈ। ਨਾਮ ਜਪਣ ਨਾਲ ਜੀਵਨ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ।
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗ॥ (ਪੰਨਾ 57)
ਨਾਮ ਜਪਦੀਆਂ ਗੁਰੂ ਦੀ ਸ਼ਰਣ ਪ੍ਰਾਪਤ ਹੁੰਦੀ ਹੈ ਤੇ ਮਨ ਟਿਕਣ ਲਗਦਾ ਹੈ। ਥਿਰ ਮਨ ਨਾਲ ਜੱਪਦਿਆਂ– ਜੱਪਦਿਆਂ ਮਨ ਪਰਮਾਤਮਾ ‘ਚ ਰਮ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਜਪਣ ਨੂੰ ਪਰਮਾਤਮਾ ਨਾਲ ਮੇਲ ਦਾ ਸਭ ਤੋਂ ਸੁਫਲਾ ਮਾਰਗ ਕਿਹਾ “ ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ। ਨਾਮ ਜਪਣਾ ਅਜਿਹੀ ਕਿਰਿਆ ਹੈ ਜੋ ਮਨ ਅੰਦਰ ਮਿਠਾਸ ਪੈਦਾ ਕਰਦੀ ਹੈ , ਪ੍ਰੇਮ , ਸਹਿਜਤਾ ਤੇ ਸੰਤੋਖ ਦੀ ਭਾਵਨਾ ਨੂੰ ਜਨਮ ਦਿੰਦੀ ਹੈ। ਇਹ ਪਰਮਾਤਮਾ ਦੀ ਸਚੀ ਭਗਤੀ ਹੈ। ਮਨ ਦੀ ਅਵਸਥਾ ਦਾ ਸ੍ਰੇਸ਼ਟ , ਪਾਵਨ ਬਣਨਾ ਪਰਮਾਤਮਾ ਦੀ ਨੇੜਤਾ ਵਲ ਵਧਣਾ ਹੈ। ਮਨੁਖ ਜਿਉਂ ਜਿਉਂ ਨਾਮ ਜਪਦਾ ਹੈ ਉਸ ਦੇ ਮਨ ਦੀ ਅਵਸਥਾ ਬਦਲਦੀ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਆਪ ਸਿਮਰਨ ਕਰਦੇ ਤੇ ਲੋਕਾਂ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਦਿੰਦੇ। ਗੁਰੂ ਸਾਹਿਬ ਬਾਣੀ ਉਚਾਰਦੇ , ਸ਼ਬਦ ਗਾਇਣ ਕਰਦੇ ਤੇ ਸੰਗਤ ਵੀ ਉਨ੍ਹਾਂ ਸ਼ਬਦਾਂ ਦਾ ਗਾਇਣ ਕਰਦੀ। ਗੁਰੂ ਸਾਹਿਬ ਕਦੋਂ ਸੰਗਤ ਦਾ ਹਿਸਾ ਬਣ ਜਾਂਦੇ ਪਤਾ ਹੀ ਨਹੀਂ ਲਗਦਾ ਸੀ। ਪਹਿਲੀ ਵਾਰ ਭਾਈ ਲਹਿਣਾ ਜੀ ਨੂੰ ਵੀ ਇਹੋ ਭਰਮ ਹੋਇਆ ਸੀ।
ਗੁਰੂ ਸਾਹਿਬ ਦੀ ਦਸੀ ਧਰਮ ਦੀ ਰਾਹ ਤੇ ਚਲ ਕੇ ਕਰੋੜਾਂ ਲੋਕ ਪਾਖੰਡ , ਕਰਮਕਾਂਡ , ਦਿਖਾਵਿਆਂ ਤੋਂ ਦੂਰ ਹੋ ਮਨ ਦੀ ਪਵਿਤਰਤਾ ਲਈ ਜਤਨ ਕਰਨ ਲਗ ਪਏ। ਨਾਮ ਸਿਮਰਨ ਉਹਨਾਂ ਦੇ ਜੀਵਨ ਦਾ ਮਨੋਰਥ ਬਣ ਗਿਆ। ਉਹਨਾਂ ਸੰਸਾਰਕ ਪਦਾਰਥਾਂ ਤੇ ਸ਼ਕਤੀਆਂ ਦੇ ਜੀਵਨ ਅੰਦਰ ਅਸਰ ਨੂੰ ਮੰਨਨ ਤੋਂ ਇਨਕਾਰ ਕਰ ਦਿਤਾ ਤੇ ਸਾਰਾ ਭਰੋਸਾ ਪਰਮਾਤਮਾ ਤੇ ਟਿਕਾ ਦਿਤਾ। ਗੁਰੂ ਸਾਹਿਬ ਦੀ ਸਿਖਿਆ ਸਾਰੀਆਂ ਦੁਵਿਧਾਵਾਂ ਦੂਰ ਕਰਨ ਵਾਲੀ ਤੇ ਸਾਰੀਆਂ ਤ੍ਰਿਸ਼ਨਾਵਾਂ , ਵਾਸਨਾਵਾਂ , ਵਿਕਾਰਾਂ ਦੀ ਨਿਵਰਤੀ ਕਰਨ ਵਾਲੀ ਸੀ।
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ॥ (ਪੰਨਾ 634)
ਸੰਨ 2019 ਵਿਚ ਜਗਤ ਅੰਦਰ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਏਗਾ। ਇਹ ਮੌਕਾ ਹੈ ਵੀਚਾਰ ਕਰਨ ਦਾ ਕਿ ਕੀ ਧਰਮ ਬਾਰੇ ਘਟੋ ਘਟ ਉਹਨਾਂ ਦੀਆਂ ਸਾਰੀਆਂ ਦੁਵਿਧਾਵਾਂ ਦੂਰ ਹੋ ਗਈਆਂ ਹਨ ਜੋ ਗੁਰੂ ਨਾਨਕ ਦੇ ਸਿਖ ਅਖਵਾਉਂਦੇ ਹਨ। ਨਾਮ ਜਪਣਾ ਉਹਨਾਂ ਦੀ ਭਗਤੀ ਦਾ ਕਿੰਨਾ ਅਭਿੰਨ ਤੇ ਮਹਤਵਪੂਰਨ ਅੰਗ ਹੈ ਤੇ ਨਾਮ ਦਾ ਕਿੰਨਾ ਲਾਹਾ ਉਹ ਖਟ ਰਹੇ ਹਨ। ਇਹ ਸੋਚਣਾ ਚਾਹੀਦੇ ਕਿ ਅਸੀਂ ਕਿੰਨੇ ਗੁਰੂ ਦੇ ਤੇ ਕਿੰਨੇ ਆਪਣੇ ਮਨ ਦੀ ਮਤਿ ਅਨੁਸਾਰ ਚਲਣ ਵਾਲੇ ਸਿਖ ਹਾਂ। ਗੁਰੂ ਨਾਨਕ ਸਾਹਿਬ ਨੇ ਮਨ ਅੰਦਰ ਪਰਮਾਤਮਾ ਦੇ ਦਰਸ਼ਨ ਕਰਾਏ ਸਨ। ਸਾਡੇ ਅੰਦਰ ਮਨ ਦੀ ਸਾਧਨਾ ਕਿੰਨੀ ਹੈ ਤੇ ਬਾਹਰ ਦੇ ਵਿਖਾਵੇ ਕਿੰਨੇ ਵਧ ਗਏ ਹਨ।

WRITTEN BY