ਭਾਰਤ ਬਹੁ-ਧਰਮੀ ਦੇਸ਼ ਹੈ ਇਥੇ ਸਾਰਾ ਸਾਲ ਵਖ-ਵਖ ਧਰਮਾਂ ਨਾਲ ਸਬੰਧਤ ਤਿਉਹਾਰ ਮਨਾਏ ਜਾਂਦੇ ਹਨ। ਈਦ ਦਾ ਤਿਉਹਾਰ ਵੀ ਸਾਰੀ ਦੁਨੀਆਂ ਦੇ ਮੁਸਲਮਾਨਾਂ ਦਾ ਮੁਕਦਸ ਤਿਉਹਾਰ ਹੈ। ਈਦ-ਉਲ-ਫ਼ਿਤਰ ਤੋਂ ਭਾਵ ਖ਼ੁਸ਼ੀ ਦਾ ਉਹ ਦਿਨ ਹੈ ਜੋ ਰਬ ਦੇ ਧੰਨਵਾਦ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਰਬ ਦੀ ਭਗਤੀ ਭਾਵ ਰੋਜ਼ਿਆਂ ਤੋਂ ਫ਼ਾਰਿਗ਼ ਹੋ ਜਾਂਦੇ ਹਾਂ। ਇਸਨੂੰ ਆਮ ਸ਼ਬਦਾ ਵਿਚ ਅਸੀਂ ਮਿਠੀ ਈਦ ਦੇ ਨਾਂ ਨਾਲ ਜਾਣਦੇ ਹਾਂ। ਇਹ ਤਿਉਹਾਰ ਰਮਜ਼ਾਨ ਮਹੀਨੇ ਦੇ ਪੂਰੇ ਤੀਹ ਰੋਜ਼ੇ ਰਖਣ ਤੋਂ ਬਾਅਦ ਹਰ ਸਾਲ ਇਸਲਾਮੀ ਕੈਲੰਡਰ ਦੇ 10 ਵੇਂ ਮਹੀਨੇ ਸ਼ਵਾਲ ਦੀ ਪਹਿਲੀ ਤਾਰੀਖ਼ ਨੂੰ ਦੁਨੀਆਂ ਭਰ ਦੇ ਮੁਸਲਮਾਨਾਂ ਵਲੋਂ ਮਨਾਕੇ ਏਕਤਾ ਅਤੇ ਅਖੰਡਤਾ ਦਾ ਇਜ਼ਹਾਰ ਕੀਤਾ ਜਾਂਦਾ ਹੈ। ਈਦ ਵਾਲੇ ਦਿਨ ਮੁਸਲਮਾਨ ਸਵੇਰੇ ਜਲਦੀ ਗ਼ੁਸਲ ਕਰਕੇ ਨਵੇਂ ਕਪੜੇ ਪਹਿਨਦੇ ਤੇ ਇਤਰ ਖ਼ੁਸ਼ਬੂ ਲਗਾਉਂਦੇ ਹਨ। ਕੁਝ ਮਿਠਾ (ਸੇਵੀਆਂ, ਖੀਰ, ਜਾਂ ਛੂਆਰੇ ਆਦਿ) ਖਾਕੇ ਈਦ ਦੀ ਨਮਾਜ਼ ਅਦਾ ਕਰਣ ਲਈ ਈਦਗਾਹ ਵਲ ਚਲ ਪੈਂਦੇ ਹਨ। ਨਮਾਜ਼ ਪੜ੍ਹਣ ਜਾਂਦੇ ਹੋਏ ਤਕਬੀਰਾਤੇ ਤਸ਼ਰੀਕ “ਅਲਾਹੁ ਅਕਬਰ ਅਲਾਹੁ ਅਕਬਰ ਲਾਇਲਾ-ਹੈ। ਇਲਲਾਹੁ ਵਲਾਹ ਅਕਬਰ। ਅਲਾਹੁ ਅਕਬਰ ਵ ਲਿਲਾਹਹਿਲ ਹਮਦ” (ਭਾਵ ਰਬ ਦੀ ਵਡਿਆਈ ਬਿਆਨ ਕੀਤੀ ਜਾਂਦੀ ਹੈ) ਪੜ੍ਹੀ ਜਾਂਦੀ ਹੈ। ਈਦ-ਉਲ-ਫ਼ਿਤਰ ਨੂੰ ਤਕਬੀਰ ਹੋਲੀ ਆਵਾਜ਼ ’ਚ ਤੇ ਬਕਰੀਦ ਨੂੰ ਥੋੜੀ ਉਚੀ ਆਵਾਜ਼ ’ਚ ਪੜ੍ਹੀ ਜਾਂਦੀ ਹੈ। ਜਾਂਦੇ ਹੋਏ ਇਕ ਰਾਸਤੇ ਜਾਇਆ ਜਾਂਦਾ ਹੈ ਤੇ ਦੂਜੇ ਰਾਸਤੇ ਆਇਆ ਜਾਂਦਾ ਹੈ। ਇਹ ਨਮਾਜ਼ ਬਿਨਾਂ ਅਜ਼ਾਨ ਦੇ ਹੁੰਦੀ ਹੈ। ਨਮਾਜ਼ ਤੋਂ ਬਾਅਦ ਖ਼ੁਤਬਾ ਸੁਣਾਆਇਆ ਜਾਂਦਾ ਹੈ ਜੋ ਜਰ ਇਕ ਲਈ ਸੁਣਨਾ ਲਾਜ਼ਮੀ ਹੈ।
ਈਦ ਦੀ ਨਮਾਜ਼ ਪੜ੍ਹਣ ਤੋਂ ਬਾਅਦ ਹਰ ਧਰਮ ਦੇ ਲੋਕ ਬਿਨਾਂ ਕਿਸੇ ਝਿਜਕ ਦੇ ਇਕ-ਦੂਜੇ ਨੂੰ ਗਲਵਕੜੀ ਪਾ ਕੇ ਮਿਲਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ, ਮੁਹਬਤ, ਬਰਾਬਰਤਾ ਤੇ ਇਕ ਦੇਸ਼ ਦੇ ਵਸਨੀਕ ਹੋਣ ਦਾ ਪੈਗ਼ਾਮ ਦਿੰਦੇ ਹੋਏ ਦੇਸ਼ ਦੀ ਏਕਤਾ ਨੂੰ ਮਜ਼ਬੂਤ ਰਖਦੇ ਹਨ। ਈਦਗਾਹ ਤੋਂ ਵਾਪਸੀ ਤੇ ਲੋਕ ਇਕ ਦੂਸਰੇ ਦੇ ਘਰ ਮਿਠਾਈ ਵੰਡਦੇ ਹਨ। ਅਤੇ ਵਖ-ਵਖ ਥਾਵਾਂ ਤੇ ਈਦ ਮਿਲਣ ਪ੍ਰੋਗਰਾਮ ਕਰਵਾਏ ਜਾਂਦੇ ਹਨ। ਈਦ ਦੇ ਦਿਨ ਬਚਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਨਾ ਨਹੀਂ ਹੁੰਦਾ। ਨਮਾਜ਼ ਪੜ੍ਹਕੇ ਜਦੋਂ ਘਰ ਆਉਂਦੇ ਹਨ ਤਾਂ ਘਰ ਦੇ ਸਾਰੇ ਬਜ਼ੁਰਗਾਂ ਤੋਂ ਈਦੀ ਵਸੂਲ ਕਰਦੇ ਹਨ। ਈਦ ਦੇ ਮੌਕੇ ਤੇ ਜੋ ਦੋਸਤ ਰਿਸ਼ਤੇਦਾਰ ਇਕ ਦੂਜੇ ਤੋਂ ਦੂਰ ਹਨ ਉਹ ਵਟਸਐਪ, ਫ਼ੇਸਬੁਕ, ਸਕਾਇਪ, ਆਦਿ ਰਾਹੀ ਇਕ ਦੂਜੇ ਨੂੰ ਮੁਬਾਰਕਬਾਦ ਦਿੰਦੇ ਹਨ। ਇਸ ਦੇ ਨਾਲ ਹੀ ਸਾਡੀ ਅਸਲ ਖ਼ੁਸ਼ੀ ਤਾਂ ਹੀ ਹੈ ਜੇ ਅਸੀਂ ਗ਼ਰੀਬਾਂ, ਯਤੀਮਾਂ, ਬੇਵਸਾਂ, ਵਿਧਵਾਵਾਂ ਅਤੇ ਬੇਸਹਾਰੇ ਲੋਕਾਂ ਨੂੰ ਵੀ ਇਸ ਖ਼ੁਸ਼ੀ ਵਿਚ ਸ਼ਾਮਿਲ ਕਰੀਏ। ਇਸਦੇ ਲਈ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਸਕਦਾ-ਏ-ਫ਼ਿਤਰ (ਫ਼ਿਤਰਾਨਾ) ਅਦਾ ਕੀਤਾ ਜਾਂਦਾ ਹੈ।। ਸਦਕਾ-ਏ-ਫ਼ਿਤਰ ਦਾ ਮਕਸਦ ਰੋਜ਼ੇ ਦੀ ਹਾਲਤ ਵਿਚ ਸਰਜ਼ਦ ਹੋਣ ਵਾਲੇ ਗੁਨਾਹਾਂ ਤੋਂ ਪਾਕ ਕਰਨਾ ਹੈ। ਸਦਕਾ-ਏ-ਫ਼ਿਤਰ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਅਦਾ ਕਰਨਾ ਫ਼ਰਜ਼ ਹੈ ਵਰਨਾ ਆਮ ਸਦਕਾ ਮੰਨਿਆਂ ਜਾਵੇਗਾ। ਸਦਕਾ-ਏ-ਫ਼ਿਤਰ ਦੇ ਹਕਦਾਰ ਉਹੀ ਲੋਕ ਹਨ ਜੋ ਜ਼ਕਾਤ ਦੇ ਹਕਦਾਰ ਹੈ।
ਹਦੀਸ ਵਿਚ ਫ਼ਰਮਾਇਆ ਗਿਆ ਹੈ ਕਿ ਸਦਕਾ-ਏ-ਫ਼ਿਤਰ ਦਿਲ ਦੀ ਰਗਬਤ (ਇਛਾ) ਦੇ ਨਾਲ ਪੂਰੇ ਇਹਤਮਾਮ (ਯਤਨ) ਨਾਲ ਅਦਾ ਕਰੋ ਅਤੇ ਈਦ ਦੀ ਨਮਾਜ਼ ਤੋਂ ਪਹਿਲਾ ਅਦਾ ਕਰੋ ਬਲਕਿ ਇਨ੍ਹਾਂ ਪਹਿਲਾਂ ਅਦਾ ਕਰੋ ਕਿ ਜ਼ਰੂਰਤਮੰਦ ਲੋਕ ਈਦ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਅਤੇ ਉਹ ਵੀ ਸਭ ਦੇ ਨਾਲ ਈਦਗਾਹ ਜਾ ਸਕਣ ਅਤੇ ਈਦ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੋ ਸਕਣ। ਸੋ ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਈਦ ਦਾ ਤਿਉਹਾਰ ਆਪਸੀ ਮੁਹਬਤ, ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ।