ਸਮਾਂ ਬੜਾ ਬਲਵਾਨ ਹੈ, ਪਤਾ ਹੀ ਨਹੀਂ ਲਗਦਾ ਕਿ ਬੰਦਾ ਕਦੋਂ ਲਖਾਂ ਦਾ ਹੋ ਜਾਵੇ ਤੇ ਕਦੋਂ ਕਖਾਂ ਦਾ। ਉਤਾਰ ਚੜਾਅ ਜ਼ਿੰਦਗੀ ਦੇ ਸਦੀਵੀ ਨਿਯਮ ਹਨ ਅਤੇ ਦੁਨੀਆਂ ਦਾ ਚੜ੍ਹਦੇ ਨੂੰ ਸਲਾਮ ਕਰਨਾ ਤੇ ਛੁਪਦੇ ਨੂੰ ਪਿਠ ਦਿਖਾਉਂਣਾ ਦਸਤੂਰ ਰਿਹਾ ਹੈ।
ਜ਼ਿੰਦਗੀ ਸੁਖ ਜਾਂ ਖੁਸ਼ੀਆਂ ਦਾ ਵਣਜ ਨਹੀਂ, ਨਮਕ ਵਾਂਗ ਦੁਖ ਅਤੇ ਔਕੜਾਂ ਇਸ ਦੇ ਸਵਾਦ ਨੂੰ ਦੁਗਣਾ ਕਰ ਦਿੰਦੀਆਂ ਹਨ। ਡਿਗ ਕੇ ਉਠ ਤੁਰਣਾ ਹੀ ਜ਼ਿੰਦਗੀ ਦਾ ਅਸਲੀ ਸਿਰਨਾਵਾਂ ਹੈ।ਡੁਬਣ ਦੇ ਡਰ ਨਾਲ ਦਰਿਆ ਦੇ ਕੰਢੇ ਬਹਿ ਕੇ ਰੋਣੇ ਰੋਈ ਜਾਣ ਨਾਲ ਦਰਿਆ ਪਾਰ ਨਹੀਂ ਹੁੰਦੇ, ਦਰਿਆ ਪਾਰ ਕਰਨ ਲਈ ਕੋਸ਼ਿਸ਼ ਜ਼ਰੂਰੀ ਹੈ। ਉਦਾਸੀਆਂ, ਨਮੋਸ਼ੀਆਂ, ਅਸਫ਼ਲਤਾਵਾਂ ਨੂੰ ਅੰਤ ਮੰਨ ਕੇ ਢੇਰੀ ਢਾਹ ਕੇ ਬਹਿ ਜਾਣਾ ਮਨੁਖੀ ਜੀਵਨ ਲਈ ਸਭ ਤੋਂ ਵਡਾ ਉਲਾਂਭਾ ਹੈ। ਪਾਣੀ ਵਹਿੰਦਾ ਹੀ ਵਧੀਆ ਰਹਿੰਦਾ ਹੈ, ਖੜੇ ਪਾਣੀ ਵਿਚ ਜੀਅ ਪੈ ਜਾਂਦੇ ਹਨ ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ, ਐਦਾਂ ਹੀ ਜ਼ਿੰਦਗੀ ਦਾ ਫ਼ਲਸਫ਼ਾ ਹੈ।
ਜਨਮ ਲੈਣਾ ਤੇ ਮਰ ਜਾਣਾ ਜ਼ਿੰਦਗੀ ਦੀ ਅਸਲ ਪਰਿਭਾਸ਼ਾ ਨਹੀਂ ਕਹੀਂ ਜਾ ਸਕਦੀ, ਜਿਊਂਦੇ ਜੀਅ ਤੁਹਾਡਾ ਆਪਣੀ ਗਰੀਬੀ, ਮੁਸ਼ਕਲਾਂ, ਆਪਣੇ ਟੀਚਿਆਂ ਲਈ ਸਿਦਕ, ਸਿਰੜ ਅਤੇ ਦ੍ਰਿੜਤਾ ਨਾਲ ਲੜਣਾ ਹੀ ਜ਼ਿੰਦਗੀ ਜਿਊਣ ਦੀ ਅਸਲ ਪਰਿਭਾਸ਼ਾ ਘੜਦਾ ਹੈ। ਸਫ਼ਲ ਨਾ ਹੋਣ ਤੇ ਸਿਰ ਸੁਟਣ ਦੀ ਲੋੜ ਨਹੀਂ, ਹਾਰਾਂ ਤੋਂ ਬਾਦ ਮਿਲੀ ਜਿਤ ਦਾ ਸਕੂਨ ਵੀ ਵਖਰਾ ਹੁੰਦਾ ਹੈ। ਸੰਘਰਸ਼ ਕਰਦੇ ਤੁਹਾਡੀ ਸਫ਼ਲਤਾ ਜਾਂ ਅਸਫ਼ਲਤਾ ਤੋਂ ਵਡੀ ਗਲ ਤੁਹਾਡਾ ਕੋਸ਼ਿਸ਼ ਕਰਨਾ ਹੋ ਨਿਬੜਦੀ ਹੈ, ਜੋ ਤੁਹਾਡੇ ਜਿਊਂਦੇ ਹੋਣ ਦਾ ਸਬੂਤ ਹੈ। ਜ਼ਿੰਦਗੀ ਦੀ ਸਾਰਥਕਤਾ ਜਿਊਣ ਵਿਚ ਹੈ ਨਾ ਕਿ ਉਮਰ ਭੋਗਣ। ਜ਼ਿੰਦਗੀ ਜ਼ਿੰਦਾਦਲੀ ਦਾ ਨਾਂ ਹੈ, ਇਸਨੂੰ ਮਾਨਣਾ ਚਾਹੀਦਾ ਹੈ ਨਾ ਕਿ ਢਾਉਣਾ।
ਸੂਝਵਾਨ ਜ਼ਿੰਦਗੀ ਦੀ ਜਾਂਚ ਵਿਚ ਦੂਜੇ ਦੀਆਂ ਗਲਤੀਆਂ ਤੋਂ ਵਡਾ ਸਬਕ ਲੈਂਦੇ ਹਨ, ਜਦਕਿ ਆਮ ਗਲਤੀ ਦਾ ਦੁਹਰਾ ਕਰਕੇ ਸਿਖਦੇ ਹਨ। ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਉਸ ਗਿਆਨ ਦੀ ਵਰਤੋਂ ਨਾ ਕਰਨ ਤੇ ਕਿਤਾਬ ਪੜ੍ਹਣ ਨੂੰ ਦਿਤਾ ਸਮਾਂ, ਸਮੇਂ ਦੀ ਬਰਬਾਦੀ ਤੋਂ ਵਧ ਕੇ ਕੁਝ ਨਹੀਂ। ਗਿਆਨ ਦੀ ਸਾਰਥਕਤਾ ਉਸਦੀ ਵਰਤੋਂ ਅਤੇ ਵੰਡ ਤੋਂ ਹੈ।
ਮਨੁਖ ਗਲਤੀਆਂ ਦਾ ਪੁਤਲਾ ਹੈ ਅਤੇ ਦੁਨੀਆਂ ਵਿਚ ਕੋਈ ਦੁਧ ਧੋਤਾ ਨਹੀਂ। ਲੋਕਾਂ ਦਾ ਕੰਮ ਹੈ ਗਲਾਂ ਕਰਨਾ ਜਾਂ ਬਣਾਉਣਾ ਤੇ ਮੂਰਖਾਂ ਦੀ ਆਦਤ ਹੈ ਕਿ ਕੌਣ ਮੇਰੇ ਬਾਰੇ ਕੀ ਕਹਿ ਰਿਹਾ ਹੈ ਪਤਾ ਕਰਨਾ।ਬੰਦਾ ਆਪਣੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ, ਲੋਕ ਤਾਂ ਰਬ ਤੋਂ ਵੀ ਦੁਖੀ ਹਨ। ਲੋਕਾਂ ਦੀ ਰਤਾ ਪਰਵਾਹ ਨਾ ਕਰੋ, ਤੁਹਾਡੀ ਸਫ਼ਲਤਾ ਤੁਹਾਡੇ ਔਗੁਣਾਂ ਨੂੰ ਕਜ ਲਵੇਗੀ। ਕੋਈ ਰਾਤੋ ਰਾਤ ਸਫ਼ਲ ਨਹੀਂ ਹੁੰਦਾ, ਸਫ਼ਲਤਾ ਦਾ ਸੂਰਜ ਵੇਖਣ ਲਈ ਨਾ ਜਾਣੇ ਕਿੰਨੇ ਹੀ ਦਿਨ ਅਤੇ ਰਾਤਾਂ ਉਸਨੇ ਮਿਹਨਤ ਦੀ ਭਠੀ ਵਿਚ ਤਪਾਏ ਹੋਣਗੇ। ਕੋਸ਼ਿਸ਼ ਅਤੇ ਸਖ਼ਤ ਮਿਹਨਤ ਦਾ ਸੇਕ ਹੀ ਹੈ ਜੋ ਵਕਤ ਤੇ ਤੁਹਾਡੀ ਪਕੜ ਮਜ਼ਬੂਤ ਕਰੇਗਾ, ਫ਼ੈਸਲਾ ਤੁਸੀਂ ਕਰਨਾ ਹੈ ਤੁਸੀਂ ਜ਼ਿੰਦਗੀ ਜਿਊਣੀ ਹੈ ਜਾਂ ….।