Skip to content
Independent perspectives. Global stories.
BREAKING

ਸਿੱਖ ਧਰਮ ਅਤੇ ਗੁਰਮਤਿ ਸੰਗੀਤ ਦੇ ਮਹਾਨ ਵਿਆਖਿਆਕਾਰ ਭਾਈ ਕਾਨ੍ਹ ਸਿੰਘ ਨਾਭਾ

Share this story

ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਸਮੇਂ ਦੀਆਂ, ਸ਼੍ਰੋਮਣੀ ਸ਼ਖ਼ਸੀਅਤਾਂ ਵਿੱਚੋਂ ਪ੍ਰਮੁੱਖ ਸਨ। ਉਨ੍ਹਾਂ ਦੀਆਂ ਲਿਖਤਾਂ ਜਿੱਥੇ ਇੱਕ ਤਰਫ ਗੁਰਮਤਿ, ਸਿੱਖ ਇਤਿਹਾਸ ਤੇ ਅਧਿਆਤਮਵਾਦ ਨਾਲ ਸੰਬੰਧਿਤ, ਡੂੰਘੀ ਖੋਜ ਦਾ ਬਹੁਮੁੱਲਾ ਖ਼ਜਾਨਾ ਹਨ, ਉਥੇ ਦੂਸਰੀ ਤਰਫ ਇਨ੍ਹਾਂ ਲਿਖਤਾਂ ਵਿਚੋਂ ਕਲਾ ਤੇ ਸੰਗੀਤ ਦੇ ਵੀ, ਕਈ ਪੱਖ ਉਜਾਗਰ ਹੁੰਦੇ ਸਾਫ਼ ਨਜ਼ਰ ਆਉਂਦੇ ਹਨ। ਆਪ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਬਨੇਰਾ ਖੁਰਦ ਵਿਖੇ 30 ਅਗਸਤ 1861 ਈ. ’ਚ ਮਾਤਾ ਹਰਿ ਕੋਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਭਾਈ ਸਾਹਿਬ ਨੂੰ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਪਾਸੋਂ, ਅਤੇ ਉਸ ਮੌਕੇ ਦੇ ਵੱਖ-ਵੱਖ ਦੇਸੀ ਵਿਦਵਾਨਾਂ ਪਾਸੋਂ ਨਾਭੇ ਵਿਖੇ ਤਰ੍ਹਾਂ ਤਰ੍ਹਾਂ ਦੀ ਵਿਦਿਆ ਹਾਸਿਲ ਕਰਨ ਦਾ ਮੌਕਾ ਮਿਲਿਆ, ਅਤੇ ਮਹੰਤ ਗੱਜਾ ਸਿੰਘ ਪਾਸੋਂ ਸੰਗੀਤ ਦੀ ਸਿੱਖਿਆ ਲਈ। ਜਵਾਨੀ ਦੀ ਉਮਰੇ ਪਹੁੰਚਣ ਤੱਕ ਆਪ ਬਹੁਪੱਖੀ ਪ੍ਰਤਿਭਾ ਦੇ ਮਾਲਕ ਬਣ ਚੁੱਕੇ ਸਨ। ਆਪ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਵਿੱਚ ਕਈ ਉਚ ਅਹੁਦਿਆਂ ਤੇ ਸੇਵਾ ਨਿਭਾਈ। ਮਹਾਰਾਜਾ ਹੀਰਾ ਸਿੰਘ ਨਾਭਾ, ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ, ਓਰੀਐਂਟਲ ਕਾਲਿਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਉਸ ਮੌਕੇ ਦੀਆਂ ਸਮਾਜ ਸੁਧਾਰਕ ਲਹਿਰਾਂ ਦੇ ਸਿੱਖ ਆਗੂ, ਆਪ ਦੀ ਵਿਦਵਤਾ ਤੋਂ ਬੇਹੱਦ ਪ੍ਰਭਾਵਿਤ ਹੋਏ।
ਇੱਕ ਲੇਖਕ ਤੌਰ ਤੇ ਭਾਈ ਸਾਹਿਬ ਦਾ ਆਗਮਨ ਉਨੀਂਵੀ ਸਦੀ ਦੇ ਅਖੀਰਲੇ ਦਹਾਕੇ ਵਿੱਚ, ‘ਰਾਜ ਧਰਮ’ ਪੁਸਤਕ ਦੀ ਰਚਨਾ ਨਾਲ 1884 ਈਸਵੀ ਚ ਹੋਇਆ ਇਸੇ ਦੌਰ ਚ ‘ਟੀਕਾ ਜੈਮਨੀ ਅਸਵਮੇਧ’ ਅਤੇ ‘ਨਾਟਕ ਭਾਵਾਰਥ ਦੀਪਕਾ’ ਵਡਮੁੱਲੇ ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਦਾ ਜ਼ਿਆਦਾਤਰ ਸੰਬੰਧ ਸਨਾਤਨੀ ਵਿਚਾਰਧਾਰਾ ਨਾਲ ਹੈ। ਦੂਜੇ ਦੌਰ ਚ ‘ਹਮ ਹਿੰਦੂ ਨਹੀਂ’, ‘ਗੁਰੁਮਤ ਪ੍ਰਭਾਕਰ’, ‘ਗੁਰੁਮਤ ਸੁਧਾਕਰ’, ‘ਗੁਰੁ ਗਿਰਾ ਕਸੌਟੀ’ ਤੇ ‘ਸੱਦ ਕਾ ਪਰਮਾਰਥ’ ਵਰਗੀਆਂ ਪੁਸਤਕਾਂ ਦੀ ਰਚਨਾ ਕਰਕੇ ਆਪ, ਸਿੱਖ ਧਰਮ ਦੇ ਮਹਾਨ ਵਿਆਖਿਆਕਾਰ ਤੇ ਧਰਮ ਸ਼ਾਸਤਰੀ ਵਜੋਂ ਸਾਹਮਣੇ ਆਏ। ਆਪਣੇ ਦੂਜੇ ਦੌਰ ਦੇ ਗ੍ਰੰਥਾਂ ਅਤੇ ਫਿਰ ਉਨਾਂ ਦੇ ਜੀਵਨ ਭਰ ਦੀ ਤਪੱਸਿਆ ਦੇ ਫਲ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਵਿੱਚ ਭਾਈ ਸਾਹਿਬ ਨੇ ਹੋਰਨਾਂ ਅਨੇਕ ਵਿਸ਼ਿਆਂ ਤੋਂ ਇਲਾਵਾ, ਗੁਰਮਤਿ ਸੰਗੀਤ ਅਤੇ ਭਾਰਤੀ ਸੰਗੀਤ ਬਾਰੇ ਅਜਿਹੀ ਜਾਣਕਾਰੀ ਪੇਸ਼ ਕੀਤੀ, ਜੋ ਕਿ ਅਕਾਦਮਿਕ ਪੱਖੋਂ, ਸੰਗੀਤ ਦੀ ਖੋਜ ਲਈ ਅੱਜ ਵੀ ਬੇਹੱਦ ਪ੍ਰਮਾਣਿਕ ਹੈੇ।
ਪੰਜਾਬ ਦੀ ਸੰਗੀਤ ਪਰੰਪਰਾ ਦੀ ਇੱਕ ਵਿਸ਼ਾਲ ਪਿੱਠਭੂਮੀ ਹੈ, ਜਿਸ ਵਿੱਚ ਪੰਜਾਬੀ ਸ਼ਾਸਤਰੀ ਸੰਗੀਤ ਦੀ ਗਾਇਨ ਅਤੇ ਵਾਦਨ ਪਰੰਪਰਾ, ਪੰਜਾਬੀ ਲੋਕ ਸੰਗੀਤ ਪਰੰਪਰਾ, ਪੰਜਾਬੀ ਸੂਫੀ ਸੰਗੀਤ ਪਰੰਪਰਾ ਅਤੇ ਗੁਰਮਤਿ ਸੰਗੀਤ ਪਰੰਪਰਾ ਆਦਿ ਸ਼ਾਮਲ ਹਨ। ਪੰਜਾਬ ਦੀ ਇਸੇ ਧਰਤੀ ਤੇ ਰਿਸ਼ੀ ਮੁਨੀਆਂ ਦੇ ਮਿਲਵੇ ਯਤਨਾਂ ਨਾਲ ਵੇਦਾਂ ਦੀ ਰਚਨਾ ਹੋਈ। ਪੰਜਾਂ ਦਰਿਆਵਾਂ ਦੀ ਇਸੇ ਭਾਗਾਂ ਭਰੀ ਧਰਤੀ ਤੇ ਜਦ ਪੰਦਰਵੀਂ ਸਦੀ ’ਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਅਤੇ ਪਰਮਸੱਤ (ਓ;ਵਜਠ ਞਕ ਨਾਲ ਜੁੜਕੇ,ਜਦ ਗੁਰੂ ਸਾਹਿਬਾਨ ਨੂੰ ਪਰਮੇਸ਼ਰ ਦੀ ਅਭੇਦਤਾ ਦਾ ਅਹਿਸਾਸ ਹੋਇਆ, ਤਾਂ ਰੱਬੀ ਕ੍ਰਿਤ ‘ਗੁਰਬਾਣੀ’ ਦੀ ਸਿਰਜਣਾ ਹੋਈ। ਗੁਰਬਾਣੀ ਵਿਚਲੇ ਰੂਹਾਨੀ ਤੇ ਕਲਿਆਣਕਾਰੀ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ, ਗੁਰੂ ਸਾਹਿਬ ਨੇ ਸੰਗੀਤ ਨੂੰ ਈਸ਼ਵਰ ਭਗਤੀ ਦਾ ਮਾਧਿਅਮ ਬਣਾਇਆ ਅਤੇ ਆਪਣੇ ਸਾਥੀ ਮਰਦਾਨਾ ਨਾਲ ਮਿਲਕੇ ਗੁਰਬਾਣੀ ਸੰਗੀਤ ਦੀ ਨੀਂਹ ਰੱਖੀ, ਇੱਕ ਅਜਿਹਾ ਸੰਗੀਤ, ਜਿਸ ਲਈ ਗੁਰੂ ਸਾਹਿਬਾਨ ਨੇ ‘ਕੀਰਤਨ’ ਸ਼ਬਦ ਦੀ ਵਰਤੋਂ ਕੀਤੀ ਹੈ।
ਪ੍ਰਭੂ ਉਸਤਤੀ ਵਾਲੇ ਇਸ ਗਾਇਨ ਨੂੰ ‘ਕਲਜੁਗ ਮਹਿ ਕੀਰਤਨ ਪਰਧਾਨਾ’ ਮੰਨਕੇ ਸਿੱਖ ਧਰਮ ਵਿੱਚ ਬਹੁਤ ਉਚੇ ਸਥਾਨ ਦਿੱਤਾ ਗਿਆ ਹੈ। ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੱਸਦੇ ਹਨ ਕਿ ਗੁਰਮਤ ਵਿੱਚ ਰਾਗ ਸਾਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ ਕੀਰਤਨ ਹੈ। ਭਾਈ ਸਾਹਿਬ ਨੇ ਮਹਾਨ ਕੋਸ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਮੁੱਖ ਰਾਗਾਂ, ਸਿਰੀਰਾਗ ਤੋਂ ਲੈ ਕੇ ਜੈਜਾਵੰਤੀ ਤੱਕ ਆਦਿ ਰਾਗਾਂ ਦੇ ਨਾਦਾਤਮਕ ਸਰੂਪ ਅਤੇ ਕੁਝ ਉਪਰਾਗਾਂ ਦੇ ਨਾਦਾਤਮਕ ਸਰੂਪ, ਬੜੇ ਹੀ ਸੁੰਦਰ ਢੰਗ ਨਾਲ ਵਰਣਿਤ ਕੀਤੇ ਹਨ। ਇਸਦੇ ਨਾਲ ਹੀ ਗੁਰਬਾਣੀ ਵਿੱਚ ਆਏ ਸੰਗੀਤ ਸੰਕੇਤਾਂ : ਰਹਾਓ, ਘਰੁ, ਜਤਿ, ਸੁਧੰਗ ਆਦਿ ਦਾ ਮਹੱਤਵ ਵੀ ਬੜੇ ਹੀ ਕਲਾਮਈ ਢੰਗ ਨਾਲ ਉਜਾਗਰ ਕੀਤਾ ਹੈ। ਜਿਵੇਂ ਕਿ ਗੁਰਬਾਣੀ ਵਿਚਲੇ ਰਹਾਓ ਸ਼ਬਦ ਬਾਰੇ ਭਾਈ ਸਾਹਿਬ ਦੱਸਦੇ ਹਨ ਕਿ ਰਹਾਓ ਤੋਂ ਭਾਵ ਹੈ ਕਿ ਟੇਕ, ਸਥਾਈ ਜਾਂ ਉਹ ਪਦ, ਜੋ ਗਾਉਣ ਵੇਲੇ ਅੰਤਰੇ ਪਿਛੋਂ ਵਾਰ ਵਾਰ ਵਰਤਿਆ ਜਾਵੇ।
ਇਸੀ ਤਰ੍ਹਾਂ ਗੁਰਮਤਿ ਸੰਗੀਤ ਵਿਚਲੇ ਘਰ, ਸ਼ਬਦ ਦੀ ਵਿਆਖਿਆ ਕਰਦਿਆਂ ਭਾਈ ਸਾਹਿਬ ਦੱਸਦੇ ਹਨ ਕਿ ਗੁਰਮਤਿ ਸੰਗੀਤ ਅਨੁਸਾਰ ‘ਘਰ’ ਦੇ ਦੋ ਅਰਥ ਹਨ, ਇਕ ਤਾਲ ਦੂਜਾ ਸਵਰ ਅਤੇ ਮੂਰਛਨਾ ਭੇਦ ਕਰਕੇ ਇਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਉਣ ਦੇ ਪਰਕਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1 ਤੋਂ 17 ਤੀਕ ਲਿਖੇ ‘ਘਰੁ’, ਸ਼ਬਦ ਤੋਂ ਭਾਵ ਇਹ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਸ ਨੰਬਰ ਦੇ ਸਵਰ-ਪ੍ਰਸਤਾਰ ਅਨੁਸਾਰ ਗਾਓ। ਨਾਲ ਹੀ ਇਸੇ ਥਾਂ ਫੁੱਟ ਨੋਟ ਵਿੱਚ ਸੂਚਨਾ ਹੈ ਕਿ ਦੁੱਖ ਦੀ ਗੱਲ ਹੈ ਕਿ ਗੁਰੂ ਸਾਹਿਬਾਨਾਂ ਵਲੋਂ ਦੱਸੇ ਰਾਗਾਂ ਦੇ ‘ਘਰ’ ਜਾਂ ‘ਸਵਰ-ਪ੍ਰਸਤਾਰ’ ਹੁਣ ਰਾਗੀ ਸਿੰਘ ਭੁਲਦੇ ਜਾ ਰਹੇ ਹਨ। ਇਸੇ ਤਰ੍ਹਾਂ ਗੁਰਬਾਣੀ ਵਿਚਲੇ ਸ਼ਬਦ ‘ਜਤਿ’ ਬਾਰੇ ਡਾ. ਚਰਨ ਸਿੰਘ ਦੇ ਹਵਾਲੇ ਨਾਲ ਭਾਈ ਸਾਹਿਬ ਦੱਸਦੇ ਹਨ ਕਿ ਜਤਿ, ਗਤਿ ਤੇ ਸਾਥ ਦਾ ਸੰਬੰਧ ਤਾਲ ਨਾਲ ਹੈ।ਇਹ ਤਿੰਨੇ ਜੋੜੀ ਦੇ ਕਰਤਵ ਹਨ।
ਸ੍ਰੀ ਗੁਰੂ ਗ੍ਰੰਥ ਸਹਿਬ ਵਿੱਚ ਅੰਕਿਤ 22 ਵਾਰਾਂ ਵਿਚੋਂ 9 ਵਾਰਾਂ ਉਤੇ ਵੱਖ ਵੱਖ ‘ਧੁਨੀ’ ਸਿਰਲੇਖ ਅੰਕਿਤ ਕੀਤੇ ਮਿਲਦੇ ਹਨ, ਜਿਨ੍ਹਾਂ ਦਾ ਸੰਬੰਧ ਵਾਰਾਂ ਗਾਇਨ ਦੀ ‘ਤਰਜ਼’ ਨਾਲ ਹੈ, ਜਿਵੇਂ ਕਿ ਆਸਾ ਦੀ ਵਾਰ ਦੇ ਆਰੰਭ ਚ ਸਿਰਲੇਖ ਹੈ ‘ਟੁੰਡੈ ਅਸਰਾਜੈ ਕੀ ਧੁਨੀ’ ਇਨ੍ਹਾਂ ਵਾਰਾਂ ਦੀਆਂ ਧੁਨਾਂ ਬਾਰੇ ਉਸ ਮੌਕੇ ਪ੍ਰਚੱਲਤ ਸ਼ੰਕੇ ਦੀ ਨਵਿਰਤੀ ਲਈ ਦੱਸਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨੌਂ ਵਾਰਾਂ ਅਜਿਹੀਆਂ ਚੁਣੀਆਂ ਜਿਨਾਂ ਦੀ ਧਾਰਣਾ, ਧੁਨੀ ਜਾਂ ਤਰਜ਼, ਪੁਰਾਣੇ ਯੋਧਿਆ ਅਸਰਾਜ, ਸਿਕੰਦਰ, ਮਹਿਮਾ ਹਸਨਾ ਆਦਿ ਦੀਆਂ ਵਾਰਾਂ ਅਨੁਸਾਰ ਰਬਾਬੀਆਂ/ਰਾਗੀਆਂ ਨੂੰ ਦੱਸੀ…ਸ਼ੰਕਾ ਨਵਿਰਤੀ ਲਈ ਭਾਈ ਸਾਹਿਬ ਦਸੱਦੇ ਹਨ ਕਿ ਬਹੁਤ ਸਾਰੇ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੇਵੇਂ ਸਤਿਗੁਰੂ (ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਚੜਾਈਆਂ ਹਨ, ਪਰ ਇਹ ਅਸੱਤਯ ਹੈ। ਗੁਰਮਤਿ ਸੰਗੀਤ ਵਿੱਚ ਸ਼ਾਸਤਰੀ ਗਾਇਨ ਅੰਗ ਦੇ ਅੰਤਰਗਤ ਆਉਣ ਵਾਲੀਆਂ ਰਚਨਾਵਾਂ ਅਸ਼ਟਪਦੀ, ਪੜਤਾਲ ਆਦਿ ਅਤੇ ਲੋਕ ਸੰਗੀਤ ਅੰਗ ਨਾਲ ਗਾਏ ਜਾਣ ਵਾਲੇ ਕਾਵਿ ਰੂਪਾਂ ਸੋਹਿਲਾ ਪਉੜੀ, ਬਾਰਾਮਾਹਾ, ਘੋੜੀਆਂ, ਅਲਾਹੁਣੀ, ਆਰਤੀ ਆਦਿ ਨਾਲ ਸੰਬੰਧਿਤ ਬਹੁਪੱਖੀ ਜਾਣਕਾਰੀ ਭਾਈ ਸਾਹਿਬ ਨੇ ਮਹਾਨ ਕੋਸ਼ ਵਿੱਚ ਬੜੇ ਹੀ ਵਿਸਥਾਰ ਸਹਿਤ ਦਰਜ਼ ਕੀਤੀ ਹੈ, ਜਿਸਦਾ ਗੁਰਮਤਿ ਸੰਗੀਤ ਨਾਲ ਬੜਾ ਹੀ ਗਹਿਰਾ ਸੰਬੰਧ ਹੈ। ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ ਸਾਜਾਂ ਸਿਤਾਰ, ਦੁਤਾਰਾ, ਤਾਊਸ,ਤਾਨਪੁਰਾ, ਰਬਾਬ, ਜ਼ੋੜੀ ਆਦਿ, ਪਰੰਪਰਿਕ ਸਾਜ਼ਾਂ ਦੀ ਵੀ, ਤਸਵੀਰਾਂ ਤੇ ਵਿਵਰਣ ਸਮੇਤ, ਬੇਹੱਦ ਰੋਚਕ ਜਾਣਕਾਰੀ ਪੇਸ਼ ਕੀਤੀ ਹੈ।
ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਲਈ ਰਚਿੱਤ ਭਾਈ ਸਾਹਿਬ ਦੀਆਂ ਪੁਸਤਕਾਂ ਗੁਰੁਮਤ ਸੁਧਾਕਰ, ਗੁਰੁਮਤ ਪ੍ਰਭਾਕਰ, ਤੇ ਗੁਰੁਮਤ ਮਾਰਤੰਡ ਵਿੱਚ, ਗੁਰਬਾਣੀ ਕੀਰਤਨ ਦੀ ਪਰੰਪਰਾ ਤੇ ਕੀਰਤਨ ਦੀਆਂ ਚਾਰ ਚੌਕੀਆਂ ਬਾਰੇ ਅਜਿਹੀ ਦੁਰਲੱਭ ਜਾਣਕਾਰੀ ਉਪਲਬਧ ਹੈ ਜਿਸਦਾ ਇਤਿਹਾਸਕ ਮਹੱਤਵ ਹੈ। ਇਸਦੇ ਨਾਲ ਹੀ ਇਨ੍ਹਾਂ ਪੁਸਤਕਾਂ ਵਿੱਚ ਪੁਰਾਤਨ ਕੀਰਤਨੀਏ ਭਾਈ ਮਰਦਾਨਾ, ਭਾਈ ਸਤਾ-ਬਲਵੰਡ, ਭਾਈ ਲੱਧਾ, ਝਾਝੂ, ਮੁਕੰਦੂ, ਕਿਦਾਰਾ, ਭਾਈ ਗੁਰਮੁਖ ਸਿੰਘ, ਭਾਈ ਅਤਰਾ, ਭਾਈ ਦਿੱਤੂ, ਭਾਈ ਨੱਥਾ, ਭਾਈ ਬਾਬਕ ਅਤੇ ਭਾਈ ਸੱਦੂ-ਮੱਦੂ ਆਦਿ ਗੁਰੂ ਸਾਹਿਬਾਨ ਦੇ ਦਰਬਾਰੀ ਕੀਰਤਨੀਆਂ ਬਾਰੇ ਬਹੁਪੱਖੀ ਜਾਣਕਾਰੀ ਉਪਲਬਧ ਹੈ।ਕੁਝ ਨਿਬੰਧਾਂ ਤੇ ਹੋਰ ਲਿਖਤਾਂ ਵਿੱਚ ਭਾਈ ਸਾਹਿਬ ਨੇ ਕੀਰਤਨ ਦੀ ਪੁਰਾਤਨ ਮਰਿਯਾਦਾ ਕਾਇਮ ਰੱਖਣ ਲਈ ਬੜੇ ਹੀ ਕੀਮਤੀ ਸੁਝਾਅ ਪੇਸ਼ ਕੀਤੇ ਹਨ।ਇਸ ਸੰਬਧ ਵਿੱਚ ਭਾਈ ਸਾਹਿਬ ਦਾ ਲਿਖਿਆ, ਬੀਰ ਸਰਹੱਦੀ, ਦੇ ਨਵੰਬਰ 1934 ਈ. ਦੇ ਅੰਕ ਚ ਕੀਰਤਨ ਸਿਰਲੇਖ ਨਾਲ ਛਪਿਆ, ਨਿਬੰਧ ਵਿਸ਼ਸ਼ ਵਿਚਾਰਨ ਯੋਗ ਹੈ। ਇਸਦਾ ਨਿਬੰਧ ਤੇ ਕੁਝ ਹੋਰ ਰਚਨਾਵਾਂ ਚ ਭਾਈ ਸਾਹਿਬ ਖਾਸ ਜ਼ੋਰ ਦੇ ਕੇ ਦੱਸਦੇ ਹਨ ਕਿ ਰਾਗੀ ਸਿੰਘਾਂ ਨੂੰ ਗੁਰਬਾਣੀ ਦੀ ਸ਼ੁੱਧਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕੀਰਤਨ ਚ ਜਰੂਰਤ ਅਨੁਸਾਰ ਢੁਕਵੇਂ ਪ੍ਰਮਾਣ ਦਿੱਤੇ ਜਾਣ ਅਤੇ ਸਾਜ਼ਾਂ ਦੀ ਆਵਾਜ਼, ਕੀਰਤਨੀਏ ਦੀ ਆਵਾਜ਼ ਉਪਰ ਭਾਰੂ ਨਹੀਂ ਹੋਣੀ ਚਾਹੀਦੀ। ਗੁਰਮਤਿ ਸੰਗੀਤ ਦੀ ਵਿਆਖਿਆ ਕਰਦਿਆ ਭਾਈ ਸਾਹਿਬ ਨੇ ਕਿਤੇ ਵੀ ਭਾਰਤੀ ਸੰਗੀਤ ਦੀ ਪਰੰਪਰਾ ਨੂੰ ਨਜ਼ਰ ਅੰਦਾਜ ਨਹੀਂ ਕੀਤਾ, ਪਰੰਤੂ ਨਾਲ ਹੀ ਕਿਤੇ ਵੀ ਅੰਧਵਿਸ਼ਵਾਸੀ ਭਾਵਨਾ ਨੂੰ ਭਾਰੂ ਨਹੀਂ ਹੋਣ ਦਿੱਤਾ। ਭਾਈ ਸਾਹਿਬ ਦੇ ਅਜਿਹੇ ਮੁੱਢਲੇ ਯਤਨਾਂ ਦਾ ਹੀ ਸਿੱਟਾ ਹੈ ਕਿ ਅੱਜ ਅਕਾਦਮਿਕ ਖੇਤਰ ਵਿੱਚ ਵੀ ਗੁਰਮੁਤਿ ਸੰਗੀਤ ਨੂੰ ਸਨਮਾਨ ਯੋਗ ਸਥਾਨ ਹਾਸਲ ਹੈ।

WRITTEN BY