ਦੁਨੀਆਂ ਭਰ ਦੇ ਦੇਸ਼ਾਂ ਵਿਚੋ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਬਹੁਤ ਸਾਰੇ ਧਰਮਾਂ,ਜਾਤਾਂ ਦੇ ਲੋਕ ਬਹੁਤ ਹੀ ਪਿਆਰ ਨਾਲ ਆਪਸ ਵਿਚ ਮਿਲ-ਜੁਲ ਕੇ ਰਹਿੰਦੇ ਹਨ ‘ਤੇ ਇਕ ਦੂਸਰੇ ਦੇ ਧਾਰਮਿਕ ਤਿਉਹਾਰਾਂ ਨੂੰ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਉਂਦੇ ਹਨ। ਆਪਸੀ ਭਾਈਚਾਰਕ ਸਾਂਝ ਹੀ ਸਾਡੇ ਦੇਸ਼ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਂਦੀ ਹੈ। ਇਸੇ ਭਾਈਚਾਰਕ ਸਾਂਝ ਨੂੰ ਬਰਕਰਾਰ ਰਖਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ ਆਪਸੀ ਪਿਆਰ-ਮੁਹਬਤ ਦੇ ਪ੍ਰਤੀਕ ਪਵਿਤਰ ਤਿਉਹਾਰ ਈਦ-ਉਲ-ਫਿਤਰ ਨੂੰ ਸਭ ਧਰਮਾਂ ਦੇ ਲੋਕਾਂ ਨਾਲ ਮਿਲ-ਜੁਲ ਕੇ ਮਨਾਉਂਦੇ ਹਨ।‘ਈਦ‘ ਦਾ ਅਰਥ ਹੈ ਖੁਸ਼ੀ ਦਾ ਦਿਨ ਤੇ ‘ਫਿਤਰ‘ ਦਾ ਅਰਥ ਹੈ ਰੋਜ਼ੇ ਖੋਲਣੇ ਜਾ ਮੁਕੰਮਲ ਹੋਣੇ।ਮੁਸਲਮਾਨ ਭਾਈਚਾਰਾ ਈਦ-ਉਲ-ਫਿਤਰ ਨੂੰ ਮਨਾਉਣ ਦੇ ਲਈ ਰਮਜ਼ਾਨ ਦੇ ਮਹੀਨੇ ਪੂਰੇ ਇਕ ਮਹੀਨੇ ਦੇ ਰੋਜ਼ੇ ਰਖਣ ਤੋਂ ਈਦ ਦਾ ਚੰਦ ਨਜ਼ਰ ਆਉਣ ਤੇ ਉਸਦੇ ਅਗਲੇ ਦਿਨ ਚੰਦ ਦੀ ਪਹਿਲੀ ਤਾਰੀਕ ਨੂੰ ਮਨਾਉਂਦੇ ਹਨ।ਰਮਜ਼ਾਨ ਦੇ ਪੂਰੇ ਮਹੀਨੇ ਹਰ ਇਕ ਬਾਲਿਗ ਮਰਦ ‘ਤੇ ਔਰਤ ਰੋਜ਼ੇ ਰਖਦੇ ਹਨ,ਪੰਜ ਵਖ਼ਤ ਦੀ ਨਮਾਜ਼ ਪੜ੍ਹਦੇ ਹਨ ‘ਤੇ ਰਾਤ ਨੂੰ ‘ਤਰਾਬੀਹ‘ ਦੀ ਨਮਾਜ਼ ਜੋ ਖਾਸ ਕਰਕੇ ਇਸੇ ਮਹੀਨੇ ਪੜ੍ਹੀ ਜਾਂਦੀ ਹੈ। ਈਦ ਵਾਲੇ ਦਿਨ ਮੁਸਲਮਾਨ ਭਾਈਚਾਰੇ ਦੇ ਲੋਕ ਨਵੇਂ-ਨਵੇਂ ਕਪੜੇ ਪਾਕੇ ਇਤਰ (ਖੁਸ਼ਬੂ) ਲਗਾ ਕੇ ਆਪਣੇ ਇਲਾਕੇ ਦੀ ਨਜ਼ਦੀਕੀ ਮਸਜ਼ਿਦ ‘ਚ ਜਾ ਕੇ ਨਮਾਜ਼ ਅਦਾ ਕਰਦੇ ਹਨ। ਈਦ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਹਰ ਇਕ ਮੁਸਲਮਾਨ ਤੇ ਵਾਜੀਵ (ਫਰਜ਼) ਹੈ ਕਿ ਆਪਣੀ ਆਮਦਨ ਮੁਤਾਬਕ ਦਾਨ ਦੇਵੇ ਜਿਸਨੂੰ ਜ਼ਕਾਤ ਕਹਿੰਦੇ ਹਨ।ਇਹ ਜ਼ਕਾਤ ਈਦ ਦੀ ਨਮਾਜ਼ ਤੋਂ ਪਹਿਲਾਂ ਜ਼ਰੂਰਤਮੰਦ ਲੋਕਾਂ ‘ਚ ਵੰਡੀ ਜਾਂਦੀ ਹੈ ਤਾਂ ਜੋ ਉਹ ਵੀ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾ ਸਕਣ ਈਦ ਦੀ ਨਮਾਜ਼ ਪੜ੍ਹਨ ਲਈ ਮੁਸਲਮਾਨ ਭਰਾ ਈਦਗਾਹ ਜਾ ਕਿਸੇ ਖੁਲੇ ਮੈਦਾਨ ‘ਚ ਲੰਮੀਆਂ-ਲੰਮੀਆਂ ਕਤਾਰਾਂ ‘ਚ ਬਿਨਾ ਕਿਸੇ ਭੇਦਭਾਬ,ਜਾਤਪਾਤ ਤੇ ਅਮੀਰ ਗਰੀਬ ਤੋਂ ਰਹਿਤ ਇਕਠੇ ਹੋ ਕੇ ਈਦ ਦੀ ਨਮਾਜ਼ ਪੜ੍ਹਦੇ ਹਨ। ਨਾਮਜ਼ ਪੜ੍ਹਨ ਤੋਂ ਬਾਅਦ ਸਾਰੇ ਨਮਾਜ਼ੀ ਇਕ ਦੂਜੇ ਦੇ ਗਲੇ ਮਿਲਦੇ ਹਨ ਜਿਸ ਨਾਲ ਆਪਸੀ ਭਾਈਚਾਰਾ ਵਧਦਾ ਹੈ। ਸੋ ਮੈਂ ਵੀ ਇਸ ਪਵਿਤਰ ਮਹੀਨੇ ‘ਤੇ ਇਸ ਪਵਿਤਰ ਤਿਉਹਾਰ ਈਦ ਤੇ ਇਹ ਦੁਆ ਕਰਦਾ ਹਾਂ ਕਿ ਭਾਰਤ ਦੇਸ਼ ਦੀ ਤਰਕੀ ਲਈ ਸਾਡਾ ਇਹ ਆਪਸੀ ਭਾਈਚਾਰਾ ਇਸੇ ਤਰਾਂ ਬਣਿਆ ਰਹੇ ‘ਤੇ ਇਸ ਦੇਸ਼ ਦੇ ਹਰ ਇਕ ਨਾਗਰਿਕ ਲਈ ਇਹ ਪਵਿਤਰ ਤਿਉਹਾਰ ਖੁਸ਼ੀਆਂ ਲੈ ਕੇ ਆਵੇ ਠਆਮੀਨ’’।
– ਅਰਮਾਨ ਖਾਨ,
ਪੱਤਰਕਾਰ ਪੰਜਾਬ ਟਾਇਮਜ਼ ਕੀਰਤਪੁਰ ਸਾਹਿਬ