Skip to content
Independent perspectives. Global stories.
BREAKING

ਲਿੰਚਿੰਗ, ਭਾਰਤ ਦੀ ਨਵੀਂ ਪਛਾਣ

Share this story

ਅਜੋਕੇ ਸਮੇਂ ਇੰਟਰਨੈਟ ਦੀਆਂ ਕਾਢਾਂ ਨੇ ਸਾਨੂੰ ਪੂਰੀ ਤਰ੍ਹਾ ਬਦਲ ਕੇ ਰਖ ਦਿਤਾ।ਇਹ ਬਦਲਾਅ ਏਨੀ ਤੇਜ਼ੀ ਨਾਲ ਹੋਏ ਕਿ ਸਾਨੂੰ ਕੁਝ ਸੋਚਣ-ਸਮਝਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਅਸੀਂ ਆਪਣੇ-ਆਪ ਇਸ ਬਦਲਾਅ ਨੂੰ ਅਪਣਾ ਲਿਆ। ਹੁਣ ਆਲਮ ਇਹ ਹੈ ਕਿ ਕਿਸੇ ਸਮੇਂ ਜਿਸ ਤਕਨੀਕ ਨੂੰ ਮਨੁਖ ਚਲਾਉਂਦਾ ਸੀ ਅਤੇ ਕਾਬੂ ਕਰਦਾ ਸੀ ਅਜ ਉਹ ਤਕਨੀਕ ਮਨੁਖ ਨੂੰ ਚਲਾ ਰਹੀ ਹੈ ਅਤੇ ਪੂਰੀ ਤਰਾਂ ਸਾਡੀਆਂ ਜ਼ਿੰਦਗੀਆਂ ਨੂੰ ਕਾਬੂ ਕਰੀ ਬੈਠੀ ਹੈ। ਪਰ ਹਰ ਚੀਜ਼ ਦੇ ਸਕਾਰਾਤਮਕ ਅਤੇ ਨਾਕਾਰਾਤਮਕ ਪਹਿਲੂ ਦੋਵੇਂ ਹੁੰਦੇ ਹਨ, ਜੇ ਕੋਈ ਚੀਜ਼ ਸਾਡੇ ਲਈ ਫ਼ਾਇਦਾ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਸਦਾ ਕੋਈ ਨੁਕਸਾਨ ਵੀ ਜਰੂਰ ਹੁੰਦਾ ਹੈ ਜਿਸਨੂੰ ਅਸੀਂ ਉਸਦੇ ਫਾਇਦਾ ਕਰਨ ਦੀ ਕੀਮਤ ਕਹਿ ਸਕਦੇ ਹਾਂ। ਇਸੇ ਤਰਾਂ ਤਕਨੀਕ ਜਿਸਨੇ ਦੁਨੀਆ ਨੂੰ ਇਕ ਨਵੀਂ ਦਿਸ਼ਾ ਦਿਤੀ ਹੈ ਕੰਮ ਕਰਨ ਦੇ ਨਵੇਂ ਅਤੇ ਤੇਜ਼ ਤਰੀਕੇ ਹੋਂਦ ਵਿਚ ਆਏ ਹਨ ਦੂਜੇ ਪਾਸੇ ਕੁਝ ਅਜਿਹੇ ਮਾੜੇ ਪ੍ਰਭਾਵ ਵੀ ਛਡ ਰਹੀ ਹੈ ਜਿਸਦੀ ਖ਼ਬਰ ਕੁਝ ਹਦ ਤਕ ਸਾਨੂੰ ਹੈ ਵੀ ਅਤੇ ਨਹੀਂ ਵੀ।ਅਜਕਲ ਅਸੀਂ ਜਦੋਂ ਵੀ ਘਰੋਂ ਕੰਮ ਲਈ ਨਿਕਲਦੇ ਹਾਂ ਜਾਂ ਕਿਤੇ ਵੀ ਜਾਣ ਲਈ ਨਿਕਲਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਨੂੰ ਚੈਕ ਕਰਦੇ ਹਾਂ, ਮੋਬਾਇਲ ਹਮੇਸ਼ਾਂ ਆਪਣੇ ਨਾਲ ਰਖਣਾ ਏਨਾ ਜਿਆਦਾ ਜਰੂਰੀ ਹੋ ਗਿਆ ਹੈ ਕਿ ਇਸਤੋਂ ਬਿਨ੍ਹਾਂ ਸਾਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਸਰੀਰ ਦਾ ਕੋਈ ਅੰਗ ਘਟ ਹੋ ਗਿਆ ਹੋਵੇ। ਸੂਚਨਾ ਤਕਨੀਕ ਦੇ ਕਿਤੇ ਵਿਚ ਹੋਣ ਕਰਕੇ ਮੇਰਾ ਤਕਨੀਕ ਨਾਲ ਕੁਝ ਜ਼ਿਆਦਾ ਕਰੀਬੀ ਰਿਸ਼ਤਾ ਹੈ, ਸੋਸ਼ਲ ਨੈਟਵਰਕ, ਮੋਬਾਇਲ ਐਪਲੀਕੇਸ਼ਨ, ਇੰਟਰਨੈਟ ਮੈਂ ਇਹਨਾਂ ਸਭ ਚੀਜ਼ਾਂ ਨਾਲ ਕਿਸੇ ਆਮ ਵਿਅਕਤੀ ਨਾਲੋਂ ਜਿਆਦਾ ਜੁੜਿਆ ਹੋਇਆ ਹਾਂ। ਇੰਜ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਮੈਂ ਇਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਹੀ ਰੋਜ਼ੀ-ਰੋਟੀ ਕਮਾ ਰਿਹਾ ਹਾਂ। ਮੈਂ ਆਪਣੇ 15 ਸਾਲਾਂ ਦੇ ਤਜਰਬੇ ਵਿਚ ਤਕਨੀਕ ਨੂੰ ਬੀਜ ਤੋਂ ਇਕ ਸੰਘਣਾ ਰੁਖ ਬਣਦੇ ਵੇਖਿਆ ਹੈ, ਮੈਂ ਹਰ ਉਸ ਬਦਲਾਅ ਦਾ ਗਵਾਹ ਹਾਂ ਜੋ ਏਨੇ ਸਾਲਾਂ ਵਿਚ ਵਾਪਰੇ ਹਨ। ਇਸ ਲੇਖ ਨੂੰ ਲਿਖਣ ਦਾ ਮੁਖ ਕਾਰਨ ਤਕਨੀਕ ਦੀ ਹੁੰਦੀ ਗ਼ਲਤ ਵਰਤੋਂ ਅਤੇ ਇਸਦੇ ਮਾੜੇ ਪ੍ਰਭਾਵਾਂ ਨੂੰ ਸਾਂਝੇ ਕਰਨਾ ਹੈ। ਚੰਗੇ ਪਖ ਮੈਂ ਸੋਚਦਾ ਹਾਂ ਕਿ ਜਿਆਦਾਤਰ ਲੋਕ ਜਾਣਦੇ ਹਨ ਇਸੇ ਕਰਕੇ ਤਕਨੀਕ ਦਾ ਪ੍ਰਸਾਰ ਹਰ ਦਿਨ ਵਧ ਰਿਹਾ ਹੈ। ਇਕ ਆਮ ਵਿਅਕਤੀ ਪੜ੍ਹਿਆ-ਲਿਖਿਆ ਜਾਂ ਅਨਪੜ ਜਾਂ ਕੋਈ ਵੀ ਅਜਿਹਾ ਸ਼ਖਸ ਜੋ ਇਸ ਇੰਟਰਨੈਟ ਅਤੇ ਸੋਸ਼ਲ ਨੈਟਵਰਕ ਦੀ ਦੁਨੀਆ ਵਿਚ ਸਿਰਫ਼ ਵਰਤੋਂ ਤਕ ਸੀਮਤ ਹੈ ਉਹ ਇਸਦੀ ਬਣਤਰ ਅਤੇ ਇਸਦੇ ਕੰਮ ਕਰਨ ਦੇ ਤਰੀਕੇ ਤੋਂ ਅਣਜਾਣ ਹੈ, ਉਸਨੂੰ ਨਹੀਂ ਪਤਾ ਕਿ ਸਮੇਂ ਦੀ ਬਰਬਾਦੀ, ਇਕ ਬੁਰੀ ਲਤ, ਲੋਕਾਂ ਨਾਲ ਸੋਸ਼ਲ ਨੈਟਵਰਕ ਤੇ ਧੋਖਾ ਧੜੀ ਜਾਂ ਇੰਜ ਦੇ ਆਮ ਨੁਕਸਾਨਾਂ ਤੋਂ ਇਲਾਵਾ ਸਾਡੇ ਕੋਲੋਂ ਜਾਣੇ-ਅਣਜਾਣੇ ਇਹ ਕੰਪਨੀਆਂ ਕਿੰਨੀਆਂ ਜਾਣਕਾਰੀਆਂ ਲੈ ਲੈਂਦੀ ਹੈ ਅਤੇ ਕਿੰਨੀ ਤਰਾਂ ਦੇ ਹੋਰ ਨੁਕਸਾਨ ਹਨ। ਜੇਕਰ ਇਹਨਾਂ ਦੀ ਇਕ ਸੂਚੀ ਤਿਆਰ ਕੀਤੀ ਜਾਵੇ ਤਾਂ ਇਕਲੇ-ਇਕਲੇ ਨੁਕਸਾਨ ਉਤੇ ਲੇਖ ਲਿਖਿਆ ਜਾ ਸਕਦਾ ਹੈ ਪਰ ਮੈਂ ਜਿਸ ਵਿਸ਼ੇ ਨੂੰ ਸਾਂਝਾ ਕਰਨਾ ਚਾਉਂਦਾ ਹਾਂ ਉਹ ਸੋਸ਼ਲ ਨੈਟਵਰਕ ਦਾ ਬਹੁਤ ਹੀ ਬੁਰਾ ਪ੍ਰਭਾਵ ਹੈ ਜਿਸ ਨੇ ਜਿਆਦਾਤਰ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ ਜਿਸ ਕਰਕੇ ਕਈਆਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਗਈ ਹੈ। ਹਰ ਕੋਈ ਵਟਸਐਪ ਅਤੇ ਫੇਸਬੁਕ ਵਰਤਣ ਵਾਲਾ ਵਿਅਕਤੀ ਜਾਣੇ-ਅਣਜਾਣੇ ਇਸਦੇ ਪ੍ਰਭਾਵ ਅਧੀਨ ਹੈ। ਉਹ ਵਿਸ਼ਾ ਹੈ ਝੂਠੀਆਂ ਖ਼ਬਰਾਂ ਜਾਂ ਅਫਵਾਵਾਂ ਦਾ ਅਦਾਨ-ਪ੍ਰਦਾਨ। ਹਰ ਕੋਈ ਵਿਅਕਤੀ ਜੋ ਵਟਸਐਪ ਦੀ ਵਰਤੋਂ ਕਰਦਾ ਹੈ ਉਹ ਵਟਸਐਪ ਤੇ ਬਣਾਏ ਹੋਏ ਗਰੁਪਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਹਰ ਰੋਜ ਅਸੀਂ ਵਟਸਐਪ ਦੇ ਅਲਗ-ਅਲਗ ਗਰੁਪਾਂ ਤੋਂ ਅਣਗਿਣਤ ਮੈਸਜ ਪ੍ਰਾਪਤ ਕਰਦੇ ਹਾਂ, ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੁਝ ਵੀ ਵਾਪਰਿਆ ਹੋਵੇ ਅਸੀਂ ਮਿੰਟਾਂ-ਸਕਿੰਟਾਂ ਵਿਚ ਸਭ ਘਟਨਾਵਾਂ ਤੋਂ ਜਾਣੂ ਹੋ ਜਾਂਦੇ ਹਾਂ । ਭਾਰਤ ਵਿਚ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਜਿਆਦਾ ਵਟਸਐਪ ਦੇ ਮੈਸਜ ਭੇਜੇ ਜਾਂਦੇ ਹਨ, ਜਿਨ੍ਹਾਂ ਵਿਚ ਸਭ ਤੋਂ ਵਡੀ ਗਿਣਤੀ ਗੁਡ ਮੋਰਨਿੰਗ ਮੈਸਜਾਂ ਦੀ ਹੈ, ਇਕ ਸਰਵੇ ਦੇ ਅਧਾਰ ਤੇ ਇਹ ਕਿਹਾ ਗਿਆ ਹੈ ਕਿ ਭਾਰਤ ਵਿਚ ਤਕਨੀਕ ਦੀ ਦੁਰਵਰਤੋਂ ਸਭ ਤੋਂ ਜਿਆਦਾ ਹੁੰਦੀ ਹੈ। ਇਹਨਾਂ ਗੁਡ ਮੋਰਨਿੰਗ ਮੈਸਜ ਤੋਂ ਇਲਾਵਾ ਧਾਰਮਿਕ ਮੈਸਜ, ਲੜੀਵਾਰ ਮੈਸਜ ਜਿਵੇਂ ਕਿਸੇ ਮੈਸਜ ਦੇ ਥਲੇ ਲਿਖਿਆ ਹੁੰਦਾ 10 ਲੋਕਾਂ ਨੂੰ ਭੇਜੋ ਨਹੀਂ ਤਾਂ ਬੁਰਾ ਹੋਊਗਾ ਅਤੇ ਸਭ ਤੋਂ ਵਡੀ ਦੁਰਵਰਤੋਂ ਜੋ ਕਿ ਹੈ ਝੂਠੀਆਂ ਅਫਵਾਵਾਂ ਵਾਲੇ ਮੈਸਜ। ਇਹਨਾਂ ਝੂਠੇ ਸੰਦੇਸ਼ਾਂ ਨੇ ਸਮਾਜ ਵਿਚ ਇਕ ਨਵੀਂ ਰੀਤ ਨੂੰ ਜਨਮ ਦੇ ਦਿਤਾ ਹੈ ਜਿਸਨੂੰ ਲਿੰਚਿੰਗ (ਲੋਕਾਂ ਦੁਆਰਾ ਕਿਸੇ ਨੂੰ ਬਿਨ੍ਹਾਂ ਵਜ੍ਹਾ ਕੁਟ-ਕੁਟ ਕੇ ਮਾਰਨਾ) ਕਿਹਾ ਜਾਂਦਾ ਹਾਂ। ਇਹ ਦਿਨੋ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ, ਇਸ ਵਿਚ ਕੋਈ ਵੀ ਫੋਟੋ ਜਾਂ ਵੀਡੀਓ ਲੋਕ ਸੋਸ਼ਲ ਮੀਡੀਆ ਉਤੇ ਇਕ ਦੂਜੇ ਨੂੰ ਭੇਜਦੇ ਹਨ ਜਿਸ ਵਿਚ ਕੋਈ ਕਿਸੇ ਬਚੇ ਨੂੰ ਅਗਵਾਹ ਕਰਦਾ ਦਿਖਾਇਆ ਗਿਆ ਹੁੰਦਾ ਹੈ ਜਾਂ ਕੁਝ ਹੋਰ ਇੰਜ ਦੀ ਘਟਨਾ, ਜਿਸਨੂੰ ਲੋਕ ਬਿਨ੍ਹਾਂ ਸੋਚੇ-ਸਮਝੇ ਅਤੇ ਬਿਨ੍ਹਾਂ ਉਸਦਾ ਸਚ ਜਾਣੇ ਸ਼ੇਅਰ ਕਰਨਾ ਸ਼ੁਰੂ ਕਰ ਦੇਂਦੇ ਹਨ ਅਤੇ ਜਦੋਂ ਕਿਤੇ ਉਹ ਵਿਅਕਤੀ ਲੋਕਾਂ ਦੇ ਹਥ ਆਉਂਦਾ ਹੈ ਉਹ ਉਸਨੂੰ ਕੁਟ-ਕੁਟ ਕੇ ਹੀ ਮਾਰ ਦੇਂਦੇ ਹਨ।
ਮਈ 2018 ਤਕ 25 ਦੇ ਕਰੀਬ ਲੋਕ ਲਿੰਚਿੰਗ ਦਾ ਸ਼ਿਕਾਰ ਹੋ ਚੁਕੇ ਹਨ, ਜਿੰਨ੍ਹਾਂ ਨੂੰ ਵਟਸਐਪ ਤੇ ਝੂਠੀਆਂ ਅਫ਼ਵਾਹਾਂ ਕਾਰਨ ਆਪਣੀ ਜਾਨ ਤੋਂ ਹਥ ਧੋਣੇ ਪਏ। ਜੁਲਾਈ ਵਿਚ ਕਰਨਾਟਕਾ ਵਿਚ ਇਕ 32 ਸਾਲਾ ਇੰਜੀਨਿਯਰ ਅਤੇ 3 ਹੋਰਾਂ ਉਤੇ ਭੀੜ ਵਲੋਂ ਹਮਲਾ ਕੀਤਾ ਗਿਆ ਕਿਉਂਕਿ ਉਸਦੀ ਇਕ ਵੀਡੀਓ ਵਟਸਐਪ ਤੇ ਵਾਇਰਲ ਹੋਈ ਸੀ ਜਿਸ ਵਿਚ ਉਹ ਬਚਿਆਂ ਨੂੰ ਚਾਕਲੇਟ ਵੰਡ ਰਹੇ ਸੀ, ਪਰ ਉਸਨੂੰ ਰੂਪ-ਰੇਖਾ ਇਹ ਦੇ ਦਿਤੀ ਗਈ ਕਿ ਉਹ ਬਚੇ ਅਗਵਾਹ ਕਰਨ ਵਾਲੇ ਹਨ। ਇਸੇ ਤਰਾਂ ਮਹਾਂਰਾਸ਼ਟਰ ਵਿਚ 5 ਆਦਮੀਆਂ ਨੂੰ ਕੁਟ-ਕੁਟ ਕੇ ਮਾਰ ਦਿਤਾ ਕਿਉਂਕਿ ਇਕ ਵੀਡੀਓ ਵਿਚ ਉਹਨਾਂ ਨੂੰ ਮਨੁਖੀ ਅੰਗਾਂ ਦਾ ਤਸਕਰ ਦਿਖਾਇਆ ਗਿਆ ਸੀ, ਭੀੜ ਨੇ ਬਿਨ੍ਹਾਂ ਕੁਝ ਸੋਚੇ ਉਹਨਾਂ ਨੂੰ ਮੌਤ ਦੀ ਸਜਾ ਦੇ ਦਿਤੀ। ਇਸੇ ਤਰਾਂ ਜੁਲਾਈ ਵਿਚ ਭੀੜ ਨੇ ਅਸਾਮ ਵਿਚ ਹਮਲਾ ਕੀਤਾ ਪਰ ਫੌਜ ਦੇ ਸਹੀ ਸਮੇਂ ਤੇ ਪਹੰਚ ਜਾਣ ਕਰਕੇ ਉਸ ਇਨਸਾਨ ਦੀ ਜਾਨ ਬਚਾ ਲਈ ਗਈ, ਫਿਰ ਜੂਨ ਵਿਚ 3 ਵਿਅਕਤੀ ਭੀੜ ਦੀ ਵਹਿਸ਼ਤ ਦਾ ਸ਼ਿਕਾਰ ਹੋਏ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਚਲੀ ਜਾ ਰਿਹਾ ਹੈ। ਇਹ ਸਭ ਘਟਨਾਵਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਕ ਵੀ ਅਫਵਾਹ ਸਹੀ ਨਹੀਂ ਸੀ ਅਤੇ ਗ਼ਲਤ ਖ਼ਬਰਾਂ ਦੇ ਅਦਾਨ-ਪ੍ਰਦਾਨ ਨੇ ਕਿੰਨ੍ਹੇ ਲੋਕਾਂ ਦੀ ਜਾਨ ਲੈ ਲਈ। ਧਿਆਨਯੋਗ ਹੈ ਕਿ ਜਿਆਦਾਤਰ ਘਟਨਾਵਾਂ ਪੇਂਡੂ ਇਲਾਕਿਆਂ ਦੀਆਂ ਹਨ ਅਤੇ ਤਕਨੀਕੀ ਮਾਹਰਾਂ ਦਾ ਮੰਨਣਾ ਹੈ ਕਿ ਅਨਪੜ੍ਹਤਾ ਅਤੇ ਅੰਧਵਿਸ਼ਵਾਸ ਇਨ੍ਹਾਂ ਘਟਨਾਵਾਂ ਦਾ ਮੁਖ ਕਾਰਨ ਹਨ ਕਿਉਂਕਿ ਲੋਕ ਸਹੀ ਗ਼ਲਤ ਦੀ ਪਹਿਚਾਣ ਕਰਨ ਦੇ ਯੋਗ ਨਹੀਂ ਹਨ। ਤਕਨੀਕ ਉਹਨਾਂ ਲਈ ਨਵੀਂ ਹੈ ਅਤੇ ਉਹ ਇਸ ਗਲ ਤੋਂ ਅਣਜਾਣ ਹਨ ਕਿ ਤਕਨੀਕ ਦੀ ਗਲਤ ਵਰਤੋਂ ਹੋ ਰਹੀ ਹੈ। ਫਿਲਹਾਲ ਤਕਨੀਕੀ ਤੌਰ ਤੇ ਝੂਠੀਆਂ-ਸਚੀਆਂ ਖਬਰਾਂ ਦਾ ਪਤਾ ਲਗਾਉਣਾ ਸੰਭਵ ਨਹੀਂ ਹੈ ਕਿਉਂਕਿ ਵਟਸਐਪ ਦੇ ਸਾਰੇ ਮੈਸਜਾਂ ਦੀ ਇੰਕ੍ਰਿਪਸ਼ਨ ਕਰ ਦਿਤੀ ਜਾਂਦੀ ਹੈ ਜਿਸ ਕਰਕੇ ਸਿਰਫ਼ ਭੇਜਣ ਅਤੇ ਪ੍ਰਾਪਤ ਕਰਨ ਵਾਲਾ ਵਿਅਕਤੀ ਹੀ ਉਹ ਮੈਸਜ ਪੜ੍ਹ ਸਕਦਾ ਹੈ। ਪਰ ਉਮੀਦ ਹੈ ਕਿ ਜਲਦੀ ਹੀ ਇਸਦਾ ਕੋਈ ਨਾ ਕੋਈ ਹਲ ਜਰੂਰ ਲਭ ਲਿਆ ਜਾਵੇਗਾ।

WRITTEN BY