Skip to content
Independent perspectives. Global stories.
BREAKING

ਪੰਜ (ਆਬ) ਦੇ ਆਬ ਸੰਕਟ ਨੂੰ ਪਹਿਚਾਨਣ ਦੀ ਜ਼ਰੂਰਤ

Share this story

’ਪੰਜ ਆਬੋ ਭਾਵ ਪੰਜ ਪਾਣੀਆਂ ਦੀ ਧਰਤੀ ਤੋਂ ਉਪਜੇ ਪੰਜਾਬ ਦੀ ਧਰਤੀ ਜੇ ਜ਼ਰਖੇਜ਼ ਹੈ ਤਾਂ ਇਸ ਦਾ ਮੁਖ ਕਾਰਨ ਚੰਗੇ ਪਾਣੀ ਦੀ ਉਪਲਬਧਤਾ ਦਾ ਹੋਣਾ ਹੈ । ਇਸ ਦੀ ਪਹਿਚਾਣ ਅੰਮ੍ਰਿਤ ਰੂਪੀ ਪਾਣੀ ਵਜੋਂ ਕੀਤੀ ਜਾਣੀ ਵੀ ਸੁਭਾਵਿਕ ਹੈ । ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਰ ਅਜ ਪੰਜ ਪਾਣੀਆਂ ਦੀ ਧਰਤੀ ਤੇ ਪਾਣੀ ਦੇ ਹੀ ਗੰਭੀਰ ਸੰਕਟ ਦੇ ਬਦਲ ਮੰਡਰਾ ਰਹੇ ਹਨ ਅਤੇ ਜੇ ਇਸੇ ਤਰ੍ਹਾਂ ਚਲਦਾ ਰਿਹਾ ਅਤੇ ਵੇਲਾ ਨਾ ਸੰਭਾਲਿਆ ਗਿਆ ਤਾਂ ਇਸ ਸੰਕਟ ਦੇ ਇਕ ਕਿਆਮਤ ਦਾ ਰੂਪ ਧਾਰਨ ਕਰਨ ਦੀ ਸੰਭਾਵਨਾ ਹੈ ।
ਕੀ ਸਾਡੇ ਵਡਿਆਂ ਨੇ ਕਦੀ ਸੋਚਿਆ ਹੋਵੇਗਾ ਕਿ :
ਝ ਪੰਜਾਬ ਵਿਚ ਪੀਣ ਵਾਲਾ ਪਾਣੀ ਮੁਲ ਵਿਕੇਗਾ ?
ਝ ਪੀਣ ਦੇ ਪਾਣੀ ਨੂੰ ਸਾਫ ਕਰਨ ਲਈ ਘਰਾਂ ਵਿਚ ਜੰਤਰ ਲਾਉਣੇ ਪੈਣਗੇ ?
ਝ ਧਰਤੀ ਹੇਠਲਾ ਪਾਣੀ ਕਢਣ ਲਈ ਖੂਹਾਂ ਦੀ ਥਾਂ ਸਬਮਰਸੀਬਲ ਪੰਪ ਲਾਉਣੇ ਪੈਣਗੇ ?
ਪਰ ਇਹ ਸਾਰੀਆਂ ਅਣਕਿਆਸੀਆਂ ਗਲਾਂ ਹਕੀਕਤ ਹੋ ਚੁਕੀਆਂ ਹਨ । ਇਹ ਸਾਰਾ ਕੁਝ ਉਸ ਧਰਤੀ ਤੇ ਹੋਇਆ ਜਿਥੇ ’ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਅਤੇ ’ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ’ ਦੇ ਮਹਾਂ-ਵਾਕਾਂ ਨਾਲ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ । ਪੰਜਾਬ ਵਿਚ ਘਰੇਲੂ ਵਰਤੋਂ ਤੋਂ ਲੈ ਕੇ ਕਾਰਖ਼ਾਨਿਆਂ ਅਤੇ ਖੇਤਾਂ ਦੀ ਸਿੰਚਾਈ ਵਾਸਤੇ 70-80% ਪਾਣੀ ਧਰਤੀ ਹੇਠੋਂ ਕਢਿਆ ਜਾ ਰਿਹਾ ਹੈ । ਇਹ ਉਹ ਪਾਣੀ ਹੈ ਜੋ ਕੁਦਰਤ ਨੇ ਇਕ ਬੈਂਕ ਖ਼ਾਤੇ ਦੀ ਤਰ੍ਹਾਂ ਜਮ੍ਹਾਂ ਕੀਤਾ ਸੀ ਤਾਂ ਜੋ ਜਿਸ ਵਿਚੋਂ ਸਿਰਫ ਲੋੜ ਪੈਣ ਤੇ ਪਾਣੀ ਕਢਿਆ ਜਾ ਸਕੇ । ਕੁਦਰਤ ਵਲੋਂ ਇਸ ਨੂੂੰ ਮੀਂਹ ਦੇ ਵਾਧੂ ਪਾਣੀ ਅਤੇ ਹੜ੍ਹਾਂ ਦੁਆਰਾ ਬਰਕਰਾਰ ਰਖਿਆ ਜਾ ਰਿਹਾ ਸੀ ਪਰ ਇਨਸਾਨ ਨੇ ਪਾਣੀ ਦੇ ਇਸ ਸ੍ਰੋਤ ਨੂੰ ਗਲਤੀ ਨਾਲ ਕਦੀ ਨਾ ਖ਼ਤਮ ਹੋਣ ਵਾਲਾ ਸਮਝ ਕੇ ਇਸ ਪਾਣੀ ਦੀ ਦੁਰਵਰਤੋਂ ਸ਼ੁਰੂ ਕਰ ਦਿਤੀ । ਇਹ ਦੁਰਵਰਤੋਂ ਹਰ ਖੇਤਰ, ਭਾਵ ਘਰੇਲੂ ਕਾਰਖਨਿਆਂ ਵਿਚ ਅਤੇ ਖੇਤਾਂ ਦੀ ਸਿੰਚਾਈ ਲਈ ਹੋਈ, ਭਾਵੇਂ ਕਿ ਮੁਖ ਤੌਰ ਤੇ ਦੋਸ਼ੀ ਸਿਰਫ ਕਿਸਾਨ ਨੂੰ ਹੀ ਦਰਸਾਇਆ ਗਿਆ । ਮਿਨਰਲ ਵਾਟਰ ਦੀਆਂ ਕੰਪਨੀਆਂ, ਸਰਵਿਸ ਸਟੇਸ਼ਨਾਂ, ਕਾਰਖਾਨਿਆਂ ਆਦਿ ਵਲੋਂ ਕੀਤੀ ਦੁਰਵਰਤੋਂ ਨੂੰ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ ।ਹਾਲਾਂਕਿ ਕਿਸਾਨ ਤਾਂ ਸਿਰਫ ਪਾਣੀ ਕਢਦਾ ਹੀ ਹੈ ਪਰ ਇਹ ਬਾਕੀ ਅਦਾਰੇ ਪਾਣੀ ਕਢ ਕੇ ਅਤੇ ਦੂਸ਼ਿਤ ਪਾਣੀ ਨੂੰ ਜ਼ਮੀਨ ਵਿਚ ਹੀ ਪਾ ਰਹੇ ਹਨ ਭਾਵ ਦੋਹਰਾ ਜੁਰਮ ਕਰ ਰਹੇ ਹਨ । ਨਤੀਜਾ, ਪਾਣੀ ਸਾਡੀ ਪਹੁੰਚ ਤੋਂ ਥਲੇ ਜਾਣ ਲਗ ਪਿਆ । ਪਾਣੀ ਸਿਰਫ ਡੂੰਘਾ ਹੀ ਨਹੀਂ ਗਿਆ ਸਗੋਂ ਇਸ ਦੀ ਗੁਣਵਤਾ ਵੀ ਘਟੀ । ਟਿਊਬਵੈਲ ਡੂੰਘੇ ਹੁੰਦੇ ਗਏ, ਸਬਮਰਸੀਬਲ ਮੋਟਰਾਂ ਲਗਣ ਲਗ ਪਈਆਂ ਅਤੇ ਖਰਚਾ ਵਧਦਾ ਗਿਆ । ਹੋਰ ਤਾਂ ਹੋਰ ਘਰਾਂ ਵਿਚ ਵੀ ਨਲਕਿਆਂ ਦੀ ਥਾਂ ਸਬਮਰਸੀਬਲ ਮੋਟਰਾਂ ਨੇ ਲੈ ਲਈ । ਇਸ ਦਾ ਸਭ ਤੋਂ ਬੁਰਾ ਪ੍ਰਭਾਵ ਕਿਸਾਨੀ ’ਤੇ ਪਿਆ ਅਤੇ ਪਵੇਗਾ । ਛੋਟੀ ਕਿਸਾਨੀ ਵਿਚੋਂ ਤਾਂ ਸਬਮਰਸੀਬਲ ਟਿਊਬਵੈਲ ਦਾ ਖਰਚਾ ਹੀ ਨਹੀਂ ਮੁੜਦਾ, ਆਮਦਨ ਤਾਂ ਦੂਰ ਦੀ ਗਲ ਹੈ । ਸੋ, ਕਿਸਾਨ ਕਰਜ਼ਾਈ ਹੁੰਦਾ ਗਿਆ । ਝੋਨਾ-ਪਾਣੀ-ਟਿਊਬਵੈਲ ਇਕ ਅਜਿਹਾ ਚੁਰਾਸੀ ਦਾ ਗੇੜ ਬਣਿਆ ਕਿ ਇਸ ਨੇ ਕਿਸਾਨ ਦੇ ਨਾਲ ਨਾਲ ਆਮ ਆਦਮੀ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ।
ਪਾਣੀ ਦਾ ਸੰਕਟ ਕੀ ਹੈ?
ਘਟ ਮੀਂਹ, ਝੋਨਾ ਅਧਾਰਤ ਫ਼ਸਲੀ ਚਕਰ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਵਧ ਗਈ । ਮੀਂਹ ਦੇ ਪਾਣੀ ਦੇ ਰੋੜ੍ਹ ਵਧਣ ਕਰਕੇ ਮੀਂਹ ਦਾ ਵਾਧੂ ਪਾਣੀ ਧਰਤੀ ਵਿਚ ਨਹੀਂ ਜ਼ੀਰਦਾ ।
ਸ਼ਹਿਰੀਕਰਨ ਨੇ ਵੀ ਇਸ ਵਿਚ ਆਪਣਾ ਰੋਲ ਅਦਾ ਕੀਤਾ ਹੈ ਕਿਉਂਕਿ ਸ਼ਹਿਰਾਂ ਵਿਚ ਅਰਬਾਂ ਲੀਟਰ ਮੀਂਹ ਦਾ ਪਾਣੀ ਨਦੀਆਂ ਨਾਲਿਆਂ ਤੋਂ ਹੁੰਦਾ ਹੋਇਆ ਸਮੁੰਦਰ ਵਿਚ ਚਲਾ ਜਾਂਦਾ ਹੈ ਜੋ ਕਿ ਕਿਸੇ ਵੇਲੇ ਧਰਤੀ ਹੇਠਲੇ ਪਾਣੀ ਦਾ ਹਿਸਾ ਬਣਿਆ ਕਰਦਾ ਸੀ ।
ਪਾਣੀ ਦੇ ਸਾਰੇ ਪ੍ਰਮੁਖ ਸ੍ਰੋਤ ਭਾਵ ਮੀਂਹ ਦਾ ਪਾਣੀ, ਨਹਿਰੀ ਪਾਣੀ ਅਤੇ ਧਰਤੀ ਹੇਠਲਾ ਪਾਣੀ, ਸਾਰੇ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਵਖਰੇ-ਵਖਰੇ ਕਰਕੇ ਨਹੀਂ ਦੇਖਿਆ ਜਾ ਸਕਦਾ । ਪੰਜਾਬ ਵਿਚ ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੀ ਕੁਲ ਉਪਲਬਧ ਮਾਤਰਾ 35.1 (ਬਿਲੀਅਨ ਕਿਊਬਿਕ ਮੀਟਰ) ਹੈ ਅਤੇ ਦੂਜੇ ਪਾਸੋਂ ਪਾਣੀ ਦੀ ਸਿਰਫ ਖੇਤੀ ਸੈਕਟਰ ਦੀ ਮੰਗ 60.0 ਹੈ । ਸੋ, ਪਾਣੀ ਦੀ ਇਸ ਮੰਗ ਨੂੰ ਪੂਰਾ ਕਰਨ ਵਾਸਤੇ ਧਰਤੀ ਹੇਠਲੇ ਪਾਣੀ ਨੂੰ ਕਢ ਕੇ ਕੀਤੀ ਜਾ ਰਹੀ ਹੈ ਜਿਸ ਕਰਕੇ ਹਰ ਸਾਲ ਪਾਣੀ ਦਾ ਪਧਰ ਥਲੇ ਡਿਗ ਰਿਹਾ ਹੈ । ਇਸ ਵੇਲੇ ਪੰਜਾਬ ਵਿਚ 15 ਲਖ ਤੋਂ ਵਧ ਟਿਊਬਵੈਲਾਂ (ਇਹ ਸਿਰਫ ਖੇਤੀ ਸਬੰਧਤ ਹੀ ਹਨ) ਰਾਹੀਂ ਪਾਣੀ ਕਢਿਆ ਜਾ ਰਿਹਾ ਹੈ ਜਿਸ ਕਰਕੇ 75% ਤੋਂ ਵਧ ਡਾਰਕ ਯਾਨੀ ਕਾਲੇ ਜ਼ੋਨ ਘੋਸ਼ਿਤ ਕੀਤੇ ਜਾ ਚੁਕੇ ਹਨ । ਪੰਜਾਬ ਵਿਚ 85% ਰਕਬੇ ਵਿਚ ਪਾਣੀ 10 ਮੀਟਰ ਤੋਂ ਹੇਠਾਂ ਹੈ ਜੋ ਕਿ 2025 ਤਕ 90% ਤੋਂ ਵਧਣ ਦੀ ਸੰਭਾਵਨਾ ਹੈ । ਜੇ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਪੰਜਾਬ ਵਿਚ ਪਾਣੀ ਦੇ ਇਸ ਸ੍ਰੋਤ ਦੀ 15-20 ਸਾਲਾਂ ਵਿਚ ਬਿਲਕੁਲ ਖਤਮ ਹੋਣ ਦੀ ਸੰਭਾਵਨਾ ਹੈ । ਇਥੇ ਇਹ ਵਰਨਣਯੋਗ ਹੈ ਕਿ ਹੁਣ ਤਕ ਮਨੁਖੀ ਸਭਿਅਤਾਵਾਂ ਪਾਣੀ ਦੇ ਕੰਢੇ ਹੀ ਵਸਦੀਆਂ ਰਹੀਆਂ ਹਨ ਅਤੇ ਪਾਣੀ ਦੀ ਅਣਹੋਂਦ ਕਾਰਨ ਹੀ ਖਤਮ ਹੁੰਦੀਆਂ ਰਹੀਆਂ ਹਨ।
ਸੰਕਟ ਤੋਂ ਬਚਾਅ
ਕਿਹਾ ਜਾਂਦਾ ਹੈ ਕਿ ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਭੁਲਿਆ ਨਹੀਂ ਅਖਵਾਉਂਦਾ । ਸੋ, ਹਾਲੇ ਵੀ ਸਮਾਂ ਹੈ ਕਿ ਅਸੀਂ ਸੰਭਲੀਏ । ਪੰਜਾਬ ਵਿਚ ਲਾਤੂਰ (ਮਹਾਰਾਸ਼ਟਰ) ਵਰਗੇ ਹਾਲਾਤ ਹੋਣ ਤੋਂ ਬਚਾਈਏ । ਪਰ ਹਾਂ, ਇਹ ਕੰਮ ਸਿਰਫ ਸਰਕਾਰ ਦਾ ਨਹੀਂ ਹੈ । ਇਸ ਲਈ ਹਰ ਨਾਗਰਿਕ ਨੂੰ ਚੇਤੰਨ ਹੋਣਾ ਪਵੇਗਾ । ਸਾਨੂੰ ਸਾਰਿਆਂ ਨੂੰ (ਆਮ ਆਦਮੀ, ਕਾਰਖਾਨੇ ਦਾ ਮਾਲਕ ਜਾਂ ਫਿਰ ਕਿਸਾਨ) ਇਸ ਸੰਕਟ ਤੋਂ ਨਿਕਲਣ ਲਈ ਹੰਭਲਾ ਮਾਰਨਾ ਹੋਵੇਗਾ । ਇਹ ਹੰਭਲਾ ਕਿਵੇਂ ਮਾਰਨਾ ਹੈ, ਆਉ ਇਸ ਤੇ ਵੀਚਾਰ ਕਰੀਏ :
(ੳ) ਪਾਣੀ ਦੀ ਮੰਗ ਨੂੰ ਘਟਾਈਏ
ਹਰ ਆਦਮੀ ਭਾਵੇਂ ਉਹ ਆਮ ਨਾਗਰਿਕ, ਕਾਰਖਾਨੇ ਦਾ ਮਾਲਕ ਜਾਂ ਫਿਰ ਕਿਸਾਨ ਹੋਵੇ, ਨੂੰ ਆਪਣੇ ਆਪਣੇ ਖੇਤਰ ਵਿਚ ਪਾਣੀ ਦੀ ਸੁਚਜੀ ਵਰਤੋਂ ਨਾਲ ਪਾਣੀ ਦੀ ਮੰਗ ਨੂੰ ਘਟਾਉਣ ਦਾ ਪ੍ਰਣ ਲੈਣਾ ਪਵੇਗਾ । ਇਸ ਸਬੰਧੀ ਕੁਝ ਨੁਕਤੇ ਹੇਠਾਂ ਦਸੇ ਗਏ ਹਨ :
ਝ ਪਾਣੀ ਨੂੰ ਨਹਾਉਣ ਅਤੇ ਕਪੜੇ ਧੋਣ ਲਈ ਸੰਜਮ ਨਾਲ ਵਰਤਿਆ ਜਾਵੇ।
ਝ ਇਕ ਵਾਰ ਨਿਕਾਸਿਤ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਇਆ ਜਾਵੇ।
ਝ ਘਰਾਂ ਅਤੇ ਦਫਤਰਾਂ ਵਿਚ ਘਟ ਪਾਣੀ ਵਾਲੇ ਫਲਸ਼ ਟੈਂਕ ਲਾਏ ਜਾਣ।
ਝ ਪਾਣੀ ਨਾਲ ਗਡੀਆਂ ਅਤੇ ਫ਼ਰਸ਼ ਨਾ ਧੋਤੇ ਜਾਣ ਅਤੇ ਸਰਵਿਸ ਸਟੇਸ਼ਨਾਂ ਤੇ ਹੁੰਦੀ ਦੁਰਵਰਤੋਂ ’ਤੇ ਕੰਟਰੋਲ ਕੀਤਾ ਜਾਵੇ।
ਝ ਖੇਤਾਂ ਨੂੰ ਲੇਜ਼ਰ ਲੈਵਲਰ ਨਾਲ ਪਧਰਾ ਕਰਕੇ ਸਿੰਚਾਈ ਵਾਸਤੇ ਛੋਟੇ ਕਿਆਰੇ ਬਣਾਏ ਜਾਣ ।
ਝ ਵਧ ਪਾਣੀ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਿ ਝੋਨਾ, ਬਹਾਰ ਰੁਤ ਦੀ ਮਕੀ ਆਦਿ ਹੇਠ ਰਕਬਾ ਘਟਾਇਆ ਜਾਵੇ ਅਤੇ ਇਨ੍ਹਾਂ ਫਸਲਾਂ ਦੀਆਂ ਘਟ ਸਮਾਂ ਲੈਣ ਵਾਲੀਆਂ ਕਿਸਮਾਂ ਹੀ ਬੀਜੀਆਂ ਜਾਣ।
ਝ ਝੋਨੇ ਦੀ ਲੁਆਈ ਜਿਥੋਂ ਤਕ ਹੋ ਸਕੇ ਮਾਨਸੂਨ ਦੌਰਾਨ ਹੀ ਕੀਤੀ ਜਾਵੇ ।
ਝ ਫ਼ਸਲਾਂ ਨੂੰ ਪਾਣੀ ਮੌਸਮ ਦੀ ਭਵਿਖਬਾਣੀ ਅਨੁਸਾਰ ਦਿਤਾ ਜਾਵੇ।
ਝ ਧਰਤੀ ਤੋਂ ਪਾਣੀ ਦੇ ਵਾਸ਼ਪੀਕਰਨ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਅਤੇ ਪਰਾਲੀ ਵਿਛਾ ਕੇ ਘਟਾਇਆ ਜਾਵੇ।
ਝ ਜਿਥੇ ਸੰਭਵ ਹੋਵੇ ਤੁਪਕਾ ਸਿੰਚਾਈ ਦਾ ਤਰੀਕਾ ਅਪਣਾਇਆ ਜਾਵੇ।
ਝ ਮਿਨਰਲ ਵਾਟਰ ਕੰਪਨੀਆਂ ਤੋਂ ਰੀਚਾਰਜ ਵੈਲ ਅਤੇ ਹਰਿਆਵਲ ਲਈ ਫੰਡ ਲਏ ਜਾਣ।
(ਅ) ਪਾਣੀ ਦੀ ਉਪਲਬਧਤਾ ਵਧਾਈਏ :
ਪਾਣੀ ਦੀ ਮੰਗ ਨੂੰ ਘਟਾਉਣ ਦੇ ਨਾਲ ਨਾਲ ਪਾਣੀ ਦੇ ਕੁਦਰਤੀ ਸ੍ਰੋਤਾਂ ਲਈ ਪਾਣੀ ਦੀ ਉਪਲਬਧਤਾ ਵਧਾਉਣ ਦੀ ਵੀ ਜ਼ਰੂਰਤ ਹੈ ।
ਝ ਸ਼ਹਿਰਾਂ ਵਿਚ ਮੀਂਹ ਦੇ ਪਾਣੀ ਦੀ ਧਰਤੀ ਵਿਚ ਪਾਣੀ ਜ਼ੀਰਨ ਦੀ ਸਮਰਥਾ ਘਟ ਕੇ ਨਾਂਹ ਦੇ ਬਰਾਬਰ ਰਹਿ ਗਈ ਹੈ। ਇਸ ਕਰਕੇ ਮੀਂਹ ਦਾ ਸਾਰਾ ਪਾਣੀ ਨਦੀਆਂ-ਨਾਲਿਆਂ ਤੋਂ ਹੁੰਦਾ ਹੋਇਆ ਸਮੁੰਦਰ ਦਾ ਹਿਸਾ ਬਣ ਜਾਂਦਾ ਹੈ । ਸੋ, ਲੋੜ ਹੈ ਕਿ ਘਰਾਂ ਦੀਆਂ ਛਤਾਂ ਤੇ ਮੀਂਹ ਦੇ ਪੈਂਦੇ ਪਾਣੀ ਨੂੰ ਜਾਂ ਤਾਂ ਜ਼ਮੀਨਦੋਜ਼ ਟੈਂਕ ਬਣਾ ਕੇ ਸਟੋਰ ਕੀਤਾ ਜਾਵੇ ਜਾਂ ਫਿਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਤ ਰੀਚਾਰਜ ਦੇ ਢੰਗ ਤਰੀਕੇ ਅਪਣਾ ਕੇ ਰੀਚਾਰਜ ਕੀਤਾ ਜਾਵੇ ।
ਝ ਘਰਾਂ ਦੀ ਚਾਰਦੀਵਾਰੀ ਅਤੇ ਸੜਕ ਦੇ ਵਿਚਾਲੇ ਕਚੀ ਜਗ੍ਹਾ ਨੂੰ ਪਕਾ ਨਾ ਕੀਤਾ ਜਾਵੇ ਤਾਂ ਜੋ ਮੀਂਹ ਦਾ ਪਾਣੀ ਜ਼ਮੀਨ ਦੇ ਵਿਚ ਜ਼ੀਰ ਜਾਵੇ । ਜੇ ਪਕਾ ਵੀ ਕਰਨਾ ਹੋਵੇ ਤਾਂ ਸੁਰਾਖ ਵਾਲੀਆਂ ਟਾਈਲਾਂ ਵਰਤੀਆਂ ਜਾਣ ।
ਝ ਪਿੰਡਾਂ ਵਿਚ ਸਦੀਆਂ ਤੋਂ ਵਾਧੂ ਮੀਂਹ ਦੇ ਪਾਣੀ ਨੂੰ ਛਪੜਾਂ ਵਿਚ ਸਾਂਭਿਆ ਜਾਂਦਾ ਰਿਹਾ ਹੈ ਅਤੇ ਇਹ ਪਾਣੀ ਧਰਤੀ ਵਿਚ ਰੀਚਾਰਜ ਦੇ ਨਾਲ ਨਾਲ ਵਰਤੋਂ ਵਿਚ ਵੀ ਲਿਆਇਆ ਜਾਂਦਾ ਸੀ । ਘਰਾਂ ਵਿਚ ਲਗੇ ਟੁਲੂ ਪੰਪਾਂ ਨੇ ਇਨ੍ਹਾਂ ਨੂੰ ਅਣਗੌਲਿਆਂ ਕਰਕੇ ਸਿਰਫ ਗੰਦੇ ਪਾਣੀ ਦੇ ਛਪੜ ਬਣਾ ਦਿਤਾ ਹੈ । ਹੁਣ ਲੋੜ ਹੈ ਕਿ ਪਿੰਡਾਂ ਦੇ ਛਪੜ ਮੁੜ ਸਾਫ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਪਾਣੀ ਜੀਰਨ ਦੀ ਸ਼ਕਤੀ ਵਧਾਈ ਜਾ ਸਕੇ ਅਤੇ ਜਮ੍ਹਾਂ ਹੋਇਆ ਕੁਝ ਪਾਣੀ ਸਿੰਚਾਈ ਲਈ ਵਰਤਿਆ ਜਾ ਸਕੇ ।
ਝ ਸਰਕਾਰ ਵਲੋਂ ਨਹਿਰਾਂ ਦਾ ਵਾਧੂ ਪਾਣੀ (ਬਰਸਾਤਾਂ ਵੇਲੇ) ਰੀਚਾਰਜ ਕੀਤਾ ਜਾਣਾ ਚਾਹੀਦਾ ਹੈ ।
ਝ ਕਾਰਖਾਨਿਆਂ ਦਾ ਗੰਦਾ ਪਾਣੀ ਨਦੀਆਂ ਨਾਲਿਆਂ ਅਤੇ ਨਹਿਰਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ । ਹਾਲ ਵਿਚ ਹੀ ਇਸ ਪ੍ਰਦੂਸ਼ਣ ਕਰਕੇ ਬਿਆਸ ਦਰਿਆ ਵਿਚ ਜੀਵ-ਜੰਤੂਆਂ ਦੇ ਮਰਨ ਦੀਆਂ ਖਬਰਾਂ ਆਈਆਂ ਹਨ । ਕਾਰਖਾਨਿਆਂ ਵਿਚੋਂ ਨਿਕਾਸਿਤ ਗੰਦਾ ਪਾਣੀ ਦਰਿਆਵਾਂ ਅਤੇ ਨਾਲਿਆਂ ਵਿਚ ਸੁਟਣ ਨੂੰ ਜੁਰਮ ਕਰਾਰ ਦਿਤਾ ਜਾਣਾ ਚਾਹੀਦਾ ਹੈ ।
ਆਓ ਆਪਾਂ ਸਾਰੇ ਪਾਣੀ ਦੇ ਇਸ ਸੰਕਟ ਨੂੰ ਪਹਿਚਾਣੀਏ ਅਤੇ ਇਸ ਨੂੰ ਕੁਦਰਤ ਦੀ ਇਸ ਵਡਮੁਲੀ ਦਾਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲੀਏ । ਕਿਹਾ ਜਾਂਦਾ ਹੈ ਕਿ ਕਿਸੇ ਕੌਮ ਜਾਂ ਖਿਤੇ ਦੇ ਲੋਕਾਂ ਨੂੰ ਇਸ ਕਰਕੇ ਹੀ ਯਾਦ ਕੀਤਾ ਜਾਂਦਾ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛਡ ਕੇ ਗਏ ?
ਪਾਣੀ ਦੇ ਸੰਕਟ ਦੀ ਇਹ ਵਿਚਾਰ ਚਰਚਾ ਇਸ ਕਹਾਣੀ ਨਾਲ ਖਤਮ ਕਰਦੇ ਹਾਂ । ਕਿਹਾ ਜਾਂਦਾ ਹੈ ਕਿ ਜਦੋਂ ਰੋਮ ਨੂੰ ਅਗ ਲਗੀ ਹੋਈ ਸੀ ਤਾਂ ਇਕ ਚਿੜੀ ਦਰਿਆ ਵਿਚੋਂ ਚੁੰਝ ਨਾਲ ਉਸ ਅਗ ਉਪਰ ਪਾਣੀ ਪਾ ਰਹੀ ਸੀ । ਇਕ ਉਲੂ ਨੇ ਉਸ ਨੂੰ ਕਿਹਾ ਕਿ ਕੀ ਤੇਰੀ ਇਸ ਚੁੰਝ ਦੇ ਪਾਣੀ ਨਾਲ ਅਗ ਬੁਝ ਜਾਵੇਗੀ ? ਤਾਂ ਚਿੜੀ ਨੇ ਕਿਹਾ ਕਿ ਇਹ ਮੈਨੂੰ ਵੀ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅਗ ਨਹੀਂ ਬੁਝਣੀ ਪਰ ਘਟੋ ਘਟ ਮੇਰਾ ਨਾਂ ਤਾਂ ਅਗ ਬੁਝਾਉਣ ਵਾਲਿਆਂ ਵਿਚ ਸ਼ਾਮਲ ਹੋਵੇਗਾ । ਸੋ ਆਉ ਅਸੀਂ ਵੀ ਇਸ ਪਾਣੀ ਦੇ ਸੰਕਟ ਰੂਪੀ ਅਗ ਨੂੰ ਬੁਝਾਉਣ ਵਾਲਿਆਂ ਵਿਚ ਸ਼ਾਮਲ ਹੋਈਏ ।
-ਸੁਰਿੰਦਰ ਸਿੰਘ ਕੁਕਲ ਅਤੇ ਚਰਨਜੀਤ ਸਿੰਘ ਔਲਖ
ਖੇਤੀ ਯੂਨੀਵਰਸਿਟੀ ਲੁਧਿਆਣਾ

WRITTEN BY