May 25, 2026 6:50 am

ਝੁਨੀਰ ’ਚ ਮਿਲੀਭੁਗਤ ਨਾਲ ਸਰਕਾਰ ਨੂੰ ਚੂਨਾ- ਦੁਕਾਨਦਾਰਾਂ ਵੱਲ 42 ਲੱਖ ਰੁਪਏ ਬਕਾਇਆ

ਪੰਚਾਇਤ ਅਤੇ ਸਬੰਧਤ ਵਿਭਾਗ ਦੀ ਨਲਾਇਕੀ ਕਰਕੇ ਉਡ ਰਹੀਆਂ ਨੇ ਨਿਯਮਾਂ ਧਜੀਆਂ, ਨਿਯਮਾਂ ਦੇ ਉਲਟ ਅੱਗੇ ਵਿੱਕ ਚੁੱਕੀਆਂ ਦੁਕਾਨਾਂ ਵੀ ਅੱਗੇ ਦਿੱਤੀਆਂ ਕਿਰਾਏ ’ਤੇ

ਸਰਦੂਲਗੜ੍ਹ- ਸਬੰਧਤ ਮਹਿਕਮੇ ਦੇ ਕਰਮਚਾਰੀਆਂ ਤੇ ਰਾਜਸੀ ਪਹੁੰਚ ਵਾਲੇ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਝੁਨੀਰ ਦੀਆਂ ਪੰਚਾਇਤੀ ਦੁਕਾਨਾਂ ’ਚ ਆਪਣੀ ਦੁਕਾਨਦਾਰੀ ਕਰਨ ਵਾਲੇ ਵਧੇਰੇ ਦੁਕਾਨਦਾਰਾਂ ਵੱਲੋ ਸਬੰਧਤ ਮਹਿਕਮੇ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆਂ ਜਾ ਰਿਹਾ ਹੈ, ਜਿਸ ਦਾ ਖੁਲਾਸਾ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਤੋਂ ਹੋਇਆ ਹੈ। ਬੇਸ਼ੱਕ ਸਬੰਧ ਵਿਭਗ ਵੱਲੋਂ ਅਧੂਰੀ ਸੂਚਨਾਂ ਦਿੱਤੀ ਗਈ ਪਰ ਫਿਰ ਵੀ ਮਹਿਕਮੇ ਅਤੇ ਦੁਕਾਨਦਾਰਾਂ ’ਚ ਆਪਸੀ ਮਿਲੀਭੁਗਤ ਅਤੇ ਰਾਜਸੀ ਸਹਿ ਕਰਕੇ ਲੱਖਾ ਰੁਪਏ ਦੇ ਹੇਰ-ਫਿਰ ਦੀ ਗੱਲ ਸਾਹਮਣੇ ਆਈ ਹੈ। ਪਬਲਿਕ ਸੂਚਨਾਂ ਅਫਸਰ ਗ੍ਰਾਮ ਪੰਚਾਇਤ ਝੁਨੀਰ ਵੱਲੋ ਦਿੱਤੀ ਗਈ ਸੂਚਨਾਂ ’ਚ ਦੱਸਿਆਂ ਗਿਆ ਹੈ ਕਿ ਗ੍ਰਾਮ ਪੰਚਾਇਤ ਝੁਨੀਰ ਕੋਲ 88 ਪੰਚਾਇਤੀ ਦੁਕਾਨਾਂ ਹਨ ਜੋ ਖੁੱਲੀ ਬੋਲੀ ਰਾਹੀ ਵੱਖ-ਵੱਖ ਵਿਅਕਤੀਆਂ ਨੂੰ ਆਪੋ-ਆਪਣਾ ਕੰਮ ਕਰਨ ਲਈ ਦਿੱਤੀਆਂ ਗਈਆਂ ਹਨ। ਸਬੰਧਤ ਸੂਚਨਾਂ ਅਫਸਰ ਵੱਲੋ 88 ਦੁਕਾਨਾਂ ’ਚੋ ਸਿਰਫ 29 ਦੁਕਾਨਾਂ ਬਾਰੇ ਹੀ ਜਾਣਕਾਰੀ ਦਿੱਤੀ ਗਈ। ਨਿਯਮਾਂ ਅਤੇ ਸ਼ਰਤਾਂ ਅਨੁਸਾਰ ਇਹ ਦੁਕਾਨਾਂ ਬੋਲੀ ਦੇਕੇ ਖਰੀਦਣ ਵਾਲਾ ਵਿਅਕਤੀ ਨਾ ਤਾਂ ਇਹ ਦੁਕਾਨਾਂ ਅੱਗੇ ਵੇਚ ਸਕਦਾ ਹੈ ਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਕਿਰਾਏ ’ਤੇ ਦੇ ਸਕਦਾ ਹੈ। ਇਹ ਦੁਕਾਨਾਂ ਉਨ੍ਹਾਂ ਨੂੰ ਸਿਰਫ ਆਪਣਾ ਖੁਦ ਦਾ ਹੀ ਕਾਰੋਬਾਰ ਕਰਨ ਲਈ ਦਿੱਤੀਆਂ ਗਈਆਂ ਹਨ ਪਰ ਮਹਿਕਮੇ ਅਤੇ ਗ੍ਰਾਮ ਪੰਚਾਇਤ ਦੀ ਨਲਾਇਕੀ ਕਰਕੇ ਜਾਂ ਫਿਰ ਆਪਸੀ ਮਿਲੀਭਗਤ ਕਾਰਨ ਇਨ੍ਹਾਂ ਦਕਾਨਾਂ ’ਚੋਂ 70 ਫੀਸਦੀ ਤੋਂ ਵੀ ਜ਼ਿਆਦਾ ਦੁਕਾਨਾਂ ਜਾਂ ਤਾਂ ਸੱਤ ਲੱਖ ਤੋਂ ਲੈ ਕੇ ਗਿਆਰਾਂ ਲੱਖ ਤੱਕ ਅੱਗੇ ਵੇਚੀਆਂ ਜਾ ਚੁੱਕੀਆਂ ਹਨ ਜਾਂ ਫਿਰ ਮੋਟਾਂ ਕਿਰਾਇਆ ਲੈ ਕੇ ਅੱਗੇ ਕਿਰਾਏ ਦੇ ਦਿੱਤੀਆਂ ਹੋਈਆਂ ਹਨ, ਜੋ ਗੈਰ ਕਾਨੂੰਨੀ ਤੇ ਨਿਯਮਾਂ ਦੇ ਉਲਟ ਹੈ। ਜ਼ਿਕਰਯੋਗ ਹੈ ਕਿ ਦੁਕਾਨਾਂ ਦੇ ਅਸਲੀ ਜਾਂ ਅਖੌਤੀ ਮਾਲਕਾਂ ਵੱਲੋਂ ਦੁਕਾਨਾਂ 40 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਪ੍ਰਤੀ ਸਾਲ ਕਿਰਾਏ ਦੇ ਹਿਸਾਬ ਨਾਲ ਅੱਗੇ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ ਪਰ ਪਿੰਡ ਦੀ ਪੰਚਾਇਤ ਜਾਂ ਸਬੰਧਤ ਮਹਿਕਮੇ ਨੂੰ ਪਿਛਲੇ ਕਈ ਸਾਲਾਂ ਤੋਂ ਕਿਰਾਇਆ ਜਮਾਂ ਨਹੀ ਕਰਵਾਇਆਂ ਗਿਆ। ਜਿਸ ਕਰਕੇ ਸਿਰਫ 29 ਦੁਕਾਨਾਂ ਦੀ ਹੀ 42 ਲੱਖ 56 ਹਜ਼ਾਰ 246 ਰੁਪਏ ਰਕਮ ਬਕਾਇਆ ਖੜੀ ਹੈ ਤੇ ਸਬੰਧਤ ਵਿਭਾਗ ਅੱਖਾਂ ਬੰਦ ਕਰਕੇ ਵੇਖ ਰਿਹਾ ਹੈ। ਅੱਜ ਤੱਕ ਕਿਸੇ ਵੀ ਦੁਕਾਨਦਾਰ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ। ਇਨ੍ਹਾਂ ਪੰਚਾਇਤੀ ਦੁਕਾਨਾਂ ’ਚੋਂ ਕੁਝ ਦੁਕਾਨਾਂ ਅੱਗੇ ਬਰਾਂਡੇ ਬਣਾਏ ਗਏ ਹਨ। ਦੁਕਾਨਦਾਰਾਂ ਵੱਲੋ ਦੁਕਾਨਾਂ ’ਚ ਮਿਲਾਕੇ ਬਰਾਂਡਿਆ ਅੱਗੇ 8-10 ਫੁੱਟ ਦੇ ਸ਼ੈਡ ਆਦਿ ਪਾਏ ਹੋਏ ਹਨ ਜੋ ਸੜਕ ਦੀ ਸਰਕਾਰੀ ਜਗ੍ਹਾ ਰੋਕਦੇ ਹਨ ਤੇ ਬਜ਼ਾਰ ’ਚ ਹਮੇਸ਼ਾ ਹੀ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਪਾਸੇ ਨਾ ਤਾਂ ਸਬੰਧਤ ਮਹਿਕਮਾਂ ਹੀ ਧਿਆਨ ਦਿੰਦਾਂ ਹੈ ਤੇ ਨਾ ਹੀ ਸਿਵਲ ਜਾਂ ਪੁਲਸ ਪ੍ਰਸ਼ਾਸਨ ਨੇ ਕੋਈ ਹਿੰਮਤ ਵਖਾਈ ਹੈ, ਜਿਸ ਖੁਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਕੀ ਕਹਿਣਾ ਹੈ ਬੀਡੀਪੀਓ ਝੁਨੀਰ ਦਾ
ਬੀ.ਡੀ. ਪੀ.ਓ. ਝੁਨੀਰ ਮੈਡਮ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਮੈ ਹੁਣੇ ਹੀ ਬਦਲਕੇ ਇੱਥੇ ਆਈ ਹਾਂ। ਇਸ ਬਾਰੇ ਪੂਰੀ ਜਾਣਕਾਰੀ ਲੈਕੇ ਮਹਿਕਮੇ ਨੂੰ ਕਾਰਵਾਈ ਕਰਨ ਲਈ ਭੇਜ ਦੇਵੇਗੇ। ਉਨ੍ਹਾਂ ਕਿਹਾ ਕੋਈ ਵੀ ਦੁਕਾਨਦਾਰ ਦੁਕਾਨ ਨਾ ਤਾਂ ਅੱਗੇ ਵੇਚ ਸਕਦਾ ਹੈ ਤੇ ਨਾ ਹੀ ਅੱਗੇ ਕਿਰਾਏ ’ਤੇ ਦੇ ਸਕਦਾ ਹੈ। ਜੇਕਰ ਇਹ ਹੋ ਰਿਹਾ ਹੈ ਤਾਂ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਕੀ ਕਹਿੰਦੇ ਹਨ ਐਸ.ਡੀ.ਐਮ. ਸਰਦੂਲਗੜ੍ਹ
ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ ਅਹਿਮਦ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਦੇ ਹੁਕਮ ਕੀਤੇ ਜਾਣਗੇ ਤੇ ਸਾਰੀ ਜਾਣਕਾਰੀ ਇਕੱਠੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜੋ ਦੁਕਾਨਾਂ ਅੱਗੇ ਵੇਚੀਆਂ ਗਈਆਂ ਹਨ ਜਾਂ ਕਿਰਾਏ ਤੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਸ਼ਨਾਖਤ ਕਰਕੇ ਕਾਰਵਾਈ ਕਰਨ ਲਈ ਉਪਰ ਲਿਖਕੇ ਭੇਜਿਆ ਜਾਵੇਗਾ।
ਇਕ ਪੱਖ ਇਹ ਵੀ
ਪਿੰਡ ਵਾਸੀ ਐਡਵੋਕੇਟ ਅਮਨਦੀਪ ਸਿੰਘ ਅਤੇ ‘ਆਪ’ ਆਗੂ ਗੁਰਦੀਪ ਸਿੰਘ ਗੈਟੀ ਦਾ ਕਹਿਣਾ ਹੈ ਕਿ ਪੰਚਾਇਤ, ਸਬੰਧਤ ਮਹਿਕਮਾਂ ਅਤੇ ਰਾਜਸੀ ਆਗੂਆਂ ਨਾਲ ਮਿਲੀਭੁਗਤ ਕਰਕੇ ਦੁਕਾਨ ਮਾਫੀਆਂ ਨੇ ਇੰਨਾਂ ਪੰਚਾਇਤੀ ਦੁਕਾਨਾਂ ਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ੇ ਕੀਤੇ ਹੋਏ ਹਨ ਜਦ ਕਿ ਦੁਕਾਨਾਂ ਦੇ ਅਸਲੀ ਮਾਲਕਾਂ ਤੋ ਇਹ ਦੁਕਾਨਾਂ ਡਰਾਂ-ਧਮਕਾ ਕੇ ਜਾਂ ਫਿਰ ਧੱਕੇ ਨਾਲ ਮੁੱਲ ਖਰੀਦਕੇ ਅੱਗੇ ਮੋਟਾ ਕਿਰਾਇਆ ਲੈਕੇ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬੋਹਾ ਰੋਡ ਤੇ ਕੁਝ ਪੰਚਾਇਤੀ ਦੁਕਾਨਾਂ ਨਾ ਮਾਤਰ ਸਿਰਫ 5-7 ਹਜ਼ਾਰ ਰੁਪਏ ਸਾਲਾਨਾਂ ਕਿਰਾਏ ’ਤੇ ਹਨ ਜਦ ਕਿ ਉਨ੍ਹਾਂ ਦੇ ਸਾਹਮਾਣੇ ਵਾਲੀਆਂ ਨਿਜੀ ਦੁਕਾਨਾਂ ਡੇਢ ਤੋ ਦੋ ਲੱਖ ਰੁਪਏ ’ਚ ਕਿਰਾਏ ਤੇ ਹਨ। ਆਪਸੀ ਮਿਲੀ ਭੁਗਤ ਕਰਕੇ ਇਕ-ਇਕ ਵਿਅਕਤੀ ਕੋਲ ਚਾਰ-ਚਾਰ, ਪੰਜ-ਪੰਜ ਦੁਕਾਨਾਂ ਖਰੀਦੀਆਂ ਹੋਈਆਂ ਹਨ ਜੋ ਅੱਗੇ ਕਿਰਾਏ ਤੇ ਦੇਕੇ ਮੋਟੀ ਕਮਾਈ ਕਰ ਰਹੇ ਹਨ ਤੇ ਸਰਕਾਰ ਅਤੇ ਮਹਿਕਮੇ ਨੂੰ ਲੱਖਾਂ ਦਾ ਚੂਨਾ ਲਗਾ ਰਹੇ ਹਨ। ਉਨ੍ਹਾਂ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਦੇ ਉਚ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਜੋ ਦੁਕਾਨਾਂ ਅੱਗੇ ਵਿਕ ਚੁੱਕੀਆਂ ਹਨ ਜਾਂ ਨਿਯਮਾਂ ਦੇ ਉਲਟ ਅੱਗੇ ਕਿਰਾਏ ਤੇ ਦਿੱਤੀਆਂ ਗਈਆਂ ਹਨ ਸਭ ਦੀ ਨਵੇਂ ਸਿਰੇ ਤੋਂ ਬੋਲੀ ਕਰਵਾਕੇ ਲੋੜਬੰਦ ਬੇਰੁਜਗਾਰਾਂ ਨੂੰ ਦਿੱਤੀਆਂ ਜਾਣ ਅਤੇ ਜੋ ਦੁਕਾਨਾਂ ਦਾ ਕਿਰਾਇਆ ਨਾ-ਮਾਤਰ ਹੈ ਉਨ੍ਹਾਂ ਨੂੰ ਰੱਦ ਕਰਕੇ ਸਾਰੀਆਂ ਦੁਕਾਨਾਂ ਦਾ ਕਿਰਾਇਆਂ ਇਕ ਕੀਤਾ ਜਾਵੇ ਤਾਂ ਕਿ ਦੁਕਾਨਾਂ ਤੋ ਹਰ ਸਾਲ ਹੋਣ ਵਾਲੀ ਲੱਖਾ ਰੁਪਏ ਦੀ ਆਮਦਨ ਨਾਲ ਪਿੰਡ ਦਾ ਵਿਕਾਸ ਜੰਗੀ ਪੱਧਰ ਤੇ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਜੇਕਰ ਸਬੰਧਤ ਵਿਭਾਗ ਜਾਂ ਜ਼ਿਲਾ ਪ੍ਰਸ਼ਾਸਨ ਨੇ ਇਸ ਮਸਲੇ ਤੇ ਧਿਆਨ ਨਾ ਦਿੱਤਾ ਤਾਂ ਉਹ ਇਹ ਮਸਲਾ ਅਦਾਲਤ ਚ ਵੀ ਲੈਕੇ ਜਾਣਗੇ।
ਕੀ ਕਹਿਣਾ ਹੈ ਦੁਕਾਨਦਾਰਾਂ ਦਾ
ਕੁਝ ਦੁਕਾਨਦਾਰਾਂ ਨੇ ਆਪਣਾ ਨਾਅ ਗੁੱਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕੁਝ ਲੋਕਲ ਪਿੰਡ ਦੇ ਰਾਜਸੀ ਆਗੂ ਹਨ ਜੋ ਪੰਚਾਇਤ ਅਤੇ ਸਬੰਧਤ ਮਹਿਕਮੇ ਦੇ ਹੀ ਕੁਝ ਕਰਮਚਾਰੀਆਂ ਨਾਲ ਮਿਲੇ ਹੋਏ ਹਨ ਜੋ ਸਾਡੇ ਤੋਂ ਕਿਰਾਇਆ ਲੈ ਜਾਂਦੇ ਹਨ ਪਰ ਅੱਗੇ ਜਮਾਂ ਨਹੀ ਕਰਾ ਰਹੇ ਇਸ ਕਰਕੇ ਹੀ ਕੁਝ ਦੁਕਾਨਦਾਰਾਂ ਵੱਲ ਜ਼ਿਆਦਾ ਬਕਾਇਆ ਖੜ੍ਹਾ ਹੈ।

Send this to a friend