Skip to content
Independent perspectives. Global stories.
BREAKING

ਕੀ ਜਗਮੀਤ ਸਿੰਘ ਕੈਨੇਡਾ ਦਾ ਪਹਿਲਾ ਸਿਖ ਪ੍ਰਧਾਨ ਮੰਤਰੀ ਬਣਕੇ ਇਤਿਹਾਸ ਸਿਰਜੇਗਾ

Share this story

ਪੰਜਾਬੀਆਂ ਲਈ ਕੈਨੇਡਾ ਦੇਸ਼ ਇਕ ਸੁਪਨਨਗਰੀ ਵਾਂਗ ਹੀ ਹੈ।ਕੈਨੇਡਾ ਨੂੰ ‘ਮਿੰਨੀ ਪੰਜਾਬ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤ ਤੋਂ ਬਾਅਦ ਕੈਨੇਡਾ ਦੇਸ਼ ਵਿਚ ਹੀ ਸਿਖ ਕੌਮ ਦੀ ਸਭ ਤੋਂ ਵਧ ਅਬਾਦੀ ਹੈ ।ਇਸ ਦੇਸ਼ ਵਿਚ ਪੰਜਾਬੀਆਂ ਖ਼ਾਸ ਕਰਕੇ ਸਿਖ ਭਾਈਚਾਰੇ ਨੇ ਹਰ ਖੇਤਰ ਵਿਚ ਆਪਣੀ ਅਣਥਕ ਮਿਹਨਤ ਅਤੇ ਲਗਨ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ ਪਰ ਇਹ ਸਭ ਕੁਝ ਪ੍ਰਾਪਤ ਕਰਨਾ ਇਨ੍ਹਾਂ ਵੀ ਅਸਾਨ ਨਹੀਂ ਸੀ ਅਤੇ ਇਥੇ ਤਕ ਪਹੁੰਚਣ ਲਈ ਸਿਖ ਭਾਈਚਾਰੇ ਨੂੰ ਇਕ ਸਦੀ ਦਾ ਲੰਮਾ ਸੰਘਰਸ਼ਮਈ ਸਫ਼ਰ ਤੈਅ ਕਰਨਾ ਪਿਆ।ਕੈਨੇਡਾ ਵਿਚ ਵਸਣ ਵਾਲੇ ਪੰਜਾਬੀਆਂ ਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ਹੈ ।
ਸਿਖ ਭਾਈਚਾਰੇ ਲਈ ਇਸ ਤੋਂ ਵਡੀ ਉਪਲਬਧੀ ਕੀ ਹੋ ਸਕਦੀ ਹੈ ਜਦੋਂ ਕੈਨੇਡਾ ਦੀ ਤੀਜੀ ਸਭ ਤੋਂ ਵਡੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਵਿਚ ਪੇਸ਼ੇ ਵਜੋਂ ਫ਼ੌਜਦਾਰੀ ਵਕੀਲ ਦੁਮਾਲੇ ਵਾਲੇ ਅੰਮ੍ਰਿਤਧਾਰੀ ਨੌਜਵਾਨ ਸ. ਜਗਮੀਤ ਸਿੰਘ ਨੂੰ ਜਿਤ ਨਸੀਬ ਹੋਈ । ਸਾਰਾ ਸਿਖ ਜਗਤ ਹੁਣ ਉਸ ਤੋਂ ਇਹੀ ਆਸ ਲਾਈ ਬੈਠਾ ਹੈ ਕਿ ਉਹ ਕੈਨੇਡਾ ਦੇਸ਼ ਦਾ ਪਹਿਲਾ ਸਿਖ ਪ੍ਰਧਾਨ ਮੰਤਰੀ ਬਣ ਕੇ ਸਿਖ ਕੌਮ ਦਾ ਨਾਂਅ ਰੌਸ਼ਨ ਕਰੇਗਾ। ਸਰਦਾਰ ਜਗਮੀਤ ਸਿੰਘ ਦਾ ਜਨਮ ਕੈਨੇਡਾ ਦੇ ਓਨਟਾਰੀਓ ਪ੍ਰੋਵਿੰਸ(ਸੂਬੇ)ਵਿਚ ਸ਼ਹਿਰ ਸਕਾਰਬਰਗ ਵਿਚ ਪਿਤਾ ਸਰਦਾਰ ਜਗਤਰਨ ਸਿੰਘ ਅਤੇ ਸਰਦਾਰਨੀ ਹਰਮੀਤ ਕੌਰ ਦੇ ਘਰ 2,ਜਨਵਰੀ 1979 ਵਿਚ ਹੋਇਆ।ਉਸ ਨੇ ਯੌਰਕ ਯੂਨੀਵਰਸਿਟੀ ਦੇ ਓਸਗੋਡ ਹਾਲ ਲਾਅ ਸਕੂਲ ਤੋਂ 2005 ਵਿਚ ਬੈਚਲਰ ਆਫ਼ ਲਾਅ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਸ ਦੇ ਛੋਟੇ ਭਰਾ  ਸ. ਗੁਰਤਰਨ ਸਿੰਘ ਵੀ ਪੇਸ਼ੇ ਵਜੋ ਵਕੀਲ ਅਤੇ ਐਨ.ਡੀ.ਪੀ ਦੀ ਓਨਟਾਰੀਓ ਸੂਬੇ ਦਾ ਅਸੈਂਬਲੀ ਮੈਂਬਰ ਹੈ। ਇਥੇ ਇਹ ਦਸਣਾ ਬਣਦਾ ਹੈ ਕਿ ਸ. ਜਗਮੀਤ ਸਿੰਘ ਦਾ ਸਬੰਧ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਨਾਲ ਹੈ ਅਤੇ ਉਹ ਉਘੇ ਅਜ਼ਾਦੀ ਘੁਲਾਟੀਏ ਸ. ਸੇਵਾ ਸਿੰਘ ਠੀਕਰੀਵਾਲ ਦੇ ਪੜਪੋਤੇ ਹਨ ਜਿਨ੍ਹਾਂ ਨੂੰ ‘ਕਿਰਪਾਨ ਬਹਾਦਰ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਸ. ਜਗਮੀਤ ਸਿੰਘ ਆਪਣੇ ਵਿਲਖਣ ਪਹਿਰਾਵੇ ਲਈ ਕੈਨੇਡਾ ਵਿਚ ਫ਼ੈਸ਼ਨ ਆਈਕਾਨ ਵਜੋਂ ਵੀ ਜਾਣੇ ਜਾਂਦੇ ਹਨ ਅਤੇ 2012 ’ਚ ਉਸ ਨੂੰ ਟੋਰਾਂਟੋ ਸਟਾਰ ਅਖ਼ਬਾਰ ਨੇ 12 ਮੂਹਰਲੀ ਕਤਾਰ ਵਾਲੀਆ ਸ਼ਖਸ਼ੀਅਤਾ ਵਿਚ ਸ਼ਾਮਿਲ ਕੀਤਾ ਸੀ।
ਕੈਨੇਡਾ ਦੇ ਪਹਿਲੇ ਸਿਖ ਪ੍ਰਧਾਨ ਮੰਤਰੀ ਦੇ ਤੌਰ ਤੇ ਜਗਮੀਤ ਸਿੰਘ ਦੀ ਤਾਜਪੋਸ਼ੀ ਹੋ ਸਕੇਗੀ ਕੀ ਨਹੀਂ , ਇਹ ਤਾਂ ਆਉਣ ਵਾਲੇ ਅਗਲੇ ਵਰ੍ਹੇ ਦਾ ਅਕਤੂਬਰ ਮਹੀਨਾ ਹੀ ਦਸੇਗਾ ਕਿਉਂਕਿ ਕੈਨੇਡਾ ਦੀਆਂ ਫੈਡਰਲ ਚੋਣਾ ਇਸ ਮਹੀਨੇ ਵਿਚ ਹੀ ਹੋਣੀਆਂ ਹਨ ਅਤੇ ਉਮੀਦਾਂ ਵੀ ਬਰਕਰਾਰ ਹਨ।ਕੈਨੇਡਾ ਦੀ ਸਿਆਸਤ ਵਿਚ ਮੁਖ ਤੌਰ ਤੇ ਤਿੰਨ ਪਾਰਟੀਆਂ ,ਮੌਜੂਦਾ ਸਤਾ ਵਿਚ ਰਾਜ ਭਾਗ ਚਲਾ ਰਹੀ ਲਿਬਰਲ ਪਾਰਟੀ,ਮੁਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ ਪਾਰਟੀ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ।ਜੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ 2015 ਦੀਆਂ ਚੋਣਾਂ ਵਿਚ ਹਾਊਸ ਆਂਫ ਕਾਮਨਜ਼ ਦੀਆਂ 338 ਸੀਟਾਂ ਵਿਚੋਂ ਲਿਬਰਲ ਪਾਰਟੀ ਨੇ 39.47 ਫ਼ੀਸਦੀ ਵੋਟਾਂ ਨਾਲ 184 ਸੀਟਾਂ ਜਿਤ ਕੇ ਆਪਣੀ ਸਰਕਾਰ ਬਣਾਈ ਜਦੋ ਕਿ ਵਿਰੋਧੀ ਧਿਰ ਬਣੀ ਕੰਜ਼ਰਵੇਟਿਵ ਪਾਰਟੀ ਨੂੰ 31.89 ਫ਼ੀਸਦੀ ਵੋਟਾਂ ਨਾਲ 99 ਸੀਟਾ ਤੇ ਹੀ ਜਿਤ ਪ੍ਰਾਪਤ ਹੋਈ ।ਗਲ ਕਰੀਏ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਤਾਂ ਪਾਰਟੀ ਨੂੰ ਕੇਵਲ 19.71 ਫ਼ੀਸਦੀ ਵੋਟਾਂ ਨਾਲ ਸਿਰਫ਼ 44 ਸੀਟਾ ਨਾਲ ਹੀ ਸੰਤੋਸ਼ ਕਰਨਾ ਪਿਆ ਸੀ ਜਦੋ ਕਿ 2011 ਵਿਚ ਵਿਰੋਧੀ ਧਿਰ ਵਿਚ ਬੈਠੀ ਐਨ.ਡੀ.ਪੀ ਨੇ 30.63 ਫ਼ੀਸਦੀ ਵੋਟਾਂ ਪ੍ਰਾਪਤ ਕਰ ਕੇ 103 ਸੀਟਾ ਤੇ ਜਿਤ ਹਾਸਿਲ ਕੀਤੀ ਸੀ ਅਤੇ ਆਸ ਕੀਤੀ ਜਾ ਰਹੀ ਸੀ ਕਿ 2015 ਦੀਆਂ ਚੋਣਾਂ ਵਿਚ ਉਹ ਸਤਾ ਪ੍ਰਾਪਤ ਕਰ ਲਵੇਗੀ ਪਰ 2011 ‘ਚ ਤੀਜੇ ਨੰਬਰ ਤੇ ਰਹੀ ਲਿਬਰਲ ਪਾਰਟੀ ਸਤਾ ਤੇ ਕਾਬਜ਼ ਹੋ ਗਈ ਅਤੇ ਐਨ.ਡੀ.ਪੀ ਕੰਜ਼ਰਵੇਟਿਵ ਤੋ ਵੀ ਪਿਛੇ ਤੀਜੇ ਨੰਬਰ ਤੇ ਖਿਸਕ ਗਈ।ਇਸ ਹਾਰ ਤੋਂ ਬਾਅਦ ਐਨ.ਡੀ.ਪੀ ਦੇ ਨੇਤਾ ਥਾਮਸ ਮਲਕੇਅਰ ਨੇ ਆਪਣਾ ਅਹੁਦਾ ਛਡਣ ਦਾ ਫ਼ੈਸਲਾ ਕਰਨ ਨਾਲ ਪਾਰਟੀ ਦੀ ਲੀਡਰਸ਼ਿਪ ਲਈ ਹੋਈ ਚੋਣ ਵਿਚ ਜਗਮੀਤ ਸਿੰਘ ਨੇ ਪਾਰਟੀ ਚੋਣ ਦੇ ਪਹਿਲੇ ਹੀ ਗੇੜ ਵਿਚ ਜਿਤ ਪ੍ਰਾਪਤ ਕਰਕੇ ਆਪਣੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਠੋਕ ਦਿਤੀ।
ਜਗਮੀਤ ਸਿੰਘ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤਕ ਪਹੁੰਚਣਾ ਇਨ੍ਹਾਂ ਸੌਖਾ ਵੀ ਨਹੀ ਜਾਪਦਾ ਕਿਉਂਕਿ ਫੈਡਰਲ ਚੋਣਾ ਨੂੰ ਹੁਣ ਸਿਰਫ ਇਕ ਸਾਲ ਦਾ ਸਮਾਂ ਰਹਿ ਗਿਆ ਹੈ ਅਤੇ ਉਸਨੂੰ ਹੈਰਾਨੀਜਨਕ ਤਬਦੀਲੀ ਲਿਆ ਕੇ ਆਪਣੀ ਪਾਰਟੀ ਨੂੰ ਸਤਾ ਤਕ ਲੈ ਕੇ ਜਾਣਾ ਪਵੇਗਾ ।ਜੇ ਕੈਨੇਡਾ ਦੀ ਪ੍ਰਵਿੰਸਾ(ਸੂਬਿਆਂ) ਦੀ ਗਲ ਕਰੀਏ ਤਾਂ ਜਿਵੇਂ ਭਾਰਤ ਵਿਚ ਉਤਰ ਪ੍ਰਦੇਸ਼ ਸਰਕਾਰ ਬਣਾਉਣ ਵਿਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ ਇੰਝ ਹੀ ਕੈਨੇਡਾ ਦੀ ਸਤਾ ਵਿਚ 121 ਸੀਟਾ ਵਾਲਾ ਉਂਟਾਰਿਓ ਸੂਬਾ ਅਹਿਮ ਸਾਬਤ ਹੁੰਦਾ ਹੈ।ਇਸ ਵਿਚ ਜਗਮੀਤ ਸਿੰਘ ਦੇ ਪਖ ਵਿਚ ਇਹ ਤਥ ਜਾਂਦੇ ਹਨ ਕਿ ਭਾਵੇਂ ਇਸ ਸਾਲ ਹੋਈਆਂ ਸਟੇਟ ਅਸੈਂਬਲੀ ਚੋਣਾਂ ਵਿਚ ਐੇਨ.ਡੀ.ਪੀ ਸਤਾ ਪ੍ਰਾਪਤ ਨਹੀ ਕਰ ਸਕੀ ਫਿਰ ਵੀ ਇਹ ਨਤੀਜੇ ਐਨ.ਡੀ.ਪੀ ਲਈ ਉਤਸ਼ਾਹ ਜਨਕ ਹੀ ਰਹੇ।ਕਿਉਂਕਿ ਉਸ ਦੇ ਵੋਟ ਪ੍ਰਤੀਸ਼ਤ ਵਿਚ 9.84 ਦਾ ਵਾਧਾ ਦੇਖਣ ਨੂੰ ਮਿਲਿਆ ਤੇ ਪਾਰਟੀ ਨੇ ਕੁਲ 33.59 ਫ਼ੀਸਦੀ ਵੋਟ ਨਾਲ ਮੁਖ ਵਿਰੋਧੀ ਧਿਰ ਹੁਣ ਦਾ ਰੁਤਬਾ ਹਾਸਿਲ ਕੀਤਾ।ਜਦੋ ਕਿ ਕੈਨੇਡਾ ਦੀ ਦੂਜੀ ਵਡੀ ਪ੍ਰੋਵਿੰਸ ਕਿਊ ਬਿਕ ਸੂਬੇ ਵਿਚ ਐੇਨ.ਡੀ.ਪੀ ਦੀ ਮੌਜੂਦਾ ਹਾਲਤ ਬਹੁਤ ਕਮਜ਼ੋਰ ਹੈ ਜਦੋ ਕਿ 2011 ਦੀਆ ਫੈਡਰਲ ਚੋਣਾਂ ਵਿਚ ਇਸ ਪਾਰਟੀ ਨੇ ਰਿਕਾਰਡ ਤੋੜ ਕਿਊਬਿਕ ਦੀਆਂ 75 ਸੀਟਾ ਵਿਚੋ 59 ਸੀਟਾ ਜਿਤੀਆਂ ਸਨ ਜੇ ਜਗਮੀਤ ਸਿੰਘ ਇਸ ਤਰ੍ਹਾਂ ਦਾ ਇਤਿਹਾਸ ਕਿਊਬਿਕ ਵਿਚ ਦੁਬਾਰਾ ਦੋਹਰਾ ਸਕਿਆ ਤਾਂ ਯਕੀਨਨ ਜਿਤ ਉਸ ਦੀ ਹੋਵੇਗੀ ਪਰ ਤਾਜ਼ਾ ਹਾਲਤਾਂ ਵਿਚ ਕਿਊਬਿਕ ਵਿਚ ਅਜਿਹੀ ਪ੍ਰਾਪਤੀ ਅਸੰਭਵ ਲਗਦੀ ਹੈ।ਇਨ੍ਹਾਂ ਦੋਹਾ ਸੂਬਿਆਂ ਤੋਂ ਇਲਾਵਾ ਬੀ.ਸੀ ਦੀਆਂ 42 ਅਤੇ ਅਲਬਰਟਾ ਦੀਆ 34 ਸੀਟਾਂ ਵੀ ਮਹਤਵ ਰਖਦੀਆਂ ਹਨ। ਇਨ੍ਹਾਂ ਪ੍ਰੋਵਿੰਸ ਵਿਚ ਐ.ਡੀ.ਪੀ ਦੀ ਸਰਕਾਰ ਹੈ ਕਹਿਣ ਤੋਂ ਭਾਵ ਕਿ ਇਨ੍ਹਾ ਦੋਹਾ ਸੂਬਿਆਂ ਵਿਚ ਪਾਰਟੀ ਦਾ ਅਧਾਰ ਮਜ਼ਬੂਤ ਹੈ।ਇਨ੍ਹਾ ਤੋ ਇਲਾਵਾ ਬਾਕੀ ਪ੍ਰਵਿੰਸ ਵਿਚ ਕੇਵਲ 63 ਸੀਟਾ ਹੀ ਹਨ। ਜਗਮੀਤ ਸਿੰਘ ਦੇ ਰਾਜਨੀਤਕ ਸ਼ਫਰ ਦੀ ਗਲ ਕਰੀਏ ਤਾਂ ਉਸ ਨੇ 2011 ਵਿਚ ਉਂਟਾਰਿਓ ਬਰੈਮਲੀ-ਗੋਰ ਮਾਲਟਨ ਤੋਂ ਨਿਊ ਡੈਮੋਕਰੈਟਿਕ ਪਾਰਟੀ ਦੀ ਤਰਫ਼ ਤੋਂ ਫੈਡਰਲ ਚੋਣ ਲੜੀ ਪਰ ਬਦਕਿਸਮਤੀ ਨਾਲ ਉਹ ਇਹ ਚੋਣ ਬਹੁਤ ਥੋੜ੍ਹੇ ਫ਼ਰਕ ਨਾਲ ਹਾਰ ਗਿਆ ਪਰ ਇਸ ਤੋਂ ਬਾਅਦ ਇਸ ਹੀ ਸਾਲ ਉਸ ਨੇ ਪ੍ਰਵਿੰਸ ਚੋਣਾਂ ਵਿਚ ਇਸ ਹੀ ਸੀਟ ਤੋਂ ਜਿਤ ਪ੍ਰਾਪਤ ਕੀਤੀ ਅਤੇ ਆਪਣੀ ਕਾਬਲੀਅਤ ਦੇ ਦਮ ਤੇ 2015 ਵਿਚ  ਐਨ.ਡੀ.ਪੀ ਦੇ ਉਟਾਰਿਉ ਸੂਬੇ ਦਾ ਡਿਪਟੀ ਲੀਡਰ ਚੁਣਿਆ ਗਿਆ ਅਤੇ ਜਦੋਂ ਅਕਤੂਬਰ ਕੀ 2017 ਵਿਚ ਉਸ ਨੇ ਪਹਿਲੇ ਦੌਰ ਵਿਚ 53.8 ਫ਼ੀਸਦੀ ਵੋਟ ਪ੍ਰਾਪਤ ਕਰਕੇ ਐਨ.ਡੀ.ਪੀ ਦੀ ਕੌਮੀ ਵਾਗਡੋਰ ਸੰਭਾਲ ਲਈ।ਪਰ ਇਹ ਸਫ਼ਰ ਇਨ੍ਹਾਂ ਅਸਾਨ ਨਹੀਂ ਸੀ ਕਿਉਂਕਿ ਉਸ ਨੂੰ ਇਸ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਕ ਵਾਰ ਤਾਂ ਇਕ ਮਹਿਲਾ ਉਸ ਦੇ ਕੰਪੈਨ ਪ੍ਰੋਗਰਾਮ ਵਿਚ ਹੀ ਉਸ ਨਾਲ ਉਲਝ ਪਈ ਪਰ ਜਗਮੀਤ ਸਿੰਘ ਨੇ ਜਿਸ ਠਰ੍ਹੰਮੇ ,ਸੂਝਬੂਝ ਅਤੇ ਪਿਆਰ ਨਾਲ ਉਸ ਦੇ ਉਤਰ ਦਿਤੇ ਉਸ ਦੀ ਸਾਰੇ ਕੈਨੇਡਾ ਵਿਚ ਪ੍ਰਸੰਸਾ ਹੋਈ।
ਅਗਾਂਹ ਵੀ ਇਸ ਪੰਜਾਬੀ ਨੌਜਵਾਨ ਤੋਂ ਇਹੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਆਪਣੀ ਦੂਰ-ਅੰਦੇਸ਼ੀ ਅਤੇ ਸੂਝਬੂਝ ਨਾਲ ਹੀ ਆਪਣੀ ਪਾਰਟੀ ਨੂੰ ਨਵੀਆਂ ਉਚਾਈਆਂ ਤਕ ਲੈ ਕੇ ਜਾਣ ਵਿਚ ਜ਼ਰੂਰ ਕਾਮਯਾਬ ਹੋਵੇਗਾ। ਅੰਗਰੇਜ਼ੀ, ਫਰੈਂਚ, ਪੰਜਾਬੀ, ਹਿੰਦੀ ਅਤੇ ਤਾਮਿਲ ਬੋਲਣ ਵਿਚ ਮੁਹਾਰਤ ਰਖਣ ਵਾਲੇ ਜਗਮੀਤ ਸਿੰਘ ਆਰਥਿਕ ਨੀਤੀ, ਊਰਜਾ ਨੀਤੀ,ਡਰਗ ਨੀਤੀ ਅਤੇ ਸਮਾਜਕ ਮਸਲੇ ਜਿਵੇਂ ਨਾ ਬਰਾਬਰੀ, ਰੋਜ਼ਗਾਰ, ਸਿਹਤ ਸੇਵਾਵਾਂ, ਵਾਤਾਵਰਣ ਤਬਦੀਲੀ, ਦੇਸ਼ ਦੀ ਏਕਤਾ ਅਤੇ ਚੋਣ ਸੁਧਾਰਾਂ ਦੇ ਮੁਦਿਆਂ ਤੇ ਆਪਣਾ ਪਖ ਕੈਨੇਡਾ ਦੇ ਲੋਕਾਂ ਅਗੇ ਰਖ ਰਹੇ ਹਨ ਅਤੇ ਉਸ ਨੂੰ ਹੁੰਗਾਰਾ ਵੀ ਮਿਲ ਰਿਹਾ ਹੈ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਉਸ ਦੀ ਪਗ ਅਤੇ ਉਸ ਦੀ ਚਮੜੀ ਦੇ ਰੰਗ ਕਾਰਨ ਉਸ ਨੂੰ ਦੇਸ਼ ਦੇ ਕਈ ਖੇਤਰਾਂ ਖ਼ਾਸ ਕਰ ਕੇ ਕਿਊਬਿਕ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤ ਵਿਚ ਵੀ ਉਸ ਦੇ ਪਾਰਟੀ ਲੀਡਰ ਬਣਨ ਤੇ ਕਈ ਤਰ੍ਹਾਂ ਦੀਆ ਪ੍ਰਤੀਕਿਰਿਆ ਸਾਹਮਣੇ ਆਈਆਂ ਸਨ ਕਿਉਂਕਿ ਉਸ ਨੇ 2016  ‘ਚ ਓਨਟਾਰੀਓ ਅਸੈਬਲੀ ਵਿਚ 1984 ਦੇ ਸਿਖ ਕਤਲੇਆਮ ਨੂੰ ਸਿਖ ਨਸਲਕੁਸ਼ੀ ਕਰਾਰ ਦੇਣ ਦਾ ਮਤਾ ਪੇਸ਼ ਕੀਤਾ ਸੀ ਭਾਵੇ ਉਸ ਸਮੇਂ ਇਹ ਮਤਾ ਪਾਸ ਨਹੀ ਹੋ ਸਕਿਆ ਸੀ ਅਤੇ ਬਾਅਦ ਵਿਚ ਇਹੀ ਮਤਾ ਲਿਬਰਲ ਮੈਬਰ ਹਰਿੰਦਰ ਮਲ੍ਹੀ ਦੁਆਰਾ ਅਸੈਬਲੀ ਵਿਚ ਲਿਆਉਣ ਤੇ ਪਾਸ ਵੀ ਹੋ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਜੇ ਉਹ ਪ੍ਰਧਾਨ ਮੰਤਰੀ ਬਣਨ ਵਿਚ ਕਾਮਯਾਬ ਹੁੰਦਾ ਹੈ ਤਾਂ ਇਸ ਦਾ ਭਾਰਤ ਕੈਨੇਡਾ ਸਬੰਧਾਂ ਤੇ ਕੀ ਅਸਰ ਪੈਦਾ ਹੈ।ਜੇ ਉਹ ਇਸ ਵਾਰ ਪ੍ਰਧਾਨ ਮੰਤਰੀ ਨਾ ਵੀ ਬਣ ਸਕਿਆ ਤਾਂ ਯਕੀਨਨ ਵਿਰੋਧੀ ਧਿਰ ਦੇ ਨੇਤਾ ਵਜੋਂ ਲੋਕਾਂ ਦੀਆ ਮੁਸ਼ਕਲਾਂ ਦੀ ਅਵਾਜ਼ ਬਣ ਕੇ ਇਕ ਵਡੇ ਨੇਤਾ ਦੇ ਰੂਪ ਵਿਚ ਕੈਨੇਡੀਅਨ ਸਿਆਸਤ ਵਿਚ ਉਭਰੇਗਾ।
ਅਸੀਂ ਇਹੀ ਆਸ ਕਰਦੇ ਹਾਂ ਕਿ ਜਗਮੀਤ ਸਿੰਘ ਆਪਣੇ ਗੌਰਵਮਈ ਵਿਰਸੇ ਤੋਂ ਸੇਧ ਲੈ ਕੇ ਆਪਣੇ ਜੀਵਨ ਅੰਦਰ ਸਾਂਝੀਵਾਲਤਾ, ਬਰਾਬਰਤਾ, ਲੋਕ ਸੇਵਾ ਅਤੇ ਅਗਾਂਹਵਧੂ ਵਿਚਾਰਾਂ ਨੂੰ ਗ੍ਰਹਿਣ ਕਰਕੇ ਆਉਣ ਵਾਲੇ ਸਮੇਂ ਦੌਰਾਨ ਵੀ ਮਾਣਮਤਾ ਇਤਿਹਾਸ ਰਚਣ ਵਿਚ ਜ਼ਰੂਰ ਕਾਮਯਾਬ ਹੋਵੇਗਾ…। ਆਮੀਨ !!

WRITTEN BY