May 30, 2026 11:37 am

ਪੰਜਾਬ ਜੀਂਦਾ ਗੁਰਾਂ ਦੇ ਨਾਮ ’ਤੇ…

ਪੰਜਾਬੀ ਦੇ ਅਲਬੇਲੇ ਸ਼ਾਇਰ ਪ੍ਰੋ.ਪੂਰਨ ਸਿੰਘ ਨੇ ਪੰਜਾਬ ਦੀ ਨਿਵੇਕਲੀ ਰਹਿਣੀ-ਸਹਿਣੀ ਦੇ ਪ੍ਰਸੰਗ ਵਿਚ ਕਿੰਨਾ ਖੂਬ ਕਿਹਾ ਹੈ ਕਿ ‘ਪੰਜਾਬ ਨਾਂ ਹਿੰਦੂ ਨਾਂ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਂ ‘ਤੇ’। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਪੰਜਾਬ ਉਹ ਸੁਭਾਗੀ ਧਰਤ ਹੈ,ਜਿਸ ਦੇ ਚੱਪੇ-ਚੱਪੇ ਨੂੰ ਗੁਰੁ ਸਾਹਿਬਾਨ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ।ਕਦੇ ਸਮਾਂ ਸੀ ਧਰਤ ਦੇ ਇਸ ਵਿਸ਼ਾਲ ਖਿੱਤੇ ਦੀਆਂ ਸਰਹੱਦਾਂ ਦੁਰ ਦੂਰ ਤੱਕ ਪਸਰੀਆਂ ਹੋਈਆਂ ਸਨ। ਇਹ ਭੂ-ਖੰਡ ਕੁਦਰਤ ਦਾ ਵਿਲੱਖਣ ਵਰਤਾਰਾ ਰਿਹਾ ਹੈ। ਇਹਦੇ ਕਲਕਲ ਕਰਦੇ ਦਰਿਆਵਾਂ ਦੀ ਰਵਾਨੀ ਆਪਣੀ ਸੰਗੀਤਕ ਲੈਅ ਨਾਲ ਮਨਾਂ ਵਿਚ ਰਸ ਘੋਲਦੀ ਹੈ। ਇਸਦੀ ਜਰਖ਼ੇਜ਼ ਮਿੱਟੀ ਵਿਚ ਝੂਮਦੀਆਂ ਫਸਲਾਂ,ਰੁੱਖਾਂ ਬੂਟਿਆਂ ਤੇ ਚਹਿਚਹਾਉਂਦੇ ਪੰਛੀਆਂ ਦਾ ਮਿਠਾਸ ਭਰਿਆਂ ਸੰਗੀਤ ਮਨਾਂ ਨੂੰ ਇਸ ਕਦਰ ਸਰਸ਼ਾਰ ਕਰਦਾ ਹੈ ਕਿ ਮਾਨੋ ਕੁਦਰਤ ਆਪ ਖੀਵੀ ਹੋ ਕੇ ਨਾਚ ਕਰ ਰਹੀ ਹੋਵੇ।ਗੁਰੂਆਂ ਦੀ ਵਰੋਸਾਈ ਇਸ ਧਰਤੀ ਨੇ ਸਭ ਵਿਤਕਰਿਆਂ ਤੋਂ ਉਪਰ ਉਠ ਕੇ ਸਰਬ ਸਾਂਝੀਵਾਲਤਾ, ਬਰਾਬਰੀ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇ ਕੇ ਜਾਤ-ਵਰਣ,ਰੰਗ ਨਸਲ,ਉਚੇ ਨੀਵੇਂ ਤੇ ਸਮਾਜ ਵਿਚ ਉਸਰੀਆਂ ਸੰਕੀਰਨਤਾ ਦੀਆਂ ਹੋਰ ਦੀਵਾਰਾਂ ਨੂੰ ਢਾਹੁਣ ਦਾ ਸਾਹਸ ਦਿਖਾਇਆ।
ਗੁਰਮਤਿ ਦੀ ਵਿਚਾਰਧਾਰਾ ਅਤੇ ਗੁਰਬਾਣੀ ਦਾ ਸੰਦੇਸ਼ ਆਪਣੇ ਆਪ ਵਿਚ ਹੀ ਮਜਬੂਤ ਆਧਾਰ ਵਾਲਾ ਤੇ ਵਿਲ਼ੱਖਣ ਵਰਤਾਰਾ ਹੈ।ਉਨ੍ਹਾਂ ਸਮਿਆਂ ਵਿਚ ਜਦੋਂ ਧਰਮ ਦੇ ਅਰਥਾਂ ਦਾ ਅਨਰਥ ਹੋ ਰਿਹਾ ਸੀ ਤੇ ਅਗਿਆਨੀ ਤੇ ਭੋਲੇ-ਭਾਲੇ ਲੋਕਾਂ ਨੂੰ ਕਰਮ-ਕਾਂਡਾਂ ਵਿਚ ਉਲਝਾ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਸੀ। ਗੁਰੁ ਸਾਹਿਬਾਨ ਨੇ ਹੱਕ-ਸੱਚ, ਇਨਸਾਫ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਮਾਨਵਤਾ ਦੀ ਅਗਵਾਈ ਕੀਤੀ। ਇਹ ਸੰਦੇਸ਼ ਕਿਸੇ ਵੱਖਰੇ ਭੂ-ਖੰਡ,ਇਲਾਕੇ,ਜਾਤ.ਰੰਗ ਨਸਲ ਤੇ ਭਿੰਨ-ਭੇਦ ਦੀਆਂ ਦੀਵਾਰਾਂ ਤੋਂ ਉਪਰ ਉਠ ਕੇ ਸਮੁੱਚੀ ਲੋਕਾਈ ਲਈ ਹੋ ਨਿਬੜਿਆ।ਪੰਜਾਬ ਇਸ ਗੱਲੋਂ ਵਾਜਬ ਤੌਰ ‘ਤੇ ਮਾਣ ਕਰ ਸਕਦਾ ਹੈ ਕਿ ਪੰਜਾਬ ਦੇ ਕਣ-ਕਣ ਵਿਚ ਗੁਰਬਾਣੀ ਦਾ ਅਗੰਮੀ ਸੰਦੇਸ਼ ਸਮੋਇਆ ਹੋਇਆ ਹੈ।ਇਹਦੇ ਜ਼ਰੇ-ਜ਼ਰੇ ‘ਚੋਂ ਗੁਰੁ ਗ੍ਰੰਥ ਸਾਹਿਬ ਦੀ ਅਲੌਕਿਕ ਤੇ ਅਨਹਦ ਬਾਣੀ ਦਾ ਸੁਹਜਮਈ ਵਰਤਾਰਾ ਪ੍ਰਤੱਖ ਦੇਖਿਆ ਜਾ ਸਕਦਾ ਹੈ।
ਪੰਜ ਪਾਣੀਆਂ ਦੀ ਇਸ ਜਰਖ਼ੇਜ਼ ਭੂਮੀ ਵਿਚ ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲੇ ਤੇ ਮਿਹਨਤਕਸ਼ ਲੋਕਾਂ ਦਾ ਵਾਸਾ ਹੈ।ਪੰਜਾਬੀਆਂ ਦਾ ਖੁੱਲ੍ਹਾ ਖਾਣ-ਪੀਣ,ਆਪਾ-ਵਾਰੂ ਭਾਵਨਾ, ਨਿਰਛਲ ਤੇ ਨਿਰਕਪਟ ਸੁਭਾਅ ਉਤੇ ਗੁਰੁ ਸਾਹਿਬਾਨ ਦੇ ਜੀਵਨ ਉਪਦੇਸ਼ਾਂ ਦੀ ਡੂੰਘੀ ਮੋਹਰ ਛਾਪ ਦੇਖੀ ਜਾ ਸਕਦੀ ਹੈ।ਗੁਰਬਾਣੀ ਤੇ ਸਮੁੱਚੀ ਗੁਰਮਤਿ ਵਿਚਾਰਧਾਰਾ ਪੰਜਾਬੀਆਂ ਦਾ ਸ਼ਾਨਾਮੱਤਾ ਤੇ ਗੌਰਵਸ਼ਾਲੀ ਵਿਰਸਾ ਹੈ।ਇਹ ਵਿਰਸਾ ਸਾਡੀਆਂ ਸਭਿਆਚਾਰਕ ਕਦਰਾਂ-ਕੀਮਤਾਂ ਵਿਚ ਇਸ ਤਰ੍ਹਾਂ ਰਮਿਆਂ ਹੋਇਆ ਹੈ ਕਿ ਜਿਹੜਾ ਵੀ ਇਸ ਨੂੰ ਕਦੇ ਤੋੜਨ ਦਾ ਯਤਨ ਕਰਦਾ ਹੈ,ਪੰਜਾਬੀ ਉਸ ਦੇ ਖ਼ਿਲਾਫ ਡਾਂਗਾਂ ਉਲਾਰ ਲੈਂਦੇ ਹਨ।ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਪੈਂਦੀਆਂ ਰਹੀਆਂ।ਅਜਿਹੇ ਸਮੇਂ ਪੰਜਾਬੀਆਂ ਨੇ ਖਿੜੇ-ਮੱਥੇ,ਸਾਹਸ ਤੇ ਬਹਾਦਰੀ ਦਾ ਮੁਜ਼ਾਹਰਾ ਕਰਦਿਆਂ ਮੈਦਾਨੇ-ਜੰਗ ਵਿਚ ਜੂਝਦਿਆਂ ਸ਼ਹਾਦਤਾਂ ਦੇ ਜਾਮ ਪੀਤੇ।ਅਣਖ ਤੇ ਸਵੈਮਾਣ ਨਾਲ ਜੀਣ ਦਾ ਗਾਡੀ-ਰਾਹ ਪੰਜਾਬੀਆਂ ਨੂੰ ਗੁਰੁ ਸਾਹਿਬਾਨ ਦੀ ਹੀ ਦੇਣ ਹੈ।ਇਸ ਧਰਤ ਦੇ ਗੈਰਤ-ਮੰਦ,ਬਹਾਦਰ ਤੇ ਸੂਰਮੇ ਲੋਕਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਸਭ ਤੋਂ ਮੋਹਰੀ ਰੋਲ ਅਦਾ ਕੀਤਾ।ਉਮਰ ਕੈਦਾਂ,ਕਾਲੇ ਪਾਣੀਆਂ ਤੇ ਹੱਸਦੇ ਹੱਸਦੇ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਪੰਜਾਬੀਆਂ ਦੀ ਆਪਾ-ਵਾਰੂ ਭਾਵਨਾ ਸਾਡੇ ਆਜ਼ਾਦੀ ਸੰਗਰਾਮ ਦਾ ਸ਼ਾਨਾਂਮੱਤਾ ਅਧਿਆਇ ਹੈ।ਜ਼ੁਲਮ ਤੇ ਜਬਰ ਦੇ ਖਿਲਾਫ ਜੂਝਣ ਦੀ ਭਾਵਨਾ ਪੰਜਾਬੀਆਂ ਦੇ ਖੁਨ ਵਿਚ ਸ਼ਾਮਲ ਹੈ।ਇਹ ਪਿਆਰ ਦੀ ਗੁਲਾਮੀ ਤਾਂ ਕਰ ਸਕਦੇ ਹਨ ਪਰ ਕਿਸੇ ਦੀ ਟੈਂਅ ਮੰਨਣ ਲਈ ਕਦੇ ਤਿਆਰ ਨਹੀਂ ਹੋਏ।ਇਸ ਵਿਲੱਖਣ ਤੇ ਅਨੂਠੇ ਜਜ਼ਬੇ ਦੀ ਪਹਿਚਾਣ ਤੇ ਸਮਝ ਗੁਰੁ ਸਾਹਿਬਾਨ ਦੇ ਜੀਵਨ-ਆਦਰਸ਼ਾਂ ਨੇ ਹੀ ਬਖਸ਼ੀ ਹੈ।ਪੰਜਾਬ ਨੇ ਹੱਕ,ਸੱਚ ਤੇ ਇਨਸਾਫ ਲਈ ਹਮੇਸ਼ਾਂ ਬੁਲੰਦ ਆਵਾਜ਼ ਨਾਲ ਲੜਾਈ ਲੜੀ ਹੈ।ਗੁਰੁ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਆਪਣੇ ਸਮਕਾਲੀ ਸਮਿਆਂ ਵਿਚ ਜਾਤ-ਪਾਤ ਦੀ ਘਿਨਾਉਣੀ ਬੁਰਾਈ ਦੇ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਤੇ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੱਤਾ।ਬਹੁਤ ਅਫਸੋਸ ਦੀ ਗੱਲ ਹੈ ਕਿ ਅਜੋਕੇ ਸਮਿਆਂ ਵਿਚ ਵੀ ਸਾਡਾ ਭਾਰਤ ਮਹਾਨ ਜਾਤਾਂ-ਪਾਤਾਂ ਦੇ ਅਮਾਨਵੀ ਵਰਤਾਰੇ ਵਿਚ ਉਲਝਿਆ ਹੋਇਆ ਹੈ। ਅਖਾਉਤੀ ਉਚ ਜਾਤੀਆਂ ਵਲੋਂ ਸਮਾਜ ਦੇ ਲਤਾੜੇ ਵਰਗਾਂ ਨਾਲ ਨਫਰਤ ਭਰਿਆ ਤੇ ਅਣ-ਮਨੁੱਖੀ ਵਰਤਾਉ,ਜੇ ਅੱਜ ਵੀ ਜਾਰੀ ਹੈ ਤਾਂ ਦੇਸ਼ ਦੇ ਮੱਥੇ ‘ਤੇ ਇਸ ਤੋਂ ਵੱਡਾ ਕੋਈ ਕਲੰਕ ਨਹੀਂ ਹੋ ਸਕਦਾ।
ਪੰਜਾਬ ਵੀ ਹੁਣ ਗੁਰੂਆਂ ਦੇ ਨਾਂ ਨੂੰ ਵਿਸਾਰਨ ਦੇ ਰਾਹ ਤੁਰਿਆ ਹੋਇਆਂ ਹੈ। ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਮਨਾਂ ਨੂੰ ਵਲੂੰਧਰਨ ਵਾਲਾ ਹੈ ਤੇ ਜਿਸ ਦਾ ਕਦੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ।ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵਾਪਰਨਾ,ਗੁਰਾਂ ਦੇ ਨਾਂ ‘ਤੇ ਜਿਊਂਦੇ ਪੰਜਾਬ ਦੇ ਮੱਥੇ ‘ਤੇ ਬਦਨੁਮਾ ਦਾਗ ਹੈ। ਪਹਿਲੀ ਸਰਕਾਰ ’ਤੇ ਬਹੁਤ ਦੋਸ਼ ਲਗਦੇ ਰਹੇ ਹਨ। ਹੈਰਾਨੀ ਜਨਕ ਗੱਲ ਇਹ ਹੈ ਕਿ ਨਵੀਂ ਸਰਕਾਰ ਦੇ ਆਇਆ ਵੀ ਅਜਿਹੀਆਂ ਦੁਖਦਾਈ ਘਟਨਾਵਾਂ ਵਿਚ ਕੋਈ ਕਮੀ ਨਹੀਂ ਆਈ। ਅਜੇ ਤੱਕ ਵੀ ਦੋਸ਼ੀਆਂ ਦਾ ਨਾਂ ਫੜੇ ਜਾਣਾ ਕਈ ਸੁਆਲ ਖੜੇ ਕਰਦਾ ਹੈ। ਅਸੂਲਾਂ ਤੋਂ ਸੱਖਣੀ ਸਿਆਸਤ ਨੇ ਸਮੁੱਚੇ ਵਾਤਾਵਰਣ ਨੂੰ ਇੰਨਾ ਗੰਧਲਾ ਕਰ ਦਿੱਤਾ ਹੈ ਕਿ ਹਰ ਪਾਸੇ ਕੂੜ ਹੀ ਕੂੜ ਦਿਖਾਈ ਦੇ ਰਿਹਾ ਹੈ।ਨਸ਼ਿਆਂ ਦੇ ਕੋਹੜ ਨੇ ਪੰਜਾਬ ਦੀ ਜਵਾਨੀ ਨੂੰ ਅਜਿਹੀ ਅੰਨ੍ਹੀ ਗਲੀ ਵਲ ਧੱਕ ਦਿੱਤਾ ਹੈ ਕਿ ਪੰਜਾਬ ਦਾ ਭਵਿਖ ਹੀ ਖਤਰੇ ਵਿਚ ਪੈ ਗਿਆ ਹੈ।ਅੱਜ ਪੰਜਾਬੀ ਆਪਣੀ ਸਾਨਾਂਮੱਤੀ ਵਿਰਾਸਤ ਨੂੰ ਵਿਸਾਰਨ ਦੇ ਰਾਹ ਪੈ ਗਿਆਂ ਹੈ।ਗੈਰਤਮੰਦ,ਅਣਖੀ ਤੇ ਬਹਾਦਰੀ ਨਾਲ ਜੂਝਣ ਵਾਲੇ ਯੋਧਿਆਂ ਦੀਆਂ ਕਹਾਣੀਆਂ ਅਸੀਂ ਭੁੱਲਦੇ ਜਾ ਰਹੇ ਹਾਂ। ਭਾਰਤ ਦੇ ਅੰਨ ਭੰਡਾਰ ਭਰਨ ਵਿਚ ਪੰਜਾਬ ਦੇ ਕਿਸਾਨ ਨੇ ਮੋਹਰੀ ਭੂਮਿਕਾ ਨਿਭਾਈ। ਆਪਣੀ ਅਣਥੱਕ ਮਿਹਨਤ ਤੇ ਸਿਰੜ ਦੀ ਬਦੌਲਤ ਪੰਜਾਬ ਨੇ ਪੂਰੇ ਦੇਸ਼ ਦੀ ਭੁੱਖ ਹੀ ਨਹੀਂ ਮਿਟਾਈ ਸਗੋਂ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਣ ਦੀ ਨਿਮੋਸ਼ੀ ਤੋਂ ਵੀ ਦੇਸ਼ ਨੂੰ ਬਚਾਇਆ। ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਦੁੱਖਾਂ ਦੀ ਇਸ ਘੜੀ ਵਿਚ ਕਿਸਾਨ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਨਿੱਤ ਦਿਨ ਵਾਪਰ ਰਿਹਾ ਇਹ ਵਰਤਾਰਾ ਏਨਾ ਦੁਖਦਾਈ ਹੈ ਕਿ ਸ਼ਬਦਾਂ ‘ਚ ਬਿਆਨ ਕਰਦਿਆਂ ਵੀ ਮਨ ਕੁਰਲਾ ਉਠਦਾ ਹੈ। ਸਰਕਾਰਾਂ ਨੂੰ ਵੀ ਆਪਣੇ ਫਰਜ਼ ਨਿਭਾਉਣ ਦੀ ਲੋੜ ਹੈ ਤੇ ਕਿਸਾਨ ਨੂੰ ਵੀ ਖੁਦਕੁਸ਼ੀ ਦੇ ਰਾਹ ਤੁਰਨ ਦੀ ਥਾਂ ਜੀਵਨ ਦੀਆਂ ਮੁਸੀਬਤਾਂ ਨਾਲ ਜੂਝਣ ਦੀ ਸੋਚ ਅਪਨਾਉਣ ਦੀ ਲੋੜ ਹੈ। ਪੰਜਾਬ ਦੇ ਜੰਮਿਆਂ ਨੂੰ ਤਾਂ ਸਦੀਆਂ ਤੋਂ ਮੁਹਿੰਮਾਂ ਪੈਂਦੀਆਂ ਰਹੀਆਂ ਹਨ ਤੇ ਜਾਂਬਾਜ਼ ਪੰਜਾਬੀ ਇਨ੍ਹਾਂ ਸੰਕਟਾਂ ਵਿਚੋਂ ਜੇਤੂ ਹੋ ਕੇ ਨਿਕਲਦੇ ਰਹੇ ਹਨ।
ਪੰਜਾਬੀਆਂ ਨੂੰ ਨਿਰਸਵਾਰਥ ਸੇਵਾ-ਭਾਵਨਾ ਦੀ ਗੁੜ੍ਹਤੀ ਮਿਲੀ ਹੋਈ ਹੈ। ਜਦੋਂ ਵੀ ਕਦੇ ਦੇਸ਼ ਵਿਦੇਸ਼ ਵਿਚ ਕੋਈ ਸੰਕਟ ਦੀ ਘੜੀ ਆਈ ਹੈ ਤਾਂ ਪੰਜਾਬੀਆਂ ਨੇ ਅਨੂਠੀ ਸੇਵਾ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ।ਭੁਚਾਲ,ਹੜ੍ਹ,ਸੁਨਾਮੀ,ਹਾਦਸੇ ਜਾਂ ਅਜਿਹੀ ਕਿਸੇ ਵੀ ਆਫਤ ਸਮੇਂ ਗੁਰਦੁਆਰੇ ਤੇ ਹੋਰ ਸੰਸਥਾਵਾਂ ਆਪਣੇ ਖਜ਼ਾਨਿਆਂ ਦਾ ਮੂੰਹ ਹੀ ਨਹੀਂ ਖੋਲਦੇ ਸਗੋਂ ਸੇਵਾ-ਭਾਵਨਾ ਦੀ ਵੀ ਅਦੁੱਤੀ ਮਿਸਾਲ ਪੈਦਾ ਕਰਦੇ ਹਨ।ਅਜਿਹੀਆਂ ਖਬਰਾਂ ਮਨਾਂ ਨੂੰ ਬਹੁਤ ਸਕੂਨ ਬਖਸ਼ਦੀਆਂ ਹਨ ਤੇ ਸੰਸਾਰ ਭਰ ਵਿਚ ਚੰਗਾ ਸੰਦੇਸ਼ ਜਾਂਦਾ ਹੈ।ਨਿਮਾਣਿਆਂ,ਨਿਤਾਣਿਆਂ ਤੇ ਲੋੜਵੰਦਾਂ ਦੀ ਸੇਵਾ ਹੀ ਅਸਲੀ ਸੇਵਾ ਕਹੀ ਜਾ ਸਕਦੀ ਹੈ।ਪੰਜਾਬੀਆਂ ਨੇ ਆਪਣੀ ਮਿਹਨਤ ਦਾ ਡੰਕਾ ਪੂਰੀ ਦੁਨੀਆ ਵਿਚ ਵਜਾਇਆ ਹੈ। ਕਈ ਦੇਸ਼ਾਂ ਵਿਚ ਪੰਜਾਬੀਆਂ ਨੇ ਆਪਣੀ ਸੂਝ, ਮਿਹਨਤ ਤੇ ਸਿਰੜ ਦੀ ਬਦੋਲਤ ਉਚੀਆਂ ਪਦਵੀਆਂ ਹਾਸਲ ਕੀਤੀਆਂ ਹਨ ਤੇ ਲਗਾਤਾਰ ਇਹ ਸਿਲਸਿਲਾ ਜਾਰੀ ਹੈ।ਆਪਣੇ ਮਿਹਨਤੀ ਸੁਭਾਅ ਕਾਰਨ ਪੰਜਾਬੀਆਂ ਨੇ ਸਮੁੱਚੀ ਧਰਤ ਦਾ ਕੋਈ ਅਜਿਹਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਆਪਣੀ ਜਿੱਤ ਦੇ ਝੰਡੇ ਨਾਂ ਗੱਡੇ ਹੋਣ।ਪੰਜਾਬੀਆਂ ਵਿਚ ਸੇਵਾ ਦਾ ਅਥਾਹ ਜਜ਼ਬਾ ਹੈ।ਅੱਜ ਇਹ ਲੋੜ ਹੈ ਕਿ ਹੁਣ ਧਾਰਮਿਕ ਖੇਤਰ ਨੂੰ ਛੱਡ ਕੇ ਸਿਖਿਆ,ਸਿਹਤ ਤੇ ਆਰਥਿਕ ਰੂਪ ਵਿਚ ਮਾੜੇ ਲੋੜਵੰਦਾਂ ਦੀ ਖੁਲ੍ਹੇ ਦਿਲ ਨਾਲ ਮਦਦ ਕੀਤੀ ਜਾਵੇ। ਪੰਜਾਬ ਦਾ ਕਿਸਾਨ ਬਹੁਤ ਬਦਤਰ ਸਥਿਤੀ ਵਿਚ ਹੈ ਤੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਜਾਂ ਹੋਰ ਵੱਡੇ ਅਦਾਰਿਆਂ ਨੂੰ ਖੁਦਕੁਸ਼ੀ ਕਰ ਚੁੱਕੇ ਕਿਸਾਨ ਪਰਿਵਾਰਾਂ ਦੀ ਤਰਸਯੋਗ ਹਾਲਤ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।ਆਖਰ ਗੁਰੂ ਦੀ ਗੋਲਕ ਲੋੜਵੰਦਾਂ ਲਈ ਹੀ ਤਾਂ ਹੈ।
ਗੁਰੂਆ ਦੇ ਨਾਂ ’ਤੇ ਜੀਂਦਾ ਪੰਜਾਬ ਅੱਜ ਨਸ਼ਿਆਂ ਦੀ ਸੁਨਾਮੀ ਦੀ ਲਪੇਟ ਵਿਚ ਆਇਆ ਹੋਇਆ ਹੈ।ਪੰਜਾਬੀਆ ਦੀ ਸਮੁੱਚੀ ਹੋਂਦ ਹੀ ਸੰਕਟ ਵਿਚ ਪੈ ਗਈ ਹੈ।ਇਕ ਦੂਜੇ ੳੱਤੇ ਦੋਸ਼ ਮੜ੍ਹਨ ਦੀ ਥਾਂ ਸਮੇਂ ਦੀ ਲੋੜ ਹੈ ਕਿ ਅੱਜ ਸਿਰ ਜੋੜ ਕੇ ਬੈਠਿਆ ਜਾਵੇ ਤੇ ਨਸ਼ਿਆਂ ਦੀ ਦਲਦਲ ਵਿਚ ਧੱਸਦੇ ਜਾ ਰਹੇ ਪੰਜਾਬ ਨੂੰ ਬਚਾਉਣ ਦੇ ਸੁਹਿਰਦ ਯਤਨ ਕੀਤੇ ਜਾਣ।ਗੁਰੂ ਗ੍ਰੰਥ ਸਹਿਬ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਹੋਰ ਪ੍ਰਸਾਰਨ ਦੀ ਅੱਜ ਬਹੁਤ ਵੱਡੀ ਲੋੜ ਹੈ।ਆਉ ! ਪ੍ਰੋ.ਪੂਰਨ ਸਿੰਘ ਦੇ ਪੰਜਾਬ ਪ੍ਰਤੀ ਬੋਲਾਂ ਨੂੰ ਸਹੀ ਅਰਥਾਂ ਵਿਚ ਸਾਰਥਿਕ ਕਰੀਏ।

Send this to a friend