ਅਜੋਕੇ ਸਿਆਸਤਦਾਨਾ ਲਈ ਸ਼ਰਾਫ਼ਤ ਸ਼ਬਦ ਵਰਤਣਾ ਬੜਾ ਅਜ਼ੀਬ ਜਿਹਾ ਲੱਗਦਾ ਹੈ। ਪ੍ਰੰਤੂ ਅਜੇ ਵੀ ਗੁਰਬਾਣੀ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਣ ਵਾਲੇ ਸਿਆਸਤਦਾਨ ਟਾਵੇਂ ਟਾਵੇਂ ਮਿਲਦੇ ਹਨ, ਜਿਹੜੇ ਸਿਆਸਤ ਵਿਚ ਰਹਿੰਦਿਆਂ ਵੀ ਸ਼ਰਾਫ਼ਤ ਦਾ ਪੱਲਾ ਫੜਕੇ ਵਿਚਰਦੇ ਰਹੇ ਹਨ। ਉਨ੍ਹਾਂ ਵਿਚ ਜਥੇਦਾਰ ਮਨਮੋਹਨ ਸਿੰਘ ਦਾ ਨਾਂ ਆਉਂਦਾ ਹੈ, ਜਿਹੜਾ ਸਿਆਸਤ ਵਿਚ ਵਿਚਰਦਿਆਂ ਵੀ ਬੇਦਾਗ਼, ਨਿਰਪੱਖ, ਸਿੱਖ ਧਰਮ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਾਲਾ ਲੋਕ ਨਾਇਕ ਬਣਕੇ ਪਟਿਆਲਾ ਵਿਚ ਵਰਤਦਾ ਰਿਹਾ। ਜਥੇਦਾਰ ਮਨਮੋਹਨ ਸਿੰਘ ਬਜਾਜ ਸ਼ਰਾਫਤ ਅਤੇ ਨੇਕਨੀਤੀ ਦੇ ਪੁਜਾਰੀ ਸਨ। ਹੋਤੀ ਮਰਦਾਨ ਤੋਂ ਦੇਸ਼ ਦੀ ਵੰਡ ਸਮੇਂ ਪਟਿਆਲਾ ਆ ਕਿ ਐਸੈ ਵਸੇ ਕਿ ਮੁੜਕੇ ਪਟਿਆਲਾ ਦੇ ਨਿਵਾਸੀ ਹੋ ਗਏ। ਆਪ ਦਾ ਜਨਮ ਪਿਤਾ ਸ੍ਰ.ਸਰੂਪ ਸਿੰਘ ਅਤੇ ਮਾਤਾ ਚੰਨੋ ਕੌਰ ਦੇ ਘਰ ਕਸਬਾ ਨੌਸ਼ਹਿਰਾ ਜਿਲ੍ਹਾ ਮਰਦਾਨ ਵਿਖੇ 15 ਫਰਵਰੀ 1926 ਨੂੰ ਹੋਇਆ। ਮਨਮੋਹਨ ਸਿੰਘ ਪੰਜਾਂ ਭਰਾਵਾਂ ਅਤੇ ਇੱਕ ਭੈਣ ਵਿਚੋਂ ਸਭ ਤੋਂ ਵੱਡੇ ਸਨ। ਮੁੱਢਲੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਨੌਸ਼ਹਿਰਾ ਤੋਂ ਕਰਨ ਤੋਂ ਬਾਅਦ ਮੈਟ੍ਰਿਕ ਲਾਹੌਰ ਤੋਂ ਪਾਸ ਕੀਤੀ। ਬਚਪਨ ਵਿਚ ਹੀ ਅਕਾਲੀ ਸਿਆਸਤ ਵਿਚ ਦਿਲਚਸਪੀ ਲੈਣ ਲੱਗ ਪਏ ਸਨ ਕਿਉਂਕਿ ਅਜੀਤ ਸਿੰਘ ਸਰਹੱਦੀ ਅਕਾਲੀ ਲੀਡਰ ਨਾਲ ਉਨ੍ਹਾਂ ਦਾ ਚੰਗਾ ਸਹਿਚਾਰ ਸੀ। ਅਜੀਤ ਸਿੰਘ ਸਰਹੱਦੀ ਮਾਸਟਰ ਤਾਰਾ ਸਿੰਘ ਦੇ ਬਹੁਤ ਨਜ਼ਦੀਕ ਸਨ। ਮਨਮੋਹਨ ਸਿੰਘ ਮਾਸਟਰ ਤਾਰਾ ਸਿੰਘ ਤੋਂ ਪ੍ਰਭਾਵਤ ਹੋ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਅਕਾਲੀ ਦਲ ਦੇ ਸਮਾਗਮਾ ਵਿਚ ਹਿੱਸਾ ਲੈਣ ਲੱਗ ਪਏ। ਮਹਿਜ 16 ਸਾਲ ਦੀ ਉਮਰ ਵਿਚ 1942 ਵਿਚ ਹੋਤੀ ਮਰਦਾਨ ਤੋਂ ਪ੍ਰਕਾਸ਼ਤ ਹੋਣ ਵਾਲੇ ਉਰਦੂ ਦੇ ਹਫ਼ਤਾਵਾਰੀ ਅਖ਼ਬਾਰ ਅਕਾਲੀ ਵਿਚ ਸਬ ਐਡੀਟਰ ਲੱਗ ਗਏ। ਸਬ ਐਡੀਟਰ ਹੁੰਦਿਆਂ ਹਰ ਹਫ਼ਤੇ ਆਪਦੇ ਲੇਖ ਸੰਪਾਦਕੀ ਦੇ ਰੂਪ ਵਿਚ ਪ੍ਰਕਾਸ਼ਤ ਹੋਣ ਲੱਗ ਪਏ। ਅਖ਼ਬਾਰ ਦੀ ਸੰਪਾਦਨਾ ਦੇ ਨਾਲ ਹੀ ਮਨਮੋਹਨ ਸਿੰਘ ਅਕਾਲੀ ਮੋਰਚਿਆਂ ਵਿਚ ਹਿੱਸਾ ਲੈਂਦੇ ਰਹੇ ਹੋਤੀ ਮਰਦਾਨ ਦੇ ਇਲਾਕੇ ਵਿਚ ਬਹੁਤੇ ਸਿੱਖ ਪਰਿਵਾਰ ਕਾਂਗਰਸ ਪਾਰਟੀ ਦੇ ਹਮਾਇਤੀ ਸਨ ਪ੍ਰੰਤੂ ਮਨਮੋਹਨ ਸਿੰਘ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਜੀਤ ਸਿੰਘ ਸਰਹੱਦੀ ਨਾਲ ਰਲਕੇ ਸ਼ਲਾਘਾਯੋਗ ਕੰਮ ਕੀਤਾ। ਇਸ ਸਮੇਂ ਦੌਰਾਨ ਆਪ ਦੀ ਮਾਤਾ ਸਵਰਗਵਾਸ ਹੋ ਗਏ। ਪਰਿਵਾਰ ਵਿਚ ਵੱਡਾ ਹੋਣ ਕਰਕੇ ਆਪਣੇ ਪਿਤਾ ਨਾਲ ਪਰਿਵਾਰ ਦੀ ਪਾਲਣ ਪੋਸ਼ਣ ਵਿਚ ਪੂਰਾ ਸਾਥ ਦਿੱਤਾ। ਪ੍ਰੰਤੂ 1947 ਵਿਚ ਦੇਸ ਦੀ ਵੰਡ ਸਮੇਂ ਆਪਦਾ ਪਿਤਾ ਵੀ ਮਾਰਿਆ ਗਿਆ ਇਸ ਲਈ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆਪ ਦੇ ਸਿਰ ਪੈ ਗਈ। ਪੱਤਰਕਾਰੀ ਨੂੰ ਵੀ ਤਿਲਾਂਜਲੀ ਮਜ਼ਬੂਰੀ ਵਸ ਦੇਣੀ ਪਈ। ਉਹ ਆਪਣੇ ਭਰਾਵਾਂ ਨੂੰ ਲੈ ਕੇ ਪਟਿਆਲਾ ਆ ਗਿਆ। ਇਥੇ ਮਹਾਰਾਜਾ ਪਟਿਆਲਾ ਦੇ ਪਰਿਵਾਰ ਨੇ ਉਜੜ ਕੇ ਆਏ ਲੋਕਾਂ ਦੀ ਬਾਂਹ ਫੜੀ। ਪਰਿਵਾਰ ਦੀ ਪਾਲਣਾ ਪੋਸ਼ਣਾ ਲਈ ਆਪ ਨੂੰ ਕਈ ਪਾਪੜ ਵੇਲਣੇ ਪਏ। 1948 ਵਿਚ ਸ਼੍ਰੀਮਤੀ ਤ੍ਰਿਪਤ ਕੌਰ ਨਾਲ ਵਿਆਹ ਕਰਵਾ ਲਿਆ। ਫਿਰ ਵੀ ਅਖ਼ੀਰ ਪਿਤਾ ਪੁਰਖੀ ਕਪੜੇ ਦਾ ਛੋਟਾ ਜਿਹਾ ਵਿਓਪਾਰ ਸ਼ੁਰੂ ਕਰ ਲਿਆ। ਆਪਦਾ ਵਿਓਪਾਰ ਵੀ ਚੰਗਾ ਚਲ ਪਿਆ। ਵਿਓਪਾਰ ਦੇ ਨਾਲ ਹੀ ਮਨਮੋਹਨ ਸਿੰਘ ਬਜਾਜ ਨੇ ਅਕਾਲੀ ਦਲ ਦੀ ਸਿਆਸਤ ਅਤੇ ਸਮਾਜ ਸੇਵਾ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਮੁੜ ਸ਼ੁਰੂ ਕਰ ਦਿੱਤਾ। ਉਨ੍ਹਾਂ ਪਹਿਲੀ ਵਾਰ 1952 ਵਿਚ ਨਗਰਪਾਲਿਕਾ ਪਟਿਆਲਾ ਦੇ ਕਾਊਂਸਲਰ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਦੂਜੀ ਵਾਰ 1957 ਵਿਚ ਇਹ ਚੋਣ ਜਿੱਤੀ। ਉਹ 3 ਵਾਰ ਨਗਰਪਾਲਿਕਾ ਪਟਿਆਲਾ ਦੇ ਕੌਂਸਲਰ ਬਣੇ ਜਿਸ ਕਰਕੇ ਅਕਾਲੀ ਸਿਆਸਤ ਵਿਚ ਉਨ੍ਹਾਂ ਦੀ ਭੱਲ ਬਣ ਗਈ। ਹੋਤੀ ਮਰਦਾਨ ਬਰਾਦਰੀ ਵਿਚ ਬਹੁਤ ਹੀ ਹਰਮਨ ਪਿਆਰੇ ਹੋ ਗਏ ਪਹਿਲਾਂ ਆਪ ਅਜੀਤ ਸਿੰਘ ਸਰਹੱਦੀ ਕਰਕੇ ਮਾਸਟਰ ਤਾਰਾ ਸਿੰਘ ਦੇ ਸਮਰਥਕ ਸਨ ਪ੍ਰੰਤੂ 1966 ਵਿਚ ਅਕਾਲੀ ਦਲ ਦੋਫਾੜ ਹੋ ਗਿਆ।
ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਦੋਹਾਂ ਅਕਾਲੀ ਦਲਾਂ ਦੇ ਧੜਿਆਂ ਦੇ ਮੁਖੀ ਸਨ। ਪਟਿਆਲਾ ਵਿਚ ਗੁਰਚਰਨ ਸਿੰਘ ਟੌਹੜਾ ਅਤੇ ਜਥੇਦਾਰ ਮਨਮੋਹਨ ਸਿੰਘ ਸੰਤ ਫਤਿਹ ਸਿੰਘ ਵਾਲੇ ਅਕਾਲੀ ਦਲ ਨਾਲ ਖੜ੍ਹ ਗਏ। ਉਹ ਸੰਤ ਫਤਿਹ ਸਿੰਘ ਦੇ ਵਿਸ਼ਵਾਸ਼ ਪਾਤਰ ਬਣ ਗਏ। ਸੰਤ ਫਤਿਹ ਸਿੰਘ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦੇ ਨੇੜੇ ਹੋਣ ਕਰਕੇ ਅਕਾਲੀ ਦਲ ਦੀਆਂ ਮੀਟਿੰਗਾਂ ਦਾ ਕੇਂਦਰ ਉਨ੍ਹਾਂ ਦਾ ਘਰ ਬਣ ਗਿਆ। 1966 ਵਿਚ ਜਦੋਂ ਅਕਾਲੀ ਦਲ ਨੇ ਪੰਜਾਬੀ ਸੂਬੇ ਦਾ ਮੋਰਚਾ ਲਗਾਇਆ ਤਾਂ ਆਪ ਆਪਣੇ ਸਾਥੀਆਂ ਨਾਲ ਜੱਥਾ ਲੈ ਕੇ ਮੋਰਚੇ ਵਿਚ ਸ਼ਾਮਲ ਹੋਏ ਅਤੇ ਗ੍ਰਿਫ਼ਤਾਰੀ ਦਿੱਤੀ। ਆਪਨੂੰ 6 ਮਹੀਨੇ ਦੀ ਸਜਾ ਹੋਈ ਜਿਸ ਕਰਕੇ ਆਪ ਅੰਬਾਲਾ ਜੇਲ੍ਹ ਵਿਚ ਨਜ਼ਰਬੰਦ ਰਹੇ। 1972 ਵਿਚ ਦਿੱਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਅਕਾਲੀ ਦਲ ਨੇ ਮੋਰਚਾ ਲਗਾਇਆ ਜਿਸ ਵਿਚ ਆਪਨੇ ਗ੍ਰਿਫਤਾਰੀ ਦਿੱਤੀ ਅਤੇ ¦ਮਾਂ ਸਮਾਂ ਤਿਹਾੜ ਜੇਲ੍ਹ ਵਿਚ ਰਹੇ। ਉਨ੍ਹਾਂ ਅਕਾਲੀ ਦਲ ਦੇ ਹਰ ਮੋਰਚੇ, ਪੰਜਾਬੀ ਸੂਬਾ ਅੰਦੋਲਨ, ਧਰਮ ਯੁਧ, ਐਮਰਜੈਂਸੀ ਵਿਰੁਧ, ਗੁਰਦੁਆਰਿਆਂ ਦੇ ਪ੍ਰਬੰਧ, ਸਤਲੁਜ ਯਮੁਨਾ ਲਿੰਕ ਨਹਿਰ ਆਦਿ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।
ਜਦੋਂ 1972 ਤੋਂ ਪਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਸਿਆਸਤ ਵਿਚ ਮੋਹਰੀ ਦੀ ਭੂਮਿਕਾ ਨਿਭਾਉਣ ਲੱਗੇ ਤਾਂ ਆਪ ਸ. ਬਾਦਲ ਦੇ ਇਤਨੇ ਨਜ਼ਦੀਕ ਹੋ ਗਏ ਜਿਸ ਕਰਕੇ ਪਟਿਆਲਾ ਵਿਚ ਆਪਨੂੰ ਛੋਟਾ ਬਾਦਲ ਕਿਹਾ ਜਾਣ ਲੱਗ ਪਿਆ ਸੀ। ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਪਟਿਆਲਾ ਦਾ 1974 ਵਿਚ ਪ੍ਰਧਾਨ ਬਣਾ ਦਿੱਤਾ ਗਿਆ। ਆਪ 1978 ਵਿਚ ਪੰਜਾਬ ਰਾਜ ਬਿਜਲੀ ਬੋਰਡ ਦੇ ਪਾਰਟ ਟਾਈਮ ਮੈਂਬਰ ਵੀ ਰਹੇ, ਉਸ ਸਮੇਂ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਵਿਚ ਸਹਾਇਤਾ ਕੀਤੀ। ਦੁਬਾਰਾ 1995 ਵਿਚ ਅਕਾਲੀ ਜਥਾ ਸ਼ਹਿਰੀ ਪਟਿਆਲਾ ਦਾ ਪ੍ਰਧਾਨ ਬਣਾ ਦਿੱਤਾ ਗਿਆ। ਆਪਨੂੰ 2000 ਵਿਚ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾ ਦਿੱਤਾ ਗਿਆ। ਆਪਨੇ ਪਟਿਆਲਾ ਦੇ ਵਿਕਾਸ ਦੀ ਨੁਹਾਰ ਹੀ ਬਦਲ ਦਿੱਤੀ। ਆਪ ਸ਼ਿਕਾਇਤ ਨਿਵਾਰਨ ਕਮੇਟੀ ਸਮੇਤ ਬਹੁਤ ਸਾਰੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਧਾਰਮਿਕ ਸੰਸਥਾਵਾਂ ਦੇ ਮੈਂਬਰ ਦੇ ਤੌਰ ਤੇ ਸਮਾਜ ਦੀ ਸੇਵਾ ਕੀਤੀ। ਆਪ ਦੀ ਸ਼ਰਾਫ਼ਤ, ਸਾਦਗੀ, ਨਮਰਤਾ, ਰਹਿਮਦਿਲੀ ਅਤੇ ਸਿਆਣਪ ਨੇ ਲੋਕਾਂ ਦਾ ਦਿਲ ਜਿੱਤ ਲਿਆ, ਜਿਸ ਕਰਕੇ ਆਪ ਪਟਿਆਲਵੀਆਂ ਦੇ ਦਿਲਾਂ ਤੇ ਰਾਜ ਕਰਦੇ ਰਹੇ। ਆਪ ਇਕੱਲੇ ਅਜਿਹੇ ਸਿਆਸਤਦਾਨ ਸਨ ਜਿਨ੍ਹਾਂ ਦਾ ਸਾਰੀਆਂ ਪਾਰਟੀਆਂ ਅਤੇ ਵਰਗਾਂ ਦੇ ਲੋਕ ਸਤਿਕਾਰ ਅਤੇ ਮਾਣ ਕਰਦੇ ਸਨ। ਮਨਮੋਹਨ ਸਿੰਘ ਆਪਣੇ ਧਰਮ ਵਿਚ ਪਰਪੱਕ ਸਨ ਪ੍ਰੰਤੂ ਕੱਟੜਵਾਦੀ ਨਹੀਂ ਸਨ, ਜਿਸ ਕਰਕੇ ਆਪ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਦੇ ਪੰਜ ਸੌ ਸਾਲਾ ਸਮਾਗਮ ਮਨਾਉਣ ਵਾਲੀ ਕਮੇਟੀ ਦੇ ਸਕੱਤਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਤਿੰਨ ਸੌ ਸਾਲਾ ਸਮਾਗਮਾਂ ਨੂੰ ਆਯੋਜਤ ਕਰਨ ਵਾਲੀ ਪ੍ਰਕਾਸ ਉਤਸਵ ਦੀ ਕਮੇਟੀ ਦੇ ਜਨਰਲ ਸਕੱਤਰ ਸਨ। ਪਟਿਆਲਾ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਉਹ ਸਰਪਰਸਤ, ਪ੍ਰਧਾਨ ਅਤੇ ਮੈਂਬਰ ਸਨ, ਜਿਨ੍ਹਾਂ ਵਿਚ ਗੁਰੂ ਅਰਜਨ ਕੀਰਤਨ ਮੰਡਲ ਅਤੇ ਗੁਰਦੁਆਰਾ ਸਿੰਘ ਸਭਾ ਸ਼ਾਮਲ ਹਨ। ਆਪਦੇ ਤਿੰਨ ਬੇਟੀਆਂ ਅਤੇ ਦੋ ਬੇਟੇ ਹਨ।
ਪਿਤਾ ਦੀ ਧਾਰਮਿਕ ਅਤੇ ਸਮਾਜਿਕ ਵਿਰਾਸਤ ਤੇ ਪਹਿਰਾ ਦਿੱਤਾ ਬਿਲਕੁਲ ਉਸੀ ਤਰ੍ਹਾਂ ਆਪਦਾ ਸਪੁੱਤਰ ਇੰਦਰਮੋਹਨ ਸਿੰਘ ਬਜਾਜ ਅਤੇ ਪੋਤਰਾ ਅਮਰਿੰਦਰ ਸਿੰਘ ਬਜਾਜ ਆਪਦੇ ਪਾਏ ਪੂਰਨਿਆਂ ਤੇ ਚਲਣ ਦੀ ਕੋਸ਼ਿਸ਼ ਕਰ ਰਹੇ ਹਨ। ਜਥੇਦਾਰ ਮਨਮੋਹਨ ਸਿੰਘ 25 ਦਸੰਬਰ 2003 ਵਿਚ ਸਵਰਗ ਸਿਧਾਰ ਗਏ।
ਹਲੀਮੀ, ਧਰਮ ਨਿਰਪੱਖਤਾ ਤੇ ਦਰਵੇਸ਼ੀ ਦੇ ਪ੍ਰਤੀਕ ਸ. ਮਨਮੋਹਨ ਸਿੰਘ ਬਜਾਜ



