Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਵੱਲੋਂ ਪੇਂਡੂ ਖੇਤਰਾਂ ’ਚ ਮੁਫ਼ਤ ਸਿਹਤ ਸੇਵਾਵਾਂ

Share this story

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਇਸ ਸੰਸਥਾ ਦਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਚਲਾਉਣ ਅਤੇ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਮਨੁੱਖੀ ਕਲਿਆਣਕਾਰੀ ਖੇਤਰ ਵਿਚ ਵੀ ਅਹਿਮ ਰੁਤਬਾ ਹੈ। ਇਸ ਲਈ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਸੰਗਤੀ ਪ੍ਰਬੰਧ ਦੇ ਮਨੋਰਥ ਨੂੰ ਲੈ ਕੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਸਿੱਖਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵਿਸ਼ਵ-ਵਿਆਪੀ ਸਿੱਖ ਕੌਮ ਦੀ ਪ੍ਰਤੀਨਿਧ ਜਥੇਬੰਦੀ ਦੇ ਰੂਪ ’ਚ ਸਥਾਪਤ ਹੋ ਚੁੱਕੀ ਹੈ। ਸਿੱਖ ਕੌਮ ਦੀ ਇਸ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੂਲ ਉਦੇਸ਼ ਮਿੱਥੇ ਗਏ ਸਨ, ਜਿਨ੍ਹਾਂ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਦੇ ਨਾਲ-ਨਾਲ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ਼ ਕਰਨਾ ਮੁੱਖ ਸੀ। ਇਸ ਦੇ ਨਾਲ ਹੀ ਸਿੱਖ ਕੌਮ ਦੇ ਹੱਕਾਂ ਦੀ ਅਵਾਜ ਬੁਲੰਦ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਨੇ ਅਹਿਮ ਕਦਮ ਉਠਾਏ ਹਨ। ਸ਼੍ਰ੍ਰੋਮਣੀ ਕਮੇਟੀ ਕਿਸੇ ਵੀ ਬਿਪਤਾ ਵੇਲੇ ਨਾ ਕੇਵਲ ਦੁਨੀਆਂ ਭਰ ਦੇ ਸਿੱਖਾਂ ਦੀ ਹੀ ਬਾਂਹ ਫੜਦੀ ਹੈ, ਸਗੋਂ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਜੇਕਰ ਕੋਈ ਕੁਦਰਤੀ ਬਿਪਤਾ ਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਬਿਨਾਂ ਧਰਮ, ਜਾਤ, ਦੇਸ਼ ਜਾਂ ਰੰਗ ਦੇ ਵਿਤਕਰੇ ਤੋਂ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਹੋ ਜਾਂਦੀ ਹੈ। ਪਰ ਕੁਝ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਕਾਰਜ਼ਾਂ ਨੂੰ ਅੱਖੋਂ ਪਰੋਖੇ ਕਰ ਕੇ ਸਿੱਖ ਕੌਮ ਦੀ ਇਸ ਮਹਾਨ ਸੰਸਥਾ ਦਾ ਕੇਵਲ ਵਿਰੋਧ ਕਰਨਾ ਹੀ ਆਪਣਾ ਫਰਜ਼ ਸਮਝਦੇ ਹਨ। ਅਜਿਹੇ ਲੋਕਾਂ ਦਾ ਵਿਰੋਧ ਕੇਵਲ ਸੁਰਖੀਆਂ ਵਿਚ ਰਹਿਣ ਲਈ ਹੀ ਹੁੰਦਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੁਆਰਾ ਕੀਤੇ ਜਾ ਰਹੇ ਕਾਰਜ਼ਾਂ ਨੂੰ ਸੰਗਤਾਂ ਨਾਲ ਸਾਂਝਾ ਕਰਨ ਦਾ ਜਤਨ ਕਰ ਰਿਹਾ ਹਾਂ। ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਪਹਿਲਾਂ ਇਸ ਸੰਸਥਾ ਦੀ ਅਗਵਾਈ ਕੌਮ ਦੀਆਂ ਬਹੁਤ ਮਾਨਮੱਤੀਆਂ ਸਖ਼ਸ਼ੀਅਤਾਂ ਨੇ ਸਮੇਂ-ਸਮੇਂ ਕੀਤੀ ਹੈ। ਇਕ ਸਦੀ ਦਾ ਸਮਾਂ ਪੂਰਾ ਕਰਨ ਵਾਲੀ ਇਸ ਸੰਸਥਾ ਦੀ ਸੇਵਾ ਸਭ ਤੋਂ ਵੱਧ ਸਮਾਂ ਪੰਥ ਰਤਨ ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸੇਵਾ ਰਤਨ ਪ੍ਰਾਪਤ ਕਰਨ ਵਾਲੇ ਜਥੇਦਾਰ ਅਵਤਾਰ ਸਿੰਘ ਨੇ ਕੀਤੀ ਹੈ। ਇਨ੍ਹਾਂ ਦੇ ਸਮੇਂ ਬਹੁਤ ਮਹੱਤਵਪੂਰਨ ਕਾਰਜ਼ ਹੋਏ ਹਨ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਨਣ ਉਪਰੰਤ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਤਰਜੀਹੀ ਤੌਰ ’ਤੇ ਕਰਨ ਦਾ ਫੈਸਲਾ ਲਿਆ ਗਿਆ। ਗੁਰੂ ਸਾਹਿਬ ਜੀ ਦੇ ਸਿਧਾਂਤਾਂ ਦੀ ਗੱਲ ਘਰ-ਘਰ ਤੱਕ ਪਹੁੰਚਾਉਣ ਲਈ ਧਰਮ ਪ੍ਰਚਾਰ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਪ੍ਰੋਗਰਾਮ ਉਲੀਕੇ ਗਏ। ਭਾਈ ਲੌਂਗੋਵਾਲ ਵੱਲੋਂ ਟੀਚਾ ਮਿਥਿਆ ਗਿਆ ਕਿ ਇਸ ਸਾਲ ਇਕ ਲੱਖ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਨਾਉਣਾ ਹੈ। ਇਸ ਪ੍ਰਤੀ ਹੁਣ ਤੱਕ ਕੀਤੇ ਕਾਰਜ਼ ਦੇ ਨਤੀਜੇ ਤਸੱਲੀਬਖ਼ਸ਼ ਸਾਹਮਣੇ ਆਏ ਹਨ।
ਪੰਜਾਬ ਵਿਚ ਨਸ਼ਿਆਂ ਦੀ ਵੱਡੀ ਹਨੇਰੀ ਝੁੱਲ ਰਹੀ ਹੈ, ਬਹੁਤੇ ਪਰਿਵਾਰ ਇਸ ਨਾਲ ਝੰਬੇ ਪਏ ਹਨ। ਅਜਿਹੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹਰ ਜਤਨ ਕਰ ਰਹੀ ਹੈ। ਇਨ੍ਹਾਂ ਜਤਨਾਂ ਸਦਕਾ ਹੀ ਬਹੁਤ ਸਾਰੇ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਅੰਮ੍ਰਿਤ ਛੱਕ ਕੇ ਜੀਵਨ ਸਫਲ ਕਰਨ ਦਾ ਮਾਰਗ ਚੁਣਿਆ ਹੈ। ਪੰਜਾਬ ਦੇ ਤਿੰਨ ਜੋਨ ਮਾਝਾ, ਮਾਲਵਾ ਤੇ ਦੁਆਬਾ ਦੇ ਨਾਲ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਰਾਹੀਂ ਅੰਮ੍ਰਿਤ ਸੰਚਾਰ ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਧਰਮ ਪ੍ਰਚਾਰ ਕਮੇਟੀ ਵੱਲੋਂ ਅਰੰਭੀ ਇਸ ਲਹਿਰ ਤਹਿਤ ਜਨਵਰੀ 2018 ਤੋਂ ਲੈ ਕੇ ਸਤੰਬਰ 2018 ਤੱਕ 70 ਹਜ਼ਾਰ ਦੇ ਕਰੀਬ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ ਹੈ। ਮਾਲਵਾ ਜੋਨ ਵਿਚ ਹੋਏ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 21500 ਪ੍ਰਾਣੀ ਗੁਰੂ ਵਾਲੇ ਬਣੇ। ਇਸੇ ਤਰ੍ਹਾਂ ਮਾਝਾ ਜੋਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਵੱਖ-ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਸਮੇਤ ਇਸ ਖੇਤਰ ਦੇ ਵੱਖ-ਵੱਖ ਥਾਵਾਂ ’ਤੇ ਹੋਏ ਅੰਮ੍ਰਿਤ ਸੰਚਾਰ ਸਮਾਗਮਾਂ ਵਿਚ ਅੰਮ੍ਰਿਤ ਛਕਣ ਵਾਲਿਆਂ ਦੀ ਕੁਲ ਗਿਣਤੀ 31000 ਤੋਂ ਵੱਧ ਹੈ। ਇਸੇ ਤਰ੍ਹਾਂ ਦੁਆਬਾ ਜੋਨ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਖੇਤਰ ਵਿਚ ਵੱਖ-ਵੱਖ ਥਾਵਾਂ ’ਤੇ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 15315 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਚੱਲਦੇ ਸਿੱਖ ਮਿਸ਼ਨਾਂ ਵੱਲੋਂ 2500 ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਇਆ ਜਾ ਚੁੱਕਾ ਹੈ। ਸਰਹੱਦੀ ਖੇਤਰ ਵਿਚ ਬਹੁਤ ਸਾਰੇ ਅਜਿਹੇ ਪਿੰਡ ਹਨ ਜਿਨ੍ਹਾਂ ਤੱਕ ਮੁੱਢਲੀਆਂ ਸਹੂਲਤਾਂ ਵੀ ਨਹੀਂ ਪਹੁੰਚਦੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮੁਸ਼ਕਲ ਨੂੰ ਸਮਝਦਿਆਂ ਸਰਹੱਦੀ ਖੇਤਰ ਵਿਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁੱਢਲੀਆਂ ਮੈਡੀਕਲ ਸਹੂਲਤਾਂ ਦੇਣ ਲਈ ਵੱਖ-ਵੱਖ ਖੇਤਰਾਂ ਵਿਚ ਮੈਡੀਕਲ ਟੀਮਾਂ ਭੇਜਣ ਦਾ ਫੈਸਲਾ ਕੀਤਾ। ਇਹ ਮੈਡੀਕਲ ਟੀਮਾਂ ਵਿਚ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਦੇ ਨਾਲ ਲੋਕਾਂ ਦੇ ਮੁੱਢਲੇ ਟੈਸਟ ਕਰਨ ਅਤੇ ਮੁਫਤ ਦਵਾਈਆਂ ਦੇਣ ਦਾ ਵੀ ਪ੍ਰਬੰਧ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ 78 ਹਲਕਿਆਂ ਦੇ 300 ਦੇ ਕਰੀਬ ਪਿੰਡਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਹੁਣ ਤੱਕ 35 ਹਜਾਰ ਤੋਂ ਵੱਧ ਲੋਕ ਇਸ ਤੋਂ ਲਾਭ ਉਠਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਇਸ ਕਾਰਜ਼ ਦੀ ਚਾਰੇ ਪਾਸੇ ਪ੍ਰਸੰਸਾ ਹੋ ਰਹੀ ਹੈ। ਇਸ ਦੇ ਨਾਲ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਡਿਸਪੈਂਸਰੀਆਂ ਚਲ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਜਿਥੇ ਪਹਿਲਾਂ ਫ੍ਰੀ ਬੱਸਾਂ ਚਲਾਈਆਂ ਜਾ ਰਹੀਆਂ ਸਨ ਉਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਤੇ 5 ਹੋਰ ਨਵੀਆਂ ਬੱਸਾਂ ਇਸ ਕਾਰਜ਼ ਲਈ ਖਰੀਦੀਆਂ ਗਈਆਂ ਹਨ। ਰੇਲਵੇ ਸ਼ਟੇਸ਼ਨ ਤੇ ਬਸ ਸਟੈਂਡ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਫ੍ਰੀ ਬੱਸ ਸੇਵਾ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਏਅਰਪੋਰਟ ਤੋਂ ਵੀ ਸੰਗਤਾਂ ਨੂੰ ਫ੍ਰੀ ਲਿਆਉਣ ਅਤੇ ਛੱਡਣ ਲਈ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਮੁਫਤ ਨੇੜਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਸੰਗਤਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫਤਾਂ ਸਮੇਂ ਮਨੁੱਖਤਾ ਦੀ ਸੇਵਾ ਕਰਕੇ ਸਿੱਖ ਕੌਮ ਦੀ ਪਹਿਚਾਣ ਦੁਨੀਆਂ ਵਿਚ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਭਿਆਨਕ ਬਿਮਾਰੀ ਕੈਂਸਰ ਦੇ ਮਰੀਜਾਂ ਨੂੰ ਹੁਣ ਤਕ ਕਰੋੜਾਂ ਰੁਪਏ ਦੀ ਸਹਾਇਤਾ ਕੀਤੀ ਗਈ ਹੈ। ਇਸੇ ਤਰ੍ਹਾਂ ਧਰਮੀ ਫੌਜੀਆਂ, ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਨੂੰ ਵੀ ਸਮੇਂ-ਸਮੇਂ ਸਹਾਇਤਾ ਕੀਤੀ ਗਈ ਹੈ। ਲੋੜਵੰਦ ਗਰੀਬ ਬੱਚਿਆਂ ਦੀਆਂ ਫੀਸਾਂ ਲਈ ਵੀ ਸਹਾਇਤਾ ਦਿੱਤੀ ਗਈ ਹੈ। ਇਸੇ ਤਰ੍ਹਾਂ ਅਨੇਕਾਂ ਹੋਰ ਕਾਰਜ ਹਨ ਜੋ ਸ਼੍ਰੋਮਣੀ ਕਮੇਟੀ ਆਪਣੀ ਜੁੰਮੇਵਾਰੀ ਸਮਝ ਕੇ ਕਰਦੀ ਆ ਰਹੀ ਹੈ। ਪਰ ਕੁਝ ਲੋਕ ਕੇਵਲ ਸੁਰਖੀਆਂ ਲਈ ਹਰ ਕੰਮ ਵਿਚ ਕਮੀ ਹੀ ਭਾਲਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਕੁਝ ਕੁ ਸਿੱਖਾਂ ਦੁਆਰਾ ਹੀ ਇਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਕਦਾਚਿਤ ਵੀ ਉਚਿਤ ਨਹੀਂ। ਇਸ ਲਈ ਆਓ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ਼ਾਂ ਵਿਚ ਸਹਿਯੋਗੀ ਬਣੀਏ ਤਾਂ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਸਿਧਾਂਤਾਂ ਦੀ ਗਲ ਘਰ-ਘਰ ਪਹੁੰਚਾ ਸਕੀਏ।

WRITTEN BY