ਕਈ ਯੁਧਾਂ ਦਾ ਮੁੱਢ ਇਕੋ ਸ਼ਬਦ ਨਾਲ ਹੋਇਆ। ਮਹਾਂਭਾਰਤ ਦਾ ਮੁੱਢ ਦਰੋਪਤੀ ਦੇ ਮੂੰਹੋਂ ਵਿਅੰਗ ਨਾਲ ਨਿਕਲੇ ‘‘ਆਖਰ ਅੰਨੇ ਦਾ ਪੁੱਤ ਅੰਨਾ ਹੀ ਨਿਕਲਿਆ’’ ਨਾਲ ਬੱਝਿਆ ਸੀ। ਦਰੋਪਦੀ ਦੇ ਇਹ ਬੋਲ ਦਰਯੋਧਨ ਦਾ ਸੀਨਾ ਛਲਣੀ ਕਰ ਗਏ ਸਨ। ਸ਼ਬਦ ਭਾਵੇਂ ਛੋਟਾ ਜਿਹਾ ਹੀ ਹੁੰਦਾ ਹੈ ਪਰ ਸ਼ਬਦ ਦੀ ਸ਼ਕਤੀ ਅਸੀਮ ਹੈ। ਸ਼ਬਦ ਦੀ ਸ਼ਕਤੀ ਨੂੰ ਜਾਨਣਾ ਹੋਵੇ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਯਾਦ ਕਰ ਲਵੋ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਨਵਾਬ ਸਰਹਿੰਦ ਵਜ਼ੀਰ ਖਾਂ ਦੇ ਹੱਥ ਲੱਗ ਗਏ ਤਾਂ ਉਸ ਨੇ ਸ਼ੇਰ ਮੁਹੰਮਦ ਖਾਂ ਨੂੰ ਉਕਸਾਇਆ ਅਤੇ ਕਿਹਾ ਕਿ ਅੱਜ ਉਹ ਆਪਣੇ ਭਰਾ ਦੇ ਕਤਲ ਦਾ ਬਦਲਾ ਲੈ ਸਕਦਾ ਹੈ। ਉਧਰ ਸ਼ੇਰ ਮੁਹੰਮਦ ਖਾਂ ਨੇ ਇਨ੍ਹਾਂ ਹੀ ਕਿਹਾ ਕਿ ‘ਇਨ੍ਹਾਂ ਮਾਸੂਮ ਜਿੰਦਾ ਦਾ ਕੀ ਕਸੂਰ?’’ ਸ਼ੇਰ ਮੁਹੰਮਦ ਖਾਂ ਦੇ ਇਨ੍ਹਾਂ ਸ਼ਬਦਾਂ ਨੂੰ ਸਦੀਆਂ ਤੋਂ ਸਿੱਖ ਕੌਮ ਨੇ ‘ਹਾਅ ਦਾ ਨਾਅਰਾ’ ਕਹਿ ਕੇ ਦਿਲ ਨਾਲ ਲਾ ਕੇ ਰੱਖਿਆ ਹੋਇਆ ਹੈ। ਸਾਰੀ ਕੌਮ ਉਸਦੀ ਅਹਿਸਾਨਮੰਦ ਹੈ, ਉਸ ਨੇ ਸਿਰਫ ਚਾਰ ਸ਼ਬਦ ਹੀ ਕਹੇ ਸਨ। ਉਨ੍ਹਾਂ ਸ਼ਬਦਾਂ ’ਤੇ ਸਾਰੀ ਸਿੱਖ ਕੌਮ ਨੇ ਫੁੱਲ ਚੜ੍ਹਾਉਂਦੇ 1947 ਦੇ ਕਤਲੋਗਾਰਦ ਵਿੱਚ ਵੀ ਮਲਾਰਕੋਟਲਾ ਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ। ਇਹ ਹੈ ਸ਼ਬਦ ਚਮਤਕਾਰ।
ਸਿਆਣਾ ਆਦਮੀ ਆਪਣੇ ਸ਼ਬਦਾਂ ਨੂੰ ਸਨਿਆਰ ਦੀ ਤੱਕੜੀ ’ਤੇ ਤੋਲ ਕੇ ਬੋਲਦਾ ਹੈ। ਬਿਨਾਂ ਸੋਚੇ ਬੋਲਣਾ ਉਸੇ ਤਰ੍ਹਾਂ ਹੁੰਦਾ ਹੈ, ਜਿਵੇਂ ਬਿਨਾਂ ਨਿਸ਼ਾਨੇ ਦੇ ਤੀਰ ਛੱਡਣਾ। ਚੰਗੇ ਸ਼ਬਦਾਂ ਨੂੰ ਉਚਾਰਨ ਦੀ ਪ੍ਰੇਰਨਾ ਦਿੰਦੀ ਇਕ ਕਹਾਵਤ ਅਨੁਸਾਰ ‘‘ਸੌ ਵਾਰ ਸੁਣੋ, ਹਜ਼ਾਰ ਵਾਰ ਸੋਚੋ, ਪਰ ਬੋਲੋ ਇਕ ਵਾਰ ਹੀ।’’ ਇਕ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਜੋ ਸ਼ਬਦ ਮੂੰਹ ਵਿੱਚੋਂ ਨਿਕਲ ਜਾਂਦੇ ਹਨ, ਉਨ੍ਹਾਂ ਦਾ ਚੰਗਾ ਜਾਂ ਮੰਦਾ ਪ੍ਰਭਾਵ ਪੈਣਾ ਲਾਜ਼ਮੀ ਹੁੰਦਾ ਹੈ। ਸ਼ਬਦ ਸ਼ਕਤੀ ਦਾ ਪ੍ਰਤੀਕ ਹਨ। ਤੁਹਾਡੇ ਮਨ ਦੀਆਂ ਭਾਵਨਾਵਾਂ ਨੂੰ ਸ਼ਬਦ ਜ਼ੁਬਾਨ ਦਿੰਦੇ ਹਨ। ਸਫ਼ਲਤਾ ਦੀ ਚਾਹਤ ਰੱਖਣ ਵਾਲੇ ਵਿਅਕਤੀ ਆਪਣੇ ਸੰਕਲਪ ਨੂੰ ਦ੍ਰਿੜ ਸ਼ਬਦਾਂ ਦੇ ਨਾਲ ਵਾਰ-ਵਾਰ ਦੁਹਰਾਕੇ ਆਪਣੀ ਮੰਜ਼ਿਲ ਦੀ ਤਰਫ ਵਧਦੇ ਨਜ਼ਰੀਂ ਪੈਂਦੇ ਹਨ। ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਣ ਨਾਲ ਸ਼ਬਦ ਸ਼ਕਤੀ ਜਿੱਥੇ ਤੁਹਾਨੂੰ ਸਫਲਤਾ ਲਈ ਪ੍ਰੇਰਦੀ ਹੈ, ਉਥੇ ‘ਖਿੱਚ ਦੇ ਸਿਧਾਂਤ’ ਅਨੁਸਾਰ ਕੁਦਰਤ ਤੁਹਾਡੀ ਸਫਲਤਾ ਲਈ ਰਾਹ ਪੱਧਰਾ ਕਰਦੀ ਹੈ ਅਤੇ ਨਵੇਂ ਮੌਕੇ ਪੈਦਾ ਕਰਦੀ ਹੈ। ਸਮਾਜ ਵਿੱਚ ਲੋਕਾਂ ਦਾ ਮਨਪਸੰਦ ਵਿਅਕਤੀ ਬਣਨ ਲਈ ਮਿੱਠੇ ਬੋਲ ਬੋਲਣੇ ਆਉਣੇ ਚਾਹੀਦੇ ਹਨ, ਜਿਸ ਨੂੰ ਤਾਰੀਫ ਕਰਨ ਦਾ ਵੱਲ ਆਉਂਦਾ ਹੋਵੇ, ਸਮਝੋ ਉਸ ਦੇ ਹੱਥ ਦੋਸਤ ਬਣਾਉਣ ਦੀ ਕੂੰਜੀ ਆ ਗਈ। ਜਿਹੜਾ ਸ਼ਬਦਾਂ ਨਾਲ ਦੂਜੇ ਨੂੰ ਜਿੱਤਣ ਦੀ ਕਲਾ ਵਿੱਚ ਮਾਹਿਰ ਹੋ ਗਿਆ ਤਾਂ ਸਮਝੋ ਜ਼ਿੰਦਗੀ ਵਿੱਚ ਸਫਲਤਾ ਦੀਆਂ ਪੌੜੀਆਂ ਤੇਜ਼ੀ ਨਾਲ ਚੜ੍ਹਨ ਲੱਗ ਪਿਆ। ਜੇ ਸ਼ਬਦਾਂ ਨਾਲ ਦੋਸਤ ਬਣਦੇ ਹਨ ਤਾਂ ਇਨ੍ਹਾਂ ਕਾਰਨ ਦੁਸ਼ਮਣ ਵੀ ਪੈਦਾ ਹੋ ਜਾਂਦੇ ਹਨ। ਇਸੇ ਕਾਰਨ ਗੁਰਬਾਣੀ ਵਿੱਚ ਮਿੱਠਾ ਬੋਲਣ ਦੀ ਸਿੱਖਿਆ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਦਿੱਤੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ :
ਨਾਨਕ ਫਿਕਾ ਬੋਲਿਆ ਤਨੁ ਮਨੁ ਫਿਕਾ ਹੋਇ॥
ਫਿਕੇ ਫਿਖਾ ਸਦੀਐ ਫਿਕੇ ਫਿਕੀ ਸੋਇ॥
ਫਿਕੇ ਦਰਗਾਹੁ ਸਦੀਐ ਮੁਹਿ ਥੁਕਾ ਫਿਕੇ ਖਾਇ॥
ਢਿਕਾ ਮੂਰਖੁ ਆਖੀਐ, ਪਾਣਾ ਲਹੇ ਸਜਾਇ॥
ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਫੁਰਮਾਉਂਦੇ ਹਨ :
‘‘ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰੱਬ ਮਾਹਿਮ ਮੰਦਾ ਕਿਸਨੋ ਆਖੀਏ ਜਾ ਤਿਸੁ ਬਿਨੁ ਕੋਈ ਨਾਹਿ।
ਜਦੋਂ ਇਸੇ ਪ੍ਰਸੰਗ ਵਿੱਚ ਬਾਬਾ ਸ਼ੇਖ ਫਰੀਦ ਨੂੰ ਪੜ੍ਹਦੇ ਹਾਂ ਤਾਂ ਉਹ ਫਰਮਾਉਂਦੇ ਨਜ਼ਰ ਪੈਂਦੇ ਹਨ :
ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਊ ਨਾ ਕੈਹੀ ਠਾਹਿ ਮਾਣਕ ਸਭ ਅਮੋਲ ਵੇ॥
ਹਰ ਖੇਤਰ ਵਿੱਚ ਸਫ਼ਲਤਾ ਪਾਉਣ ਲਈ ਸ਼ਬਦਾਂ ਦੀ ਸ਼ਕਤੀ ਦਾ ਸਹੀ ਉਪਯੋਗ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਜਿੱਥੇ ਤੁਹਾਡੇ ਮਿੱਠੇ ਬੋਲ ਤੁਹਾਨੂੰ ਸ਼ੋਹਰਤ ਦਿਵਾਉਣ ਵਿੱਚ ਸਹਾਈ ਹੁੰਦੇ ਹਨ, ਉਥੇ ਤੁਹਾਨੂੰ ਆਰਥਿਕ ਤੌਰ ’ਤੇ ਦ੍ਰਿੜ ਬਣਾਉਂਦੇ ਹਨ। ਜਦੋਂ ਤੁਸੀਂ ਕਹਿੰਦੇ ਹੋ ਕਿ ‘‘ਇਹ ਕੰਮ, ਇਹ ਕੰਮ ਤਾਂ ਮੈਂ ਜ਼ਰੂਰ ਕਰੂੰਗਾ। ਮੇਰਾ ਸਫ਼ਲ ਹੋਣਾ ਨਿਸ਼ਚਿਤ ਹੈ।’’
ਅਜਿਹੇ ਸ਼ਬਦ ਤੁਹਾਨੂੰ ਪ੍ਰੇਰਨਾ ਦਿੰਦੇ ਹਨ। ਤੁਹਾਡੀ ਸੋਚ ਸਕਾਰਤਮਕ ਬਣਾਉਂਦੇ ਹਨ। ਇਨ੍ਹਾਂ ਸ਼ਬਦਾਂ ਨਾਲ ਤੁਹਾਨੂੰ ਨਵੀਂ ਸ਼ਕਤੀ ਹੈ। ਇਹ ਸ਼ਕਤੀ ਤੁਹਾਡੇ ਇਰਾਦੇ ਨੂੰ ਦ੍ਰਿੜ ਕਰਦੀ ਹੈ। ਜੋ ਸ਼ਬਦ ਦ੍ਰਿੜ ਇਰਾਦੇ ਨਾਲ ਕਹੇ ਜਾਂਦੇ ਹਨ, ਜਿਨ੍ਹਾਂ ਸ਼ਬਦਾਂ ਵਿੱਚ ਆਤਮ ਵਿਸ਼ਵਾਸ ਝਲਕਦਾ ਹੈ, ਉਹੀ ਸ਼ਬਦ ਪ੍ਰਭਾਵਸ਼ਾਲੀ ਹੁੰਦੇ ਹਨ। ਸ਼ਬਦਾਂ ਦਾ ਅਸਰ ਚਿਰ ਸਥਾਈ ਹੁੰਦਾ ਹੈ। ਅੱਜ ਵਿਗਿਆਨ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਸ਼ਬਦ ਕਦੇ ਵੀ ਮਿਟਦੇ ਨਹੀਂ ਹਨ। ਸ਼ਬਦ ਕਦੇ ਨਸ਼ਟ ਨਹੀਂ ਹੁੰਦੇ। ਮੂੰਹੋ ਬੋਲੇ ਸ਼ਬਦ ਹਮੇਸ਼ਾ ਹਮੇਸ਼ਾ ਲਈ ਵਾਯੂਮੰਡਲ ਵਿੱਚ ਰਲ ਮਿਲ ਜਾਂਦੇ ਹਨ। ਭਾਵੇਂ ਅਜੇ ਤੱਕ ਵਿਗਿਆਨ ਇਨ੍ਹਾਂ ਸ਼ਬਦਾਂ ਨੂੰ ਫੜਕੇ ਮੁੜ ਸੁਣਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਪਰ ਉਹ ਦਿਨ ਦੂਰ ਨਹੀਂ ਜਦੋਂ ਵਿਗਿਆਨੀ ਇਨ੍ਹਾਂ ਤਰੰਗਾਂ ਨੂੰ ਫੜਕੇ ਮੁੜ ਰੇਡਿਓ ਜਾਂ ਕਿਸੇ ਰੇਡਿਓ ਵਰਗੀ ਮਸ਼ੀਨ ਰਾਹੀਂ ਮਨੁੱਖ ਦੇ ਕੰਨਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਜਾਣਗੇ। ਇਸ ਬਾਰੇ ਫਿਰ ਕਦੇ ਵਿਚਾਰ ਕਰਾਂਗੇ। ਅੱਜ ਤਾਂ ਸਿਰਫ ਇਹੀ ਦਸਣਾ ਚਾਹੁੰਦਾ ਹਾਂ ਕਿ ਸਾਡੇ ਮੂੰਹੋਂ ਨਿਕਲੇ ਸ਼ਬਦਾਂ ਦਾ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਮੇਸ਼ਾਂ ਚੰਗੇ ਅਤੇ ਪ੍ਰੇਰਨਾ ਮਈ ਸ਼ਬਦ ਬੋਲੀਏ। ਹਮੇਸ਼ਾਂ ਆਪਣੇ ਆਪ ਨਾਲ ਜ਼ਿੰਦਗੀ ਵਿੱਚ ਚੜ੍ਹਦੀਕਲਾ ਅਤੇ ਸਫ਼ਲਤਾ ਵਾਲੇ ਬਚਨ ਬੋਲੀਏ ਤਾਂ ਨਿਸ਼ਚਤ ਤੌਰ ’ਤੇ ਸਕਾਰਤਮਕ ਪ੍ਰਭਾਵ ਪਵੇਗਾ।