ਜਹਾਨੋਂ ਜਾਣ ਵਾਲਾ ਤਾਂ ਚਲਾ ਜਾਂਦਾ ਹੈ , ਪਿਛੇ ਰਹਿ ਜਾਣ ਵਾਲਿਆਂ ਦੇ ਸੁਪਨੇ ਚੂਰ – ਚੂਰ ਹੋ ਜਾਂਦੇ ਹਨ ਤੇ ਉਹ ਦੁਖਾਂ ਭਰੀ ਜ਼ਿੰਦਗੀ ਨੂੰ ਢੋਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਮਿਥੇ ਹੋਏ ਟੀਚਿਆਂ – ਮੰਜ਼ਿਲਾਂ ਤੇ ਨਹੀਂ ਪਹੁੰਚ ਪਾਉਂਦੇ । ਪਰ ਖੁਸ਼ਕਿਸਮਤੀ ਨਾਲ ਸਾਡੇ ਦੇਸ਼ ਵਿਚ ਅਜਿਹਾ ਹੋ ਜਾਣ ਦੀ ਸੂਰਤ ਵਿਚ ਪਰਿਵਾਰ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਉਪਰਾਲਾ ਕੀਤਾ ਹੋਇਆ ਹੈ ਤੇ ਉਹ ਹੈ : ਜੀਵਨ ਬੀਮਾ । ਬੀਮੇ ਕਈ ਤਰ੍ਹਾਂ ਦੇ ਹੁੰਦੇ ਹਨ : ਜੀਵਨ ਬੀਮਾ, ਸਾਵਧੀ ਬੀਮਾ ( ਟਰਮ ਪਲਾਨ ) , ਸਿਹਤ ਬੀਮਾ, ਵਾਹਨ ਬੀਮਾ , ਯਾਤਰਾ ਬੀਮਾ , ਵਿਆਹ ਦਾ ਬੀਮਾ ਆਦਿ ਆਦਿ। ਜੀਵਨ ਬੀਮਾ ਤੇ ਸਾਵਧੀ ਬੀਮਾ ਤਾਂ ਜੀਵਨ ਬੀਮਾ ਕੰਪਨੀਆਂ ਕਰਦੀਆਂ ਹਨ , ਪਰ ਬਾਕੀ ਬੀਮੇ ਸਧਾਰਨ ਬੀਮਾ ਕੰਪਨੀਆਂ ਕਰਦੀਆਂ ਹਨ। ਜੀਵਨ ਬੀਮਾ ਵਿਚ ਬੀਮਾ ਕਰਵਾਉਣ ਵਾਲਾ ਇਕ ਮੋਟੀ ਰਕਮ ਹਰ ਸਾਲ ਜਾਂ ਛੇ ਮਹੀਨਿਆਂ ਜਾਂ ਤਿਮਾਹੀ ਪਿਛੋਂ ਪ੍ਰੀਮੀਅਮ ਦੇ ਤੌਰ ਤੇ ਜਮ੍ਹਾਂ ਕਰਾਉਂਦਾ ਹੈ ਤੇ ਬਦਲੇ ਵਿਚ ਬੀਮਾ ਕੰਪਨੀ ਕੁਝ ਲਖ ਦਾ ਜੀਵਨ ਬੀਮਾ ਕਰਕੇ ਗ੍ਰਾਹਕ ਨੂੰ ਪਾਲਿਸੀ ਜਾਰੀ ਕਰ ਦਿੰਦੀ ਹੈ ਅਤੇ ਨਿਰਧਾਰਤ ਸਮੇਂ ਵਿਚ ਦਿਤੀ ਰਕਮ ਸਮਾਂ ਪੂਰਾ ਹੋਣ ਤੇ ਕੁਝ ਵਧ ਕੇ ਵਾਪਸ ਮਿਲ ਜਾਂਦੀ ਹੈ । ਸਾਵਧੀ ਬੀਮਾ ਯੋਜਨਾ ਸਾਡੀ ਸਾਲਾਨਾ ਆਮਦਨ ਦੇ ਲਗਭਗ ਦਸ – ਪੰਦਰਾਂ ਗੁਣਾ ਵਧ ਤਕ ਦਾ ਬੀਮਾ ਕਵਰ ਲੈਣ ਵਾਲੀ ਬੀਮਾ ਯੋਜਨਾ ਹੁੰਦੀ ਹੈ ।ਇਹ ਬਿਲਕੁਲ ਵਾਹਨਾਂ ਦੇ ਬੀਮੇ ਵਾਂਗ ਹੀ ਹੁੰਦਾ ਹੈ। ਇਸ ਵਿਚ ਬਹੁਤ ਹੀ ਘਟ ਰਕਮ ਦਾ ਭੁਗਤਾਨ ਕਰਕੇ ਲਖਾਂ ਹੀ ਨਹੀਂ , ਸਗੋਂ ਕਰੋੜਾਂ ਰੁਪਏ ਦਾ ਤਕ ਦਾ ਬੀਮਾ ਕਵਰ ਯੋਗਤਾ ਅਨੁਸਾਰ ਮਿਲ ਜਾਂਦਾ ਹੈ । ਇਹ ਸਭ ਤੋਂ ਵਧੀਆ ਜੀਵਨ ਬੀਮਾ ਯੋਜਨਾ ਮੰਨੀ ਜਾਂਦੀ ਹੈ ।ਹਰ ਕਮਾਉਣ ਵਾਲੇ ਵਿਅਕਤੀ ਨੂੰ ਸਾਵਧੀ ਬੀਮਾ ( ਟਰਮ ਪਲਾਨ) ਜ਼ਰੂਰ ਕਰਵਾਉਣਾ ਚਾਹੀਦਾ ਹੈ । ਇਸ ਵਿਚ ਗ੍ਰਾਹਕ ਨੂੰ ਇਹੋ ਕਮੀ ਦਿਖਾਈ ਦਿੰਦੀ ਹੈ ਕਿ ਨਿਰਧਾਰਤ ਸਾਲਾਂ ਤਕ ਜਮਾਂ ਕਰਵਾਈ ਰਕਮ ਸਮਾਂ ਪੂਰਾ ਹੋ ਜਾਣ ਤੋਂ ਬਾਅਦ ( ਵਾਹਨਾਂ ਦੇ ਬੀਮੇ ਵਾਂਗ) ਵਾਪਸ ਨਹੀਂ ਮਿਲਦੀ , ਪਰ ਬੀਮਾ ਕਵਰ ਸਭ ਤੋਂ ਸਸਤਾ ਅਤੇ ਸਭ ਤੋਂ ਵਧ ਸਾਵਧੀ ਬੀਮਾ ( ਟਰਮ ਪਲਾਨ) ਯੋਜਨਾ ਵਿਚ ਹੀ ਮਿਲਦਾ ਹੈ । ਇਹ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ , ਜਿਵੇਂ ਅਸੀਂ ਆਪਣੀਆਂ ਗਡੀਆਂ , ਮੋਟਰਾਂ ਤੇ ਕਾਰਾਂ ਆਦਿ ਦਾ ਬੀਮਾ ਕਰਵਾਉਂਦੇ ਹਾਂ ।ਅਜ ਕਲ੍ਹ ਜ਼ਿਆਦਾਤਰ ਮੌਤਾਂ ਰੋਜ਼ਾਨਾ ਹੀ ਦੁਰਘਟਨਾਵਾਂ ਆਦਿ ਨਾਲ ਹੋਣ ਦੀਆਂ ਸੂਚਨਾਵਾਂ ਰੋਜ਼ਾਨਾ ਅਕਸਰ ਹੀ ਮਿਲਣ ਲਗ ਪਈਆਂ ਹਨ। ਇਸ ਦੇ ਲਈ ਸਾਨੂੰ ਬਹੁਤ ਹੀ ਘਟ ਪੈਸੇ ਦੇ ਕੇ ਕਈ – ਕਈ ਲਖ ਰੁਪਏ ਦਾ ਐਕਸੀਡੈਂਟ ਬੀਮਾ ਕਵਰ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ । ਹੁਣ ਤਾਂ ਕਈ ਬੈਂਕ ਵੀ ਆਪਣੇ ਗ੍ਰਾਹਕਾਂ ਦਾ ਇਹ ਦੁਰਘਟਨਾ ਬੀਮਾ ਕਰਨ ਲਗ ਪਏ ਹਨ। ਇਹ ਵੀ ਟਰਮ ਪਲਾਨ ਬੀਮੇ ਵਰਗਾ ਹੀ ਹੁੰਦਾ ਹੈ । ਅਜ ਕਲ੍ਹ ਸਿਹਤ ਪਖੋਂ ਵੀ ਪਤਾ ਨਹੀਂ ਚਲਦਾ ਕਿ ਕਿਸ ਵਿਅਕਤੀ ਨੂੰ ਕਿਸ ਕਿਸਮ ਦਾ ਭਿਅੰਕਰ ਰੋਗ ਆਪਣੀ ਗ੍ਰਿਫ਼ਤ ਵਿਚ ਲੈ ਲਵੇ ਤੇ ਅਚਾਨਕ ਹੀ ਉਸ ਗਰੀਬ ਜਾਂ ਮਧ ਵਰਗੀ ਪਰਿਵਾਰ ਦੇ ਇਲਾਜ ਆਦਿ ਕਰਵਾਉਣ ਦੇ ਨਾਂਅ ਤੇ ਲਖਾਂ ਰੁਪਇਆਂ ਦਾ ਆਫਤਾਂ ਦਾ ਪਹਾੜ ਟੁਟ ਪਵੇ । ਇਸ ਲਈ ਸਾਨੂੰ ਸਿਹਤ ਬੀਮਾ ਯੋਜਨਾ ਦੇ ਤਹਿਤ ਫੈਮਿਲੀ ਫਲੋਟਰ ਬੀਮਾ ਜਾਂ ਵਿਅਕਤੀਗਤ ਸਿਹਤ ਬੀਮਾ ਕਰਵਾ ਲੈਣਾ ਚਾਹੀਦਾ ਹੈ। ਇਸ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਜਾਂ ਵਿਅਕਤੀਗਤ ਤੌਰ ਤੇ ਸਿਹਤ ਬੀਮਾ ਸੁਰਖਿਆ ਪ੍ਰਾਪਤ ਹੋ ਜਾਂਦੀ ਹੈ ।ਇਹ ਵੀ ਸਾਵਧੀ ਬੀਮਾ ਜਾਂ ਦੁਰਘਟਨਾ ਬੀਮਾ ਵਾਂਗ ਹੀ ਹੁੰਦਾ ਹੈ ਤੇ ਅਕਸਰ ਦਿਤਾ ਪੈਸਾ ਨਿਰਧਾਰਤ ਸਮਾਂ ਅਵਧੀ ਪੂਰੀ ਹੋਣ ਤੇ ਨਹੀਂ ਮਿਲਦਾ । ਇਸ ਵਿਚ ਕੈਸ਼ਲੈਸ ਇਲਾਜ ਲਈ ਕਾਰਡ ਬਣਾ ਦਿਤਾ ਜਾਂਦਾ ਹੈ ਤਾਂ ਜੋ ਰਬ ਨਾ ਕਰੇ ਉਸ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਂ ਵਿਅਕਤੀਗਤ ਤੌਰ ਤੇ ਸਿਹਤ ਪਖੋਂ ਕੋਈ ਸਮਸਿਆ ਆ ਜਾਵੇ ਤਾਂ ਦਸੇ ਹਸਪਤਾਲਾਂ ਵਿਚ ਕਾਰਡ ਦਿਖਾ ਕੇ ਇਲਾਜ ਹੋ ਸਕਦਾ ਹੈ, ਉਹ ਵੀ ਬਿਨਾਂ ਅਚਾਨਕ ਹੀ ਲਖਾਂ ਰੁਪਿਆਂ ਦਾ ਪ੍ਰਬੰਧ ਕੀਤਿਆਂ ਅਤੇ ਖਰਚਿਆਂ । ਇਸੇ ਤਰ੍ਹਾਂ ਅਸੀਂ ਆਪਣੇ ਖੂਨ – ਪਸੀਨੇ ਦੀ ਗਾੜ੍ਹੀ ਕਮਾਈ ਨਾਲ ਅਤੇ ਕਰਜ਼ੇ ਆਦਿ ਲੈ ਕੇ ਮਕਾਨ ਬਣਾਉਂਦੇ ਹਨ। ਇਸ ਵਿਚ ਵੀ ਧਿਆਨ ਰਖਣਯੋਗ ਦੋ ਗਲਾਂ ਹਨ : ਕਰਜ਼ਾ ਲੈਣ ਵਾਲਾ ਵਿਅਕਤੀ ਮਕਾਨ ਦੇ ਕਰਜ਼ੇ ਦਾ ਬੀਮਾ ਬੈਂਕ ਦੇ ਰਾਹੀਂ ਕਰਵਾ ਲਵੇ ਜਾਂ ਆਪ ਕਿਸੇ ਬੀਮਾ ਕੰਪਨੀ ਤੋਂ ਕਰਵਾ ਲਏ, ਨਾਲ ਹੀ ਬਣਾਏ ਮਕਾਨ ਦਾ ਵੀ ਹੜ੍ਹ, ਭੂਚਾਲ ਆਦਿ ਤੋਂ ਨੁਕਸਾਨੇ ਜਾਣ ਦੇ ਖਤਰੇ ਤੋਂ ਬਚਾਉਣ ਲਈ ਮਕਾਨ ਦਾ ਬੀਮਾ ਵੀ ਕਰਵਾ ਲੈਣਾ ਅਤਿ ਜ਼ਰੂਰੀ ਹੋ ਗਿਆ ਹੈ ।ਧਿਆਨ ਰਖਿਆ ਜਾਵੇ ਕਿ ਬੀਮਾ ਕਰਵਾਉਣ ਸਮੇਂ ਕੋਈ ਗਲ ਬੀਮਾ ਕੰਪਨੀ ਤੋਂ ਛੁਪਾਈ ਨਾ ਜਾਵੇ ਅਤੇ ਬੀਮੇ ਦਾ ਨਾਮੀਨੇਸ਼ਨ ਜ਼ਰੂਰ ਕਰਵਾ ਲਿਆ ਜਾਵੇ ।ਬੀਮੇ ਸਬੰਧੀ ਕਿਸੇ ਤਰ੍ਹਾਂ ਦੀ ਸਮਸਿਆ ਹੋਣ ਦੀ ਸੂਰਤ ਵਿਚ ਉਪਭੋਗਤਾ ਕੋਰਟ ਵਿਚ ਜਾਂ ਆਪ ਖੁਦ ਅਰਜੀ ਦੇ ਕੇ ਜਾਂ ਕਿਸੇ ਹੋਰ ਅਦਾਲਤ ਵਿਚ ਮਾਹਿਰ ਵਕੀਲ ਦੀ ਸਹਾਇਤਾ ਨਾਲ ਆਪਣਾ ਪਖ ਜਾਂ ਸਮਸਿਆ ਰਖੀ ਜਾ ਸਕਦੀ ਹੈ। ਧਿਆਨ ਰਖਿਆ ਜਾਵੇ ਕਿ ਬੀਮਾ ਨਿਵੇਸ਼ ਨਹੀਂ ਹੈ , ਸਗੋਂ ਸਾਡੇ ਪਰਿਵਾਰ ਲਈ ਕੇਵਲ ਸੁਰਖਿਆ ਛਤਰੀ ਹੈ ।ਇਸ ਲਈ ਯੋਗਤਾ ਅਤੇ ਜ਼ਰੂਰਤ ਅਨੁਸਾਰ ਸਾਨੂੰ ਹਰੇਕ ਬੀਮਾ ਕਰਵਾਉਣਾ ਲਾਜ਼ਮੀ ਬਣਦਾ ਹੈ ,ਤਾਂ ਜੋ ਸਾਡੇ ਪਿਛੋਂ ਸਾਡੇ ਪਰਿਵਾਰਕ ਮੈਂਬਰ ਖੁਸ਼ਹਾਲ ਰਹਿਣ ਅਤੇ ਉਨ੍ਹਾਂ ਦੇ ਭਵਿਖ, ਜੀਵਨ ਪਧਰ ਅਤੇ ਜ਼ਿੰਦਗੀ ਤੇ ਮਜਬੂਰੀਆਂ ਦੇ ਬਦਲ ਨਾ ਮੰਡਰਾਉਣ।