ਪਾਣੀ ਮਨੁੱਖੀ ਜੀਵਨ ਲਈ ਵੱਡੀ ਅਹਿਮੀਅਤ ਰੱਖਦਾ ਹੈ। ਜੇਕਰ ਪਾਣੀ ਤੱਦ ਹੀ ਇਸ ਧਰਤੀ ਉਪਰ ਜੀਵਨ ਹੈ। ਇਸ ਲਈ ਪਾਣੀ ਦੀ ਸਾਂਭ-ਸੰਭਾਲ ਅਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਅੱਜ ਦੇ ਸਮੇਂ ਦਾ ਸਭ ਤੋਂ ਅਹਿਮ ਕਾਰਜ ਹੈ। ਪੰਜਾਬ ਵਿੱਚ ਘਰਾਂ, ਫੈਕਟਰੀਆਂ, ਦੁਕਾਨਾਂ, ਦਫਤਰਾਂ ਅਤੇ ਖੇਤਾਂ ਵਿੱਚ ਪਾਣੀ ਦੀ ਭਾਰੀ ਦੁਰਵਰਤੋਂ ਹੋ ਰਹੀ ਹੈ। ਪੰਜਾਬੀ ਪਾਣੀ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਹ ਚੰਗੀ ਗੱਲ ਹੈ ਕਿ ਸੂਬੇ ਵਿੱਚ ਪਾਣੀ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਖਤੀ ਵਰਤਣ ਦਾ ਫੈਸਲਾ ਲਿਆ ਗਿਆ ਹੈ। ਸ਼ਹਿਰਾਂ ਵਿੱਚ ਗੱਡੀਆਂ ਨੂੰ ਧੋਣ ਲਈ ਲੱਖਾਂ ਲੀਟਰ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਜਲ ਪ੍ਰਦੂਸ਼ਣ ਰੋਕਥਾਮ ਕਾਨੂੰਨ 1974 ਦੀਆਂ ਧਰਾਵਾਂ ਤਹਿਤ ਲੋਕ ਰਾਇ ਅਤੇ ਇਤਰਾਜ਼ ਜਾਣਨ ਲਈ ਤਿੰਨ ਹਫ਼ਤਿਆਂ ਦਾ ਨੋਟਿਸ ਜਾਰੀ ਕੀਤਾ ਹੈ। ਪੰਜਾਬ ’ਚ ਕਾਰਾਂ ਧੋਣ ਵਾਲੇ ਸਰਵਿਸ ਸਟੇਸ਼ਨ ਪਲੰਜਰ ਪੰਪਾਂ ਦੀ ਵਰਤੋਂ ਕਰਕੇ ਇਕ ਗਡੀ ਦੀ ਧੁਆਈ ਲਈ ਔਸਤਨ 150-200 ਲੀਟਰ ਸਾਫ਼ ਪਾਣੀ ਦੀ ਵਰਤੋਂ ਕਰ ਰਹੇ ਹਨ। ਜੇਕਰ ਪ੍ਰੈਸ਼ਰ ਪੰਪਾਂ ਨਾਲ ਧੁਆਈ ਕੀਤੀ ਜਾਵੇ ਤਾਂ ਔਸਤਨ 50 ਲੀਟਰ ਪਾਣੀ ਨਾਲ ਗਡੀ ਸਾਫ਼ ਕੀਤੀ ਜਾ ਸਕਦੀ ਹੈ। ਇਸ ਵੇਲੇ ਇਕਲੇ ਲੁਧਿਆਣਾ ਸ਼ਹਿਰ ’ਚ ਪਲੰਜਰ ਪੰਪਾਂ ਰਾਹੀਂ ਪ੍ਰਤੀ ਦਿਨ 1700 ਕਿਲੋ ਲੀਟਰ ਪਾਣੀ ਸਰਵਿਸ ਸਟੇਸ਼ਨਾਂ ਦੁਆਰਾ ਗਡੀਆਂ ਧੋਣ ਲਈ ਵਰਤਿਆ ਜਾ ਰਿਹਾ ਹੈ। ਪ੍ਰੈਸ਼ਰ ਪੰਪਾਂ ਰਾਹੀਂ ਪਾਣੀ ਦੀ ਇਹ ਮਿਕਦਾਰ 360 ਕਿਲੋ ਲੀਟਰ ਪ੍ਰਤੀ ਦਿਨ ਤਕ ਲਿਆਂਦੀ ਜਾ ਸਕਦੀ ਹੈ। ਗੱਡੀਆਂ ਧੋਣ ਲਈ ਵਰਤਿਆ ਜਾਂਦਾ ਪਾਣੀ ਮੁੜ ਵਰਤਣਯੋਗ ਹੁੰਦਾ ਹੈ। ਜੇਕਰ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਪਾਣੀ ਦੀ ਦੁਰਵਰਤੋਂ 50ਫੀਸਦੀ ਤੱਕ ਘੱਟ ਸਕਦੀ ਹੈ। ਇਸ ਸਬੰਧ ਵਿੱਚ ਲੋਕਲਬਾਡੀ ਸੰਸਥਾਵਾਂ ਵੀ ਸੁੱਤੀਆਂ ਪਈਆਂ ਹਨ। ਕਾਨੂੰਨ ਪਾਣੀ ਦੀ ਇਸ ਤਰ੍ਹਾਂ ਦੁਰਵਰਤੋਂ ਦੀ ਇਜਾਜ਼ਤ ਨਹੀਂ ਦਿੰਦਾ। ਦੁੱਖ ਦੀ ਗੱਲ ਇਹ ਹੈ ਕਿ ਇਸ ਸਬੰਧ ਵਿੱਚ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਕਾਰਖਾਨਿਆਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਵੀ ਪਾਣੀ ਦੀ ਬੇਲੋੜੀ ਵਰਤੋਂ ਹੋ ਰਹੀ ਹੈ। ਪਾਣੀ ਨੂੰ ਪਲੀਤ ਵੀ ਕੀਤਾ ਜਾ ਰਿਹਾ ਹੈ। ਸਾਰੇ ਪੰਜਾਬ ਵਾਸੀਆਂ ਨੂੰ ਇਸ ਸਬੰਧ ਵਿੱਚ ਆਪੋ-ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਪਾਣੀ ਦੀ ਸੰਭਾਲ ਕਰਨਾ ਹਰ ਪ੍ਰਾਣੀ ਮਾਤਰ ਦਾ ਫਰਜ਼ ਹੈ। ਪੰਜਾਬ ਸਰਕਾਰ ਨੂੰ ਇਸ ਸਬੰਧ ਵਿੱਚ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ