ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਨਸ਼ਿਆਂ ਦਾ ਵਿਰੋਧ ਇਕ ਵੱਡਾ ਧੰਦਾ ਬਣ ਗਿਆ ਹੈ। ਦੋਵਾਂ ਹੀ ਹਾਲਾਤਾਂ ਵਿੱਚ ਤਸਕਰ, ਮਾਫੀਆ, ਅਧਿਕਾਰੀ ਅਤੇ ਸਿਆਸਤਦਾਨ ਮੋਟੀ ਕਮਾਈ ਕਰ ਰਹੇ ਹਨ। ਨਸ਼ਿਆਂ ਦਾ ਪ੍ਰਕੋਪ ਜਿਉਂ-ਜਿਉਂ ਗੰਭੀਰ ਹੁੰਦਾ ਜਾ ਰਿਹਾ ਹੈ ਤਿਉਂ-ਤਿਉਂ ਇਸ ਧੰਦੇ ਵਿੱਚ ਕਮਾਈ ਵੱਧ ਰਹੀ ਹੈ। ਪਿਛਲੇ ਕੁਝ ਹਫਤਿਆਂ ਤੋਂ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦੀਆਂ ਮੌਤਾਂ ਨੇ ਸਥਿਤੀ ਨੂੰ ਬੇਹੱਦ ਨਾਜ਼ਕ ਬਣਾ ਦਿੱਤਾ ਹੈ। ਲਾਜ਼ਮੀ ਤੌਰ ’ਤੇ ਇਸ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸਿਆਸਤਦਾਨਾ ਅਤੇ ਪੁਲਿਸ ਅਧਿਕਾਰੀਆਂ ’ਤੇ ਦੋਸ਼-ਪ੍ਰਤੀਦੋਸ਼ ਵੀ ਲਗ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਅਤੇ ਪੋਸਟਾਂ ਨੇ ਲੋਕਾਂ ਨੂੰ ਜਜ਼ਬਾਤੀ ਕਰ ਦਿੱਤਾ ਹੈ। ਲੋਕਾਂ ਦੇ ਜਜ਼ਬਾਤਾਂ ਨੂੰ ‘ਕੈਸ਼’ ਕਰਵਾਉਣ ਲਈ ਇਕ ਵੱਡੀ ਖੇਡ ਵੀ ਸ਼ੁਰੂ ਹੋ ਗਈ ਹੈ। ਹੁਣ ਨਸ਼ਿਆਂ ਦੇ ਵਿਰੋਧ ਦੇ ਨਾਮ ਉਪਰ ਸਵਾਰਥਾਂ ਦੀ ਰਾਜਨੀਤੀ ਅਤੇ ਵਸੂਲੀ ਦਾ ਚੱਕਰ ਵੀ ਚੱਲ ਪਿਆ ਹੈ। ਕਾਂਗਰਸ ਦੇ ਕੁਝ ਨੇਤਾ ਵੀ ਇਸ ਸਮੇਂ ਨੂੰ ‘ਮੌਕੇ’ ਵਜੋਂ ਦੇਖ ਰਹੇ ਹਨ। ਸਾਬਕਾ ਮੰਤਰੀ ਸ. ਰਾਣਾ ਗੁਰਜੀਤ ਸਿੰਘ ਅਤੇ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਇਸ ਗੱਲ ਦਾ ਸਬੂਤ ਹਨ ਕਿ ਉਹ ਮੌਕੇ ਦਾ ਲਾਭ ਉਠਾ ਕੇ ਆਪਣੇ ‘ਸਕੋਅਰ ਸੈਟਲ’ ਕਰਨਾ ਚਾਹੁੰਦੇ ਹਨ। ਇਸ ਬਹਾਨੇ ਸ. ਬਾਜਵਾ ਆਪਣੀ ਪਤਨੀ ਲਈ ਚੇਅਰਮੈਨੀ ਲੱਭ ਰਿਹਾ ਹੈ। ਸ. ਰਾਣਾ ਮੁੜ ਮੰਤਰੀ ਬਣਨ ਦੇ ਚੱਕਰ ਵਿੱਚ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਤਰਫੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸ. ਸਿਮਰਨਜੀਤ ਸਿੰਘ ਬੈਂਸ ਵੀ ਆਪਣੀ ‘ਸਿਆਸੀ ਬਹਾਲੀ’ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਉਨ੍ਹਾਂ ਦਾ ਨਿਸ਼ਾਨਾ ਨਸ਼ਿਆਂ ਦੀ ਰੋਕਥਾਮ ਘੱਟ ਸੁਰਖੀਆਂ ਵਿੱਚ ਆਉਣਾ ਵਧੇਰੇ ਹੈ। ਨਸ਼ਿਆਂ ਦੇ ਵਿਰੋਧ ਦੇ ਨਾਮ ਉਪਰ ਦੋਵੇਂ ਨੇਤਾ ਆਪਣੀਆਂ ਰਾਜਨੀਤਿਕ ਖਾਹਿਸ਼ਾਂ ਲਈ ਨਸ਼ਿਆਂ ਅਤੇ ਨਿਜੀ ਸਬੰਧਾਂ ’ਤੋਂ ਪੀੜਤ ਲੜਕੀਆਂ ਦਾ ਪ੍ਰਯੋਗ ਕਰਨ ਤੋਂ ਵੀ ਨਹੀਂ ਝਿਜਕ ਰਹੇ। ਇਹ ਸਮਝ ਨਹੀਂ ਲੱਗ ਰਹੀ ਕਿ ਉਹ ਪ੍ਰੈਸ ਕਾਨਫਰੰਸਾਂ ਵਿੱਚ ਲੜਕੀਆਂ ਦੀਆਂ ਅਸ਼ਲੀਲ ਕਹਾਣੀਆਂ ਸੁਣਾ ਕੇ ਕਿਹੜਾ ਨਿਸ਼ਾਨਾ ਪ੍ਰਾਪਤ ਕਰਨਾ ਚਾਹੁੰਦੇ ਹਨ। ਅਸਲ ਵਿੱਚ ਉਹ ਨਸ਼ਿਆਂ ਦੇ ਇਸ ਅਹਿਮ ਵਿਰੋਧ ਨੂੰ ਨਿੱਜੀ ਨਿਸ਼ਾਨਿਆਂ ਵੱਲ ਸੇਧਤ ਕਰਦੇ ਦਿਸ ਰਹੇ ਹਨ। ਸਵਾਲ ਤਾਂ ਇਹ ਹੈ ਕਿ ਇਕ ਦੂਸਰੇ ਦਰਜੇ ਦੇ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾ ਕੇ ਉਹ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ। ਨਸ਼ਿਆਂ ਦੇ ਵਿਰੋਧ ਦੇ ਨਾਮ ਉਪਰ ਵੀ ‘ਵਸੂਲੀ ਦੇ ਮੌਕੇ’ ਤਲਾਸ਼ੇ ਜਾ ਰਹੇ ਹਨ। ਸਿਆਸੀ ਆਗੂ ਅਤੇ ਪੀੜਤ ਜੇਕਰ ਸੱਚਮੁੱਚ ਇਸ ਮੁੱਦੇ ’ਤੇ ਗੰਭੀਰ ਹਨ ਤਦ ਉਨ੍ਹਾਂ ਨੂੰ ਪ੍ਰੈਸ ਕਾਨਫਰੰਸਾਂ ਵਿੱਚ ਬਿਆਨ ਦੇਣ ਦੀ ਥਾਂ ਅਦਾਲਤਾਂ ਵਿੱਚ ਜਾ ਕੇ ਆਪਣੇ ਬਿਆਨ ਦਰਜ ਕਰਵਾਉਣੇ ਚਾਹੀਦੇ ਹਨ। ਪੰਜਾਬ ਦੀ ਬਦਕਿਮਸਤੀ ਹੈ ਕਿ ਨਸ਼ਿਆਂ ਦਾ ਵਿਰੋਧ ਵੀ ਧੰਦੇ ਵਿੱਚ ਤਬਦੀਲ ਹੋਣ ਵੱਲ ਵਧ ਰਿਹਾ ਹੈ। ਨਸ਼ਿਆਂ ਦੇ ਵਿਰੋਧ ਦੇ ਨਾਮ ਉਪਰ ਵਸੂਲੀਆਂ ਅਤੇ ਬਲੈਕ ਮੈਲਿੰਗ ਦਾ ਇਕ ਕਾਲਾ ਕਾਰੋਬਾਰ ਉਭਰਦਾ ਦਿਸ ਰਿਹਾ ਹੈ। ਸਮੁੱਚੇ ਦ੍ਰਿਸ਼ ’ਚ ਸੱਚ ਨੂੰ ਸਾਹਮਣੇ ਲਿਆਉਣ ਦੀ ਥਾਂ ‘ਮੌਕੇ ਦਾ ਲਾਭ’ ਉਠਾਉਣ ਦੀ ਪ੍ਰਵਿਰਤੀ ਭਾਰੂ ਹੁੰਦੀ ਜਾ ਰਹੀ ਹੈ। ਨਸ਼ਿਆਂ ਦਾ ਵਿਰੋਧ ਕਰਨਾ ਬੇਹਦ ਜ਼ਰੂਰੀ ਹੈ। ਪਰ ਉਸ ਤੋਂ ਵੀ ਜ਼ਰੂਰੀ ਹੈ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣਾ, ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿਵਾਉਣਾ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਠੱਪ ਕਰਨਾ। ਪਰ ਇਹ ਗੱਲ ਸ਼ਾਇਦ ਹਾਲੇ ਤੱਕ ਕਿਸੇ ਦੇ ਵੀ ਮੁੱਖ ਏਜੰਡੇ ਉਪਰ ਨਹੀਂ ਹੈ। ਸਗੋਂ ਰਾਜਨੀਤੀ ਕਰ ਰਹੇ ਹਨ। ਨਸ਼ੇ ਦੇ ਕਥਿਤ ਵਿਰੋਧ ਦੇ ਨਾਮ ਉਪਰ ਸਭ ਦੇ ਆਪੋ-ਆਪਣੇ ਸਵਾਰਥ ਹਨ। ਕੋਈ ਕਿਸੇ ਨੂੰ ਬਦਨਾਮ ਕਰਕੇ ਖੁਦ ਖੱਟੀ ਕਰਨਾ ਚਾਹੁੰਦਾ ਹੈ। ਕੋਈ ਵਿਰੋਧ ਦੇ ਨਾਮ ਉਪਰ ਵਸੂਲੀਆਂ ਦੀ ਖੇਡ ਖੇਡਣਾ ਚਾਹੁੰਦਾ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਲੋਕਾਂ ਨੂੰ ਬੇਹਦ ਸੁਚੇਤ ਹੋਣ ਦੀ ਜ਼ਰੂਰਤ ਹੈ। ਨਸ਼ਿਆਂ ਦੇ ਵਿਰੋਧ ਦੇ ਨਾਮ ਉਪਰ ਚੱਲ ਰਹੀ ਖੇਡ ਨੂੰ ਸਮਝਣਾ ਹੋਵੇਗਾ। ਪੰਜਾਬ ਦੇ ਸੱਚੇ ਹਿਤੈਸ਼ੀਆਂ ਨੂੰ ਨਸ਼ਿਆਂ ਅਤੇ ਹੋਰ ਅਲਾਮਤਾਂ ਖਿਲਾਫ਼ ਸੱਚੇ ਦਿਲੋਂ ਵਿਰੋਧ ਵਿੱਚ ਨਿਤਰਨਾ ਹੋਵੇਗਾ। ਲੋਕਾਂ ਨੂੰ ਉਨ੍ਹਾਂ ਤਾਕਤਾਂ ਉਪਰ ਨਜ਼ਰ ਰੱਖਣੀ ਚਾਹੀਦੀ ਹੈ ਜਿਹੜੀਆਂ ਇਸ ਮੌਕੇ ’ਤੇ ‘ਸਵਾਰਥਾਂ ਦੀ ਖੇਡ’ ਖੇਡ ਰਹੀਆਂ ਹਨ। ਅਧਿਕਾਰੀਆਂ ਅਤੇ ਨਸ਼ਾ ਤਸਕਰਾਂ ਤੋਂ ਵਸੂਲੀ ਦੇ ਚੱਕਰ ਵਿੱਚ ਝੰਡੇ-ਡੰਡੇ ਚੁੱਕ ਕੇ ਘੁੰਮ ਰਹੇ ਅਨਸਰਾਂ ਤੋਂ ਖਾਸ ਤੌਰ ’ਤੇ ਚੌਕਸੀ ਵਰਤੀ ਜਾਵੇ। ਇਹ ਉਮੀਦ ਕਰਦੇ ਹਾਂ ਕਿ ਲੋਕਾਂ ਦੀ ਉਭਰ ਨਵੀਂ ਲਹਿਰ ਨਾਲ ਪੰਜਾਬ ਛੇਤੀ ਹੀ ਨਸ਼ਾ ਮੁਕਤ ਹੋਵੇਗਾ।
1 ਜੁਲਾਈ 2018 – ਬਲਜੀਤ ਸਿੰਘ ਬਰਾੜ



