ਜੈਤੋ, 6 ਜੂਨ (ਇਕਬਾਲ ਸਿੰਘ ‘ਕਾਲੀ’)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਵਾਲੀ ਥਾਂ ਤੋਂ ਹੀ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ। ਭਾਈ ਮੰਡ ਨੇ 1984 ਦੇ ਘੱਲੂਘਾਰੇ ਦੀ ਗੱਲ ਕਰਦਿਆਂ ਭਾਰਤੀ ਹਕੂਮਤ ਦੇ ਸਿੱਖਾਂ ਪੱਖਪਤੀ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਅਖੌਤੀ ਅਕਾਲੀ, ਭਾਜਪਾਈ ਤੇ ਕਾਂਗਰਸੀ ਜਾਮਤਾਂ ਆਪਸ ਵਿਚ ਘਿਓ-ਖਿਚੜੀ ਹਨ ਤੇ ਇਹ ਸਿੱਖ ਪੰਥ ਦਾ ਜਾਨੀ-ਮਾਲੀ ਨੁਕਸਾਨ ਕਰ ਰਹੀਆਂ ਹਨ। ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹੋਏ ਨੇ ਜੂਨ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜਖ਼ਮ ਅੱਲੇ ਹਨ ਤੇ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਅੱਜ ਵੀ ਸਿੱਕਮ, ਸ਼ਿਲਾਂਗ ਤੇ ਹੋਰ ਥਾਵਾਂ ਤੇ ਸ਼੍ਰੀ ਗੁਰੂ ਗੰ੍ਰਥ ਸਾਹਿਬ, ਗੁਰਦਆਰਿਆਂ ਤੇ ਸਿੱਖਾਂ ਉਪਰ ਸਾਜਿਸ਼ੀ ਹਮਲੇ ਪੰਥ ਦੋਖੀਆਂ ਦੀਆਂ ਚਾਲਾਂ ਹਨ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਆਪਸ ਵਿਚ ਵਾਦ-ਵਿਵਾਦ ਕਰਨ ਦਾ ਸਮਾਂ ਨਹੀਂ ਹੈ। ਦੇਸ਼ ਵਿਦੇਸ਼ ਵਿਚ ਸਾਬਤ ਸੂਰਤ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਪਸੀ ਏਕਤਾ ਦਾ ਸਬੂਤ ਦਿੰਦੇ ਹੋਏ ਸਿੱਖ ਕੌਮ ਤੇ ਅੰਦੂਰਨੀ ਤੇ ਬਾਹਰੀ ਹੋ ਰਹੇ ਹਮਲਿਆ ਖਿਲਾਫ਼ ਡਟ ਜਾਈਏ। ਉਨ੍ਹਾਂ ਸਿੱਖੀ ਤੋਂ ਦੂਰ ਹੋਏ ਸਿੱਖਾਂ ਨੂੰ ਮੁੜ ਗੁਰੂ ਲੜ ਲੱਗਣ ਦੀ ਅਪੀਲ ਕੀਤੀ। ਭਾਈ ਮੰਡ ਨੇ ਆਪਣੇ ਸੰਦੇਸ਼ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਹਰ ਵਰ੍ਹੇ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਉਣ ਲਈ ਉਹ ਸ੍ਰੀ ਅਕਾਲ ਤਖ਼ਤ ’ਤੇ ਅਖੰਡ ਪਾਠ ਦੇ ਭੋਗ ਪਾਉਣ ਬਾਅਦ ਮੰਜੀ ਸਾਹਿਬ ਹਾਲ ਦੀਵਾਨ ਵਿੱਚ ‘ਘੱਲੂਘਾਰਾ ਦੀਵਾਨ’ ਸਜਾਉਣ ਦੇ ਪ੍ਰਬੰਧ ਕਰੇ। ਸੰਗਤ ਨੂੰ ਅਪੀਲ ਕੀਤੀ ਗਈ ਕਿ ਹੋਰਨੀਂ ਥਾਈਂ ਇਹ ਦਿਹਾੜਾ ਇੱਕ-ਦੋ ਦਿਨਾਂ ਦੇ ਫ਼ਰਕ ਨਾਲ ਮਨਾਇਆ ਜਾਵੇ। ਜਥੇਦਾਰ ਮੰਡ ਨੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੁਣ ਤੱਕ ਦੀਆਂ ਭਾਰਤੀ ਹਕੂਮਤਾਂ ’ਤੇ ਸਿੱਖਾਂ ਨਾਲ ਪੱਖਪਾਤ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ, ਬਹਿਬਲ ਗੋਲੀ ਕਾਂਡ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਨਾ ਮਿਲਣ ’ਤੇ ਉਨ੍ਹਾਂ ਨੂੰ ਮਜ਼ਬੂਰਨ ਬਰਗਾੜੀ ਵਿਖੇ ਮੋਰਚਾ ਲਾਉਣਾ ਪਿਆ। ਜਥੇਦਾਰ ਮੰਡ ਨੇ ਨਸ਼ੇ, ਪਤਿਤਪੁਣਾ, ਪੰਜਾਬ ਦੇ ਦੂਸ਼ਿਤ ਹਵਾ-ਪਾਣੀ, ਬੇਰੁਜ਼ਗਾਰੀ, ਕਰਜ਼ੇ, ਪਾਖੰਡਵਾਦ ’ਤੇ ਫ਼ਿਕਰਮੰਦੀ ਜਿਤਾਉਣ ਤੋਂ ਇਲਾਵਾ ਜਵਾਨੀ ਤੇ ਕਿਸਾਨੀ ਨੂੰ ਬਰਬਾਦ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੂੰ ਦੋਸ਼ੀ ਦੱਸਿਆ। ਸਮੁੱਚੀ ਕੌਮ ਨੂੰ ਉਨ੍ਹਾਂ ਅਪੀਲ ਕੀਤੀ ਕਿ ਉਹ ਧੜੇਬਾਜ਼ੀਆਂ ’ਚੋਂ ਬਾਹਰ ਨਿੱਕਲ ਕੇ ਮੋਰਚੇ ਦੀ ਸਫ਼ਲਤਾ ਲਈ ਆਪਣੇ ਫ਼ਰਜ਼ ਅਦਾ ਕਰਨ। ਭਾਈ ਮੰਡ ਦੇ ਸੰਦੇਸ਼ ਦੇਣ ਸਮੇਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਗੁਰਦੀਪ ਸਿੰਘ ਬਠਿੰਡਾ ਸਮੇਤ ਹੋਰ ਕਈ ਪੰਥਕ ਆਗੂ ਹਾਜ਼ਰ ਸਨ।
ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਵਾਲੀ ਥਾਂ ਤੋਂ ਜਾਰੀ ਕੀਤਾ ਸਿੱਖ ਕੌਮ ਦੇ ਨਾਂਅ ਸੰਦੇਸ਼



