April 23, 2026 8:46 pm

ਸੇਵਾ ਦੇ ਮਹਾਨ ਪੁੰਜ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲੇ

ਸੰਸਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਜੋਤ ਨੇ ਹੱਥੀਂ ਕਾਰ ਕਰਕੇ ਸੇਵਾ ਕੀਤੀ। ਜਿਸ ਦੀ ਮਿਸ਼ਾਲ ਅੱਜ ਵੀ ਜੱਗ ਰਹੀ ਹੈ। ਦਸ ਗੁਰੂ ਸਾਹਿਬਾਨਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਸਾਡੇ ਸਚਖੰਡ ਵਾਸੀ ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਸੰਪ੍ਰਦਾ ਦੇ ਮਹਾਂਪੁਰਸ਼ਾਂ ਨੇ ਜਾਰੀ ਰੱਖੀਆਂ। ਉਨ੍ਹਾਂ ਦੀ ਪ੍ਰੇਰਨਾ ਸਚਖੰਡ ਵਾਸੀ ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਝੰਡਾ ਸਿੰਘ, ਸੰਤ ਬਾਬਾ ਜੀਵਨ ਸਿੰਘ, ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਹਰੀ ਸਿੰਘ, ਸੰਤ ਬਾਬਾ ਸ਼ੀਸ਼ਾ ਸਿੰਘ ਸਾਰੇ ਸੱਚਖੰਡ ਵਾਸੀ ਹਨ। ਸਚਖੰਡ ਸ੍ਰੀ ਹਜੂਰ ਸਾਹਿਬ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਉਣ ਵਾਲੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਮ ਪਿਤਾ ਜੀ ਨੇ ਇਹ ਵਰ ਦਿੱਤਾ। ਇਹ ਦੇਸ਼ ਮੇਰੇ ਸਿੰਘਾਂ ਤੋਂ ਵਾਂਝਾ ਨਾ ਰਹੇਗਾ ਆਪ ਪਕਾ ਕੇ ਵਰਤਾਏ ਚਲੋ ਇਥੇ ਧੰਨ ਦੀ ਕੋਈ ਤੋਟ ਨਹੀਂ ਆਵੇਗੀ। ਉਨ੍ਹਾਂ ਨੇ ਬਚਨ ਕੀਤਾ ਅਸੀਂ ਵੀ ਇਕ ਦੋ ਸੰਤ ਮਹਾਤਮਾਂ ਐਸੇ ਇਸ ਦੱਖਣ ਦੀ ਧਰਤੀ ’ਤੇ ਆਉਣਗੇ ਜੋ ਇਥੇ ਆ ਕੇ ਸੰਪੂਰਨ ਦੇਗ ਅਤੇ ਤੇਗ ਚਲਾਉਣਗੇ। ਦੇਗ ਬਾਬਾ ਨਿਧਾਨ ਸਿੰਘ ਜੀ ਅਤੇ ਤੇਗ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਵਿੱਚ ਜ਼ਾਲਮਾਂ ਦਾ ਨਾਸ਼ ਕਰਨ ਲਈ ਚਲਾਈ। ਦਸਮ ਪਿਤਾ ਜੀ ਦੀਆਂ ਫੌਜਾਂ ਅਤੇ ਗੁਰੂ ਸਾਹਿਬ ਪ੍ਰਸ਼ਾਦਾ ਜਿਸ ਅਸਥਾਨ ’ਤੇ ਛੱਕਿਆ ਕਰਦੇ ਸਨ ਉਹ ਅਸਥਾਨ ਅੱਜ ਗੁਰੂ ਕਾ ਲੰਗਰ ਸਾਹਿਬ ਦੇ ਨਾਮ ਨਾਲ ਜਿਥੇ ਬਾਬਾ ਨਿਧਾਨ ਸਿੰਘ ਜੀ ਨੇ 12 ਸਾਲ ਸੇਵਾ ਬੜੀ ਨਿਮਰਤਾ ਭਾਵਨਾ ਨਾਲ ਨਿਰੰਕਾਰ ਜੀ ਦੇ ਭੈਅ ਵਿੱਚ ਮਗਨ ਹੋ ਕੇ ਕੀਤੀ।
ਵਿਚ ਦੁਨੀਆਂ ਸੇਵ ਕਮਾਈਐ॥
ਤਾਂ ਦਰਗਹ ਬੈਸਣ ਪਾਈਐ॥
ਸੰਤ ਬਾਬਾ ਨਿਧਾਨ ਸਿੰਘ ਜੀ 4-8-1947 ਨੂੰ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਤੋਂ ਬਾਅਦ ਸੰਤ ਬਾਬਾ ਹਰਨਾਮ ਸਿੰਘ ਜੀ ਨੇ 1947 ਤੋਂ ਲੈ ਕੇ 1979 ਤੱਕ ਇਹ ਸੇਵਾ ਨਿਭਾਈ। ਫਿਰ ਸੰਤ ਬਾਬਾ ਆਤਮਾ ਸਿੰਘ ਜੀ ਨੇ 1979 ਤੋਂ ਲੈ ਕੇ 1983 ਤੱਕ ਸੇਵਾ ਸ਼ਰਧਾ ਨਾਲ ਚੜ੍ਹਦੀਕਲਾ ਵਿੱਚ ਕੀਤੀ। ਮਈ 2005 ਨੂੰ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਪੰਚ ਭੂਤਕ ਦੇਹ ਨੂੰ ਤਿਆਗ ਗਏ, ਉਨ੍ਹਾਂ ਤੋਂ ਬਾਅਦ ਇਸ ਅਸਥਾਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਗੁਰੂ ਘਰ ਦੇ ਅਨਿਨ ਸੇਵਕ ਸੰਤ ਬਾਬਾ ਨਰਿੰਦਰ ਸਿੰਘ ਜੀ ਦੇ ਸਪੁਰਦ ਕਰ ਦਿੱਤੀ ਹੈ। ਗੁਰੂ ਘਰ ਗੁਰੂ ਕੇ ਲੰਗਰ ਅਤੇ ਹੋਰ ਸੇਵਾ ਦਾ ਖਰਚ ਦਾ ਅਨੁਮਾਨ ਤਾਂ ਲਗਾਇਆ ਨਹੀਂ ਜਾ ਸਕਦਾ। ਗੁਰਦੁਆਰਾ ਸਾਹਿਬ ਨੇ ਨਾਮ ਪਰ ਕੋਈ ਪੱਕੀ ਜਗੀਰ ਜਾਂ ਗਜ਼ਟਡ ਆਮਦਨੀ ਨਹੀਂ ਹੈ। ਕੇਵਲ ਸੰਗਤਾਂ ਹੀ ਗੁਰੂ ਕੀ ਜਾਗੀਰ ਅਤੇ ਆਮਦਨੀ ਹਨ।
ਸਾਲ 2005 ਵਿੱਚ ਸ੍ਰੀ ਖਡੂਰ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਜੋ ਮਹਾਨ ਸ਼ਤਾਬਦੀਆਂ ਮਨਾਈਆਂ ਗਈਆਂ ਉਸ ਵਿੱਚ ਗੁਰੂ ਕਾ ਲੰਗਰ ਲਗਾਉਣ ਵਾਸਤੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਅਤੇ ਸਹਿਯੋਗੀ ਸੰਗਤਾਂ ਨੂੰ ਅਨੇਕ ਪ੍ਰਕਾਰ ਦੇ ਭੋਜਨ ਬਨਵਾਉਣ ਅਤੇ ਵਰਤਾਉਣ ਦੀ ਸੇਵਾ ਲਗਾਈ ਗਈ।
ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਪੰਜਾਬ ਵਿੱਚ ਅਤੇ ਹਜੂਰ ਸਾਹਿਬ ਵਿੱਚ ਅਨੇਕਾਂ ਹੀ ਗੁਰਦੁਆਰਿਆਂ ਦੀ ਸੇਵਾ ਕਰਵਾ ਰਹੇ ਹਨ।
ਪੰਜਾਬ ਦੇ ਗੁਰਦੁਆਰੇ – ਗੁਰਦੁਆਰਾ ਅਕਾਲਗੜ੍ਹ ਸਾਹਿਬ ਬਨੂੜ ਪਟਿਆਲਾ, ਗੁਰਦੁਆਰਾ ਪਾਤਸ਼ਾਹੀ ਦਸਵੀਂ, ਦੁਸਾਂਝ ਨਵਾਂਸ਼ਹਿਰ, ਡੇਰਾ ਜੁੰਡਲਾ ਕਰਨਾਲ, ਭਗਤ ਧੰਨਾ ਦੀ ਜੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਭਗਵਾਸ ਪਟਿਆਲਾ, ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਪਾਤਸ਼ਾਹੀ ਦਸਵੀਂ ਲੁਧਿਆਣਾ, ਗੁਰਦੁਆਰਾ ਪਾਤਸ਼ਾਹੀ ਦਸਵੀਂ ਸਾਹਨੇਵਾਲ, ਗੁਰਦੁਆਰਾ ਪਾਤਸ਼ਾਹੀ ਦਸਵੀਂ, ਕਨੇਚ, ਗੁਰਦੁਆਰਾ ਟਾਹਲੀ ਸਾਹਿਬ ਪਿੰਡ ਰਤਨਾ, ਪਾ. ਦਸਵੀਂ, ਗੁਰਦੁਆਰਾ ਕਲਗੀਧਰ ਸਾਹਿਬ ਦਸਮੇਸ਼ ਨਗਰ ਮੋਗਾ ਗਲੀ ਨੰਬਰ 6, ਗੁਰਦੁਆਰਾ ਬਹਿਲਾ ਪਾ. ਦਸਵੀਂ ਸ੍ਰੀ ਅੰਮ੍ਰਿਤਸਰ, ਡੇਰਾ ਸ੍ਰੀ ਤਰਨਤਾਰਨ ਸਾਹਿਬ, ਨਜ਼ਦੀਕ ਦਰਬਾਰ ਸਾਹਿਬ, ਗੁਰਦੁਆਰਾ ਭੰਗਾਲਾ ਸਾਹਿਬ ਪਾ ਪੰਜਵੀਂ, ਗੁਰਦੁਆਰਾ ਮਊਆ ਸਾਹਿਬ ਪਾ. 5ਵੀਂ ਸਾਰੇ ਜਲੰਧਰ। ਗੁਰਦੁਆਰਾ ਸਪਰੋੜ ਨੰਗਲ ਯਾਦਗਾਰ ਭਾਈ ਸੰਗਤ ਸਿੰਘ ਕਪੂਰਥਲਾ ਡੇਰਾ ਈਨਾਖੇੜਾ ਮੁਕਤਸਰ, ਗੁਰਦੁਆਰਾ ਨਾਨਕ ਪ੍ਰਕਾਸ਼ ਪਾ. ਪਹਿਲੀ ਧਰਮਕੋਟ।
ਸ੍ਰੀ ਹਜੂਰ ਸਾਹਿਬ ਦੇ ਗੁਰਦੁਆਰੇ – ਗੁਰਦੁਆਰਾ ਲੰਗਰ ਸਾਹਿਬ ਵਿਖੇ 12 ਹਜ਼ਾਰ ਯਾਤਰੀ ਰਾਤ-ਦਿਨ ਕਮਰਿਆਂ ਵਿੱਚ ਵਿਸ਼ਰਾਮ ਕਰ ਸਕਦੇ ਹਨ। ਜਿਨ੍ਹਾਂ ਵਿੱਚ ਰਿਹਾਇਸ਼ ਲਈ ਉਚ ਦਰਜ਼ੇ ਦੀਆਂ ਸਾਰੀਆਂ ਸਹੂਲਤਾਂ ਹਨ। ਬਾਬਾ ਬੁੱਢਾ ਜੀ ਐਨ.ਆਰ.ਆਈ. ਨਿਵਾਸ ਜੋ ਸਿੱਖੀ ਸਰੂਪ ਦੀ ਅਤੇ ਕਾਰੀਗਰੀ ਦੀ ਮੂੰਹਬੋਲਦੀ ਤਸਵੀਰ ਦਸ ਮੰਜ਼ਲੀ ਬਿਲਡਿੰਗ ਬੇਸ਼ੁਮਾਰ ਕੀਮਤੀ ਸੰਗਮਰਮਰ ਜਿਸ ਵਿੱਚ ਦੋਵੇਂ ਪਾਸੇ ਲਿਫਟ ਲੱਗੀ ਹੋਈ ਹੈ। ਰਿਹਾਇਸ਼ ਲਈ ਵਧੀਆ ਸਹੂਲਤਾਂ ਹਨ ਬਣਾਈ ਗਈ ਹੈ, ਇਸ ਤਰ੍ਹਾਂ ਹੋਰ ਵੀ ਅਨੇਕਾਂ ਬੁੰਗੇ ਅਤੇ ਅਨੇਕਾਂ ਗੁਰਦੁਆਰਿਆਂ ਦੀ ਸੇਵਾ ਚਲ ਰਹੀ ਹੈ। ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕਾ ਵਿੱਚ ਨਾਨਕ ਝੀਰਾ ਪ੍ਰਗਟ ਸ਼ਤਾਬਦੀ ਜੋ ਸੰਸਾਰ ਪੱਧਰ ’ਤੇ ਮਨਾਈ ਜਾ ਰਹੀ ਹੈ ਉਸ ਦੀ ਕਾਰਸੇਵਾ ਵੀ ਲੰਗਰ ਸਾਹਿਬ ਵਾਲੇ ਸੰਤਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਦਿਨ ਰਾਤ ਲਗਾਤਾਰ ਕੰਮ ਚਲ ਰਿਹਾ ਹੈ। ਗੁ. ਨਾਨਕ ਝੀਰਾ ਵਿਖੇ ਪੱਥਰ ਦੀ ਮੀਨਾਕਾਰੀ, ਰਿਹਾਇਸ਼ੀ ਕਮਰੇ ਆਦਿ ਕੰਮ ਵੱਡੇ ਪੱਧਰ ’ਤੇ ਚੱਲ ਰਹੇ ਹਨ।
ਕਾਰ ਸੇਵਾ ਦੀ ਸੰਪਰਦਾ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਸੰਤ ਬਾਬਾ ਜਗਤਾਰ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ ਨੇ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਜਨਮ ਸਥਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸੈਂਕੜੇ ਕਮਰੇ ਜਿਨ੍ਹਾਂ ਵਿੱਚ ਏ.ਸੀ. ਸਹੂਲਤਾਂ ਹਨ। ਅੰਮ੍ਰਿਤ ਸਰੋਵਰ ਅਤੇ ਪ੍ਰਕਰਮਾਂ ਨੂੰ ਸੰਗਮਰਮਰ ਲਗਾ ਕੇ ਬਣਾਇਆ ਗਿਆ ਹੈ। ਗੁਰਦੁਆਰਾ ਬਾਬਾ ਬੇਰ ਸਾਹਿਬ (ਪਾਕਿਸਤਾਨ) ਦੀ ਸੇਵਾ ਵੀ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ ਕਰ ਰਹੇ ਹਨ। ਗੁਰਦੁਆਰਾ ਪਟਨਾ ਸਾਹਿਬ (ਬਿਹਾਰ) ਗੁਰਧਾਮਾਂ ਦੀ ਸੇਵਾ ਬਾਬਾ ਅਮਰੀਕ ਸਿੰਘ ਅਤੇ ਸਹਿਯੋਗੀ ਨਿਭਾਅ ਰਹੇ ਹਨ। ਵਿਸ਼ਾਲ ਪੱਧਰ ’ਤੇ ਯਾਤਰੂਆਂ ਲਈ ਕਮਰੇ ਅਤੇ ਲੰਗਰ ਹਾਲ ਬਣਾਏ ਗਏ ਹਨ। ਬੰਗਲਾ ਦੇਸ਼ ਵਿੱਚ ਤਿੰਨ ਗੁਰਦੁਆਰਿਆਂ ਦੀ ਕਾਰ ਸੇਵਾ ਵੀ ਪ੍ਰਬੰਧਕ ਕਮੇਟੀ ਤੇ ਪਟਨਾ ਸਾਹਿਬ ਵਾਲੇ ਸਿੰਘ ਸਾਹਿਬਾਨ ਗਿਆਨੀ ਇਕਬਾਲ ਸਿੰਘ ਜੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਕਾਰ ਸੇਵਾ ਵਾਲਿਆਂ ਦੀ ਸੰਪਰਦਾ ਦੀ ਜੋਤ ਦਿਨ ਰਾਤ ਜਗ ਰਹੀ ਹੈ। ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਜੋ ਸਾਧੂਆਂ ਨੂੰ ਛਕਾਇਆ ਸੀ ਅੱਜ ਸਾਰੀ ਦੁਨੀਆਂ ਵਿੱਚ ਇਸ ਦਾ ਕੋਈ ਲੇਖਾ-ਜੋਖਾ ਨਹੀਂ ਹੈ। ਗੁਰੂ ਕਾ ਲੰਗਰ ਦਿਨ-ਰਾਤ ਚਲਦਾ ਰਹਿੰਦਾ ਹੈ। ਕਾਰ ਸੇਵਾ ਵਾਲਿਆਂ ਦੀ ਬਹੁਤ ਵੱਡੀ ਦੇਣ ਹੈ ਕਿ ਉਨ੍ਹਾਂ ਨੇ ਗੁਰਧਾਮਾਂ ਦੀ ਕਾਰ ਸੇਵਾ, ਯਾਤਰੂਆਂ ਦੀ ਰਿਹਾਇਸ਼ ਲਈ ਸਰਾਵਾਂ, ਲੰਗਰ ਦੇ ਵੱਡੇ ਹਾਲ ਬਣਾ ਕੇ ਸਿੱਖ ਕੌਮ ਦੀ ਵੱਡਮੁੱਲੀ ਸੇਵਾ ਕੀਤੀ ਉਸ ਦੇ ਨਾਲ ਉਹ ਸਿੱਖ ਸ਼ਹਾਦਤ ਯਾਦਗਾਰਾਂ ਬਨਾਉਣ ਵਿੱਚ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਜ਼ੁਲਮ ਕਰਨ ਵਾਲਿਆਂ ਦੀਆਂ ਕਬਰਾਂ ’ਤੇ ਅੱਜ ਧੂਫਬੱਤੀ ਕਰਨ ਲਈ ਸੇਵਾਦਾਰ ਪੈਸੇ-ਪੈਸੇ ਨੂੰ ਮੋਹਤਾਜ਼ ਹਨ। ਕਾਰ ਸੇਵਾ ਵਾਲੇ ਸੰਤ ਮਹਾਂਪੁਰਸ਼ਾਂ ਨੇ ਸਿੱਖੀ ਯਾਦਗਾਰਾਂ ਨੂੰ ਪ੍ਰਗਟ ਕਰਨ ਲਈ ਸਿੱਖੀ ਵਿਰਸੇ ਨੂੰ ਸਾਖਸ਼ਾਤ ਉਜਾਗਰ ਕੀਤਾ ਹੈ, ਜਿਸ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲ ਸਕਦੀ।
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨ॥

Send this to a friend