Skip to content
Independent perspectives. Global stories.
BREAKING

ਅਫ਼ਗਾਨਿਸਤਾਨ ’ਚ ਸਿੱਖਾਂ ਦਾ ਕਤਲੇਆਮ

Share this story

ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿਖੇ ਸ਼ੱਕੀ ਅੱਤਵਾਦੀਆਂ ਵੱਲੋਂ ਸਿਖ ਭਾਈਚਾਰੇ ਨੂੰ ਵਹਿਸ਼ੀ ਤਰੀਕੇ ਨਾਲ ਨਿਸ਼ਾਨਾ ਬਣਾਇਆ ਹੈ। ਇਸ ਬੇਹਦ ਅਫਸੋਸਨਾਕ ਆਤਮਘਾਤੀ ਹਮਲੇ ’ਚ 17 ਸਿਖਾਂ ਸਮੇਤ ਕੁਲ 20 ਨਿਰਦੋਸ਼ਾਂ ਦੀ ਹਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਸਿਖਾਂ ’ਚ ਅਫ਼ਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਸ. ਅਵਤਾਰ ਸਿੰਘ ਖਾਲਸਾ ਵੀ ਸ਼ਾਮਿਲ ਹਨ। ਉਹ ਅਕਤੂਬਰ ’ਚ ਹੋਣ ਵਾਲੀਆਂ ਸੰਸਦੀ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਅਧਿਕਾਰੀਆਂ ਮੁਤਾਬਿਕ ਇਕ ਆਤਮਘਾਤੀ ਹਮਲਾਵਰ ਨੇ ਸਿਖ ਭਾਈਚਾਰੇ ਨੂੰ ਲੈ ਕੇ ਜਾਂਦੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਸਿਖ ਭਾਈਚਾਰੇ ਦੇ ਇਕ ਵਫਦ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸੀ। ਹਮਲੇ ਵਿੱਚ 20 ਦੇ ਕਰੀਬ ਨਿਰਦੋਸ਼ ਨਾਗਰਿਕ ਜ਼ਖਮੀ ਹੋਏ ਹਨ। ਹਮਲੇ ਵਾਲੀ ਥਾਂ ਅਤੇ ਹਸਪਤਾਲ ਦੇ ਦ੍ਰਿਸ਼ ਬਹੁਤ ਹੀ ਦਰਦਨਾਕ ਸਨ। ਮ੍ਰਿਤਕਾਂ ਦੇ ਰਿਸ਼ਤੇਦਾਰ ਅਤੇ ਛੋਟੇ-ਛੋਟੇ ਬੱਚੇ ਵਿਰਲਾਪ ਕਰ ਰਹੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਨੇ ਆਪਣੀ ਆਨ-ਲਾਈਨ ਅਮਾਕ ਏਜੰਸੀ ’ਤੇ ਇਕ ਬਿਆਨ ਜਾਰੀ ਕਰਕੇ ਲਈ ਹੈ ਪਰ ਹਮਲੇ ਸਬੰਧੀ ਆਪਣੇ ਦਾਅਵੇ ਬਾਰੇ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਦਿੱਤਾ। ਅਫ਼ਗਾਨਿਸਤਾਨ ਵਿੱਚ ਸਿੱਖ ਬਹੁਤ ਹੀ ਛੋਟੀ ਘੱਟ ਗਿਣਤੀ ਹਨ। ਉਨ੍ਹਾਂ ਤੋਂ ਕਿਸੇ ਵੀ ਦੂਸਰੇ ਭਾਈਚਾਰੇ ਜਾਂ ਸੰਗਠਨ ਨੂੰ ਕੋਈ ਖਤਰਾ ਨਹੀਂ ਹੈ। ਸਿੱਖ ਬਹੁਤ ਹੀ ਸ਼ਾਂਤੀਪੁਰਵਕ ਤਰੀਕੇ ਨਾਲ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਹਨ। ਅਜਿਹੇ ਹਾਲਤਾਂ ਵਿੱਚ ਉਨ੍ਹਾਂ ’ਤੇ ਇਸ ਤਰ੍ਹਾਂ ਦਾ ਵਹਿਸ਼ੀ ਹਮਲਾ ਕਈ ਤਰ੍ਹਾਂ ਦੇ ਸ਼ੱਕ ਸ਼ੁਬਹੇ ਪੈਦਾ ਕਰਦਾ ਹੈ। ਅਸਲ ਵਿੱਚ ਰਾਜਨੀਤੀ ਨੂੰ ਆਪਣੇ ਤਰੀਕੇ ਨਾਲ ਬਦਲਣ ਲਈ ਖੁਫੀਆਂ ਏਜੰਸੀਆਂ ਅਤੇ ਸਰਕਾਰਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੀਆਂ ਹਨ। ਇਸ ਘਟਨਾ ਪਿੱਛੇ ਵੀ ਲੁਕੀਆਂ ਹੋਈਆਂ ਤਾਕਤਾਂ ਕੰਮ ਕਰਦੀਆਂ ਹਨ। ਸਿੱਖ ਭਾਈਚਾਰੇ ਨੂੰ ਇਸੇ ਤਰ੍ਹਾਂ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦਾ ਸਾਫ ਮਕਸਦ ਹੈ ਕਿ ਸਿੱਖ ਭਾਈਚਾਰੇ ਨੂੰ ਦਹਿਸ਼ਤਜ਼ਦਾ ਕੀਤਾ ਜਾਵੇ। ਵੱਡੀ ਗੱਲ ਤਾਂ ਇਹ ਹੈ ਕਿ ਸਿੱਖ ਭਾਈਚਾਰੇ ਦਾ ਨਾ ਕਸ਼ਮੀਰ ਵਿੱਚ ਕੋਈ ਝਗੜਾ ਹੈ ਨਾ ਪਾਕਿਸਤਾਨ ਵਿੱਚ ਅਤੇ ਨਾ ਅਫ਼ਗਾਨਿਸਤਾਨ ਵਿੱਚ ਫਿਰ ਪਤਾ ਨਹੀਂ ਕਿਉਂ ਸਿੱਖ ਭਾਈਚਾਰੇ ਨੂੰ ਇਸ ਤਰ੍ਹਾਂ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਦਾ ਟਕਰਾਅ ਸਿਰਫ ਤੇ ਸਿਰਫ ਭਾਰਤ ਸਰਕਾਰ ਨਾਲ ਹੈ। ਭਾਰਤ ਸਰਕਾਰ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਸਿੱਖ ਭਾਈਚਾਰੇ ਨੂੰ ਨੀਵਾਂ ਦਿਖਾਉਣ ਅਤੇ ਦਹਿਸ਼ਤਜ਼ਦਾ ਕਰਨ ਲਈ ਸਰਗਰਮ ਰਹਿੰਦੀ ਹੈ। ਭਾਰਤ ਸਰਕਾਰ ਦੀਆਂ ਏਜੰਸੀਆਂ ’ਤੇ ਪਹਿਲਾਂ ਕਸ਼ਮੀਰ ਵਿੱਚ 20 ਸਿੱਖਾਂ ਨੂੰ ਮਾਰਨ ਦੇ ਦੋਸ਼ ਲੱਗ ਚੁੱਕੇ ਹਨ। ਅਫ਼ਗਾਨਿਸਤਾਨ ਵਿੱਚ ਭਾਰਤ ਦਾ ਕਾਫੀ ਦਖਲ ਹੈ। ਇਸ ਕਾਰਨ ਸ਼ੱਕ ਦੀ ਸੂਈ ਭਾਰਤ ਵੱਲ ਵੀ ਮੁੜਦੀ ਹੈ। ਭਾਰਤ ਸਰਕਾਰ ਨੇ ਇਸ ਹਮਲੇ ਖਿਲਾਫ ਜ਼ੋਰਦਾਰ ਆਵਾਜ਼ ਵੀ ਨਹੀਂ ਉਠਾਈ। ਮੌਜੂਦਾ ਹਾਲਾਤਾਂ ਵਿੱਚ ਸਿੱਖ ਬਹੁਤ ਹਤਾਸ਼ਾ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਜੇਕਰ ਸਿੱਖਾਂ ਦਾ ਆਪਣਾ ਕੋਈ ਦੇਸ਼ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ।
3 ਜੁਲਾਈ 2018 – ਬਲਜੀਤ ਸਿੰਘ ਬਰਾੜ

WRITTEN BY