ਪੰਜਾਬੀ ਬੇਸ਼ਕ ਦੁਨੀਆ ਦੀ ਦਸਵੀਂ ਵੱਡੀ ਭਾਸ਼ਾ ਮੰਨੀ ਜਾਂਦੀ ਹੈ ਪ੍ਰੰਤੂ ਪੁਸਤਕਾਂ ਵਿਕਣ ਦੇ ਮਾਮਲੇ ਵਿੱਚ ਸ਼ਾਇਦ ਸਭ ਤੋਂ ਫਾਡੀ ਹੈ। ਇਹ ਦੋਸ਼ ਲਾਇਆ ਜਾਂਦਾ ਹੈ ਕਿ ਪੰਜਾਬੀ ਕਿਤਾਬਾਂ ਪੜ੍ਹਨ ਅਤੇ ਖਰੀਦਣ ਦੇ ਸ਼ੌਕੀਨ ਨਹੀਂ ਹਨ। ਇਸ ਕਾਰਨ ਹੀ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਬਹੁਤੀਆਂ ਨਹੀਂ ਵਿਕਦੀਆਂ। ਬੇਸ਼ੱਕ ਪੰਜਾਬੀ ਵਿੱਚ ਛਪਣ ਵਾਲੀਆਂ ਕਿਤਾਬਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪ੍ਰੰਤੂ ਉਨ੍ਹਾਂ ਦੀ ਵਿਕਰੀ ਇਕ ਹਜ਼ਾਰ ਮਸਾਂ ਟੱਪਦੀ ਹੈ। ਅਜਿਹਾ ਇਸ ਕਾਰਨ ਵਾਪਰ ਰਿਹਾ ਹੈ ਕਿ ਪੰਜਾਬੀ ਸਮਾਜ ਨੇ ਹਾਲੇ ਆਪਣੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਉਹ ਸਥਾਨ ਨਹੀਂ ਦਿੱਤਾ ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਜਦੋਂ ਕਵੀਆਂ ,ਕਲਾਕਾਰਾਂ,ਸਿਆਣਿਆਂ ਅਤੇ ਸਹਿਜ-ਸ਼ੁਧ-ਸਧਾਰਨ ਬੰਦਿਆਂ ਨਾਲੋਂ ਦਿਖਾਵੇ ਕਰਨ ਵਾਲੇ ਅਤੇ ਕਥਿਤ ਤਾਕਤਵਰ ਲੋਕਾਂ ਨੂੰ ਮਹਤਤਾ ਦੇਣ ਲਗਦੇ ਹਾਂ ਤਾਂ ਇਸ ਦੇ ਅਜਿਹੇ ਹੀ ਸਿੱਟੇ ਨਿਕਲਦੇ ਹਨ। ਪੁਸਤਕ ਸਭਿਆਚਾਰ ਪ੍ਰਫੁੱਲਤ ਨਾ ਹੋਣ ਕਾਰਨ ਹੀ ਪੰਜਾਬੀ ਸਮਾਜ ਢਹਿੰਦੀਆਂ ਕਲਾਂ ਵਿੱਚੋਂ ਗੁਜਰ ਰਿਹਾ ਹੈ। ਪੰਜਾਬ ਦੇ ਨੌਜਵਾਨ ਗੁੰਮਰਾਹ ਹੋ ਰਹੇ ਹਨ। ਜੇਕਰ ਪੁਸਤਕਾਂ ਸਾਡੀਆਂ ਸਾਥੀ ਹੁੰਦੀਆਂ ਤਾਂ ਸ਼ਾਇਦ ਅਜਿਹਾ ਕਦੇ ਨਾ ਵਾਪਰਦਾ। ਇਕ ਜਪਾਨੀ ਕਵਿਤਰੀ ਮਾਚੀ ਤੀਵਾਰਾ ਦੀ ਕਵਿਤਾ ਦੀ ਕਿਤਾਬ 10 ਲਖ ਛਪੀ ਅਤੇ ਹਫਤੇ ਵਿਚ ਵਿਕ ਵੀ ਗਈ ।ਪੰਜਾਬੀ ਦੀ ਪੁਸਤਕ ਇਕ ਸੌ ਤੋਂ ਲੈਕੇ ਤਿੰਨ ਸੌ ਤਕ ਛਪਦੀ ਹੈ, ਉਹ ਵੀ ਨਹੀਂ ਵਿਕਦੀ ।ਪੰਜਾਬੀ ਦੀ ਸ਼ਾਇਦ ਹੀ ਕੋਈ ਕਿਤਾਬ ਹੋਵੇ ਜੋ ਹੱਥੋ-ਹੱਥ ਵਿਕਦੀ ਹੋਵੇ। ਬੇਸ਼ੱਕ ਕੁਝ ਵੱਡੇ ਪੰਜਾਬੀ ਲੇਖਕਾਂ ਅਤੇ ਕੁਝ ਦੂਸਰੀਆਂ ਭਾਸ਼ਾਵਾਂ ਦੇ ਲੇਖਕਾਂ ਦੀਆਂ ਅਨੁਵਾਦਤ ਪੁਸਤਕਾਂ ਵੱਡੀ ਗਿਣਤੀ ਵਿੱਚ ਛੱਪੀਆਂ ਅਤੇ ਵਿਕੀਆਂ ਹਨ, ਪ੍ਰੰਤੂ ਇਹ ਵਰਤਾਰਾ ਬਹੁਤ ਸੀਮਿਤ ਹੈ। ਪੰਜਾਬੀ ਕੋਈ ਪਛੜੀ ਹੋਈ ਭਾਸ਼ਾ ਨਹੀਂ ਹੈ। ਪੰਜਾਬੀ ਵਿੱਚ ਦੁਨੀਆ ਦਾ ਬੇਹਤਰੀਨ ਸਾਹਿਤ ਰਚਿਆ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬੀ ਨੂੰ ਸਰਕਾਰੇ-ਦਰਬਾਰੇ ਦੁਰਕਾਰਿਆ ਗਿਆ। ਉਸ ਦੀ ਦੁਰਦਸ਼ਾ ਲਈ ਕੇਵਲ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾ ਕੇ ਅਸੀਂ ਖੁਦ ਬਰੀ ਨਹੀਂ ਹੋ ਸਕਦੇ। ਹਾਲੇ ਤੱਕ ਪੰਜਾਬੀ ਜੁਬਾਨ ਦੇ ਕਿਸੇ ਵੀ ਲੇਖਕ/ਵਿਦਵਾਨ ਨੂੰ ਨੌਬਲ ਇਨਾਮ ਨਹੀਂ ਮਿਲਿਆ। ਜਪਾਨੀ ਹਰ ਸਾਲ ਵਿਗਿਆਨ ਤੇ ਮੈਡੀਕਲ ਵਿਚ ਕੋਈ ਨਾ ਕੋਈ ਨੋਬਲ ਇਨਾਮ ਜਿਤਦੇ ਹਨ ਪਰ ਇਹ ਨੋਬਲ ਇਨਾਮ ਜੇਤੂ ਸਾਇੰਸਦਾਨ ਇਕ ਵਾਕ ਵੀ ਅੰਗ੍ਰੇਜ਼ੀ ਵਿਚ ਨਹੀਂ ਬੋਲ ਸਕਦੇ ।ਸਾਨੂੰ ਇਸ ਸਥਿਤੀ ਬਾਰੇ ਸੋਚਣਾ ਸਮਝਣਾ ਚਾਹੀਦਾ ਹੈ। ਚੰਗਾ ਹੋਵੇਗਾ ਕਿ ਪੰਜਾਬ ਦੇ ਲੋਕ ਲੇਖਕਾਂ, ਕਵੀਆਂ, ਕਲਾਕਾਰਾਂ ਅਤੇ ਬੁਧੀਜੀਵੀਆਂ ਨੂੰ ਹਮਾਇਤ ਅਤੇ ਸਰਪ੍ਰਸਤੀ ਦੇਣ। ਅਸਲ ਵਿਚ ਇਹੀ ਲੋਕ ਸਮਾਜ ਦੇ ਦਿਮਾਗ ਦੀ ਪਰਵਰਿਸ਼ ਕਰਦੇ ਹਨ।ਇਨ੍ਹਾਂ ਦੇ ਇਸ ਗੁਣ ਨੂੰ ਸਮਾਜਿਕ ਤੌਰ ’ਤੇ ਸਵੀਕਾਰ ਕਰਨ ਦੀ ਜ਼ਰੂਰਤ ਹੈ। ਅੱਧ ਪੜ੍ਹੇ ਸਿਆਸਤਦਾਨਾ ਅਤੇ ਭ੍ਰਿਸ਼ਟ ਅਫਸਰਾਂ ਨੇ ਪੰਜਾਬੀ ਸਮਾਜ ਨੂੰ ਅੱਗੇ ਨਹੀਂ ਲੈ ਕੇ ਜਾਣਾ। ਪੰਜਾਬੀ ਸਮਾਜ ਦੀ ਤਰੱਕੀ ਅਤੇ ਤਬਦੀਲੀ ਲਈ ਪਸਤਕ ਹੀ ਇਕ ਵੱਡਾ ਜ਼ਰੀਆ ਹੈ। ਪੰਜਾਬੀ ਸਮਾਜ ਨੂੰ ਜ਼ਿਹਨੀ ਤੌਰ ’ਤੇ ਮਜ਼ਬੂਤ ਕਰਨ ਲਈ ਪੁਸਤਕ ਸਭਿਆਚਾਰ ਨੂੰ ਪ੍ਰਫੂਲਿਤ ਕੀਤਾ ਜਾਵੇ। ਇਸ ਲਹਿਰ ਵਿੱਚ ਸਾਰੇ ਪੰਜਾਬੀ ਆਪਣਾ-ਆਪਣਾ ਹਿੱਸਾ ਪਾਉਣ।
– ਬਲਜੀਤ ਸਿੰਘ ਬਰਾੜ