Skip to content
Independent perspectives. Global stories.
BREAKING

ਕਿਸ ਸਾਜ਼ਿਸ਼ ਅਧੀਨ ਪੰਜਾਬੀਆਂ ਨੂੰ ਕੁੱਟਿਆ, ਲੁੱਟਿਆ, ਝੰਬਿਆ ਜਾ ਰਿਹੈ

Share this story

ਚਲੋ ਪਿਛਲੀਆਂ ਗਲਾਂ ਛਡ ਵੀ ਲੈਂਦੇ ਹਾਂ, ਬੋਲੀ ਦੇ ਅਧਾਰ ਉਤੇ ਪੰਜਾਬੀ ਸੂਬਾ ਬਣਾਇਆ ਗਿਆ ਲੰਮੇ ਸੰਘਰਸ਼ ਤੋਂ ਬਾਅਦ। ਪੰਜਾਬੀ ਬੋਲਦੇ ਇਲਾਕੇ ਸਮੇਤ ਚੰਡੀਗੜ੍ਹ ਪੰਜਾਬੋਂ ਬਾਹਰ ਰਹਿਣ ਦਿਤੇ ਗਏ। ਸੂਬੇ ਨੂੰ ਰਾਜਧਾਨੀ ਕੋਈ ਨਾ ਮਿਲੀ। ਪੰਜਾਬੀਆਂ ਹੌਲੀ-ਸਹਿਜੇ ਇਸਨੂੰ ਪ੍ਰਵਾਨ ਕਰ ਲਿਆ। ਇਸ ਸਬੰਧੀ ਸਿਆਸੀ ਪਾਰਟੀਆਂ ਨੇ ਰੰਗ-ਬਰੰਗੇ ਖੇਲ ਖੇਡੇ। ਸਿਆਸੀ ਰੋਟੀਆਂ ਸੇਕੀਆਂ। ਕੁਰਸੀਆਂ ਹਥਿਆਈਆਂ। ਰਾਜ ਭਾਗ ਕੀਤਾ। ਪਰ ਪੰਜਾਬ ਅਜ ਵੀ ਰਾਜਧਾਨੀ ਤੋਂ ਸਖਣਾ ਹੈ। ਉਹ ਸਿਆਸਤਦਾਨ ਜਿਹਨਾ ਠਵਿਰੋਧੀ ਧਿਰਠ ‘ਚ ਬੈਠਕੇ ਤਾਂ ਪੰਜਾਬ ਦੀ ਇਸ ਮੰਗ ਨੂੰ ਵਡੇ ਪਧਰ ‘ਤੇ ਉਛਲਿਆ, ਪਰ ਜਦੋਂ ਆਪ ਕੁਰਸੀ ਤੇ ਬੈਠ ਗਏ, ਇਸ ਸਾਰੇ ਮਸਲੇ ਨੂੰ ਵਿਸਾਰ ਦਿਤਾ! ਅਜ ਵੀ ਨਾ ਹੁਣ ਵਾਲੇ ਹਾਕਮ, ਨਾ ਵਿਰੋਧੀ ਧਿਰ ਜਾਂ ਹਾਰੇ ਹੋਏ ਹਾਕਮ ਇਸ ਮਸਲੇ ਬਾਰੇ ਗੰਭੀਰ ਹਨ।
ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹਿਆ ਗਿਆ। ਬਣਦਾ ਹਕ ਪੰਜਾਬ ਨੂੰ ਦਿਤਾ ਨਾ ਗਿਆ। ਪਾਣੀ ਨੂੰ ਤਰਸ ਰਹੇ ਪੰਜਾਬ ਨੇ , ਆਪਣੀ ਕੁਖ ਦਾ ਪਾਣੀ ਕਢ, ਦੇਸ਼ ਦੀਆਂ ਅੰਨ ਲੋੜਾਂ ਪੂਰੀਆਂ ਕੀਤੀਆਂ ਅਤੇ ਅਜ ਸਥਿਤੀ ਇਹ ਹੈ ਕਿ ਪੰਜਾਬ ਦੇ ਕੁਲ 135 ਬਲਾਕਾਂ ਵਿਚੋਂ 110 ਬਲਾਕ ਡਾਰਕ ਜ਼ੋਨ ‘ਚ ਆਏ ਹੋਏ ਹਨ। ਪੰਜਾਬ ਰੇਗਸਤਾਨ ਬਨਣ ਵਲ ਜਾ ਰਿਹਾ ਹੈ। ਪੰਜਾਬੀਆਂ ਇਸ ਭਿਅੰਕਰ ਭਵਿਖ ਨੂੰ ਵੀ, ਢਿਡ ਨੂੰ ਝੁਲਕਾ ਦੇਣ ਲਈ, ਪ੍ਰਵਾਨ ਕਰ ਲਿਆ। ਰੇਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਈ ਪਾਣੀ ਉਤੇ ਹਕ ਪੰਜਾਬ ਦਾ ਬਣਦਾ ਹੈ। ਪਰ ਪੰਜਾਬੀ ਸੂਬਾ ਬਨਾਉਣ ਵੇਲੇ ਇਸ ਦਾ ਪਾਣੀ ਰਾਜਸਥਾਨ, ਹਰਿਆਣਾ ਨੂੰ ਵੀ ਦੀ ਦਿਤਾ ਗਿਆ, ਜੋ ਰੇਪੇਰੀਅਨ ਕਾਨੂੰਨ ਦੀ ਉਲੰਘਣਾ ਸੀ। ਪਰ ਉਪਰਲੇ ਹਾਕਮਾਂ ਪੰਜਾਬੀਆਂ ਦਾ ਹਕ ਸਾਜ਼ਿਸ਼ੀ ਢੰਗ ਨਾਲ ਖੋਹਿਆ ਅਤੇ ਇਸ ਸਾਜ਼ਿਸ਼ ਦਾ ਸ਼ਿਕਾਰ ਪੰਜਾਬ ਦੇ ਹਕਾਂ ਦੇ ਗਲੀਂ ਬਾਤੀਂ ਅਲੰਬਰਦਾਰ ਬਣੇ ‘ਅਕਾਲੀ‘ ਵੀ ਹੋਏ ਅਤੇ ਪੰਜਾਬ ਦੇ ਹੋਰ ਸਿਆਸਤਦਾਨ ਵੀ, ਜਿਹੜੇ ਹਥ ਤੇ ਹਥ ਧਰਕੇ ਬੈਠੇ ਪਤਾ ਨਹੀਂ ਕਿਹੜੇ ਵੇਲਿਆਂ ਦੀ ਉਡੀਕ ਕਰ ਰਹੇ ਹਨ, ਜਦੋਂ ਕੋਈ ਉਹਨਾ ਦੇ ਹਥ ਠਆਪੇਠ ਆਕੇ ਰੋਟੀ ਧਰ ਦੇਵੇਗਾ?
ਪੰਜਾਬ ‘ਚ ਗਰਮ-ਤਤੀਆਂ ਹਵਾਵਾਂ ਵਗੀਆਂ। ਪੰਜਾਬ ‘ਚ ਖਾੜਕੂਵਾਦ ਨੇ ਪੈਰ ਪਸਾਰੇ। ਹਜ਼ਾਰਾਂ ਨੌਜਵਾਨ ਪੰਜਾਬ ‘ਚ ਲਗੀ ਇਸ ਅਗ ‘ਚ ਝੁਲਸ ਗਏ। ਪੰਜਾਬ ਨੇ ਆਪਣੇ ਪਵਿਤਰ ਸਥਾਨ ਉਤੇ ਹਮਲਾ ਹੰਢਾਇਆ। ਹਜ਼ਾਰਾਂ ਨੌਜਵਾਨ ਅਤੇ ਮਸੂਮ ਲੋਕ, ਜਾਨਾਂ ਗੰਵਾ ਬੈਠੇ। ਕੋਈ ਇਕ ਧਰਮ ਦਾ ਮਰਿਆ ਜਾਂ ਮਾਰਿਆ ਗਿਆ ਜਾਂ ਦੂਜੇ ਧਰਮ ਦਾ ਮਰਿਆ ਜਾਂ ਮਾਰਿਆ ਗਿਆ। ਖ਼ੂਨ ਤਾਂ ਪੰਜਾਬੀਆਂ ਦਾ ਡੁਲ੍ਹਿਆ। ਪੰਜਾਬੀਆਂ ਇਸ ਨੂੰ ਵੀ ਪ੍ਰਵਾਨ ਕੀਤਾ। ਅਤਿਵਾਦ ਦੀ ਹਨ੍ਹੇਰੀ ਨੇ ਪੰਜਾਬ ਦੇ ਇੰਨੇ ਘਰ ਝੁਲਸੇ ਕਿ ਪੰਜਾਬ ਦੇ ਲੋਕ ਅਜ ਤਕ ਵੀ ਤਾਬੇ ਨਹੀਂ ਆ ਸਕੇ। ਉਹ ਨੌਜਵਾਨ ਜਿਹਨਾ ਪੰਜਾਬ ਦਾ ਭਵਿਖ ਸੁਆਰਨਾ ਸੀ, ਉਹ ਮਾਰੇ ਗਏ। ਹਜ਼ਾਰਾਂ ਘਰ ਸੁੰਨੇ ਹੋਏ। ਜ਼ਮੀਨਾਂ, ਜਾਇਦਾਦਾਂ ਤਬਾਹ ਹੋਈਆਂ। ਇਸ ਸੰਤਾਪ ਵਿਚੋਂ ਅਜ ਤਕ ਵੀ ਪੰਜਾਬ ਬਾਹਰ ਨਹੀਂ ਆ ਸਕਿਆ। ਕਿੰਨੇ ਸਾਰੇ ਲੋਕ ਅਜ ਵੀ ਜੇਲ੍ਹਾਂ ਕਟ ਰਹੇ ਹਨ, ਸਜ਼ਾਵਾਂ ਭੁਗਤ ਰਹੇ ਹਨ। ਪੰਜਾਬੋਂ ਬਾਹਰ ਰਹਿੰਦੇ ਸਿਖਾਂ, ਇਸ ਠੰਡੀ-ਤਤੀ ਹਨ੍ਹੇਰੀ ਦਾ ਖ਼ਾਮਿਆਜ਼ਾ ਭੁਗਤਿਆ। ਬੇਕਸੂਰੇ ਮਾਰੇ ਗਏ। ਉਹਨਾ ਦੇ ਘਰ-ਬਾਰ, ਜ਼ਮੀਨਾਂ, ਜਾਇਦਾਦਾਂ ਤਬਾਹ ਹੋਈਆਂ। ਕੀ ਇਸ ਸਾਰੇ ਕੁਝ ਲਈ ਜ਼ੁੰਮੇਵਾਰ ਲੋਕ ਰਾਜ-ਭਾਗ ਕਰਨ ਵਾਲੇ ਉਹ ਸੋਦਾਗਰ ਨਹੀਂ ਹਨ, ਜਿਹਨਾ ਸੰਤਾਪ ਹੰਢਾਉਣ ਵਾਲੇ ਪੰਜਾਬੀਆਂ ਦੀ ਕਦੇ ਸਾਰ ਹੀ ਨਹੀਂ ਲਈ?
ਪੰਜਾਬ ਦੀ ਜ਼ਮੀਨ ਨੂੰ ਕੀਟਨਾਸ਼ਕਾਂ ਅਤੇ ਖਾਦਾਂ ਨੇ ਖਾਧਾ। ਪੰਜਾਬ ਦੇ ਕਿਸਾਨ ਨੂੰ ਖੁਦਕੁਸ਼ੀਆਾਂ ਦੇ ਰਾਹ ਪਾਇਆ ਗਿਆ। ਪੰਜਾਬ ਦੇ ਲੋਕਾਂ ਨੂੰ ਕੈਂਸਰ ਨੇ ਅਧਮੋਇਆ ਜਾਂ ਮੋਇਆ ਕਰ ਦਿਤਾ। ਇਕ ਨਹੀਂ ਦਸ, ਦਸ ਨਹੀਂ ਸੈਂਕੜੇ, ਸੈਂਕੜੇ ਨਹੀਂ ਹਜ਼ਾਰਾਂ ਜਾਨਾਂ ਕੈਂਸਰ ਦੇ ‘ਸਪ‘ ਨੇ ਡਸ ਲਈਆ। ਪੰਜਾਬੀਆਂ ਇਸ ਨੂੰ ਵੀ ਪ੍ਰਵਾਨ ਕੀਤਾ। ਹਰਿਆ-ਭਰਿਆ ਪੰਜਾਬ, ਉਪਰੋਂ ਹਸ-ਮੁਖ ਜਾਪਦਾ ਹੈ, ਪਰ ਅੰਦਰੋਂ ਝੁਲਸਿਆ ਪਿਆ ਹੈ। ਪੰਜਾਬ ਦਾ ਸਰੀਰ ਕੀਟਨਾਸ਼ਕਾਂ ਖਾ ਲਿਆ ਹੈ ਜੋ ਹੁਣ ਸਿਰਫ ਇਕ ਪਿੰਜਰ ਵਾਂਗਰ ਦਿਖਾਈ ਦੇ ਰਿਹਾ ਹੈ। ਪੰਜਾਬ ‘ਚ ਕੈਂਸਰ ਹਰ ਪਾਸੇ ਪਸਰਿਆ ਪਿਆ। ਜਿਹਨਾ ਬਿਮਾਰੀਆਂ ਦਾ ਪੰਜਾਬ ‘ਚ ਨਾਮੋ-ਨਿਸ਼ਾਨ ਨਹੀ ਸੀ, ਉਹਨਾ ਬਿਮਾਰੀਆਂ ਨਾਲ ਪੰਜਾਬ ਗ੍ਰਸਿਆ ਪਿਆ ਹੈ। ਦਮਾ, ਸ਼ੂਗਰ, ਟਾਈਫਾਈਡ, ਤਾਂ ਘਰ ਘਰ ਦੀ ਕਹਾਣੀ ਬਣਕੇ ਰਹਿ ਗਈ ਹੈ। ਹਾਲਤ ਤਾਂ ਇਹ ਹੈ ਕਿ ਮਾਂ ਦੇ ਦੁਧ ਵਿਚ ਵੀ ਕੀਟਨਾਸ਼ਕ, ਖਾਦਾਂ ਦਿਸਣ ਲਗੀਆਂ ਹਨ।
ਪੰਜਾਬ ‘ਚ ਨਾ ਕੋਈ ਵਡਾ ਉਦਯੋਗ ਲਗਾ। ਪੰਜਾਬ ‘ਚ ਨਾ ਵਡਾ ਕਾਰੋਬਾਰ ਖੁਲ੍ਹਿਆ। ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦੀਆਂ ਨਿਤ ਤੰਦਾਂ ਪਾਉਂਦਾ ਗਿਆ। ਜੀਉਂਦਾ ਮਰਦਾ ਗਿਆ। ਮਜ਼ਬੂਰੀ ‘ਚ ਦੇਸ਼ ਛਡ ਕਾਨੂੰਨੀ, ਗੈਰ-ਕਾਨੂੰਨੀ ਵਿਦੇਸ਼ਾਂ ਨੂੰ ਭਜਦਾ ਗਿਆ। ਘਰ ਵੇਚੇ, ਬਾਰ ਵੇਚੇ, ਮਾਪੇ ਗੁਆਏ, ਜ਼ਮੀਨ ਗੁਆਈਆਂ, ਰਿਸ਼ਤੇ-ਨਾਤੇ ਛਡੇ। ਪੰਜਾਬੀਆਂ ਇਸਨੂੰ ਵੀ ਪ੍ਰਵਾਨ ਕੀਤਾ। ਪੰਜਾਬ ਖੇਤੀ ਪ੍ਰਧਾਨ ਖੇਤਰ ਹੈ। ਇਥੇ ਤਾਂ ਫਸਲਾਂ ਦੀਆਂ ਲਹਿਰਾਂ-ਬਹਿਰਾਂ ਹਨ। ਖੇਤੀ ਅਧਾਰਤ ਉਦਯੋਗ ਤਾਂ ਪੰਜਾਬ ‘ਚ ਪਹਿਲ ਹੋਣਾ ਚਾਹੀਦਾ ਸੀ। ਅਨਾਜ਼ ਤੇ ਹੋਰ ਪੈਦਾ ਹੋਣ ਵਾਲੇ ਖਾਦ ਪਦਾਰਥਾਂ ਦੇ ਤਾਂ ਥਾਂ-ਥਾਂ ਸਟੋਰੇਜ ਹੋਣੇ ਚਾਹੀਦੇ ਸਨ। ਸਰਕਾਰ ਵਲੋਂ ਖੇਤੀ ਮਸ਼ੀਨਰੀ ਦੇ ਤਾਂ ਪੰਜਾਬ ‘ਚ ਥਾਂ-ਥਾਂ ਤੇ ਅੰਬਾਰ ਲਗਾ ਦਿਤੇ ਗਏ । ਕਿਸਾਨਾਂ ਨੇ ਹੁਬ-ਹੁਬ ਕੇ ਕਰਜ਼ਾ ਲੈ ਲੈ ਕੇ ਮਸ਼ੀਨਰੀ ਖਰੀਦੀ,ਜਿਸਦੀ ਉਸਨੂੰ ਲੋੜ ਹੀ ਨਹੀਂ ਸੀ। ਕਿਸਾਨ ਕਰਜ਼ਾਈ ਬਣ ਗਏ। ਖੇਤੀ ਘਾਟੇ ਦੀ ਖੇਤੀ ਬਣ ਗਈ। ਹੌਸਲੇ ਨਾਲ ਇਸ ਸਥਿਤੀ ਨੂੰ ਝਲਣ ਦੀ ਬਜਾਏ ਉਹਨਾ ਖ਼ੁਦਕੁਸ਼ੀਆਂ ਦਾ ਰਾਹ ਫੜ ਲਿਆ। ਅਜ ਹਰ ਰੋਜ਼ 3 ਜਾਂ 4 ਕਿਸਾਨ ਜਾਂ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ।ਪਿਛਲੇ ਦਸ ਸਾਲਾਂ ‘ਚ ਲਗਭਗ 17000 ਕਿਸਾਨਾਂ, ਖੇਤ ਮਜ਼ਦੂਰਾਂ ਫਾਹੇ ਲੈ ਲਏ, ਜਾਨ ਗੁਆ ਲਈ।
ਪੰਜਾਬੀਆਂ ਦੀ ਮਾਂ-ਬੋਲੀ ਨੂੰ ਉਸ ਤੋਂ ਖੋਹਣ ਦਾ ਯਤਨ ਹੋਇਆ। ਸੂਬੇ ਨੂੰ ਤਿੰਨ ਭਾਸ਼ਾਈ ਸੂਬਾ ਗਰਦਾਨਿਆ ਗਿਆ। ਪੰਜਾਬੀਆਂ ਇਸ ਤੇ ਵੀ ਸੀਅ ਨਾ ਕੀਤੀ। ਲਗਭਗ ਇਸਨੂੰ ਪ੍ਰਵਾਨ ਕਰ ਹੀ ਲਿਆ। ਮਾਂ ਬੋਲੀ ਉਤੇ ਅਧਾਰਤ ਦੇਸ਼ ਭਰ ਵਿਚ ਸੂਬੇ ਬਣਾਏ ਗਏ। ਪਰ ਜਦ ਪੰਜਾਬੀਆਂ ਬੋਲੀ ਅਧਾਰਤ ਸੂਬਾ ਮੰਗਿਆ। ਫਿਰਕੂ ਅਧਾਰ ਉਤੇ ਇਸ ਮੰਗ ਨੂੰ ਕਿਸੇ ਤਣ-ਪਤਣ ਨਾ ਲਗਣ ਦਿਤਾ ਗਿਆ। ਫਿਰ ਜਦ ਪੰਜਾਬੀ ਸੂਬਾ ਬਣਾਇਆ ਗਿਆ ਤਾਂ ਉਹ ਵੀ ਲੰਗੜਾ। ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਹੀ ਛਡ ਦਿਤੇ ਗਏ। ਸੂਬਾ ਬਨਣ ‘ਤੇ ਵੀ ਪੰਜਾਬੀ ਬੋਲੀ ਕਹਿਣ ਨੂੰ ਤਾਂ ਸਰਕਾਰੀ ਬੋਲੀ ਮੰਨੀ ਗਈ, ਪਰ ਦਫ਼ਤਰੀ ਕੰਮ ਹੁਣ ਵੀ ਅੰਗਰੇਜ਼ੀ ‘ਚ ਚਲਦਾ ਹੈ। ਅਦਾਲਤਾਂ ‘ਚ ਅੰਗਰੇਜ਼ੀ ਦਾ ਬੋਲ ਬਾਲਾ ਹੈ। ਸੂਬੇ ‘ਚ ਕੰਮਕਾਜੀ ਭਾਸ਼ਾ ਪੰਜਾਬੀ ਨਹੀਂ, ਅੰਗਰੇਜ਼ੀ ਹੈ। ਸਰਕਾਰਾਂ ਨੇ ਤਾਂ ਪੰਜਾਬੀ ਬੋਲੀ ਨੂੰ ਪ੍ਰਵਾਨਿਆ ਹੀ ਨਾ, ਫਿਰਕੂ ਸੋਚ ਵਾਲਿਆਂ ਆਪਣੀ ਮਾਂ ਨੂੰ ਮਾਂ ਸਵੀਕਾਰ ਨਾ ਕੀਤਾ। ਅਜ ਵੀ ਪਬਲਿਕ ਸਕੂਲਾਂ ‘ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਪੰਜਾਬੀ ਬੋਲਣ ‘ਤੇ ਬਚਿਆਂ ਨੂੰ ਜ਼ੁਰਮਾਨੇ ਤਕ ਲਗਾਏ ਜਾਂਦੇ ਹਨ।
ਪੰਜਾਬ ਨਸ਼ੇ ਨੇ ਖਾ ਲਿਆ। ਪੰਜਾਬੀ ਚਿਟੇ ਨੇ ਕਾਲੇ ਕਰ ਦਿਤੇ। ਪੰਜਾਬੀ ਨੌਜਵਾਨਾਂ ਦੇ ਮੂੰਹ ਚਿਟੇ ਨੇ ਕਾਲਖ ਮਲ ਦਿਤੀ। ਪੰਜਾਬੀ ਨੌਜਵਾਨ ਆਪਾ ਖੋ ਬੈਠਾ। ਘਰ ਘਰ ਵੈਣ ਹਨ। ਘਰ-ਘਰ ਕੁਰਲਾਹਟ ਹੈ। ਘਰ-ਘਰ ਡਰ ਹੈ। ਮਾਂ ਰੋਂਦੀਆਂ ਹਨ। ਬਾਪੂ ਡੁਸਕਦੇ ਹਨ। ਬਚੇ ਵਿਰਲਾਪ ਕਰਦੇ ਹਨ। ਕੌਣ ਸੁਣੇ ਉਹਨਾ ਦੀਆਂ ਚੀਕਾਂ? ਕੌਣ ਸੁਣੇ ਉਹਨਾ ਦੀ ਪੁਕਾਰ! ਕੌਣ ਦੇਵੇ ਜ਼ਿੰਦਗੀ ਭਰਠ ਦੇ ਦਿਲਾਸੇ ਉਹਨਾ ਨੂੰ। ਕੌਣ ਧੋਵੇ ਉਹਨਾ ਦੇ ਦਿਲ ਦੇ ਦਾਗ। ਆਖ਼ਰ ਪੰਜਾਬ ਨੂੰ ਕਾਲੋਂ ਕਿਸਨੇ ਮਲੀ ਹੈ? ਕੌਣ ਹੈ ਪੰਜਾਬ ਦੀ ਹਸਦੀ ਵਸਦੀ ਜੁਆਨੀ ਨੂੰ ਮਲੀਆਮੇਟ ਕਰਨ ਵਾਲਾ। ਕੌਣ ਹੈ ਇਹ ਜਰਵਾਣਾ? ਕੌਣ ਹੈ ਇਹ ਜ਼ਾਲਮ? ਇਹ ਜਰਵਾਣਾ ਕੀ ਔਰੰਗਜੇਬ ਤੋਂ ਵੀ ਭੈੜਾ ਨਹੀਂ? ਇਹ ਜ਼ਾਲਮ ਕੀ ਨਾਦਰ ਸ਼ਾਹ ਦੇ ਪੂਰਨਿਆਂ ਤੇ ਚਲਣ ਵਾਲਾ, ਪੰਜਾਬੀਆਂ ਦੀ ਨਸਲਕੁਸ਼ੀ ਕਰਨ ਵਾਲਾ ਦਿਰੰਦਾ ਨਹੀਂ। ਪੰਜਾਬ ਵਿਚ ਨਸ਼ਾ ਤਸਕਰਾਂ, ਕੁਝ ਸਿਆਸੀ ਲੋਕਾਂ ਅਤੇ ਕੁਝ ਅਫ਼ਸਰਸ਼ਾਹੀ ਦੀ ਤਿਕੜੀ ਮਾਫੀਏ ਵਜੋਂ ਕੰਮ ਕਰ ਰਹੀ ਹੈ। ਪੰਜਾਬ ਲੁਟਿਆ ਜਾ ਰਿਹਾ ਹੈ। ਪੰਜਾਬ ਕੁਟਿਆ ਜਾ ਰਿਹਾ ਹੈ। ਪੰਜਾਬ ਝੰਬਿਆ ਜਾ ਰਿਹਾ ਹੈ। ਪੰਜਾਬੀਆਂ ਦੀ ਨਸਲਕੁਸ਼ੀ ਕਰਨ ਵਾਲੇ ਕੁਕਰਮ ਕਰਨ ਵਾਲੇ ਮਾਫੀਏ ਦੀ ਡੋਰ ਕਿਸ ਕੋਲ ਹੈ? ਕਿਹੜੀ ਸਾਜ਼ਿਸ਼ ਹੈ, ਜੋ ਬਹਾਦਰ, ਸੁਡੋਲ, ਜਾਬਾਂਜ ਪੰਜਾਬੀਆਂ ਦਾ ਖੁਰਾ ਖੋਜ਼ ਮਿਟਾਉਣ ਤੇ ਤੁਲੀ ਹੋਈ ਹੈ? ਪਹਿਲਾਂ ਹਲਾ, ਇਸਦੇ ਹਕਾਂ ‘ਤੇ ਵਜਿਆ। ਦੂਜਾ ਹਲਾ, ਠੰਡੀਆਂ-ਤਤੀਆਂ ਹਵਾਵਾਂ ਦਾ ਵਜਿਆ। ਤੀਜਾ ਹਲਾ, ਪੰਜਾਬ ਦੀ ਧਰਤੀ ਦਾ ਨਾਸ ਮਾਰਨ ਦਾ ਵਜਿਆ ਅਤੇ ਚੌਥਾ ਹਲਾ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨ ਦਾ ਵਜਿਆ ਹੈ।
ਆਓ ਪਹਿਚਾਣੀਏ ਇਹ ਕੌਣ ਹਨ ਜੋ ਪੰਜਾਬ ਦਾ ਖਾਤਮਾ ਚਾਹੁੰਦੇ ਹਨ, ਪੰਜਾਬੀਆਂ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਹਨ। ਪੰਜਾਬੀਓ ਬਾਕੀ ਸਭ ਕੁਝ ਤਾਂ ਤੁਸੀਂ ਪ੍ਰਵਾਨ ਕਰ ਲਿਆ ਹੈ, ਪਰ ਕਿ ਇਸ ਨਸਲਮਾਰੂ ਜੰਗ ਨੂੰ ਪ੍ਰਵਾਨ ਕਰ ਲਵੋਗੇ? ਜਾਗੋ ਪੰਜਾਬੀਓ ਜਾਗੋ।

WRITTEN BY