June 22, 2026 8:16 pm

ਬਹਪੱਖੀ ਕਲਾ ਦਾ ਮਾਲਕ ਹੈ ਗਾਇਕ ਸੋਨੂੰ ਢਿੱਲੋਂ

ਕਹਿੰਦੇ ਨੇ ਕਿ ਹਰ ਇਨਸਾਨ ਵਿਚ ਹਰ ਤਰ੍ਹਾਂ ਦਾ ਗੁਣ ਹੁੰਦਾ ਹੈ ਪਰ ਉਹ ਉਸ ਨੂੰ ਉਜਾਗਰ ਕਰਨ ਲਈ ਕਿੰਨੀ ਕੁ ਮਿਹਨਤ ਕਰਦਾ ਇਹ ਉਸ ਦੇ ਸਿਰੜ ’ਤੇ ਨਿਰਭਰ ਕਰਦਾ ਹੈ। ਇਹੋ ਜਿਹੀ ਹੀ ਇਕ ਬੁਪੱਖੀ ਸਖਸ਼ੀਅਤ ਨਾਲ ਅੱਜ ਪਾਠਕਾਂ ਦੀ ਸਾਂਝ ਪੁਆਉਣ ਜਾ ਰਹੇ ਹਾਂ ਜਿਸ ਨੇ ਪੰਜਾਬੀ ਸੱਭਿਆਚਾਰਕ ਗਾਇਕੀ ਖੇਤਰ ਵਿਚ ਆਪਣੀਆਂ ਵੱਖ ਵੱਖ ਕਲਾਵਾਂ ਨੂੰ ਦੁਨੀਆਂ ਸਾਹਮਣੇ ਰੱਖਿਆ। ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਪਿਤਾ ਸ. ਹਰਦੇਵ ਸਿੰਘ ਦੇ ਵਿਹੜੇ ਪਿੰਡ ਮੰਡੀ (ਜ਼ਿਲ੍ਹਾ ਜਲੰਧਰ) ਵਿਚ ਪਹਿਲੀ ਕਿਲਕਾਰੀ ਮਾਰਨ ਵਾਲੇ ਸੋਨੂੰ ਢਿੱਲੋਂ ਨੂੰ ਸਕੂਲ ਟਾਈਮ ਵਿਚ ਹੀ ਸ਼ਾਇਰੀ ਲਿਖਣ ਦਾ ਸ਼ੌਕ ਪੈ ਗਿਆ। ਉਹ ਆਪਣੀਆਂ ਕਾਪੀਆਂ ’ਤੇ ਸ਼ਾਇਰੀ ਝਰੀਟਦਾ ਰਿਹਾ ਤੇ ਉਹ ਗੀਤ ਬਣਦੇ ਗਏ ਤੇ ਉਹ ਸਾਂਭਦਾ ਗਿਆ। ਅੱਜ ਤੱਕ ਉਸਦੇ ਲਿਖੇ ਗੀਤ ਅਸ਼ੋਕ ਗਿੱਲ, ਬੂਟਾ ਮੁਹੰਮਦ, ਕੈਮ ਸਿੱਧੂ, ਦੀਪਾ ਡੁਮੇਲੀ, ਪਰਮਜੀਤ ਪੰਮ, ਸੁਖਬੀਰ ਰਾਣਾ, ਰਾਏ ਜੁਝਾਰ, ਬੀ.ਐਸ. ਬਿੱਲੂ ਵਰਗੇ ਗਾਇਕਾਂ ਨੇ ਗਾਏ ਜੋ ਕਿ ਮਕਬੂਲ ਵੀ ਹੋਏ। ਸੰਨ 2002 ਵਿਚ ਉਸ ਦਾ ਮੇਲ ਨਜ਼ਦੀਕੀ ਪਿੰਡ ਅੱਪਰਾ ਦੇ ਗੌਰਵ ਸ਼ਰਮਾ ਨਾਲ ਹੋਇਆ ’ਤੇ ਉਸ ਨਾਲ ਮਿਲ ਕੇ ਸੋਨੂੰ ਢਿੱਲੋਂ ਨੇ ‘ਢਿੱਲੋਂ ਬੁਆਏਜ਼’ ਦੇ ਨਾਮ ’ਤੇ ਗਾਇਕੀ ਦਾ ਗਰੁੱਪ ਬਣਾ ਲਿਆ ਅਤੇ ਸਟੇਜਾਂ ਲਗਾਉਣੀਆਂ ਸ਼ੁਰੂ ਕੀਤੀਆਂ ਅਤੇ ਇਕ ਟੇਪ ‘ਬਦਲ ਗਈਂ ਏਂ ਤੂੰ’ ਵੀ ਰਿਕਾਰਡ ਕੀਤੀ ਜਿਸ ਨੂੰ ਮਾਰਕੀਟ ਵਿਚ ਭਰਵਾਂ ਹੁੰਗਾਰਾ ਮਿਲਿਆ। 2004 ਵਿਚ ਵਿਸ਼ਵ ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ ਨਾਲ ‘ਇਕ ਗੱਲ’ ਗੀਤ ਰਿਕਾਰਡ ਕਰਵਾਇਆ। 2005-6-7 ਵਿਚ ਨਵੇਂ ਸਾਲ ਦੇ ‘ਰਲ ਜਸ਼ਨ ਮਨਾਈਏ’ ਪ੍ਰੋਗਰਾਮ ਵਿਚ ਵੱਖ ਵੱਖ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ’ਤੇ ਦਸਤਕ ਦਿੱਤੀ। ਸੋਨੂੰ ਢਿੱਲੋਂ ਵਲੋਂ ਆਪਣੀ ਤੀਜੀ ਐਲਬਮ ‘ਦਾ ਟਰਮੀਨੇਟਰ’ ਵਿਚ ਸੋਲੋ ਅਤੇ ਡਿਊਟ ਦੋਵੇਂ ਰੰਗ ਸਰੋਤਿਆਂ ਅੱਗੇ ਪੇਸ਼ ਕੀਤੇ। ‘ਚੰਡੀਗੜ੍ਹ ਤੋਂ ਸ਼ਿਮਲਾ’ ਉਸਦੀ ਚੌਥੀ ਐਲਬਮ ਸੀ ਅਤੇ ਪੰਜਵਾਂ ਟਰੈਕ ਉਸਦਾ ਸੀ ‘ਆਮ ਆਦਮੀ’ ਜਿਸ ਵਿਚ ਉਸ ਵਲੋਂ ਇਕ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਤੋਂ ਸੋਨੂੰ ਢਿੱਲੋਂ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇਕ ਗੀਤ ‘ਕੰਟਰੀ ਆਫ ਭਗਤ ਸਿੰਘ’ ਰਿਲੀਜ਼ ਕੀਤਾ ਜਿਸਨੂੰ ਵੱਡਾ ਹੁੰਗਾਰਾ ਮਿਲਿਆ। 2017 ਵਿਚ ਸੋਨੂੰ ਢਿੱਲੋਂ ਨੇ ਸਿੰਗਲ ਟਰੈਕ ‘ਚੱਕ ਲੈ ਗਰੀਬ ਨੂੰ’ ਰਾਹੀਂ ਮਿਹਨਤਕਸ਼ ਲਾਚਾਰ ਨੌਜਵਾਨ ਦੇ ਦਰਦ ਨੂੰ ਪੇਸ਼ ਕਰਨ ਦੀ ਬਾਖੂਬੀ ਕੋਸ਼ਿਸ਼ ਕੀਤੀ। ਫਿਰ ‘ਹੱਕ 1984’ ਅਤੇ ‘ਵਿਦੇਸ਼ੀ’ ਲਾੜਾ ਵਰਗੇ ਗੀਤਾਂ ਨਾਲ ਸਰੋਤਿਆਂ ਨਾਲ ਸਾਂਝ ਨੂੰ ਅੱਗੇ ਤੋਰਿਆ। ਇਸ ਦੌਰਾਨ ਉਸਨੇ ਬੀ.ਐਸ. ਬਿੱਟੂ, ਅਮਦਾਦ ਅਲੀ, ਜੱਸੀ ਨਿਹਾਲੂਵਾਲੀਆ, ਪਰਮ ਪਰਮਿੰਦਰ ਅਤੇ ਬਿਗ ਬੀ ਵਰਗੇ ਸੰਗੀਤਕਾਰਾਂ ਨਾਲ ਕੰਮ ਕੀਤਾ ਅਤੇ ਵੱਡਾ ਤਜ਼ਰਬਾ ਹਾਸਲ ਕੀਤਾ।
ਗੀਤਕਾਰੀ ਅਤੇ ਗਾਇਕੀ ਤੋਂ ਇਲਾਵਾ ਉਸਨੇ ਆਪਣੇ ਤੀਜੇ ਪੱਖ ’ਤੇ ਵੀ ਮਿਹਨਤ ਕਰ ਕੇ ਦੇਖੀ ਤਾਂ ਉਸ ਮਿਹਨਤ ਨੇ ਰੰਗ ਦਿਖਾਇਆ। ਉਸ ਵਲੋਂ ਬੁੱਕਣ ਜੱਟ ਦੇ 2017 ਵਿਚ ਆਏ ਗੀਤ ‘ਜੱਟ ਦਾ ਬ੍ਰੇਨ’ ਦੀ ਵੀਡੀਓ ਦੇ ਡਾਇਰੈਕਸ਼ਨ ਦਾ ਕੰਮ ਕੀਤਾ ਗਿਆ ਜਿਸ ਨੂੰ ਪੰਜਾਬੀ ਸੰਗੀਤ ਜਗਤ ਵਿਚ ਬਹੁਤ ਸਰਾਹਿਆ ਗਿਆ ਤਾਂ ਉਸ ਨੇ ਇਸ ਖੇਤਰ ਵਿਚ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੱਡਾ ਹੁੰਗਾਰਾ ਮਿਲਿਆ ਤੇ ਲਗਭਗ ਇਕ ਸਾਲ ਵਿਚ ਹੀ ਉਸ ਵਲੋਂ ਬੁੱਕਣ ਜੱਟ ਤੋਂ ਇਲਾਵਾ ਪਦਮਸ੍ਰੀ ਹੰਸ ਰਾਜ ਹੰਸ, ਬੂਟਾ ਮੁਹੰਮਦ, ਅਸ਼ੋਕ ਗਿੱਲ, ਰਾਏ ਜੁਝਾਰ, ਦੀਪਾ ਡੁਮੇਲੀ, ਸਿੰਘ ਅਨਮੋਲ, ਨਿੰਮਾ ਡੱਲੇਵਾਲੀਆ, ਕੈਮ ਸਿੱਧੂ, ਹੈਰੀ ਸੰਧੂ, ਦੀਪਕ ਢਿੱਲੋਂ, ਜੋ ਖਾਨ, ਮਿਸ ਅਲੀਸ਼ਾ ਅਤੇ ਐਸ ਕਰਨ ਵਰਗੇ ਗਾਇਕਾਂ ਦੇ ਵੀਡੀਓਜ਼ ਦੀ ਡਾਇਰੈਕਸ਼ਨ ਦਾ ਕੰਮ ਕੀਤਾ। ਉਹ ਆਪਣੀਆਂ ਇਹਨਾਂ ਕਲਾਵਾਂ ਦਾ ਮੁਜ਼ਾਹਰਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਕਰ ਚੁੱਕਾ ਹੈ ਅਤੇ ਉਸਨੂੰ ਆਸ ਹੈ ਕਿ ਉਹ ਦੁਨੀਆਂ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਨਾਲ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਸਾਂਝ ਜ਼ਰੂਰ ਪਾਵੇਗਾ। ਉਸਦੀ ਹਰ ਤਮੰਨਾ ਪੂਰੀ ਹੋਣ ਦੀ ਅਰਦਾਸ ਕਰਦੇ ਹਾਂ ਸ਼ਾਲਾ! ਸੋਨੂੰ ਢਿੱਲੋਂ ਆਪਣੇ ਨਵੇਂ ਨਵੇਂ ਤਜ਼ਰਬਿਆਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਇਸੇ ਤਰ੍ਹਾਂ ਹੀ ਕਰਦਾ ਰਹੇ।
– ਅਜਮੇਰ ਸਿੰਘ

Send this to a friend