Skip to content
Independent perspectives. Global stories.
BREAKING

ਕੀ ਨਸ਼ੇ ਡੇਢ ਕੁ ਸਾਲ ’ਚ ਹੀ ਪੈਦਾ ਹੋਏ ਹਨ?

Share this story

ਅੱਜ ਕੱਲ੍ਹ ਨਸ਼ਿਆਂ ਦਾ ਮੁੱਦਾ ਪੂਰੀ ਦੁਨੀਆਂ ਸਮੇਤ ਪੰਜਾਬ ਵਿੱਚ ਜਿਆਦਾ ਗਰਮਾਇਆ ਹੋਇਆ ਹੈ, ਮੁੱਦਾ ਗਰਮਾਵੇ ਵੀ ਕਿਉਂ ਨਾ ਕਿਉਂਕਿ ਹੁਣ ਪਾਣੀ ਸਿਰ ਤੋਂ ਟੱਪ ਗਿਆ ਹੈ। ਪਾਣੀ ਸਿਰੋਂ ਟੱਪਣ ਜਾਂ ਬਹੁਤਾ ਨੁਕਸਾਨ ਹੋਣ ਤੇ ਹੀ ਜਨਤਾ ਜਾਗਦੀ ਹੈ ਤੇ ਜਨਤਾ ਨੇ ਸਰਕਾਰ ਵੀ ਜਗਾਈ ਹੈ। ਸਰਕਾਰ ਨੂੰ ਤੁਰੰਤ ਹੀ ਕੈਬਨਿਟ ਮੀਟਿੰਗ ਬੁਲਾ ਕੇ ਸਖ਼ਤ ਫੈਸਲੇ ਲੈਣੇ ਪੈ ਰਹੇ ਹਨ। ਚਾਹੀਦਾ ਤਾਂ ਸੀ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਸਰਬ-ਪਾਰਟੀ ਮੀਟਿੰਗ ਬੁਲਾਈ ਜਾਂਦੀ, ਖੈਰ ਸਭ ਤੋਂ ਵੱਧ ਧੰਨਵਾਦ ਉਨ੍ਹਾਂ ਸੱਜਣਾ ਦਾ ਜੋ ਪੰਜਾਬ ਹਿਤੈਸ਼ੀ ਹੋਣ ਤੇ ਚਿੱਟੇ ਵਿਰੁੱਧ ਕਾਲਾ ਹਫਤਾ ਮਨਾਂ ਲੋਕਾਂ ਨੂੰ ਚੰਗਾ ਪੈਗਾਮ ਦੇ ਰਹੇ ਹਨ ਤੇ ਸੜਕਾਂ ਤੇ ਉਤਰ ਕੇ ਲੋਕ ਰੋਹ ਦਾ ਪ੍ਰਗਟਾਵਾ ਵੀ ਕਰ ਰਹੇ ਹਨ ਤਾਂ ਹੀ ਪੁਲਿਸ ਤੇ ਸਰਕਾਰ ਜਾਗੀ ਹੈ।
ਠੀਕ ਹੈ ਮੌਜੂਦਾ ਮੁੱਖ ਮੰਤਰੀ ਨੇ ਵੋਟਾਂ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਟਕਾ ਫੜ ਸਹੁੰ ਖਾਧੀ ਸੀ। ਉਸ ਵੇਲੇ ਵੀ ਨਸ਼ੇ ਸਮੇਤ ਹੋਰ ਬਹੁਤ ਮੁੱਦੇ ਉਲਝੇ ਪਏ ਸਨ ਤੇ ਇਨ੍ਹਾਂ ਨੂੰ ਹੱਲ ਕਰਨ ਲਈ ਸਭੇ ਸਿਆਸੀ ਪਾਰਟੀਆਂ ਨੇ ਪੂਰਾ ਜੋਰ ਲਾਇਆ ਪਰ ਕਾਂਗਰਸ ਬਾਜ਼ੀ ਮਾਰ ਗਈ ਤੇ ਪੰਜਾਬ ਦਾ ਰਾਜ ਭਾਗ ਸਾਂਭ ਗਈ। ਗੱਲ ਹੁਣ ਇੱਥੇ ਇਹ ਵਿਚਾਰਨ ਵਾਲੀ ਹੈ ਕਿ ਜੋ ਹੁਣ ਰੌਲਾ ਪੈ ਰਿਹਾ ਹੈ ਕੀ ਸਿਰਫ ਕਾਂਗਰਸ ਦੇ ਡੇਢ ਕੁ ਸਾਲ ਦੇ ਰਾਜ ਵਿੱਚ ਹੀ ਸਭ ਨਸ਼ੇ ਪ੍ਰਚੱਲਤ ਹੋਏ ਹਨ? ਪਹਿਲੋਂ ਪੰਜਾਬ ’ਚ ਖਾਸ ਕਰ ਨਸ਼ਾ ਤੇ ਰੇਤ ਮਾਫੀਏ ਸਮੇਤ ਹੋਰ ਕੁਝ ਵੀ ਨਹੀਂ ਸੀ? ਇਨ੍ਹਾਂ ਗੱਲਾਂ ਦਾ ਜਵਾਬ ਲੈਣ ਲਈ ਡੂੰਘਾਈ ਵਿੱਚ ਤੇ ਥੋੜਾ ਪਿੱਛੇ ਜਾਣਾ ਬਣਦਾ ਹੈ ਤਾਂ ਹੀ ਸਾਰਾ ਮਾਜਰਾ ਸਮਝ ਆਵੇਗਾ ਕੀ ਇਹ ਹੋ ਕੀ ਰਿਹਾ ਹੈ? ਪਿਛਲੇ ਦਸ-ਪੰਦਰਾ ਸਾਲ ਦੇ ਸਮੇਂ ਵਿੱਚ ਸ਼ੁਰੂ ਹੋਏ ਨਸ਼ਿਆਂ ਦੇ ਜਾਲ ਹੌਲੀ-ਹੌਲੀ ਇੰਨੇ ਸਖਤ ਬਣ ਗਏ ਹਨ ਕਿ ਇਨ੍ਹਾਂ ਨੂੰ ਇੱਕਦਮ ਢਿੱਲੇ ਕਰਨਾ ਜਾਂ ਤੋੜਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਜਾਪਦੀ ਤੇ ਨਾ ਹੀ ਇਹ ਕੰਮ ਇੰਨੀ ਜਲਦੀ ਬੰਦ ਹੋਣ ਵਾਲਾ ਹੈ। ਹੁਣ ਤੱਕ ਬੜਾ ਕੁਝ ਸਾਹਮਣੇ ਆ ਚੁੱਕਾ ਹੈ। ਸਮਝਣ ਵਾਲੇ ਸਮਝ ਵੀ ਗਏ ਹਨ ਕਿ ਇਹ ਤਾਣਾ-ਬਾਣਾ ਉਂਝ ਹੀ ਨਹੀਂ ਬੁਣਿਆ ਗਿਆ। ਕੋਈ ਵੀ ਮਸਲਾ ਚਾਹੇ ਉਹ ਵਿਗੜਦਾ ਹੈ ਜਾਂ ਸੰਵਰਦਾ ਹੈ, ਉਸ ਵਿੱਚ ਸਮੇਂ ਦੀ ਸਰਕਾਰ ਤੇ ਸਰਕਾਰੀ ਤੰਤਰ ਨਾਲ ਜੁੜੀ ਪੁਲਿਸ ਦੀ ਅਹਿਮ ਭੂਮਿਕਾ ਹੁੰਦੀ ਹੈ। ਪਰ ਪੰਜਾਬ ’ਚ ਇਸ ਮਸਲੇ ਤੇ ਸਭ ਅੱਛਾ ਨਹੀਂ ਹੈ। ਇਹ ਗੱਲਾਂ ਬਾਤਾਂ ਲਗਾਤਾਰ ਦਸ ਸਾਲ ਰਾਜ ਕਰਕੇ ਗਈ ਪੰਜਾਬ ਦੀ ਸਾਬਕਾ ਸਰਕਾਰ ਨਾਲ ਅਰਾਮ ਨਾਲ ਜੁੜਦੀਆਂ ਹਨ ਤੇ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ। ਕਿਉਂਕਿ ਕੁਝ ਅੰਦਰਲੀਆਂ ਗੱਲਾਂ ਪ੍ਰਗਟ ਵੀ ਹੋਈਆਂ ਸਨ। ਹੋਰ ਛੱਡੋ ਬਹੁ-ਕਰੋੜੀ ਡਰੱਗਜ਼ (ਭੋਲਾ ਕੇਸ) ਸ਼ਰੇਆਮ ਇੱਕ ਪੰਜਾਬ ਦੇ ਸਾਬਕਾ ਮੰਤਰੀ ਦਾ ਨਾਮ ਆਇਆ ਸੀ ਤੇ ਉਸਦੇ ਖਾਸਮ-ਖਾਸ ਹਾਲੇ ਵੀ ਅੰਦਰ ਹਨ ਪਰ ਮੰਤਰੀ ਜੀ ਨੂੰ ਬਿਨਾਂ ਕਿਸੇ ਵੀ ਇੰਨਕੁਆਰੀ ਦੇ ਝੱਟ ਹੀ ਕਲੀਨ ਚਿੱਟ ਦੁਆਈ ਗਈ। ਈ.ਡੀ ਨੇ ਰੌਲਾ ਰੱਪਾ ਪੈਣ ਤੇ ਕੇਸ ਆਪਣੇ ਹੱਥ ਲਿਆ ਤੇ ਮੰਤਰੀ ਸਮੇਤ ਹੋਰ ਕਈਆਂ ਦੀ ਪੇਸ਼ੀ ਵੀ ਹੋਈ। ਜਦ ਕਾਰਵਾਈ ਚੱਲੀ ਤਾਂ ਉਸ ਇਮਾਨਦਾਰ ਤੇ ਕੁਝ ਕਰਨ ਵਾਲੇ ਅਫਸਰ ਨਿਰੰਜਨ ਸਿੰਘ ਦੀ ਬਦਲੀ ਹੀ ਕਰਵਾ ਦਿੱਤੀ ਗਈ। ਇਹ ਨਸ਼ੇ ਬੰਦ ਕਰਨ ਜਾਂ ਆਪਣਿਆਂ ਨੂੰ ਬਚਾਉਣ ਦੀਆਂ ਦੋਗਲੀਆਂ ਗੱਲਾਂ ਨਹੀਂ ਹਨ?
ਮੈਂ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਹੀਂ ਹਾਂ। ਭਾਈ ਗੱਲ ਤਾਂ ਸਹੀ ਤੇ ਸੱਚੀ ਹੋਵੇ। ਨਸ਼ਿਆਂ ਦੇ ਮੁੱਦੇ ਤੇ ਦੋ ਜੁਲਾਈ ਨੂੰ ਲੋਕਾਂ ਤੇ ਸਿਆਸੀ ਪਾਰਟੀਆਂ ਨੇ ਧਰਨੇ ਪ੍ਰਦਰਸ਼ਨ ਆਰੰਭੇ ਜੋ ਕਿ ਚੰਗੀ ਗੱਲ ਹੈ। ਪਰ ਕਈ ਥਾਵਾਂ ਤੇ ਦੇਖ ਕੇ ਹਾਸਾ ਤੇ ਨਿਰਾਸ਼ਾ ਪੈਦਾ ਹੋਈ ਕਿ ਅਕਾਲੀ ਦਲ ਵਾਲੇ ਕਿਹੜੇ ਮੂੰਹ ਨਾਲ ਧਰਨੇ ਲਗਾ ਰਹੇ ਸਨ। ਜਿਨ੍ਹਾਂ ਤੇ ਨਸ਼ਿਆਂ ਬਾਰੇ ਉਂਗਲ ਉੱਠ ਰਹੀ ਹੈ। ਹੋਰ ਦੇਖੋ ਕੋਟਕਪੂਰਾ ਵਿੱਚ ਤਾਂ ਅਕਾਲੀ ਦਲ ਦੇ ਧਰਨੇ ਦਾ ਵਿਰੋਧ ਵੀ ਹੋਇਆ। ਭਾਜਪਾ ਦੇ ਰਾਜ ਸਭਾ ਮੈਂਬਰ ਤੇ ਪੰਜਾਬ ਪ੍ਰਧਾਨ ਨੇ ਅੰਮ੍ਰਿਤਸਰ ਵਿੱਚ ਧਰਨਾ ਲਾ ਸਰਕਾਰ ਦਾ ਪੁਤਲਾ ਵੀ ਫੂਕਿਆ। ਭਾਜਪਾ ਨੂੰ ਇਹ ਤਾਂ ਪੁੱਛ ਹੀ ਸਕਦੇ ਹਾਂ ਕਿ ਜਦ ਪਿਛਲੀ ਸਰਕਾਰ ਦੇ ਮੰਤਰੀਆਂ-ਸੰਤਰੀਆਂ ਦੇ ਨਾਮ ਨਸ਼ੇ ’ਚ ਬੋਲ ਰਹੇ ਸਨ ਤਾਂ ਉਸ ਵੇਲੇ ਭਾਜਪਾਈ ਕਿੱਥੇ ਸਨ ਜੋ ਰਾਜ-ਭਾਗ ਵਿੱਚ ਭਾਈਵਾਲ ਸਨ। ਹੁਣ ਧਰਨੇ ਕਿਉਂ? ਸ਼ਾਇਦ ਇਹੀ ਪੰਜਾਬ ਦੀ ਬਦਕਿਸਮਤੀ ਹੈ ਕਿ ਸਭ ਮੁੱਦਿਆਂ ਨੂੰ ਸਿਆਸਤ ਦੀ ਭੇਂਟ ਚਾੜ ਕੇ ਉਲਝਾਇਆ ਜਾ ਰਿਹਾ ਹੈ।
ਸਿਆਸੀ ਪਾਰਟੀਆਂ ਨੂੰ ਇੱਕ ਪਾਸੇ ਰੱਖ ਗੱਲ ਪੰਜਾਬ ਦੇ ਧਾਰਮਿਕ ਪੱਖ ਦੀ ਕਰੀਏ ਤਾਂ ਇੱਥੇ ਵੀ ਘਾਲਾ-ਮਾਲਾ ਹੀ ਹੈ। ਅਣਗਿਣਤ ਬਾਬੇ, ਸੰਤ, ਬ੍ਰਹਮ ਗਿਆਨੀ, ਟਕਸਾਲਾਂ, ਡੇਰੇਦਾਰ, ਧਾਰਮਿਕ ਜਥੇਬੰਦੀਆਂ, ਸਿੱਖ ਧਰਮ ਦੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਤੇ ਹੋਰਾਂ ਨੇ ਨਸ਼ੇ ਵਿਰੁੱਧ ਕੁਝ ਵੀ ਕਰ ਗੁਜ਼ਰਨ ਵਾਲੀ ਮੁਹਿੰਮ ਵਿੱਢੀ? ਹਰਗਿਜ਼ ਨਹੀਂ। ਪਰ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਗੱਲ ਸਿਰੇ ਲਾ ਦਿੱਤੀ। ਅਖੇ ਜੀ ਕੈਪਟਨ ਨੇ ਸਹੁੰ ਚੁੱਕੀ ਤੇ ਸਹੀ ਨਹੀਂ ਨਿਭਾਈ, ਜੇ ਕੋਈ ਸ਼ਿਕਾਇਤ ਆਈ ਤਾਂ ਅਕਾਲ ਤਖਤ ਤੇ ਤਲਬ ਕਰਾਂਗੇ। ਇਹ ਗੱਲ ਹਾਸੋਹੀਣੀ ਵੀ ਹੈ ਤੇ ਲੋਕਾਂ ਦੇ ਗਲ਼ੇ ਉਤਰਨ ਵਾਲੀ ਵੀ ਨਹੀਂ ਹੈ। ਜੇ ਬਹੁਤਾ ਪਿੱਛੇ ਨਾ ਜਾਈਏ ਤਾਂ ਦਸ ਕੁ ਸਾਲ ਪਹਿਲਾਂ ਇਹ ਜਥੇਦਾਰ ਕਿੱਥੇ ਸੁੱਤਾ ਪਿਆ ਸੀ। ਜਿਸਨੂੰ ਤਾਜ਼ੇ ਹੀ ਪੈਦਾ ਹੋਏ ਨਸ਼ੇ ਦਿਸ ਰਹੇ ਹਨ। ਬਹੁਤਾ ਧਾਰਮਿਕ ਲਾਣਾ ਤਾਂ ਪਿਛਲੀ ਸਰਕਾਰ ਨਾਲ ਸਾਂਝ ਭਿਆਲੀ ਪਾ ਨਜ਼ਾਰੇ ਲੁੱਟ ਰਿਹਾ ਸੀ ਤੇ ਇਹ ਅੱਜ ਕਿਹੜੇ ਮੂੰਹ ਨਾਲ ਨਸ਼ਿਆਂ ਦੀ ਗੱਲ ਕਰ ਰਹੇ ਹਨ। ਇੱਥੋਂ ਸਭ ਕੁਝ ਤਿਰਛੀ ਨਜ਼ਰ ਨਾਲ ਨਹੀਂ ਸਿੱਧੀ ਨਜ਼ਰ ਨਾਲ ਹੀ ਦਿਖ ਰਿਹਾ ਹੈ ਕਿ ਧਾਰਮਿਕ ਪੱਖ ਤੋਂ ਵੀ ਸਿਆਸਤ ਲੁਕੀ ਨਹੀਂ ਰਹੀ। ਜੇ ਕੁਝ ਕਰ ਨਹੀਂ ਸਕਦੇ ਤਾਂ ਚੁੱਪ ਹੀ ਰਹੋ। ਆਪਣਾ ਜਲੂਸ ਨਾ ਕਢਾਓ।
ਪਾਠਕੋ ਇਹ ਸਨ ਕੁਝ ਕੁ ਨਸ਼ੇ ਦੇ ਮੁੱਦੇ ਨਾਲ ਸਬੰਧਿਤ ਸੱਚੀਆਂ ਗੱਲਾਂ ਜਿਨ੍ਹਾਂ ਨੂੰ ਘੋਖਣ ਦੀ ਲੋੜ ਹੈ ਤੇ ਸਾਨੂੰ ਬਹੁਤ ਹੀ ਸੁਚੇਤ ਰਹਿ ਕੇ ਇਸ ਨਸ਼ਾ ਰੂਪੀ ਕੋਹੜ ਵਿਰੁੱਧ ਲਾਮਬੰਦ ਹੋਣਾ ਪਵੇਗਾ ਤਾਂ ਕਿ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਕੁਝ ਤਾਂ ਚੰਗਾ ਛੱਡ ਜਾਈਏ।

WRITTEN BY