Skip to content
Independent perspectives. Global stories.
BREAKING

ਮੰਥਨ ਤੋਂ ਬਾਅਦ ਹੀ ਮਿਲੇਗਾ ਤੁਹਾਨੂੰ ਅੰਮ੍ਰਿਤ

Share this story

ਮਿਥਹਾਸਕ ਕਹਾਣੀਆਂ ਸੱਚ ਨਹੀਂ ਹੁੰਦੀਆਂ ਪਰ ਉਹ ਸੱਚ ਨੂੰ ਬਿਆਨ ਕਰ ਰਹੀਆਂ ਹੁੰਦੀਆਂ ਹਨ। ਕਹਾਣੀਆਂ ਦੇ ਸੂਤਰ ਅਸਲ ਵਿੱਚ ਜ਼ਿੰਦਗੀ ਦੇ ਸੂਤਰ ਹੁੰਦੇ ਹਨ। ਜੋ ਵੀ ਹਿੰਦੋਸਤਾਨ ਵਿੱਚ ਪੈਦਾ ਹੋਇਆ ਅਤੇ ਜਿਸ ਨੂੰ ਹਿੰਦੂ ਧਰਮ ਅਤੇ ਸੰਸਕ੍ਰਿਤੀ ਵਿੱਚ ਥੋੜ੍ਹੀ ਜਿਹੀ ਵੀ ਦਿਲਜਸਪੀ ਹੈ, ਉਸ ਨੂੰ ‘ਸਮੁੰਦਰ ਮੰਥਨ’ ਦੀ ਕਹਾਣੀ ਤਾਂ ਪਤਾ ਹੀ ਹੈ। ਮਿੱਥ ਅਨੁਸਾਰ ਅਸੁਰਾਂ ਅਤੇ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ। ਅਸੁਰਾਂ (ਰਾਖਸਾਂ) ਨੂੰ ਵੱਧ ਸ਼ਕਤੀਆਂ ਹਾਸਲ ਕਰਨ ਦੀ ਚਾਹਤ ਸੀ ਅਤੇ ਦੇਵਤੇ ਅਮਰ ਹੋਣ ਦੇ ਅਭਿਲਾਸ਼ੀ ਸਨ। ਦੋਵਾਂ ਨੂੰ ਅੰਮ੍ਰਿਤ ਚਾਹੀਦਾ ਸੀ, ਜੋ ਸਮੁੰਦਰ ਦੀ ਹੇਠਲੀ ਤਹਿ ਵਿੱਚ ਸੀ। ਵਿਸ਼ਨੂੰ ਨੇ ਇੱਕ ਵੱਡੇ ਕੱਛੂਕੁੰਮੇ ਦਾ ਰੂਪ ਧਾਰਿਆ ਅਤੇ ਮੰਦਰਾਚਲ ਨਾਂਅ ਦੇ ਪਰਬਤ ਨੂੰ ਮਧਾਣੀ ਬਣਾਇਆ ਗਿਆ। ਨਾਗਾਂ ਦੇ ਰਾਜੇ ਵਾਸੁਕੀ ਨੂੰ ਰੱਸੀ ਵਜੋਂ ਵਰਤਿਆ ਗਿਆ। ਦੇਵਤੇ ਇਕ ਪਾਸੇ ਅਤੇ ਅਸੁਰ ਦੂਜੇ ਪਾਸੇ ਖੜਕੇ ਸਮੁੰਦਰ ਰਿੜਕਣ ਲੱਗੇ। ਸਮੁੰਦਰ ਰਿੜਕਣ ਦੀ ਇਸ ਪ੍ਰੀਕ੍ਰਿਆ ਦੇ ਨਤੀਜੇ ਵਜੋਂ ਸਭ ਤੋਂ ਪਹਿਲਾਂ ਖ਼ਤਰਨਾਕ ਜ਼ਹਿਰ ਨਿਕਲਿਆ ਜਿਸ ਨੂੰ ਭਗਵਾਨ ਸ਼ਿਵ ਪੀ ਗਏ। ਇਹ ਜ਼ਹਿਰ ਸ਼ਿਵ ਨੂੰ ਗੱਲ ਵਿਚ ਹੀ ਰਖਣਾ ਪਿਆ ਸੀ ਜਿਸ ਕਾਰਨ ਸ਼ਿਵ ਨੀਲ ਕੰਠ ਬਣੇ ਸਨ। ਜ਼ਹਿਰ ਬਿਨਾਂ ਮੰਥਨ ਵਿੱਚ ਅੱਗੇ ਵਧਣਾ ਅਸੰਭਵ ਸੀ। ਸੂਤਰ ਸਪੱਸ਼ਟ ਹੈ ਕਿ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਕਈ ਕਈ ਵਾਰ ਜ਼ਹਿਰ ਵੀ ਪੀਣਾ ਪੈਂਦਾ ਹੈ ਮਤਲਬ ਕਈ ਵਾਰ ਜ਼ਿੰਦਗੀ ਦੀ ਲੜਾਈ ਵਿੱਚ ਅਸਫ਼ਲਤਾਵਾਂ ਅਤੇ ਹਾਰਾਂ ਵੀ ਵੇਖਣੀਆਂ ਪੈਂਦੀਆਂ ਹਨ। ਇਹ ਹਾਰਾਂ, ਅਸਫ਼ਤਾਵਾਂ ਅਤੇ ਘਾਟੇ ਬੰਦੇ ਮਾਰਦੇ ਨਹੀਂ ਸ਼ਿਵ ਜੀ ਤਾਂ ਜ਼ਹਿਰ ਪੀ ਕੇ ਜਿਉਂਦੇ ਰਹੇ ਸਨ। ਪ੍ਰਤੀਕ ਸਮਝਣ ਦੀ ਲੋੜ ਹੈ। ਜਿਉਂ ਜਿਉਂ ਸਮੁੰਦਰ ਮੰਥਣ ਦੌਰਾਨ ਸਮੁੰਦਰ ਨੂੰ ਹੋਰ ਰਿੜਕਿਆਂ ਗਿਆ ਤਾਂ ਸਮੁੰਦਰ ਵਿੱਚੋਂ ਬ੍ਰਹਿਮੰਡੀ ਹਾਥੀ ਏਰਾਵਤ ਨਿੱਕਲਿਆ, ਅਦਭੁਤ ਗਊ ਸੁਰਭੀ ਨਿਕਲੀ, ਗਊ ਤੋਂ ਬਾਅਦ ਚਿੱਟੇ ਚੰਨ ਵਰਗਾ ਘੋੜਾ ਊਚੈ ਸ੍ਰਵਾ ਅਤੇ ਕਲਪਵ੍ਰਿਕਸ਼ ਨਾਂਅ ਦਾ ਦਰੱਖਤ ਨਿਕਲਿਆ। ਭਗਵਾਨ ਵਿਸ਼ਨੂੰ ਦੀ ਪਤਨੀ ਲਕਸ਼ਮੀ ਵੀ ਇਸੇ ਮੰਥਨ ਵਿੱਚੋਂ ਨਿਕਲੀ ਸੀ। ਸਮੁੰਦਰ ਮੰਚਨ ਦੌਰਾਨ ਅੰਮ੍ਰਿਤ ਤੋਂ ਪਹਿਲਾਂ 14 ਚਮਤਕਾਰੀ ਸ਼ਕਤੀਆਂ ਜਾਂ ਵਸਤਾਂ ਨਿਕਲਣਾ ਇਸ ਗੱਲ ਦਾ ਸੰਕੇਤ ਹੈ ਕਿ ਜ਼ਿੰਦਗੀ ਦੇ ਮੰਥਨ ਦੌਰਾਨ ਵੀ ਜਦੋਂ ਨਾਕਾਰਤਮਕ ਵਿਚਾਰ ਅਤੇ ਹਾਰਾਂ ਘਾਰਿਆਂ ਅਤੇ ਅਸਫਲਤਾਵਾਂ ਦਾ ਦੌਰ ਖ਼ਤਮ ਹੁੰਦਾ ਹੈ ਤਾਂ ਸਕਾਰਤਮਕ ਵਿਚਾਰਾਂ ਅਤੇ ਚਮਤਕਾਰੀ ਵਸਤਾਂ ਦੀ ਆਮਦ ਹੁੰਦੀ ਹੈ। ਉਕਤ ਮਿਥ ਇਹ ਵੀ ਦਸਦੀ ਹੈ ਕਿ ਜਦੋਂ ਆਪਣੇ ਜੀਵਨ ਵਿੱਚ ਤੁਸੀਂ ਮੰਥਨ ਭਾਵ ਆਪਣੇ ਆਪ ਦਾ ਵਿਸ਼ਲੇਸ਼ਣ ਤੇ ਵਿਵੇਚਨ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਇਕ ਵਰਨਣਯੋਗ ਤਬਦੀਲੀ ਜ਼ਰੂਰੀ ਆਵੇਗੀ।
ਜਦੋਂ ਵੀ ਤੁਸੀਂ ਮੰਥਨ ਕਰੋਗੇ ਤਾਂ ਮੁਸ਼ਕਲਿਾਂ ਅਤੇ ਕਠਿਨਾਈਆਂ ਆਉਣਗੀਆਂ। ਇਨ੍ਹਾਂ ਕਠਿਨਾਈਆਂ ਕਰੇ ਸੰਘਰਸ਼ ਦੌਰਾਨ ਮਿਲਣ ਵਾਲੇ ਦਰਦ ਜਾਂ ਜ਼ਹਿਰ ਨੂੰ ਵੀ ਪੀਣਾ ਪੈਂਦਾ ਹੈ। ਮੰਥਨ ਕਰਨ ਵਾਲਾ ਜਦੋਂ ਇਹ ਜ਼ਹਿਰ ਪੀ ਕੇ ਵੀ ਸ਼ਿਵ ਜੀ ਵਾਂਗ ਆਪਣੀ ਹੋਂਦ ਕਾਇਮ ਰੱਖਦਾ ਹੈ ਤਾਂ ਹੀ ਉਹ ਚਮਤਕਾਰੀ ਵਸਤਾਂ ਅਤੇ ਅੰਮ੍ਰਿਤ ਦਾ ਭਾਗੀਦਾਰ ਬਣੇਗਾ। ਸੂਤਰ ਸਪੱਸ਼ਟ ਹੈ ਸਾਨੂੰ ਹਰ ਹਾਲ ਵਿੱਚ ਹਿੰਮਤ, ਹੌਂਸਲਾ ਅਤੇ ਜਿਗਰਾ ਕਾਇਮ ਰੱਖਦੇ ਹੋਏ ਮੰਥਨ ਜਾਰੀ ਰੱਖਣਾ ਹੋਵੇਗਾ। ਜਾਰੀ ਰੱਖਣਾ ਚਾਹੀਦਾ ਹੈ ਮਤਲਬ ਆਪਣਾ ਕਰਮ ਕਰਦੇ ਰਹਿਣਾ ਚਾਹੀਦਾਹੈ। ਇਸ ਤਰ੍ਹਾਂ ਕਰਨ ਨਾਲ ਹੀ ਤੁਹਾਨੂੰ ਚੰਗੀਆਂ ਚੀਜ਼ਾਂ ਦੀ ਪ੍ਰਾਪਤੀ ਹੋਵੇਗੀ, ਧਨ ਦੀ ਪ੍ਰਾਪਤੀ ਹੋਵੇਗੀ, ਕਾਰਾਂ ਮਿਲਣਗੀਆਂ। ਖਾਣ ਪੀਣ ਦੀਆਂ ਵਸਤਾਂ ਮਿਲਣਗੀਆਂ ਅਤੇ ਤੁਹਾਡੇ ਜੀਵਨ ਵਿੱਚ ਵਧੀਆ ਘਟਨਾਵਾਂ ਵਾਪਰਨਗੀਆਂ। ਉਦਾਹਰਣ ਵਜੋਂ ਘੋੜਾ ਅੱਜ ਕੱਲ੍ਹ ਦੀਆਂ ਕਾਰਾਂ ਦਾ ਪ੍ਰਤੀਕ ਹੈ। ਗਊ ਦੁੱਧ ਮਤਲਬ ਖਾਣ ਪੀਣ ਦੀਆਂ ਵਸਤਾਂ ਦੀ ਪ੍ਰਤੀਕ ਹੈ। ਇਸ ਤਰ੍ਹਾਂ ਲਕਸ਼ਮੀ ਦਾ ਮਿਲਣਾ ਧਨ ਦਾ ਸੰਕੇਤ ਹੈ। ਇਹ ਸਭ ਕੁੱਝ ਮੰਥਨ ਦੌਰਾਨ ਮਿਲੇਗਾ ਅਤੇ ਜੇ ਲੱਗੇ ਰਹੋਗੇ ਤਾਂ ਅੰਤ ਵਿੱਚ ਅੰਮ੍ਰਿਤ ਮਤਲੱਬ ਜ਼ਿੰਦਗੀ ਦੀ ਹਰ ਖੁਸ਼ੀ ਪ੍ਰਾਪਤ ਹੋਵੇਗੀ। ਸੋ, ਆਪਣੀ ਜ਼ਿੰਦਗੀ ਦੇ ਸਮੁੰਦਰ ਮੰਥਨ ਲਈ ਤਿਆਰ ਰਹੋ।

 

WRITTEN BY