ਸੰਗਰੂਰ- ਜਦੋਂ ਵੀ ਤਕਨੀਕੀ ਸਿਖਿਆ ਦੀ ਗੱਲ ਤੁਰਿਆ ਕਰੇਗੀ ਤਾਂ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸੰਗਰੂਰ ਦਾ ਭਰਭੂਰ ਜ਼ਿਕਰ ਹੁੰਦਿਆਂ ਹੀ ਇਸਦੇ ਸੰਸਥਾਪਕ ਸ੍ਰ. ਹਾਕਮ ਸਿੰਘ ਜਵੰਧਾ ਦਾ ਨਾਂ ਵੀ ਸਲਾਹੁਣਯੋਗ ਸਖਸ਼ੀਅਤਾਂ ਵਿੱਚ ਗਿਣਨਯੋਗ ਹੋਵੇਗਾ। ਅੱਜ ਅਸੀਂ ਜਦੋਂ ਵੀ ਸ. ਹਾਕਮ ਸਿੰਘ ਜਵੰਧਾ ਦੀ ਗੱਲ ਕਰਦੇ ਹੋਏ ਉਨ੍ਹਾਂ ਦੇ ਨਾਂ ਨਾਲ ‘ਹੈ’ ਦੀ ਬਿਜਾਏ ‘ਸੀ’ ਜਾਂ ‘ਸਨ’ ਲਿਖਦੇ ਹਾਂ ਤਾਂ ਦਿਲ ਵਿੱਚ ਇੱਕ ਵਾਰ ਤਾਂ ਝਰੀਟ ਜਿਹੀ ਪੈ ਜਾਂਦੀ ਹੈ। ਸ. ਹਾਕਮ ਸਿੰਘ ਜਵੰਧਾ ਦੀ ਖੁਸ਼ਗਵਾਰ ਜ਼ਿੰਦਗੀ ’ਤੇ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਜ਼ਿੰਦਗੀ ਵਿੱਚ ਕੀਤੇ ਸਖਤ ਸੰਘਰਸ਼ ਦੀ ਬਦੌਲਤ ਸਮਾਜ ਦੀ ਸੇਵਾ ਲਈ ਕੀਤੇ ਉਪਰਾਲਿਆਂ ਸਦਕਾ ਨਾਂ ਕਮਾ ਕੇ ਇੱਕ ਵੱਡਾ ਰੁਤਬਾ ਹਾਸਲ ਕੀਤਾ ਸੀ। ਸ. ਹਾਕਮ ਸਿੰਘ ਜਵੰਧਾ ਦਾ ਜਨਮ ਧੂਰੀ ਸਬ ਡਵੀਜਨ ਦੇ ਸਭ ਤੋਂ ਵੱਡੇ ਪਿੰਡ ਭਸੌੜ ਵਿਖੇ ਮਾਤਾ ਸ਼੍ਰੀਮਤੀ ਜੰਗੀਰ ਕੌਰ ਜੀ ਦੀ ਸੁਲੱਖਣੀ ਕੁੱਖੋਂ ਅਤੇ ਪਿਤਾ ਸ. ਅਮਰ ਸਿੰਘ ਜਵੰਧਾ ਜੀ ਦੇ ਘਰ ਇੱਕ ਜਨਵਰੀ 1951 ਨੂੰ ਹੋਇਆ। ਸ. ਅਮਰ ਸਿੰਘ ਜਵੰਧਾ 32 ਸਾਲ ਭਸੌੜ ਪਿੰਡ ਦੇ ਸਰਪੰਚ ਰਹੇ ਅਤੇ ਜੀਵਨ ਭਰ ਉਹ ਲੋਕ ਸੇਵਾ ਲਈ ਅਰਪਿਤ ਰਹੇ। ਸ. ਹਾਕਮ ਸਿੰਘ ਜਵੰਧਾ ਨੇ ਮੁੱਢਲੀ ਪੜ੍ਹਾਈ ਸਰਕਾਰੀ ਸਕੂਲ ਭਸੌੜ ਤੋਂ ਪ੍ਰਾਪਤ ਕਰਕੇ ਬੀ.ਏ. ਦੀ ਡਿਗਰੀ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਪ੍ਰਾਪਤ ਕੀਤੀ ਸੀ। ਬੀ.ਏ. ਕਰਨ ਦੌਰਾਨ ਉਹ ਚਾਰ ਸਾਲ ਵਿਦਿਆਰਥੀ ਯੂਨੀਅਨ ਦੇ ਸਕੱਤਰ ਵੀ ਰਹੇ। 1978 ਵਿੱਚ ਉਨ੍ਹਾਂ ਨੇ ਉਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੇ ਕਾਲਜ ‘ਬਰੇਲੀ ਕਾਲਜ ਬਰੇਲੀ’ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ। ਲਾਅ ਦੀ ਡਿਗਰੀ ਹਾਸਲ ਕਰਦਿਆਂ ਹੀ ਉਨ੍ਹਾਂ ਨੇ ਸੰਗਰੂਰ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਸੀਨੀਅਰ ਐਡਵੋਕੇਟ ਸ. ਪਵਿੱਤਰ ਸਿੰਘ ਗਰੇਵਾਲ ਨਾਲ ਰਹਿਕੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਪਿਤਾ ਜੀ ਤੋਂ ਸਿਆਸਤ ਦੀਆਂ ਸਿੱਖੀਆਂ ਬਰੀਕੀਆਂ ਸਦਕਾ 1979 ਵਿੱਚ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਚੁਣੇ ਗਏ। 1984 ਵਿੱਚ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਅਤੇ ਸੰਨ 2000 ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ। ਵਕਾਲਤ ਦੇ ਪੇਸ਼ੇ ਦੇ ਨਾਲ-ਨਾਲ ਉਨ੍ਹਾਂ ਦੇ ਦਿਲ ਵਿੱਚ ਇਸ ਗੱਲ ਦੀ ਖਿੱਚ ਜਰੂਰ ਰਹਿੰਦੀ ਸੀ ਕਿ ਉਹ ਵੀ ਵਿੱਦਿਆ ਦੇ ਖੇਤਰ ਲਈ ਕੁੱਝ ਕਰਨ ਅਤੇ ਮਾਲਵੇ ਦੇ ਇਲਾਕੇ ਉਪਰ ਪੜ੍ਹਾਈ ਪੱਖੋਂ ਪੱਛੜੇ ਹੋਣ ਦਾ ਦਾਗ਼ ਜਰੂਰ ਲਾਹ ਸਕਣ। ਬੱਸ ਫੇਰ ਕੀ ਸੀ ਉਨ੍ਹਾਂ ਨੇ ਆਪਣੇ ਕੁੱਝ ਸਾਥੀਆਂ ਨਾਲ ਮਿਲਕੇ ਭਾਈ ਗੁਰਦਾਸ ਐਜੂਕੇਸ਼ਨਲ ਟਰੱਸਟ ਦੀ ਸਥਾਪਨਾ ਕੀਤੀ ਅਤੇ ਇਸ ਟਰੱਸਟ ਦੇ ਉਹ ਚੇਅਰਮੈਨ ਸਨ। 1999 ਵਿੱਚ ਸ. ਜਵੰਧਾ ਵੱਲੋਂ ਮੈਨੇਜਮੈਂਟ ਕਾਲਜ ਦੀ ਛੋਟੀ ਜਿਹੀ ਸ਼ੁਰੂਆਤ ਨੂੰ ਲੈ ਕੇ ਮਾਰਿਆ ਹੰਭਲਾ ਏਨਾ ਜਬਰਦਸਤ ਸੀ ਕਿ ਚੱਲ ਸੋ ਚੱਲ ਸਿਰਫ ਡੇਢ ਦਹਾਕੇ ਦੇ ਸਮੇਂ ਦੌਰਾਨ ਅੱਧੀ ਦਰਜਨ ਤੋਂ ਵੱਧ ਕਾਲਜਾਂ ਦਾ ਵੱਡਾ ਸਮੂਹ ਸ. ਜਵੰਧਾ ਦੀ ਸਖਤ ਮਿਹਨਤ ਦੀ ਨਿਸ਼ਾਨੀ ਹੀ ਹੈ। ਅੱਜ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਦੇਖ ਰੇਖ ਹੇਠ ਇੰਜਨੀਅਰਿੰਗ ਕਾਲਜ, ਲਾਅ ਕਾਲਜ, ਪੋਲੀਟੈਕਨਿਕ ਕਾਲਜ, ਨਰਸਿੰਗ ਕਾਲਜ, ਐਜੂਕੇਸ਼ਨ ਕਾਲਜ ਅਤੇ ਡਿਗਰੀ ਕਾਲਜ ਸਫਲਤਾ ਪੂਰਬਕ ਚੱਲ ਰਹੇ ਹਨ। ਸ. ਹਾਕਮ ਸਿੰਘ ਜਵੰਧਾ ਨੇ ਆਪਣੇ ਹੋਣਹਾਰ ਪੁੱਤਰ ਡਾ. ਗੁਨਿੰਦਰਜੀਤ ਸਿੰਘ ਜਵੰਧਾ ਅਤੇ ਨੂੰਹ ਡਾ. ਸਵਰੀਤ ਕੌਰ ਜਵੰਧਾ ਨੂੰ ਵੀ ਵਿੱਦਿਆ ਦੇ ਖੇਤਰ ਵਿੱਚ ਵਿੱਦਿਆ ਦਾ ਚਾਨਣ ਵੰਡਣ ਲਈ ਅਜਿਹੀ ਗੂੜ੍ਹਤੀ ਦਿੱਤੀ ਹੈ ਕਿ ਉਨ੍ਹਾਂ ਨੇ ਵੀ ਆਪਣੇ ਪਿਤਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਗਰੁੱਪ ਦੇ ਕਾਲਜਾਂ ਦਾ ਨਾਂ ਮੋਹਰੀ ਹੋਣ ਵਿੱਚ ਮਦਦ ਕੀਤੀ ਹੈ। ਸ. ਹਾਕਮ ਸਿੰਘ ਜਵੰਧਾ ਦੀ ਧਰਮ ਪਤਨੀ ਬੀਬੀ ਬਲਜਿੰਦਰ ਕੌਰ ਜਵੰਧਾ ਜੋ ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਰਹਿ ਚੁੱਕੇ ਹਨ। ਉਹ ਹਮੇਸ਼ਾ ਹੀ ਗਰੀਬਾਂ ਅਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਦੇ ਰਹਿੰਦੇ ਹਨ। ਸ. ਹਾਕਮ ਸਿੰਘ ਜਵੰਧਾ ਬਹੁਤ ਹੀ ਨਿੱਘੀ ਅਤੇ ਮਿੱਠ-ਬੋਲੜੀ ਸਖਸ਼ੀਅਤ ਦੇ ਮਾਲਕ ਸਨ। ਉਹ ਹਰ ਕਿਸੇ ਅਣਜਾਣ ਵਿਅਕਤੀ ਨੂੰ ਵੀ ਪਲਾਂ ਵਿੱਚ ਹੀ ਆਪਣਾ ਬਣਾ ਲੈਂਦੇ ਸਨ। ਉਹ ਬੇਦਾਗ਼ ਅਤੇ ਇਮਾਨਦਾਰ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਸਨ। ਉਹ ਗਰੀਬ ਵਿਦਿਆਰਥੀਆਂ ਦੀ ਆਰਥਿਕ ਮਦਦ ਅਤੇ ਮੁਫਤ ਵਿਦਿਆ ਦੇਣ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਸਨ। ਸ. ਹਾਕਮ ਸਿੰਘ ਜਵੰਧਾ ਅੱਤ ਦੇ ਰੁਝੇਵਿਆਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਵੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ (ਪੀ.ਏ.ਯੂ.) ਦੇ ਬੋਰਡ ਆਫ਼ ਸਟੱਡੀਜ ਦੇ ਮੈਂਬਰ, ਦੇਸ਼ ਭਗਤ ਕਾਲਜ ਬਰੜ੍ਹਵਾਲ ਦੇ ਟਰੱਸਟੀ ਹੋਣ ਤੋਂ ਇਲਾਵਾ ਅਨੇਕਾਂ ਹੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਸਨ। ਬੇਸ਼ੱਕ ਉਹ ਤਕਨੀਕੀ ਸਿੱਖਿਆ ਦੇ ਵੱਡੇ ਸਮੂਹ ਦੀ ਕਾਮਯਾਬੀ ਲਈ ਦਿਨ-ਰਾਤ ਮਿਹਨਤ ਕਰਦੇ ਸਨ ਪਰੰਤੂ ਫੇਰ ਵੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਚੋਣ ਨੂੰ ਪ੍ਰਭਾਵਿਤ ਕਰਨ ਵਿੱਚ ਉਹ ਹਮੇਸ਼ਾ ਹੀ ਕਾਮਯਾਬ ਰਹਿੰਦੇ ਸਨ, ਕਿਉਂਕਿ ਕੋਈ ਵੀ ਧੜਾ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਅਸ਼ੀਰਵਾਦ ਦੀ ਤਾਕ ਵਿੱਚ ਰਹਿੰਦਾ ਸੀ। ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੀ ਉਨ੍ਹਾਂ ਨੇ ਕਦੇ ਵੀ ਖੁੱਲ ਕੇ ਹਮਾਇਤ ਨਹੀਂ ਕੀਤੀ ਸੀ ਪਰੰਤੂ ਫੇਰ ਵੀ ਸਿਆਸੀ ਪਾਰਟੀਆਂ ਦੇ ਵੱਡੇ ਤੋਂ ਵੱਡਾ ਨੇਤਾ ਵੀ ਅਕਸਰ ਹੀ ਉਨ੍ਹਾਂ ਦੀ ਹਾਜ਼ਰੀ ਭਰਦੇ ਸਨ। ਸਿਰਫ ਏਨਾ ਹੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਵਿੱਚ ਉਨ੍ਹਾਂ ਦਾ ਗੂੜਾ ਸਤਿਕਾਰ ਕੀਤਾ ਜਾਂਦਾ ਸੀ। ਸ. ਹਾਕਮ ਸਿੰਘ ਜਵੰਧਾ ਨੇ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਥਾਪਨਾ ਕਰਕੇ ਸੰਗਰੂਰ ਦਾ ਨਾਂ ਸੰਸਾਰ ਪੱਧਰ ’ਤੇ ਰੌਸ਼ਨ ਕਰਕੇ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉਚਾ ਕਰਕੇ ਵੱਡਾ ਨਾਂ ਕਮਾਇਆ ਹੈ ਅਤੇ ਤਕਨੀਕੀ ਸਿੱਖਿਆ ਦੇ ਸਫਲ ਪ੍ਰਸਾਸ਼ਕ ਹੋਣ ਦਾ ਨਾਮਣਾ ਖੱਟਿਆ ਹੈ।
28 ਸਤੰਬਰ (ਸ਼ੁੱਕਰਵਾਰ) ਨੂੰ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਹਿਯੋਗੀ ਦੋਸਤਾਂ-ਮਿੱਤਰਾਂ ਵੱਲੋਂ ਉਨ੍ਹਾਂ ਦੇ ਨਮਿੱਤ ਰਖਾਏ ਗਏ ਸਹਿਜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਬਾਅਦ ਦੁਪਹਿਰ 12 ਵਜੇ ਤੋਂ 01 ਵਜੇ ਤਕ ਹੋਵੇਗਾ।
– ਭਗਵੰਤ ਸਿੰਘ ਚੰਦੜ੍ਹ
ਜ਼ਿਲ੍ਹਾ ਇੰਚਾਰਜ ‘ਪੰਜਾਬ ਟਾਇਮਜ਼’ ਸੰਗਰੂਰ
ਸੰਪਰਕ : 86996-26962