April 30, 2026 8:48 pm

ਸੱਚ ਦੀ ਅਦੁੱਤੀ ਸੱਤਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨਾਲ ਸੰਵਾਦ ਕਾਇਮ ਕਰਨ ਲਈ ਸ਼ਬਦ ਨੂੰ ਆਧਾਰ ਬਣਾਇਆ। ਇਹ ਰਿਵਾਇਤ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਜਾਰੀ ਰਹੀ। ਗੁਰੂ ਸਾਹਿਬਾਨ ਕੋਲ ਸ਼ਬਦ ਦੇ ਬਲ ਦਾ ਅਤੁਟ ਭੰਡਾਰ ਸੀ। ਇਕ ਸ਼ਬਦ ਦੀ ਹੀ ਅਮੁਲ ਦਾਤ ਸੀ ਜੋ ਗੁਰੂ ਸਾਹਿਬਾਨ ਨੇ ਸੰਸਾਰ ਅੰਦਰ ਖੁਲ੍ਹੇ ਹਥੀਂ ਵੰਡੀ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਨੂੰ ਗ੍ਰੰਥ ਦਾ ਅਵਿਨਾਸ਼ੀ ਸਵਰੂਪ ਬਖਸ਼ਿਆ। ਪੋਥੀ ਵਿਚ ਪਰਮਾਤਮਾ ਵਸ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗ੍ਰੰਥ ਨੂੰ ਸੰਪੂਰਣ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਗੁਰਗਦੀ ਤੇ ਵਿਰਾਜਮਾਨ ਕਰ ਸਚ ਦੀ ਸ਼ਹਨਸ਼ਾਹੀ ਦਾ ਬਾਕਾਇਦਾ ਐਲਾਨ ਕੀਤਾ। ਦੁਨਿਆ ਅੰਦਰ ਸਭ ਤੋਂ ਵਡਾ ਭਰਮ ਸਚ ਨੂੰ ਲੈ ਕੇ ਸੀ। ਮਾਇਆ ਦਾ ਅਜਿਹਾ ਪਸਾਰਾ ਹਰ ਥਾਂ, ਹਰ ਦਿਸ਼ਾ ’ਚ ਵਿਦਮਾਨ ਸੀ ਕਿ ਖੋਟੇ ਤੇ ਖਰੇ ਦਾ ਭੇਦ ਕਠਿਨ ਸੀ। ਜੋਗ ਤੇ ਅਜੋਗ ਦੀ ਪਛਾਣ ਅਲੋਪ ਹੋ ਗਈ ਸੀ। ਲੋਗ ਕੌੜੇ ਨੂੰ ਮਿਠਾ ਮੰਨ ਕੇ ਖਾਈ ਜਾ ਰਹੇ ਸਨ। ਸੰਸਾਰ ਅੰਦਰ ਧਰਮ ਦੀ ਚਰਚਾ ਸੀ ਪਰ ਧਰਮ ਦੀ ਦ੍ਰਿਸ਼ਟੀ ਨਹੀਂ ਸੀ। ਸਚ ਦਾ ਗੁਣਗਾਨ ਸੀ ਪਰ ਸਚ ਦੀ ਕਦਰ ਨਹੀਂ ਸੀ। ਲੋਕਾਈ ਦਾ ਹਾਲ ਸੀ ਜਿਵੇਂ ਨੇਤਰਹੀਨ ਰਤਨ – ਜਵਾਹਰ ਦੀ ਪਰਖ ਕਰ ਰਿਹਾ ਹੋਵੇ “ ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਾਮਲ ਬਾਣੀ ਮਨੁਖਤਾ ਦੀ ਨੇਤਰਹੀਨਤਾ ਨੂੰ ਦੂਰ ਕਰ ਸਚ ਨੂੰ ਵੇਖਣ ਦੀ ਦ੍ਰਿਸ਼ਟੀ ਦੇਣ ਵਾਲੀ ਤੇ ਉਸ ਅਟਲ , ਸਦੀਵੀ ਸਚ ਨੂੰ ਮਨ ਅੰਦਰ ਧਾਰਨ ਕਰਨ ਜੋਗ ਬਣਾਉਣ ਵਾਲੀ ਸਾਬਤ ਹੋਈ।
ਮਨੁਖ ਦਾ ਸਭ ਤੋਂ ਵਡਾ ਭਰਮ ਆਪਣੇ ਜੀਵਨ ਨੂੰ ਲੈ ਕੇ ਸੀ। ਉਸ ਦੇ ਜਨਮ ਦਾ ਕੀ ਮਨੋਰਥ ਹੈ ਤੇ ਉਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਇਹ ਸਵਾਲ ਸ੍ਰਿਸ਼ਟੀ ਦੀ ਸਿਰਜਨਾ ਤੋਂ ਹੀ ਇਕ ਗੁੜ੍ਹ ਬੁਝਾਰਤ ਬਣਿਆ ਹੋਇਆ ਸੀ। ਵਖ – ਵਖ ਵਿਚਾਰ ਸਮੇਂ ਸਮੇਂ ਤੇ ਉਸ ਦੇ ਸਾਹਮਣੇ ਆਉਂਦੇ ਰਹੇ। ਵਿਚਾਰਾਂ ਦਾ ਆਪਸੀ ਟਕਰਾਵ ਇਕ ਭਿੰਨ ਕਿਸਮ ਦੀ ਸਮਸਿਆ ਬਣ ਗਿਆ। ਸਮਾਜ ਟੁਕੜੇਆਂ ਵਿਚ ਵੰਡ ਗਿਆ ਤੇ ਜੀਵਨ ਦਸ਼ਾ ਬਦ ਤੋਂ ਬਦਤਰ ਹੁੰਦੀ ਚਲੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੇ ਭਰਮ ਦੂਰ ਕਰ ਜਿਥੇ ਜੀਵਨ ਦੀ ਸੇਧ ਪ੍ਰਦਾਨ ਕੀਤੀ , ਸਮਾਜ ਨੂੰ ਜੋੜਨ ਦਾ ਵੀ ਮਹਾਨ ਉਪਕਾਰ ਕੀਤਾ “ ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ “। ਕਿਸੇ ਨੇ ਆਪਨੇ ਰਾਜ ਪਾਟ ਨੂੰ , ਕਿਸੇ ਨੇ ਆਪਣੇ ਗਿਆਨ ਨੂੰ , ਕਿਸੇ ਨੇ ਆਪਨੀ ਦੌਲਤ ਤੇ ਕਿਸੇ ਆਪਣੇ ਕੁਲ , ਵੰਸ਼ ਨੂੰ ਸਚ ਮੰਨ ਲਿਆ ਸੀ। ਗੁਰੂ ਨਾਨਕ ਸਾਹਿਬ ਨੇ ਸੁਚੇਤ ਕਰਦਿਆਂ ਕਿਹਾ ਕਿ ਸਚ ਤਾਂ ਬਸ ਇਕੋ ਇਕ ਪਰਮਾਤਮਾ ਹੈ ਜੋ ਆਦਿ ਕਾਲ ਤੋਂ ਹੈ ਤੇ ਸਦਾ ਹੀ ਰਹਿਣ ਵਾਲਾ ਹੈ “ਆਦਿ ਸਚੁ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨੂੰ ਮਾਤਰ ਹੋਂਦ ਦੇ ਆਧਾਰ ਤੇ ਹੀ ਸਚ ਨਹੀਂ ਕਿਹਾ , ਇਸ ਨਾਲ ਉਸ ਦੇ ਸਦਾ ਕਾਇਮ ਰਹਿਣ ਵਾਲੇ ਗੁਣ ਵੀ ਜੋੜੇ। ਗੁਰੂ ਸਾਹਿਬ ਨੇ ਕਿਹਾ ਕਿ ਉਹ ਕਰਤਾ – ਉਪਕਾਰੀ ਹੈ , ਕਿਸੇ ਵੀ ਭੈ ਅੰਦਰ ਨਹੀਂ – ਅਚਿੰਤ ਹੈ , ਨਿਰਮਲ ਬਿਰਤੀ ਵਾਲਾ ਹੈ ਤੇ ਅਵਿਨਾਸ਼ੀ ਹੈ। ਗੁਰੂ ਸਾਹਿਬਾਨ ਨੇ ਜਿਸ ਸਚ ਤੋਂ ਲੋਕਾਈ ਨੂੰ ਰੂਬਰੂ ਕਰਾਇਆ ਉਹ ਗੁਣੀ ਤੇ ਕਲਿਆਣਕਾਰੀ ਸੀ। ਗੁਰਬਾਣੀ ਨੇ ਸੇਧ ਦਿਤੀ ਕਿ ਜਿਸ ਸੁਖ ਦੀ ਆਸ ’ਚ ਮਨੁਖ ਭਟਕ ਰਿਹਾ ਹੈ ਉਹ ਸਚ ਸਵਰੂਪ ਪਰਮਾਤਮਾ ਕੋਲੋਂ ਹੀ ਮਿਲਣਾ ਹੈ ਏਕੁ ਅਰਾਧਹੁ ਸਚਾ ਸੋਇ, ਜਾ ਕੀ ਸਰਨਿ ਸਦਾ ਸੁਖੁ ਹੋਇ। ਗੁਰਬਾਣੀ ਨੇ ਉਸ ਸਚ ਨਾਲ ਜੋੜਨ ਦੀ ਗਲ ਕੀਤੀ ਜਿਥੇ ਮਨੁਖੀ ਦੁਖਾਂ ਦਾ ਪੂਰਨ ਨਿਦਾਨ ਹੈ। ਗੁਰਬਾਣੀ ਨੇ ਮਨੁਖੀ ਹੰਕਾਰ ਨੂੰ ਤੋੜਨ ਤੇ ਵਿਕਾਰਾਂ ਤੋਂ ਦੂਰ ਕਰਨ ਲਈ ਸਚ ਡਾ ਦੂਜਾ ਪਖ ਵੀ ਸਾਹਮਣੇ ਰਖਿਆ। ਇਹ ਦੂਜਾ ਪਖ ਸੀ ਮਨੁਖ ਦੀ ਹੋਂਦ ਦਾ ਇਕ ਦਮ , ਪਲ ਦਾ ਹੋਣਾ, ਅਗਲੇ ਸਵਾਸ ਦਾ ਯਕੀਨੀ ਨਾ ਹੋਣਾ। ਮਨੁਖ ਕੋਲ ਜੀਵਨ ਦੇ ਕਿੰਨੇ ਪਲ ਹਨ ਇਹ ਨਹੀਂ ਜਾਣਿਆ ਜਾ ਸਕਦਾ “ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ। ਮਨੁਖ ਨੇ ਜੀਵਨ ਨੂੰ ਸਚ ਮੰਨ ਕੇ ਜੀਉਣਾ ਆਰੰਭ ਕਰ ਦਿਤਾ ਜੋ ਉਸ ਦੀ ਵਡੀ ਅਗਿਆਨਤਾ ਸੀ। ਮਨੁਖ ਦੇ ਜੀਵਨ ਦਾ ਸਚ ਉਸ ਮਿਹਮਾਨ ਵਰਗਾ ਹੈ ਜੋ ਰਾਤ ਬਿਤਾਉਣ ਲਈ ਆਇਆ ਹੈ। ਉਸ ਨੂੰ ਪਤਾ ਹੈ ਕਿ ਸਵੇਰ ਹੁੰਦੀਆਂ ਹੀ ਉਸ ਨੇ ਇਥੋਂ ਕੂਚ ਕਰ ਜਾਣਾ ਹੈ ਕਿਸੇ ਨਵੇਂ ਟਿਕਾਨੇ ਲਈ।
ਮਨੁਖ ਨੇ ਇਸ ਸਚ ਨੂੰ ਵਿਸਾਰ ਦਿਤਾ ਤੇ ਜੁਗਾਂ ਤਕ ਜੀਉਣ ਦੇ ਵਸੀਲੇ ਬਣਾਉਣ ਦੇ ਫੇਰ ’ਚ ਪੈ ਗਿਆ “ ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ “। ਗੁਰੂ ਸਾਹਿਬਾਨ ਨੇ ਵਚਨ ਕੀਤੇ ਕਿ ਜੀਵਨ ਦੇ ਸਚ ਨੂੰ ਨਾ ਸਮਝਣ ਕਾਰਨ ਉਸ ਦਾ ਜੀਵਨ ਮਾਇਆ ਦੇ ਫੇਰ ਵਿਚ ਪਾਪ ਕਰਦਿਆਂ ਨਿਹਫਲ ਚਲਾ ਜਾਂਦਾ ਹੈ ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ , ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ। ਮਾਇਆ ਦੇ ਅਸਰ ਹੇਠ ਮਨੁਖ ਜੋ ਕੁਝ ਵੀ ਕਰਦਾ ਹੈ ਗੁਰਬਾਣੀ ਨੇ ਉਸ ਨੂੰ ਕੂੜ੍ਹ ਮੰਨਿਆ। ਗੁਰਬਾਣੀ ਨੇ ਮਾਇਆ ਦੇ ਛਲ ਬਲ ਦੀ ਤਾਕਤ ਨੂੰ ਸਵੀਕਾਰ ਕੀਤਾ ਜੋ ਲਗਭਗ ਸਾਰੀ ਲੋਕਾਈ ਦਾ ਜੀਵਨ ਨਾਸ਼ ਕਰ ਰਹੀ ਸੀ “ ਮਾਇਆ ਐਸੀ ਮੋਹਨੀ ਭਾਈ , ਜੇਤੇ ਜੀਅ ਤੇਤੇ ਡਹਕਾਈ “। ਗੁਰਬਾਣੀ ਨੇ ਮੋਹ ਮਾਇਆ ਦੇ ਸਾਰੇ ਫੰਧ ਤੋੜਦਿਆਂ ਸੁਚੇਤ ਕੀਤਾ ਕਿ “ ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ “। ਗੁਰੂ ਨਾਨਕ ਸਾਹਿਬ ਨੇ ਮਨੁਖ ਦਾ ਜੀਵਨ ਕਿੰਨਾ ਹੀ ਲੰਬਾ ਹੋਵੇ , ਕਿੰਨੇ ਹੀ ਸੁਖ ਸਾਧਨ ਜੁਟਾ ਲਵੇ , ਸਭ ਕੁਝ ਇਥੇ ਹੀ ਛਡ ਕੇ ਚਲੇ ਜਾਣਾ ਹੈ “ ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ , ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ “। ਘੜੀ ਵੀ ਨਹੀਂ ਲਗਦੀ ਸਭ ਕੁਝ ਪਰਾਇਆ ਹੋ ਜਾਂਦਾ ਹੈ। ਗੁਰਬਾਣੀ ਨੇ ਅਜਿਹੇ ਮਨੁਖੀ ਜੀਵਨ ਦੀ ਕਲਪਨਾ ਨੂੰ ਹਕੀਕਤ ਬਣਾਇਆ ਜੋ ਅਚਿੰਤ ਹੋਵੇ , ਨਿਰਭਉ ਹੋਵੇ ਤੇ ਸਿਦਕ ਨਾਲ ਭਰਪੂਰ ਹੋਵੇ। ਚਿੰਤਾ ਮਾਇਆ ਦੇ ਮੋਹ ਤੋਂ ਜਨਮ ਲੈ ਰਹੀ ਸੀ , ਡਰ ਆਪਨੇ ਵਿਕਾਰਾਂ ਤੋਂ ਪੈਦਾ ਹੋ ਰਹੇ ਸਨ . ਗੁਰਬਾਣੀ ਨੇ ਮੋਹ ਤੇ ਵਿਕਾਰਾਂ ਤੋਂ ਮੁਕਤ ਕਰ ਪਰਮਾਤਮਾ ਨਾਲ ਮਨ ਤ੍ਰਿਪਤ ਕਰ ਦੇਣ ਵਾਲ ਸਬੰਧ ਕਾਇਮ ਕੀਤਾ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ। ਇਹ ਮਾਰਗ ਭਰਮਾਂ ਦੇ ਹਨੇਰੇ ਤੋਂ ਉਬਾਰਨ ਵਾਲਾ ਸੀ “ ਅੰਧ ਕੂਪ ਤੇ ਕਰੁ ਗਹਿ ਲੀਨਾ॥ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਚ ਨੂੰ ਪ੍ਰਾਪਤ ਕਰਨ ਲਈ ਸਚ ਧਾਰਨ ਕਰਨ ਦੀ ਪ੍ਰੇਰਨਾ ਕੀਤੀ। ਸੰਸਾਰ ਅੰਦਰ ਕੋਈ ਕਰਾਮਾਤ ਨਹੀਂ। ਸਚ ਦੀ ਹਕੂਮਤ ਹੈ ਤੇ ਸਚ ਦੀ ਹੀ ਸਦਾ ਵਡਿਆਈ ਹੈ। ਪਰਮਾਤਮਾ ਮਨੁਖ ਦੇ ਕੇਵਲ ਗੁਣਾਂ ਦੀ ਕੀਮਤ ਪਾਉਂਦਾ ਹੈ ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ॥ ਭਾਈ ਮਰਦਾਨਾ ਜੀ, ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ ਜਿਹੇ ਗੁਰਸਿਖਾਂ ਦੀ ਇਕ ਵਡੀ ਜਮਾਤ ਤਿਆਰ ਹੋਈ ਜੋ ਸਚ ਦੇ ਧਾਰਨੀ ਹੋਣ ਕਾਰਣ ਇਤਿਹਾਸ ਦੇ ਸਤਿਕਾਰਤ ਨਾਇਕ ਬਣ ਗਏ। ਸਚ ਦੀ ਵਡਿਆਈ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ, ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਸਾਹਿਬ ਤੇ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਸਾਹਿਬ ਬਣਾਉਣ ਵਾਲੀ ਸਿਧ ਹੋਈ। ਗੁਰਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦਾ ਸ਼ਬਦਾਂ ਤੋਂ ਨਿਕਲ ਅਸਲ ਜੀਵਨ ’ਚ ਪਰਗਟ ਹੋਈ “ ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ “। ਗੁਰ ਸ਼ਬਦ ਨੇ ਮਨੁਖੀ ਸਮਾਜ ਤੇ ਵਿਆਪਕ ਤੇ ਗਹਿਰਾ ਅਸਰ ਪਾਇਆ। ਸ਼ਬਦ ਨੂੰ ਗੁਰੂ ਮੰਨਨ ਦਾ ਵੀਚਾਰ ਹੀ ਆਪਨੇ ਆਪ ਵਿਚ ਅਦੁਤੀ ਤੇ ਲਾਸਾਨੀ ਸੀ । ਦੁਨਿਆ ਦੀ ਹਰ ਨਿਕੀ – ਵਡੀ ਤਾਕਤ ਨੂੰ ਦਰਕਿਨਾਰ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਤਮਸਤਕ ਹੋਣਾ ਸਚ ਦੀ ਸਤਾ ਨੂੰ ਸਵੀਕਾਰ ਕਰਣਾ ਸੀ। ਪਰਮਾਤਮਾ ਨੇ ਗੁਰ ਸ਼ਬਦ ਰਾਹੀਂ ਸੰਸਾਰ ਅੰਦਰ ਸਚ ਵਰਤਾਇਆ ਤੇ ਸ਼ਬਦ ਅੰਦਰ ਆਪਣੀ ਹੋਂਦ ਨੂੰ ਸਮੋ ਕੇ ਲੋਕਾਈ ਦੇ ਕਲਿਆਣ ਦਾ ਮਾਰਗ ਬਣਾਇਆ ਆਪੇ ਸਚਾ ਸਚੁ ਵਰਤਾਏ , ਇਕਿ ਜਨ ਸਾਚੈ ਆਪੇ ਲਾਏ , ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ॥ ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਨਿਰਮਲ ਪੰਥ ਦਾ ਧਾਰਣੀ ਹੋਣਾ ਹੈ ਪ੍ਰਭੁ ਆਰਾਧਨ ਨਿਰਮਲ ਰੀਤਿ। ਗੁਣਾਂ ਦੀ ਮਹਤਾ ਨੂੰ ਜਾਨਣਾ ਤੇ ਗੁਣਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਸਚੀ ਸੇਵਾ ਹੈ “ ਸਿਮਰਤ ਨਾਮ ਪੂਰਨ ਆਚਾਰ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਦੀ ਇਕਲੀ ਤੇ ਨਿਵੇਕਲੀ ਸ਼ਬਦ ਸ਼ਕਤੀ ਹੈ ਜਿਸ ਅਗੇ ਕਰੋੜਾਂ ਸਿਰ ਨਿਤ ਨਿਉਂਦੇ ਹਨ ਤੇ ਜੀਵਨ ਲਈ ਹੁਕਮ ਪ੍ਰਾਪਤ ਕਰਦੇ ਹਨ। ਇਹ ਹੁਕਮ ਕਿਸੇ ਨਿਜੀ ਲੋੜ ਨੂੰ ਪ੍ਰ੍ਰਨ ਕਰਨ ਲਈ ਨਹੀਂ ਸਹਿਜ। ਸੰਤੋਖ , ਪ੍ਰੇਮ , ਸੇਵਾ ਤੇ ਸਿਮਰਨ ਲਈ ਹੁੰਦੇ ਹਨ।
ਗੁਰ ਕੇ ਚਰਨ ਕਮਲ ਨਮਸਕਾਰਿ॥
ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ॥
ਹੋਇ ਰਹੀਐ ਸਗਲ ਕੀ ਰੀਨਾ॥
ਘਟਿ ਘਟਿ ਰਮਈਆ ਸਭ ਮਹਿ ਚੀਨਾ॥ (ਪੰਨਾ 866)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਣਾ ਵਿਕਾਰਾਂ ਨੂੰ ਤਿਆਗਣਾ, ਗੁਣਾਂ ਨੂੰ ਧਾਰਣ ਕਰਣਾ ਤੇ ਹਰ ਜੀਵ ਅੰਦਰ ਪਰਮਾਤਮਾ ਦਾ ਰੂਪ ਵੇਖਣਾ ਹੈ। ਅਜ ਭੌਤਿਕਤਾਵਾਦੀ ਤੇ ਵੈਸ਼ਵਿਕ ਦਬਾਅ ਹੇਠ ਕਰਾਹ ਰਹੇ ਸੰਸਾਰ ਨੂੰ ਇਸ ਕਰਿਸ਼ਮੇ ਦੀ ਲੋੜ ਹੈ।

ਡਾ. ਸਤਿੰਦਰ ਪਾਲ ਸਿੰਘ
ਈ – 1716 , ਰਾਜਾਜੀਪੁਰਮ
ਲਖਨਊ -226017
ਮੋ. 9415960533 , 8417852899

Send this to a friend