Skip to content
Independent perspectives. Global stories.
BREAKING

ਲੋਕ ਸੇਵਾ ਨੂੰ ਸਮਰਪਿਤ ਰਹੇ ਆਜ਼ਾਦੀ ਘੁਲਾਟੀਏ ਹਰਪਾਲ ਸਿੰਘ ਘੱਗਾ

Share this story

ਪੈਪਸੂ ਦਾ ਇਲਾਕਾ ਮੁਜ਼ਾਰਾ ਲਹਿਰ ਦਾ ਗੜ੍ਹ ਰਿਹਾ ਹੈ।  ਪੈਪਸੂ ਨੇ ਕਈ ਖੇਤਰਾਂ ਵਿਚ ਵਿਲੱਖਣ ਯੋਗਦਾਨ ਪਾਇਆ ਹੈ। ਇਸਦਾ ਇਲਾਕਾ ਦੇਸ਼ ਭਗਤਾਂ, ਸਮਾਜ ਸੁਧਾਰਕਾਂ, ਸਮਾਜ ਸੇਵਕਾਂ, ਸਿਆਸਤਦਾਨਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਭਾਵੇਂ ਪੈਪਸੂ ਦੇ ਇਲਾਕੇ ਵਿਚ ਬਹੁਤੇ ਵੱਡੇ ਜ਼ਿਮੀਦਾਰ ਤਾਂ ਹੈ ਨਹੀਂ ਸੀ ਪ੍ਰੰਤੂ ਜਿਹੜੇ ਵੀ ਹੈਗੇ ਸਨ, ਉਹ ਬਹੁਤ ਹੀ ਅਮੀਰ ਵਿਅਕਤੀ ਸਨ। ਇਸੇ ਕਰਕੇ ਪੈਪਸੂ ਦਾ ਇਲਾਕਾ ਮੁਜਾਰਾ ਅਤੇ ਪਰਜਾਮੰਡਲ ਲਹਿਰਾਂ ਦਾ ਕੇਂਦਰ ਬਿੰਦੂ ਰਿਹਾ ਹੈ। ਮੁਜਾਰਿਆਂ ਦੀ ਹਮੇਸ਼ਾ ਅਮੀਰ ਸਰਮਾਏਦਾਰਾਂ ਨਾਲ ਕਸ਼ਮਕਸ਼ ਚਲਦੀ ਰਹਿੰਦੀ ਸੀ। ਮੁਜਾਰਾ ਅਤੇ ਪਰਜਾਮੰਡਲ ਲਹਿਰਾਂ ਨੂੰ ਮੁੱਖ ਤੌਰ ਤੇ ਮਦਦ ਕਰਨ ਵਿਚ ਕਮਿਊਨਿਸਟ ਪਾਰਟੀਆਂ ਦਾ ਯੋਗਦਾਨ ਰਿਹਾ ਹੈ। ਪਟਿਆਲਾ ਜਿਲ੍ਹੇ ਵਿਚ ਵੀ ਕਿਸੇ ਸਮੇਂ ਸੰਗਰੂਰ ਜਿਲ੍ਹੇ ਨਾਲ ਲੱਗਦੇ ਇਲਾਕਿਆਂ ਵਿਚ ਕਮਿਊਨਿਸਟਾਂ ਦਾ ਜ਼ੋਰ ਰਿਹਾ ਹੈ। ਖਾਸ ਤੌਰ ਤੇ ਪਾਤੜਾਂ ਅਤੇ ਘੱਗੇ ਕਸਬੇ ਦਾ ਪਛੜਿਆ ਇਲਾਕਾ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਇਕੋ ਪਰਿਵਾਰ ਦੇ ਜੌੜਾ ਮਾਜਰਾ ਪਿੰਡ ਦੇ ਤਿੰਨ ਭਰਾ ਵੱਖ ਵੱਖ ਪਾਰਟੀਆਂ ਦੇ ਮਹੱਤਵਪੂਰਨ ਨੇਤਾ ਸਨ। ਇਕ ਕਿਸਮ ਨਾਲ ਇਹ ਪ੍ਰਵਿਰਤੀ ਸੰਗਠਤ ਪਰਿਵਾਰਾਂ ਵਿਚ ਵੀ ਨਿੱਜੀ ਵਿਚਾਰਧਾਰਾ ਦੀ ਆਜ਼ਾਦੀ ਦੀ ਪ੍ਰਤੀਕ ਹੈ। ਘੱਗਾ ਕਸਬੇ ਦੇ ਇਲਾਕੇ ਵਿਚ ਗ਼ਰੀਬ ਲੋਕਾਂ ਅਤੇ ਮੁਜਾਰਿਆਂ ਦੀ ਮਦਦ ਕਰਨ ਵਿਚ ਹਰਪਾਲ ਸਿੰਘ ਘੱਗਾ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਹਾਲਾਂਕਿ ਉਹ ਆਪ ਇੱਕ ਖਾਂਦੇ ਪੀਂਦੇ ਸਰਮਾਏਦਾਰ ਪਰਿਵਾਰ ਨਾਲ ਸੰਬੰਧਤ ਸੀ। ਉਹ ਖੱਬੇ ਪੱਖੀ ਵਿਚਾਰਧਾਰਾ ਦਾ ਕੱਟੜ ਸਮਰਥਕ ਸੀ। ਹਰਪਾਲ ਸਿੰਘ ਘੱਗਾ ਦਾ ਜਨਮ ਪਿਤਾ ਬਚਨ ਸਿੰਘ ਅਤੇ ਮਾਤਾ ਜਸਮੇਰ ਕੌਰ ਦੇ ਘਰ ਪਟਿਆਲਾ ਜ਼ਿਲ੍ਹੇ ਦੀ ਸਮਾਣਾ ਤਹਿਸੀਲ ਦੇ ਪਿੰਡ ਘੱਗਾ ਵਿਖੇ ਹੋਇਆ। ਆਪ ਦੇ ਪੁਰਖੇ ਅੰਮ੍ਰਿਤਸਰ ਜਿਲ੍ਹੇ ਦੇ ਨੌਸ਼ਹਿਰਾ ਪੰਨੂੰਆਂ ਦੇ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਘੱਗਾ ਵਿਖੇ ਆ ਕੇ ਵੱਸ ਗਏ ਸਨ। ਆਪ ਦਾ ਤਾਇਆ ਰਿਧਾ ਸਿੰਘ ਮੁਜ਼ਾਰਾ ਲਹਿਰ ਦੇ ਮੋਢੀਆਂ ਵਿਚੋਂ ਸਨ। ਇਸੇ ਕਰਕੇ ਹਰਪਾਲ ਸਿੰਘ ਘੱਗਾ ਨੇ ਪਰਜਾ ਮੰਡਲ ਲਹਿਰ ਵਿਚ ਵੀ ਵੱਧ ਚੜ੍ਹਕੇ ਹਿੱਸਾ ਲਿਆ। ਪਰਜਾ ਮੰਡਲ ਲਹਿਰ ਵਿਚ ਸ਼ਾਮਲ ਹੋ ਕੇ ਰਜਵਾੜਿਆਂ ਵੱਲੋਂ ਲੋਕਾਂ ਉਪਰ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਦੇ ਵਿਰੁਧ ਹੜਤਾਲਾਂ ਅਤੇ ਮੁਜ਼ਾਹਰਿਆਂ ਦੀ ਅਗਵਾਈ ਕਰਦੇ ਰਹੇ। ਹਰਪਾਲ ਸਿੰਘ ਘੱਗਾ ਨੂੰ ਅਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣ ਅਤੇ ਸਮਾਜ ਸੇਵਾ ਦੀ ਚੇਟਕ ਆਪਣੇ ਤਾਇਆ ਰਿਧਾ ਸਿੰਘ ਤੋਂ ਹੀ ਲੱਗੀ ਸੀ। ਰਿਧਾ ਸਿੰਘ ਨੂੰ ਪਟਿਆਲਾ ਰਿਆਸਤ ਵਿਚੋਂ ਇਸ ਕਰਰਕੇ ਜਲਾ ਵਤਨ ਕਰ ਦਿੱਤਾ ਗਿਆ ਸੀ ਕਿ ਉਹ ਗ਼ਰੀਬ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਨੂੰ ਜਮਹੂਰੀ ਹੱਕ ਦਿਵਾਉਣ ਲਈ ਰਿਆਸਤ ਵਿਰੁੱਧ ਸਰਗਰਮ ਰਹਿੰਦਾ ਸੀ । ਦੇਸ਼ ਭਗਤੀ ਅਤੇ ਸਮਾਜ ਸੇਵਾ ਦੀ ਗੁੜ੍ਹਤੀ ਹਰਪਾਲ ਸਿੰਘ ਘੱਗਾ ਨੂੰ ਵਿਰਸੇ ਵਿਚੋਂ ਹੀ ਮਿਲੀ, ਇਸੇ ਕਰਕੇ ਉਹ ਕਿਸੇ ਸਕੂਲ ਵਿਚ ਦਾਖ਼ਲ ਹੋ ਕੇ ਪੜ੍ਹਾਈ ਨਹੀਂ ਕਰ ਸਕੇ ਕਿਉਂਕਿ ਆਜਾਦੀ ਦੀਆਂ ਲਹਿਰਾਂ ਵਿਚ ਰਿਧਾ ਸਿੰਘ ਮੋਹਰੀ ਰਹਿੰਦਾ ਸੀ। ਆਪਦੇ ਜੀਵਨ ਤੇ ਵੀ ਰਿਧਾ ਸਿੰਘ ਦਾ ਪ੍ਰਭਾਵ ਸਾਫ ਵਿਖਾਈ ਦਿੰਦਾ ਹੈ। ਥੋੜ੍ਹੀ ਬਹੁਤੀ ਪੜ੍ਹਾਈ ਉਨ੍ਹਾਂ ਡੇਰਿਆਂ ਵਿਚੋਂ ਹੀ ਪ੍ਰਾਪਤ ਕੀਤੀ। ਆਪ ਦੋ ਭਰਾ ਅਤੇ ਇੱਕ ਭੈਣ ਸੀ। ਆਪ ਦੇ ਤਿੰਨ ਸਪੁੱਤਰ ਸੁਖਮਿੰਦਰ ਸਿੰਘ, ਕੁਲਦੀਪ ਸਿੰਘ ਅਤੇ ਪਵਿਤਰ ਸਿੰਘ ਅਤੇ ਇੱਕ ਲੜਕੀ ਕੰਵਲ ਕੌਰ ਹੈ। ਕੰਵਲ ਕੌਰ ਡਾ.ਜੋਗਿੰਦਰ ਦਿਆਲ ਸੀ.ਪੀ.ਆਈ. ਦੇ ਪ੍ਰਮੁਖ ਨੇਤਾ ਨੂੰ ਵਿਆਹੀ ਹੋਈ ਹੈ। ਹਰਪਾਲ ਸਿੰਘ ਘੱਗਾ ਭਾਵੇਂ ਆਪ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਪਟਿਆਲਾ ਜਿਲ੍ਹੇ ਦੇ ਪਛੜੇ ਇਲਾਕੇ ਪਾਤੜਾਂ ਅਤੇ ਘੱਗਾ ਵਿਖੇ ਆਪ ਨੇ ਸਕੂਲ ਅਤੇ ਕਾਲਜ ਸ਼ੁਰੂ ਕਰਕੇ ਵਿਦਿਆ ਦਾ ਚਾਨਣ ਪਿੰਡਾਂ ਵਿਚ ਵੰਡਿਆ। ਆਪ ਨੇ ਪਿੰਡਾਂ ਦੇ ਲੋਕਾਂ ਦੀ ਮਦਦ ਲੈ ਕੇ ਹਾਮਝੜੀ, ਪਾਤੜਾਂ ਅਤੇ ਘੱਗਾ ਵਿਖੇ ਤਿੰਨ ਸਕੂਲ ਸ਼ੁਰੂ ਕਰਵਾਏ ਅਤੇ ਜਦੋਂ ਇਹ ਸਕੂਲ ਬਾਕਾਇਦਾ ਚਲ ਪਏ ਤਾਂ ਸਥਾਨਕ ਲੋਕਾਂ ਦੀਆਂ ਪ੍ਰਬੰਧਕ ਕਮੇਟੀਆਂ ਬਣਾਕੇ ਉਨ੍ਹਾਂ ਸਕੂਲਾਂ ਦਾ ਪ੍ਰਬੰਧ ਸਥਾਨਕ ਲੋਕਾਂ ਦੇ ਹਵਾਲੇ ਕਰ ਦਿੱਤਾ। ਉਹ ਮਹਿਸੂਸ ਕਰਦੇ ਸਨ ਕਿ ਜੇਕਰ ਸਮਾਜ ਵਿਚ ਸੁਧਾਰ ਲਿਆਉਣਾ ਹੈ ਤਾਂ ਇਸਤਰੀਆਂ ਨੂੰ ਸਿਖਿਅਤ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਪਾਤੜਾਂ ਵਿਖੇ ਲੜਕੀਆਂ ਦਾ ਪਬਲਿਕ ਹਾਈ ਸਕੂਲ ਖੋਲ੍ਹਿਆ। ਇਥੇ ਇੱਕ ਟੋਭਾ ਹੁੰਦਾ ਸੀ, ਟਰੱਕ ਯੂਨੀਅਨ ਦੀ ਮਦਦ ਨਾਲ ਟੋਭੇ ਨੂੰ ਮਿੱਟੀ ਨਾਲ ਭਰਕੇ ਉਥੇ ਇਮਾਰਤ ਦੀ ਉਸਾਰੀ ਕੀਤੀ। ਆਪ ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਵੀ ਰਹੇ ਹਨ। ਆਮ ਤੌਰ ਤੇ ਟਰੱਕ ਯੂਨੀਅਨਾਂ ਪੈਸੇ ਪਿੱਛੇ ਲੜਦੀਆਂ ਰਹਿੰਦੀਆਂ ਹਨ ਪ੍ਰੰਤੂ ਆਪ ਨੇ ਟਰੱਕ ਯੂਨੀਅਨ ਦੇ ਪੈਸਿਆਂ ਨਾਲ ਸਕੂਲ ਅਤੇ ਕਾਲਜ ਸਥਾਪਤ ਕੀਤੇ ਅਤੇ ਉਨ੍ਹਾਂ ਦਾ ਰੋਜ਼ ਮਰਰ੍ਹਾ ਦਾ ਖਰਚਾ ਵੀ ਟਰੱਕ ਯੂਨੀਅਨ ਹੀ ਕਰਦੀ ਰਹੀ। ਨਿਆਲ ਕਾਲਜ ਪਾਤੜਾਂ ਵੀ ਆਪ ਦੀ ਨਿੱਜੀ ਕੋਸ਼ਿਸ਼ਾਂ ਦਾ ਨਤੀਜਾ ਹੈ। ਅਸਲ ਵਿਚ ਆਪ ਇਸ ਪਛੜੇ ਇਲਾਕੇ ਦੀਆਂ ਲੜਕੀਆਂ ਨੂੰ ਸਿਖਿਆ ਦੇਣੀ ਚਾਹੁੰਦੇ ਸਨ ਤਾਂ ਜੋ ਲੜਕੀਆਂ ਆਪ ਹੀ ਬਰਾਬਰ ਦਾ ਦਰਜਾ ਪ੍ਰਾਪਤ ਕਰ ਸਕਣ। ਜੇਕਰ ਇਸਤਰੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਉਹ ਆਪਣੀ ਔਲਾਦ ਨੂੰ ਜ਼ਰੂਰ ਪੜ੍ਹਾਉਣਗੀਆਂ। ਜਿਸ ਨਾਲ ਸਮੁਚੇ ਸਮਾਜ ਦਾ ਸੁਧਾਰ ਹੋ ਸਕਦਾ ਹੈ। ਜਦੋਂ ਨਿਆਲ ਕਾਲਜ ਪਾਤੜਾਂ ਪੂਰੀ ਤਰ੍ਹਾਂ ਚਲ ਪਿਆ ਤਾਂ ਸਰਕਾਰ ਦੇ ਹਵਾਲੇ ਕਰ ਦਿੱਤਾ। ਅੱਜ ਕਲ੍ਹ ਨਿਆਲ ਕਾਲਜ ਪਾਤੜਾਂ ਸਰਕਾਰੀ ਕਾਲਜ ਹੈ। ਇੱਕ ਵਾਰ ਲੜਕੀਆਂ ਦੇ ਸਕੂਲ ਦੀ ਇਮਾਰਤ ਪੁਰਾਣੀ ਹੋਣ ਕਰਕੇ ਉਸ ਦੀ ਇਮਾਰਤ ਦੀ ਹਾਲਤ ਖ਼ਸਤਾ ਹੋ ਗਈ। ਸਕੂਲ ਦੀ ਪ੍ਰਬੰਧਕ ਕਮੇਟੀ ਨੇ ਦੁਬਾਰਾ ਇਮਾਰਤ ਦੀ ਉਸਾਰੀ ਦਾ 30 ਲੱਖ ਦਾ ਅਨੁਮਾਨਤ ਖ਼ਰਚਾ ਦੱਸਿਆ। ਆਪ ਨੇ ਪਤਵੰਤੇ ਵਿਅਕਤੀਆਂ ਦੀ ਮਦਦ ਲੈ ਕੇ 30 ਲੱਖ ਰੁਪਏ ਦਾ ਪ੍ਰਬੰਧ ਇੱਕ ਮਹੀਨੇ ਵਿਚ ਕਰ ਦਿੱਤਾ। ਆਪ ਦੀ ਖ਼ੂਬੀ ਇਹ ਸੀ ਕਿ ਕਾਲਜ ਅਤੇ ਸਕੂਲਾਂ ਦੀਆਂ ਟਰੱਸਟਾਂ ਵਿਚ ਆਪ ਸ਼ਾਮਲ ਨਹੀਂ ਹੁੰਦੇ ਸਨ ਪ੍ਰੰਤੂ ਪੈਸੇ ਧੇਲੇ ਦਾ ਪ੍ਰਬੰਧ ਉਹ ਆਪ ਕਰਕੇ ਦਿੰਦੇ ਸਨ। ਆਪ ਪੰਜਾਬ ਦੀ ਟਰੱਕ ਯੂਨੀਅਨ ਦੇ ਵੀ ਪ੍ਰਧਾਨ ਰਹੇ ਹਨ। ਆਪ ਖੱਬੇ ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਬਾਕਾਇਦਾ ਤੌਰ ਤੇ ਸੀ.ਪੀ.ਆਈ. ਵਿਚ ਕੰਮ ਕਰਦੇ ਰਹੇ। ਆਪ ਨੇ ਪਾਰਟੀ ਦੀਆਂ ਸਰਗਰਮੀਆਂ ਵਿਚ ਰੂਸ ਦੀ ਯਾਤਰਾ ਵੀ ਕੀਤੀ। ਆਪ ਨੇ ਤੇਜਾ ਸਿੰਘ ਸੁਤੰਤਰ ਦੀ ਰਹਿਨੁਮਾਈ ਵਿਚ ਪਾਰਟੀ ਦਾ ਕੰਮ ਵੀ ਕੀਤਾ। ਇਸ ਤੋਂ ਇਲਾਵਾ ਪਾਤੜਾਂ ਦੇ ਨੇੜੇ ਕਾਲਜ ਖੋਲ੍ਹਣ ਲਈ ਆਪ ਇਲਾਕੇ ਦੇ ਸਾਰੇ ਪਿੰਡਾਂ ਵਿਚ ਲੋਕਾਂ ਤੋਂ ਉਗਰਾਹੀ ਦੇ ਲਈ ਕਣਕ ਜਾਂ ਜੋ ਲੋਕ ਪੈਸਾ ਦੇ ਸਕਦੇ ਸਨ, ਉਨ੍ਹਾਂ ਤੋਂ ਪੈਸਾ ਲੈ ਕੇ ਕਾਲਜ ਦੀ ਇਮਾਰਤ ਦੀ ਉਸਾਰੀ ਕੀਤੀ। ਇਨ੍ਹਾ ਤਿੰਨਾ ਸਕੂਲਾਂ ਅਤੇ ਕਾਲਜ ਵਿਚ ਗ਼ਰੀਬ ਬੱਚਿਆਂ ਦੀ ਪੜ੍ਹਾਈ ਦੀਆਂ ਫ਼ੀਸਾਂ ਆਪਣੀ ਜੇਬ ਵਿਚੋਂ ਦਿੰਦੇ ਸਨ। ਪਿੰਡਾਂ ਵਿਚੋਂ ਲੜਕੀਆਂ ਨੂੰ ਪੜ੍ਹਨ ਲਈ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਆਪ ਨੇ ਤਿੰਨ ਵਾਰ ਪਟਿਆਲਾ ਲੋਕ ਸਭਾ ਦੀ ਚੋਣ ਸੀ.ਪੀ.ਆਈ. ਦੇ ਟਿਕਟ ਤੇ ਲੜੀ । ਆਪ ਇੱਕ ਸੱਚੇ ਸੁੱਚੇ ਦੇਸ਼ ਭਗਤ ਸਨ। ਹਰਪਾਲ ਸਿੰਘ ਘੱਗਾ ਰੋਜ਼ਾਨਾ ਨਵਾਂ ਜ਼ਮਾਨਾ ਅਖ਼ਬਾਰ ਦੀ ਟਰੱਸਟ ਦੇ ਵੀ ਮੈਂਬਰ ਸਨ। ਆਪ ਨੇ ਸਾਰੀ ਉਮਰ ਭਰਿਸ਼ਟਾਚਾਰ ਦੇ ਵਿਰੁਧ ਲੜਾਈ ਲੜੀ। ਲੋਕ ਸੇਵਾ ਨੂੰ ਆਪ ਨੇ ਲੋਕ ਲਹਿਰ ਬਣਾ ਕੇ ਲੋਕਾਂ ਦੀ ਸੇਵਾ ਕੀਤੀ। ਆਪ ਦਾ ਪਰਿਵਾਰ ਜਾਂ ਕੋਈ ਵੀ ਰਿਸ਼ਤੇਦਾਰ ਸਕੂਲਾਂ ਅਤੇ ਕਾਲਜ ਦੇ ਕੰਮਾ ਵਿਚ ਦਖ਼ਲ ਅੰਦਾਜ਼ੀ ਨਹੀਂ ਕਰ ਸਕਦਾ ਸੀ ਅਤੇ ਨਾ ਹੀ ਕੋਈ ਨੌਕਰੀ ਲਈ ਅਰਜੀ ਦੇ ਸਕਦਾ ਸੀ। ਆਪ ਦੇ ਪਰਿਵਾਰ ਦੇ ਮੈਂਬਰ ਮੁਫਤ ਸਕੂਲ ਵਿਚ ਪੜ੍ਹਾਉਂਦੇ ਰਹੇ। ਆਪ ਦਾ ਲੜਕਾ ਸੁਖਮਿੰਦਰ ਸਿੰਘ ਵੀ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ ਹੈ।

WRITTEN BY