Skip to content
Independent perspectives. Global stories.
BREAKING

ਘਰ-ਬਗੀਚੀ ਦਾ ਪਰਿਵਾਰ ਦੇ ਚੰਗੇ ਪੌਸ਼ਟਿਕ ਭੋਜਨ ਲਈ ਅਹਿਮ ਯੋਗਦਾਨ

Share this story

ਕਿਸਾਨ ਵੀਰੋ ਤੁਸੀਂ ਘਰ ਬਗੀਚੀ ਬਾਰੇ ਬਹੁਤ ਸਣਿਆ ਹੋਵੇਗਾ ਅਤੇ ਕੁਝ ਆਪਣੇ ਘਰ ਦੇ ਆਲੇ ਦੁਆਲੇ ਘਰ ਬਗੀਚੀ ਕਰਦੇ ਵੀ ਹੋਵੋਗੇ ਪਰ ਜੇਕਰ ਘਰ ਬਗੀਚੀ ਨੂੰ ਵਿਗਿਆਨਿਕ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਜ਼ਿਆਦਾ ਲਾਭਦਾਇਕ ਹੋ ਸਕਦੀ ਹੈ ।ਘਰ ਬਗੀਚੀ ਦਾ ਮੁੱਖ ਉਦੇਸ਼ ਪਰਿਵਾਰ ਨੂੰ ਤਾਜ਼ਾ ਸਬਜ਼ੀਆਂ ਦੇਣਾ ਹੈ। ਘਰ ਬਗੀਚੀ ਚੰਗੀ ਸਿਹਤ ਅਤੇ ਆਰਥਿਕ ਪੱਖੋਂ ਕਿਸਾਨਾਂ ਲਈ ਬਹੁਤ ਹੀ ਲਾਭਦਾਇਕ ਹੈ । ਘਰ ਬਗੀਚੀ ਤੋਂ ਭਾਵ ਹੈ ਆਪਣੇ ਘਰ ਵਿੱਚ ਆਪਣੇ ਖਾਣ ਲਈ ਸ਼ਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਨੀ ।
ਪਰਿਵਾਰ ਦਿਨਂੋ ਦਿਨ ਵਧ ਰਹੇ ਹਨ ਅਤੇ ਕਾਸ਼ਤ ਲਈ ਜ਼ਮੀਨਾਂ ਵੀ ਘੱਟ ਰਹੀਆਂ ਹਨ। ਵੱਧਦੀ ਜੰਨਸੰਖਿਆ ਦਾ ਢਿੱਡ ਭਰਨ ਲਈ ਖੇਤੀ ਹੇਠੋਂ ਜ਼ਮੀਨ ਵੀ ਜ਼ਿਆਦਾ ਨਹੀਂ ਘਟਾਈ ਜਾ ਸਕਦੀ। ਸਬਜ਼ੀਆਂ ਦੀ ਜਿਆਦਾ ਮੰਗ ਅਤੇ ਘੱਟ ਪੈਦਾਵਾਰ ਹੋਣ ਕਾਰਨ ਸਬਜ਼ੀਆਂ ਦਾ ਮੁੱਲ ਬਜ਼ਾਰ ਵਿੱਚ ਕਾਫੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਕਿਸਾਨ ਦੀ ਜੇਬ ਉਤੇ ਆਰਥਿਕ ਬੋਝ ਵੱਧ ਜਾਂਦਾ ਹੈ ।ਹਰ ਇੱਕ ਵਿਆਕਤੀ ਦੇ ਵਿਕਾਸ ਲਈ ਪੋਸ਼ਟਿਕ ਭੋਜਨ ਦੀ ਰੋਜ਼ ਜਰੂਰਤ ਹੁੰਦੀ ਹੈ । ਹਰ ਮਨੁੱਖ ਨੂੰ ਔਸਤਨ ਰੋਜ਼ਾਨਾ 300 ਗ੍ਰਾਮ ਸ਼ਬਜੀ ਦਾ ਸੇਵਨ ਕਰਨਾ ਬਹੁਤ ਹੀ ਜਰੂਰੀ ਹੁੰਦਾ ਹੈ, ਕਿਉਂਕਿ ਇਹਨਾਂ ਤੋਂ ਪ੍ਰੋਟੀਨ, ਕਾਰਬੋਹਾਈਡਰੇਟ ਆਦਿ ਜਰੂਰੀ ਤੱਤ ਮਨੁੱਖ ਨੂੰ ਸਿੱਧੇ ਤੋਰ ਤੇ ਮਿਲਦੇ ਹਨ । ਬਾਜ਼ਾਰ ਵਿੱਚ ਸਬਜ਼ੀਆਂ ਜ਼ਿਆਦਾਤਰ ਮਹਿੰਗੀਆ ਹੁੰਦੀਆ । ਸਬਜ਼ੀਆਂ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਪਰ ਅੱਜਕਲ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਦੀ ਲੋੜ ਨਾਲੋਂ ਵੱਧ ਵਰਤੋਂ ਕਰਕੇ ਇਹ ਮਨੁੱਖੀ ਸਿਹਤ ਲਈ ਖਤਰਨਾਕ ਸਾਬਤ ਹੋ ਰਹੀਆਂ ਹਨ, ਜਿਸ ਕਾਰਣ ਘਰ ਬਗੀਚੀ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ ।
ਘਰ ਬਗੀਚੀ ਘਰ ਦੇ ਨੇੜੇ ਉਹ ਜਗ੍ਹਾ ਹੁੰਦੀ ਹੈ ਜਿੱਥੇ ਅਸੀਂ ਪਰਿਵਾਰ ਦੀ ਲੋੜ ਅਨੁਸਾਰ ਸਬਜ਼ੀਆਂ ਦੀ ਸਾਰਾ ਸਾਲ ਕਾਸ਼ਤ ਕਰ ਸਕਦੇ ਹਾਂ । ਜਿਆਦਾਤਰ ਇਹ ਘਰ ਦੇ ਨਾਲ ਲਗਦੀ ਜਗ੍ਹਾ ਵਿੱਚ ਹੁੰਦੀ ਹੈ । ਘਰ ਬਗੀਚੀ ਹੇਠ ਜਗ੍ਹਾ ਲਿਆਉਣ ਤੋਂ ਪਹਿਲਾਂ ਇਹ ਜਰੂਰ ਧਿਆਨ ਵਿੱਚ ਰਖਣਾ ਚਾਹੀਦਾ ਹੈ ਕਿ ਜ਼ਮੀਨ ਦੀ ਸਿਹਤ ਠੀਕ ਹੋਵੇ, ਕਿਸੇ ਪ੍ਰਕਾਰ ਦੇ ਨਿਮਾਟੋਡ ਦਾ ਕੋਈ ਹਮਲਾ ਨਾ ਹੋਵੇ, ਪਾਣੀ ਦੀ ਉਪਲੱਬਧਤਾ ਹੋਵੇ ਅਤੇ ਸੂਰਜ ਦੀ ਰੋਸ਼ਨੀ ਪੂਰਨ ਤੌਰ ਉਤੇ ਪੈਂਦੀ ਹੋਵੇ ।ਘਰ ਬਗੀਚੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਮਾਡਲ ਦਿੱਤਾ ਗਿਆਂ ਹੈ ਜਿਸ ਵਿੱਚ ਲਗਭਗ 1.4 ਮਰਲੇ ਜ਼ਮੀਨ ਵਿੱਚ ਸਾਰਾ ਸਾਲ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ, ਜੋ ਕਿ 4-5 ਜੀਆਂ ਦੇ ਪਰਿਵਾਰ ਲਈ ਕਾਫੀ ਹੁੰਦੀ ਹੈ।
ਘਰ ਬਗੀਚੀ ਲਈ ਸਬਜ਼ੀਆਂ ਦੀ ਚੋਣ :ਘਰ ਬਗੀਚੀ ਲਈ ਸਬਜ਼ੀਆਂ ਦੀ ਕਿਸਮ ਦੀ ਚੋਣ ਅਤੇ ਉਹਨਾਂ ਲਈ ਉਚਿਤ ਜਗ੍ਹਾਂ ਦੀ ਚੋਣ ਬਹੁਤ ਮਹੱਤਵਪੂਰਨ ਹੈ । ਟਮਾਟਰ, ਬੈਂਗਣ, ਭਿੰਡੀ ਨੂੰ ਉਥੇ ਬੀਜੋ ਜਿੱਥੇ ਜ਼ਿਆਦਾ ਧੁੱਪ ਪੈਂਦੀ ਹੋਵੇ । ਵੇਲਦਾਰ ਸਬਜ਼ੀਆਂ ਜਿਵੇਂ ਕਿ ਘੀਆਂ, ਤੋਰੀਆਂ, ਖੀਰਾ ਆਦਿ ਨੂੰ ਕਿਸੇ ਸਹਾਰੇ ਨਾਲ ਜਾਂ ਦਰੱਖਤ ਤੇ ਚੜਾਇਆ ਜਾ ਸਕਦਾ ਹੈ । ਜਿਨ੍ਹਾਂ ਸ਼ਬਜ਼ੀਆਂ ਨੂੰ ਛਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਘਰ ਦੇ ਨੇੜੇ ਦਰੱਖਤਾਂ ਦੀ ਛਾਂ ਹੇਠ ਉਗਾਇਆ ਜਾ ਸਕਦਾ ਹੈ । ਇਸ ਤੋ ਇਲਾਵਾ, ਫਲਦਾਰ ਬੂਟੇ ਜਿਵੇਂ ਅਮਰੂਦ, ਪਪੀਤਾ, ਲੀਚੀ, ਨੀਂਬੂ ਅਤੇ ਅੰਬ ਆਦਿ ਵੀ ਘਰ ਬਗੀਚੀ ਵਿੱਚ ਲਗਾਏ ਜਾ ਸਕਦੇ ਹਨ ।
ਘਰ ਬਗੀਚੀ ਲਈ ਧਿਆਨ ਦੇਣ ਯੋਗ ਮੁੱਖ ਗੱਲਾਂ –
ਘਰ ਬਗੀਚੀ ਛਾਂ ਵਾਲੀ ਜਗ੍ਹਾਂ ਤੋ ਦੂਰ ਬਣਾਉਣੀ ਚਾਹੀਦੀ ਹੈ।
ਇਹ ਜਗ੍ਹਾ ਘਰ ਦੇ ਨੇੜੇ ਹੀ ਹੋਣੀ ਚਾਹੀਦੀ ਹੈ ਤਾਂ ਜੇ ਸਮਾਂ ਮਿਲਣ ਤੇ ਤੁਸੀ ਉਥੇ ਕੰਮ ਕਰ ਸਕੋ ਅਤੇ ਨਿਗਰਾਨੀ ਵੀ ਹੋ ਸਕੇ।
ਸਬਜ਼ੀਆਂ ਦੀ ਚੋਣ ਘਰ ਦੀ ਪੂਰੇ ਸਾਲ ਦੀ ਜਰੂਰਤ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ ।
ਘਰ ਬਗੀਚੀ ਲਈ ਖਰਚਾ ਘੱਟ ਤੋਂ ਘੱਟ ਆਵੇ ।
ਬਿਮਾਰੀਆਂ ਅਤੇ ਕੀੜੀਆਂ ਲਈ ਪ੍ਰਤੀਰੋਧੀ ਕਿਸਮਾਂ ਦੀ ਚੋਣ ਕਰੋ ।
ਘਰ ਬਗੀਚੀ ਦਾ ਸਾਰਾ ਕੰਮ ਪਰਿਵਾਰ ਦੇ ਮੈਂਬਰਾਂ ਨੂੰ ਹੀ ਕਰਨਾ ਚਾਹੀਦਾ ਹੈ ।
ਜੇ ਹੋ ਸਕੇ ਤਾਂ ਕੁਦਰਤੀ ਤੌਰ ਤੇ ਹੀ ਘਰ ਬਗੀਚੀ ਮਾਡਲ ਬਣਾਓ ।
ਜਗ੍ਹਾਂ ਦਾ ਵੱਧ ਤੋ ਵੱਧ ਸਹੀ ਉਪਯੋਗ ਕਰਨਾ ਚਾਹੀਦਾ ਹੈ ਤਾਂ ਜੋ ਜਗ੍ਹਾਂ ਖਾਲੀ ਨਾ ਰਹੇ ਅਤੇ ਵੱਧ ਤੋ ਵੱਧ ਸਬਜ਼ੀਆਂ ਲਾਈਆ ਜਾ ਸਕਣ।
ਵੱਟਾਂ ਉਤੇ ਗਾਜਰ, ਮੂਲੀ ਅਤੇ ਪੱਤੇਦਾਰ ਸਬਜ਼ੀਆਂ ਦੀ ਬਿਜਾਈ ਕਰਨੀ ਚਾਹੀਦੀ ਹੈ।
ਕੰਧ ਜਾਂ ਵਾੜ ਦੇ ਸਹਾਰੇ ਵੇਲ ਵਾਲੀਆਂ ਸਬਜ਼ੀਆਂ ਲਗਾਈਆ ਜਾ ਸਕਦੀਆ ਹਨ।
ਘਰ ਬਗੀਚੀ ਕਰਨ ਦੇ ਲਾਭ :-
ਘਰ ਦੇ ਆਸ ਪਾਸ ਖਾਲੀ ਥਾਂ ਦੀ ਸਹੀ ਵਰਤੋ ਹੁੰਦੀ ਹੈ।
ਪੂਰੇ ਸਾਲ ਲਈ ਤਾਜੇ ਫਲ ਅਤੇ ਸਬਜ਼ੀਆਂ ਦੀ ਪੂਰਤੀ ਕੀਤੀ ਜਾ ਸਕਦੀ ਹੈ ।
ਫਲ ਅਤੇ ਸਬਜ਼ੀਆਂ ਹਾਨੀਕਾਰਕ ਕੀਟਨਾਸ਼ਕਾਂ ਤੋਂ ਰਹਿਤ ਹੁੰਦੀਆਂ ਹਨ ।
ਪਰਿਵਾਰ ਨੂੰ ਆਰਥਿਕ ਤੌਰ ਤੇ ਫਾਇਦਾ ਹੁੰਦਾ ਹੈ।
ਪਰਿਵਾਰ ਨੂੰ ਚੰਗਾ ਅਤੇ ਸੰਤੁਲਿਤ ਪੋਸ਼ਣ ਮਿਲਦਾ ਹੈ ।
ਘਰ ਵਿੱਚ ਬੀਜੀਆਂ ਸਬਜ਼ੀਆਂ ਬਜ਼ਾਰ ਨਾਲੋਂ ਜ਼ਿਆਦਾ ਸਵਾਦ ਬਣਦੀਆਂ ਹਨ ।
ਰਸੋਈ ਘਰ ਦੀ ਰਹਿੰਦ ਖੂੰਦ ਅਤੇ ਛਿਲਕਿਆਂ ਆਦਿ ਦੀ ਕੰਪੋਸਟ ਬਣਾਕੇ ਉਸਨੂੰ ਘਰ ਬਗੀਚੀ ਵਿੱਚ ਖਾਦ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ।
ਰਸੋਈ ਦੇ ਫਿਲਟਰ ਦੇ ਵਾਧੂ ਪਾਣੀ ਜਾਂ ਹੋਰ ਵਾਧੂ ਪਾਣੀ ਨੂੰ ਘਰ ਬਗੀਚੀ ਵਿੱਚ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
ਵਾਧੂ ਸਮੇਂ ਦਾ ਸਦ-ਉਪਯੋਗ ਕਰਨ ਦਾ ਇਹ ਇੱਕ ਵਧੀਆ ਸਾਧਨ ਹੈ।
ਘਰ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਵੀ ਸਹਾਈ ਹੁੰਦੀ ਹੈ।
ਸਬਜ਼ੀਆਂ ਦੇ ਨਾਲ ਫਲਦਾਰ ਬੂਟੇ ਜਿਵੇਂ ਕਿ ਪਪੀਤਾ, ਕੇਲਾ, ਨਿੰਬੂ, ਅਨਾਰ ਆਦਿ ਵੀ ਲਗਾਏ ਜਾ ਸਕਦੇ ਹਨ।
ਘਰ ਬਗੀਚੀ ਦਾ ਮਾਡਲ
ਸੋ ਉਪਰੋਕਤ ਨੁਕਤੇ ਅਪਣਾਅ ਕੇ ਅਸੀ ਥੋੜੀ ਥਾਂ ਵਿੱਚ ਹੀ ਪਰਿਵਾਰ ਲਈ ਜਰੂਰੀ ਸਬਜ਼ੀਆਂ ਪੈਦਾ ਕਰ ਸਕਦੇ ਹਾਂ । ਜਿਸ ਦੇ ਨਾਲ ਸਾਡਾ ਰੋਜ਼ ਦਾ ਖਰਚਾ ਵੀ ਘੱਟਦਾ ਹੈ ਅਤੇ ਪਰਿਵਾਰ ਨੂੰ ਪੋਸ਼ਟਿਕ ਭੋਜਨ ਵੀ ਮਿਲਦਾ ਹੈ । ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਕਿਉਂਕਿ ਅੱਜਕਲ ਬਜਾਰ ਵਿੱਚ ਜ਼ਹਿਰੀਲੀਆਂ ਸਬਜ਼ੀਆਂ ਜੋ ਕਿ ਵੱਧ ਰਸਾਇਣਿਕ ਛਿੜਕਾਅ ਕੇ ਪੈਦਾ ਕੀਤੀਆਂ ਜਾਂਦੀਆਂ ਹਨ, ਹੀ ਜ਼ਿਆਦਾਤਰ ਮਿਲਦੀਆਂ ਹਨ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਨਕਲੀ ਸਪਰੇਆਂ ਕਰਕੇ ਹਰਾ ਅਤੇ ਤਾਜ਼ਾ ਰੱਖਿਆਂ ਜਾਂਦਾ ਹੈ ।
– ਪ੍ਰਕਾਸ਼ ਮਹਲਾ, ਪਰਮਿੰਦਰ ਸਿੰਘ ਸੰਧੂ ਅਤੇ ਮਨਮੋਹਨਜੀਤ ਸਿੰਘ
ਖੇਤਰੀ ਖੋਜ ਕੇਂਦਰ,
ਬੱਲੋਵਾਲ ਸੌਂਖੜੀ

WRITTEN BY