ਚੰਡੀਗੜ੍ਹ- “ਪੰਜਾਬ ਸਰਕਾਰ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਇਮ ਕੀਤਾ ਗਿਆ ਸੀ, ਉਸਦੀ ਰਿਪੋਰਟ ਵਿਧਾਨ ਸਭਾ ਪੰਜਾਬ ਵਿਚ ਪੇਸ਼ ਹੋਣ ਉਪਰੰਤ ਅਤੇ ਅਖ਼ਬਾਰਾਂ ਤੇ ਮੀਡੀਏ ਰਾਹੀ ਜਨਤਕ ਹੋਣ ਉਪਰੰਤ ਬੇਸ਼ਕ ਸਰਕਾਰ ਅਤੇ ਸਿਆਸਤਦਾਨਾਂ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵਡੇ-ਵਡੇ ਦਾਅਵੇ ਤੇ ਬਿਆਨਬਾਜੀ ਕੀਤੀ ਗਈ । ਪਰ ਬੀਤੇ ਦਿਨੀਂ ਸਿਖ ਕੌਮ ਉਤੇ ਗੋਲੀ ਚਲਾਉਣ ਦੀ ਕਾਰਵਾਈ ਕਰਨ ਵਾਲਿਆ ਨੂੰ ਸੀ.ਬੀ.ਆਈ. ਦੀ ਅਦਾਲਤ ਵਲੋਂ 3 ਪੁਲਿਸ ਅਫ਼ਸਰਾਂ ਨੂੰ ਜਮਾਨਤ ਦੇਣ ਦੀ ਕਾਰਵਾਈ ਸਰਕਾਰ ਅਤੇ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਨੂੰ ਸਪਸਟ ਤੌਰ ਤੇ ਜਾਹਰ ਕਰਦੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 11 ਦੋਸ਼ੀ ਪੁਲਿਸ ਅਫ਼ਸਰਾਂ ਵਿਚੋਂ ਸੀ.ਬੀ.ਆਈ. ਦੀ ਅਦਾਲਤ ਨੇ ਕੇਵਲ 3 ਦੋਸ਼ੀਆਂ ਨੂੰ ਹੀ ਵਿਚਾਰਿਆ ਹੈ, 8 ਦੋਸ਼ੀਆਂ ਨੂੰ ਆਪਣੇ ਅਮਲ ਵਿਚ ਹੀ ਨਹੀਂ ਲਿਆਂਦਾ । ਲੇਕਿਨ ਵਿਚਾਰੇ ਗਏ 3 ਦੋਸ਼ੀਆਂ ਨੂੰ ਵੀ ਜ਼ਮਾਨਤ ਦੇਣ ਦੀ ਕਾਰਵਾਈ ਸਿਖ ਕੌਮ ਲਈ ਅਸਹਿ ਤੇ ਅਕਹਿ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੀ.ਬੀ.ਆਈ. ਦੀ ਅਦਾਲਤ ਵਲੋਂ ਸਿਖ ਕੌਮ ਦੇ 11 ਦੋਸ਼ੀ ਪੁਲਿਸ ਅਫ਼ਸਰਾਂ ਵਿਚੋਂ ਕੇਵਲ ਤਿੰਨ ਨੂੰ ਵਿਚਾਰਨ ਅਤੇ ਫਿਰ ਉਨ੍ਹਾਂ ਵਿਚਾਰੇ ਗਏ ਦੋਸ਼ੀਆਂ ਨੂੰ ਜ਼ਮਾਨਤ ਦੇਣ ਦੀ ਕਾਰਵਾਈ ਨੂੰ ਸਿਖ ਕੌਮ ਵਿਰੋਧੀ ਅਤੇ ਸਿਖ ਕੌਮ ਨੂੰ ਇਨਸਾਫ਼ ਨਾ ਦੇਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਜਾ ਵਰਤਾਰਾ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਇਹ ਕੀਤਾ ਗਿਆ ਹੈ ਕਿ ਜਿਹੜੇ 4 ਅਫ਼ਸਰ ਐਸ.ਆਈ.ਟੀ. ਨੇ ਦੋਸ਼ੀ ਠਹਿਰਾਏ ਸਨ, ਉਨ੍ਹਾਂ ਨੇ ਜੋ ਹਾਈਕੋਰਟ ਵਿਚ ਰਿਟ ਪਾਈ ਸੀ, ਉਸਦੀ ਸੁਣਵਾਈ ਸਮੇਂ ਪੰਜਾਬ ਸਰਕਾਰ ਵਲੋਂ ਕੋਈ ਸਰਕਾਰੀ ਵਕੀਲ ਪੇਸ ਨਾ ਹੋਣ ਦੀ ਬਦੌਲਤ ਸਟੇਅ ਦੇਣ ਦੀ ਕਾਰਵਾਈ ਸਪਸਟ ਕਰਦੀ ਹੈ ਕਿ ਸਿਖ ਕੌਮ ਨੂੰ ਸਰਕਾਰਾਂ ਤੇ ਅਦਾਲਤਾਂ ਕਤਈ ਵੀ ਬਣਦਾ ਇਨਸਾਫ਼ ਨਹੀਂ ਦੇ ਸਕਦੀਆ । ਜੋ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਿਖ ਕੌਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਰਾਗ ਅਲਾਪਿਆ ਜਾ ਰਿਹਾ ਹੈ, ਉਹ ਸਰਕਾਰੀ ਵਕੀਲ ਪੇਸ਼ ਨਾ ਹੋਣ ਦੇ ਅਮਲ ਉਤੇ ਹੀ ਪ੍ਰਤਖ ਰੂਪ ਵਿਚ ਜਾਹਰ ਹੋ ਜਾਂਦਾ ਹੈ ਕਿ ਇਥੋਂ ਦੇ ਹੁਕਮਰਾਨ, ਅਦਾਲਤਾਂ, ਕਾਂਗਰਸ ਅਤੇ ਬੀਜੇਪੀ ਨਾਲ ਸੰਬੰਧਤ ਸਿਆਸਤਦਾਨ ਸਿਖ ਕੌਮ ਨੂੰ ਕਤਈ ਇਨਸਾਫ਼ ਨਹੀਂ ਦੇ ਸਕਦੇ । ਕੇਵਲ ਅਖ਼ਬਾਰੀ ਬਿਆਨਾਂ ਅਤੇ ਝੂਠੇ ਐਲਾਨਾਂ ਰਾਹੀ ਹਮੇਸ਼ਾਂ ਦੀ ਤਰ੍ਹਾਂ ਸਿਖ ਕੌਮ ਦਾ ਸੋ?ਸ਼ਨ ਕਰਨ ਅਤੇ ਉਸ ਨੂੰ ਗੁੰਮਰਾਹ ਕਰਨ ਦੀਆਂ ਸਾਜ਼ਿਸਾਂ ਤੇ ਅਮਲ ਕਰਦੇ ਹਨ । ਇਸ ਲਈ ਸਮੁਚੀ ਸਿਖ ਕੌਮ, ਸਿਆਸਤਦਾਨ ਭਾਵੇ ਉਹ ਕਿਸੇ ਵੀ ਜਮਾਤ ਵਿਚ ਕਿਉਂ ਨਾ ਬੈਠੇ ਹੋਣ, ਉਹ ਸੰਜ਼ੀਦਗੀ ਤੌਰ ਤੇ ਆਪਣਾ ਆਜ਼ਾਦ ਵਤਨ ਕਾਇਮ ਕਰਨ ਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਕੀਤੀਆ ਜਾਂਦੀਆ ਕਾਰਵਾਈਆ ਨੂੰ ਹੋਰ ਬਲ ਬਖਸਣ ਤਾਂ ਕਿ ਅਸੀਂ ਸਭ ਸਿਖ ਕੌਮ ਨਾਲ ਸੰਬੰਧਤ ਨਿਵਾਸੀ ਕੌਮਾਂਤਰੀ ਪਧਰ ਤੇ ਕਾਨੂੰਨੀ ਪ੍ਰਕਿਰਿਆ ਰਾਹੀ ਅਮਲ ਕਰਦੇ ਹੋਏ ਆਪਣਾ ਆਜ਼ਾਦ ਖ਼ਾਲਿਸਤਾਨ ਕਾਇਮ ਕਰਕੇ ਆਪਣੀ ਆਜ਼ਾਦੀ ਦਾ ਨਿਘ ਮਾਣ ਸਕੀਏ ਅਤੇ ਹਿੰਦੂਤਵ ਗੁਲਾਮੀ ਦਾ ਜੂਲਾ ਲਾਹ ਸਕੀਏ ।
– ਪੰਜਾਬ ਟਾਇਮਜ਼ ਬਿਊਰੋ