ਜਿਸ ਇਨਸਾਨ ਵਿੱਚ ਨਿਮਰਤਾ, ਹਲੀਮੀ ਅਤੇ ਨੇਕ ਦਿਲੀ ਦਾ ਵਾਸਾ ਹੋਵੇ ਉਹ ਸਹਿਜੇ ਹੀ ਦੂਸਰਿਆ ਦੇ ਦਿਲ ਅੰਦਰ ਅਪਣੀ ਥਾਂ ਬਣਾ ਲੈਂਦਾ ਹੈ ਅਤੇ ਜਿਸ ਵਿਅਕਤੀ ਦੀ ਹੋਂਦ ਨਾਲ ਸਾਨੂੰ ਹਜਾਰਾਂ ਫੁੱਲਾਂ ਦੀ ਖੁਸ਼ਬੋ ਮਹਿਸੂਸ ਹੋਵੇ ਉਸ ਨੇਕ ਰੂਹ ਦੇ ਮਾਲਕ ਦੁਨੀਆਂ ਤੇ ਵਿਰਲੇ ਹੀ ਇਨਸਾਨ ਪੈਦਾ ਹੁੰਦੇ ਹਨ।ਇਸ ਤਰਾਂ ਦੀ ਸ਼ਖਸੀਅਤ ਦੇ ਧਾਰਨੀ ਸਨ ਰਿਟਾ. ਇੰਸਪੈਕਟਰ ਸਰਦਾਰ ਜੰਗੀਰ ਸਿੰਘ ਜੰਜੂਆ। ਸਰਦਾਰ ਜੰਗੀਰ ਸਿੰਘ ਦਾ ਜਨਮ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਸੁਰੈਣ ਸਿੰਘ ਦੇ ਗ੍ਰਹਿ ਵਿਖੇ ਸੰਨ 1937 ਵਿੱਚ ਪਿੰਡ ਸ਼ੋਗੀਏ ਜਿਲਾ ਸਿਆਲਕੋਟ (ਅੱਜ ਕੱਲ ਪਾਕਿਸਤਾਨ) ਵਿੱਚ ਹੋਇਆ। ਭਾਰਤ ਪਕਿਸਤਾਨ ਦੀ ਵੰਡ ਦੇ ਦਰਦ ਦੀ ਪੀੜ ਨੂੰ ਅਪਣੇ ਪਿੰਡੇ ਹੰਡਾਉਂਦਿਆਂ ਸਰਦਾਰ ਜੰਗੀਰ ਸਿੰਘ ਦੇ ਪਿਤਾ ਸੁਰੈਣ ਸਿੰਘ ਜੀ ਨੇ ਭਾਰਤ ਵਿੱਚ ਗੁਰਦਾਸਪੁਰ ਦੇ ਪਿੰਡ ਵਜੀਰਪੁਰ ਵਿੱਚ ਅਪਣਾ ਰਹਿਣ ਬਸੇਰਾ ਬਣਾ ਲਿਆ। ਦੋ ਭਰਾ ਅਤੇ ਇੱਕ ਭੈਣ ਵਿੱਚੋਂ ਜੰਗੀਰ ਸਿੰਘ ਨੇ ਪੰਜਵੀਂ ਕਲਾਸ ਦਰਾਂਗਲਾ (ਗੁਰਦਾਸਪੁਰ) ਅਤੇ ਦਸਵੀਂ ਜਮਾਤ ਸੁਲਤਾਨੀ (ਗੁਰਦਾਸਪੁਰ) ਦੇ ਹਾਈ ਸਕੂਲ ਵਿੱਚੋਂ ਪਾਸ ਕੀਤੀ। ਮਾਰਚ 1967 ਨੂੰ ਸਰਦਾਰ ਜੰਗੀਰ ਸਿੰਘ ਦਾ ਵਿਆਹ ਨੀਵਾਂ ਧਕਾਲਾ (ਗੁਰਦਾਸਪੁਰ) ਨਿਵਾਸੀ ਬਾਵਾ ਸਿੰਘ ਦੀ ਸਪੁੱਤਰੀ ਸ਼੍ਰੀ ਮਤੀ ਸੁਰਿੰਦਰ ਕੌਰ ਨਾਲ ਹੋਇਆ। ਵਿਆਹ ਤੋਂ ਮਗਰੋਂ ਸ੍ਰ ਜੰਗੀਰ ਸਿੰਘ ਨੂੰ ਬੀ.ਡੀ.ਪੀ.ਓ ਦਫਤਰ ਦੇ ਕਰਮਚਾਰੀ ਦੀ ਨੌਕਰੀ ਮਿਲ ਗਈ।
ਖੇਤੀਬਾੜੀ ਯੂਨੀਵਰਸਿਟੀ ਤੋਂ ਸ੍ਰ ਜੰਗੀਰ ਸਿੰਘ ਨੇ ਡਿਪਲੋਮਾ ਕਰ ਲਿਆ ਉਪਰੰਤ ਸੰਨ 1971 ਵਿੱਚ ਖੇਤੀਬਾੜੀ ਅਦਾਰੇ ਨੇ ਸ੍ਰ ਜੰਗੀਰ ਸਿੰਘ ਦੀ ਜਿੰਮੇਵਾਰੀ ਬੁਢਲਾਡਾ ਬਲਾਕ ਲਗਾ ਦਿੱਤੀ ਅਤੇ ਸ੍ਰ ਜੰਗੀਰ ਸਿੰਘ ਨੇ ਅਪਣੇ ਰਹਿਣ ਬਸੇਰਾ ਬੋਹਾ ਨਗਰ ਨੂੰ ਚੁਣਿਆ। ਅਪਣੀ ਨੌਕਰੀ ਨੂੰ ਨੌਕਰੀ ਜਾਣਕੇ ਨਹੀ ਅਪਣਾ ਫਰਜ ਸਮਝਦਿਆਂ ਇਮਾਨਦਾਰੀ ਨਾਲ ਕੰਮ ਕਰਦਿਆਂ ਫਰਵਰੀ 1997 ਨੂੰ ਸ਼ਾਨਾਮੱਤੀ ਰਿਟਾਇਡਮੈਂਟ ਪ੍ਰਾਪਤ ਕੀਤੀ। ਘਰ ਦੋ ਧੀਆਂ ਬਲਜਿੰਦਰ ਕੌਰ, ਰਾਜਵਿੰਦਰ ਕੌਰ ਅਤੇ ਦੋ ਸਪੁੱਤਰ ਕੁਲਵਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਨੇ ਜਨਮ ਲਿਆ। ਪਰਿਵਾਰ ਵਿੱਚ ਚੰਗੇ ਸੰਸਕਾਰ ਉਚ ਨੈਤਿਕਤਾ ਪ੍ਰਾਪਤ ਕਰਦਿਆਂ ਧੀਆਂ ਸਹੁਰੇ ਘਰ ਚੰਗਾ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਸਪੁੱਤਰ ਕੁਲਵਿੰਦਰ ਸਿੰਘ ਪੀ.ਡਬਲਿਉ.ਡੀ ਮਹਿਕਮੇ ਵਿੱਚ ਠੇਕੀਦਾਰੀ ਸਿਸਟਮ ਵਿੱਚ ਕਾਰਜ ਕਰ ਰਿਹਾ ਹੈ ਅਤੇ ਅਰਵਿੰਦਰ ਸਿੰਘ ਰਾਣਾ ਅੱਜ ਕੱਲ ਹੌਲੈਂਡ ਦਾ ਨਿਵਾਸੀ ਬਣ ਗਿਆ ਹੈ। ਸ੍ਰ ਜੰਗੀਰ ਸਿੰਘ ਦੇ ਸਪੁੱਤਰ ਅਪਣੇ ਪਿਤਾ ਜੀ ਦੀ ਸਮਾਜ ਵਿੱਚ ਚੰਗੀ ਦਿੱਖ ਨੂੰ ਕਇਮ ਰੱਖਣ ਲਈ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਨੇਕ ਬੋਲ ਬਾਣੀ ਨਾਲ ਸਮਾਜ ਵਿੱਚ ਚੰਗਾ ਰਾਬਤਾ ਬਣਾ ਰਹੇ ਹਨ।
ਸ੍ਰ ਜੰਗੀਰ ਸਿੰਘ ਨੇ ਕੁਦਰਤ ਵੱਲੋਂ ਸਾਜੇ ਜਗਤ ਪਸਾਰੇ ਵਿੱਚ ਇੱਕ ਪ੍ਰਾਣੀ ਦੀ ਭੂਮਿਕਾ ਨਿਭਾਉਂਦਿਆਂ ਕਿਸੇ ਵੀ ਵਿਅਕਤੀ ਦਾ ਦਿਲ ਨਹੀ ਦੁਖਾਇਆ। ਨਿਮਰਤਾ ਹਲੀਮੀ ਦਾ ਇੱਕ ਬਹੁਤ ਵੱਡਾ ਗੁਣ ਸੀ ਕਿ ਜੇਕਰ ਕੋਈ ਬੱਚਾ, ਨੌਜਵਾਨ ਜਾ ਬਜੁੱਰਗ ਘਰ ਜਾ ਰਸਤੇ ਵਿੱਚ ਉਹਨਾਂ ਨੂੰ ਮਿਲਦਾ ਸੀ ਤਾਂ ਸ੍ਰ ਜੰਗੀਰ ਸਿੰਘ ਜੀ ਦਾ ਫੁੱਲਾਂ ਵਾਂਗ ਖਿੜਿਆ ਹੱਸਦਾ ਚਿਹਰਾ ਵੇਖਕੇ ਮਿਲਣ ਵਾਲਾ ਅਪਣੇ ਸਾਰੇ ਦੁੱਖ ਭੁੱਲ ਜਾਂਦਾ ਸੀ।
ਨੌਕਰੀ ਦੌਰਾਨ ਸ੍ਰ ਜੰਗੀਰ ਸਿੰਘ ਅਪਣੀ ਅਣਥੱਕ ਮਿਹਨਤ ਸਦਕਾ ਬੋਹਾ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਪਿਆਰ ਸਤਿਕਾਰ ਦਾ ਪਾਤਰ ਬਣਿਆ।
ਬੋਹਾ ਨਗਰ ਵਿੱਚ ਸਥਿੱਤ ਖੇਤੀਬਾੜੀ ਦਫਤਰ ਨੂੰ ਕਦੋਂ ਦਾ ਸਰਕਾਰ ਨੇ ਜਿੰਦਰਾ ਲਗਾ ਦੇਣਾ ਸੀ ਪਰ ਸ੍ਰ ਜੰਗੀਰ ਸਿੰਘ ਜਿੰਨਾ ਸਮਾਂ ਮਹਿਕਮੇ ਵਿੱਚ ਰਹੇ ਬੋਹਾ ਵਿੱਚੋਂ ਦਫਤਰ ਚੁੱਕਣ ਨਹੀ ਦਿੱਤਾ ਅਤੇ 1997 ਵਿੱਚ ਸ੍ਰ ਜੰਗੀਰ ਸਿੰਘ ਦੇ ਰਿਟਾਇਡ ਹੋਣ ਨਾਲ ਖੇਤੀਬਾੜੀ ਮਹਿਕਮੇ ਨੇ ਇਥੇ ਸਥਿੱਤ ਦਫਤਰ ਬੋਹਾ ਵਿੱਚੋਂ ਚੱਕ ਦਿੱਤਾ ਗਿਆ ਅਤੇ ਬੋਹਾ ਖੇਤਰ ਨੂੰ ਇਸ ਦਾ ਬਹੁਤ ਵੱਡਾ ਘਾਟਾ ਪਿਆ। ਵੱਗਦੇ ਪਾਣੀਆਂ ਦੀ ਸਵੱਛਤਾ ਵਰਗਾ ਸੱਚੇ ਸੁੱਚੇ ਕਿਰਤੀ ਇੰਨਸਾਨ ਦਾ ਜੀਵਨ ਸਾਡੇ ਚੇਤੇਆਂ ਵਿੱਚ ਸਦਾ ਵੱਸਦਾ ਰਹੇਗਾ।
ਅਪਣੇ ਭਰੇ ਪਰਿਵਾਰ ਵਿੱਚ ਹੱਸਦਿਆਂ ਖੇਡਦਿਆਂ ਸ੍ਰ ਜੰਗੀਰ ਸਿੰਘ ਜੀ 18.09.2018 ਦੀ ਸ਼ਾਮ ਨੂੰ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਏ।
ਸ੍ਰ ਜੰਗੀਰ ਸਿੰਘ ਦੀ ਆਤਮਿੱਕ ਸ਼ਾਤੀ ਲਈ ਪਰਿਵਾਰ ਦੇ ਮੈਂਬਰ, ਸਾਕ ਸਬੰਧੀ ਰਿਸਤੇਦਾਰ, ਦੋਸਤ ਮਿੱਤਰ ਵਹਿਗੁਰੂ ਸੱਚੇ ਪਾਤਸ਼ਾਹ ਅੱਗੇ ਇਹੋ ਅਰਦਾਸ ਕਰਦੇ ਹਨ ਕਿ ਇਸ ਨੇਕ ਰੂਹ ਨੂੰ ਅਪਣੇ ਚਰਨਾਂ ਵਿੱਚ ਸਦਾ ਹੀ ਨਿਵਾਸ ਬਖਸ਼ੇ ਜੀ।
ਸੰਤੋਖ ਸਾਗਰ ਬੋਹਾ
ਵਿਸ਼ੇਸ਼ ਰਿਪੋਟਰ ‘ਪੰਜਾਬ ਟਾਇਮਜ਼’ ਬੋਹਾ (ਮਾਨਸਾ) ਸੰਪਰਕ : 98726-87380