ਭਾਰਤ ਅਤੇ ਬੰਗਲਾ ਦੇਸ਼ ਚੰਗੇ ਗੁਆਂਢੀ ਹਨ। ਬੰਗਲਾ ਦੇਸ਼ ਨੂੰ ਵੱਖਰੇ ਮੁਲਕ ਵਜੋਂ ਹੋਂਦ ਵਿੱਚ ਲਿਆਉਣ ਲਈ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਹੈ। ਬੰਗਲਾ ਦੇਸ਼ ਸਿਆਸੀ ਤੌਰ ’ਤੇ ਸ਼ੁਰੂ ਤੋਂ ਹੀ ਸੰਕਟ ਵਿੱਚ ਰਿਹਾ ਹੈ। ਦੇਸ਼ ਦੀ ਆਰਥਿਕ ਹਾਲਤ ਵੀ ਬਹੁਤੀ ਬੇਹਤਰ ਨਹੀਂ ਹੈ। ਬੰਗਲਾ ਦੇਸ਼ ਨੂੰ ਭਾਰਤ ਤੋਂ ਹਮੇਸ਼ਾਂ ਵੱਡੇ ਸਹਿਯੋਗ ਦੀ ਉਮੀਦ ਰਹੀ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤੇ ਨੂੰ ਹੋਰ ਬੇਹਤਰ ਬਣਾਉਣ ਲਈ ਯਤਨ ਹੋ ਰਹੇਹ ਨ। ਇਸ ਸੰਦਰਭ ਵਿੱਚ ਪਿਛਲੇ ਦਿਨੀਂ ਸ਼ਾਂਤੀ ਨਿਕੇਤਨ ਵਿਖੇ ਹੋਏ ਇਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਹ ਕਹਿਣਾ ਵੱਡੇ ਅਰਥ ਰੱਖਦਾ ਹੈ ਕਿ ਭਾਰਤ ਤੇ ਬੰਗਲਾ ਦੇਸ਼ ਦੋ ਵਖ ਵਖ ਦੇਸ਼ ਹਨ ਪਰ ਦੋਵੇਂ ਆਪਸੀ ਵਿਸ਼ਵਾਸ ਤੇ ਸਹਿਯੋਗ ਸਦਕਾ ਇਕ ਦੂਜੇ ਦੇ ਨਾਲ ਗੂੜ੍ਹੇ ਰਿਸ਼ਤੇ ਵਿਚ ਬਝੇ ਹੋਏ ਹਨ। ਪ੍ਰਧਾਨ ਮੰਤਰੀ ਵਿਸ਼ਵ ਭਾਰਤੀ ਯੂਨੀਵਰਸਿਟੀ ਵਿਚ 49ਵੀਂ ਕਾਨਵੋਕੇਸ਼ਨ ਵਿਚ ਸ਼ਾਮਲ ਹੋਣ ਆਏ ਸਨ। ਇਸ ਅਹਿਮ ਮੌਕੇ ਉਨ੍ਹਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਪਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਅਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਸਾਬੁਜਕੋਲੀ ਸੇਨ ਦੇ ਨਾਲ ਮੰਚ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਮੌਕੇ ’ਤੇ ਬੰਗਲਾਦੇਸ਼ ਨਾਲ ਸਦੀਵੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਸਭਿਆਚਾਰ ਤੇ ਨੀਤੀਆਂ ਵਿਚ ਸਮਾਨਤਾ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਕੋਲ ਇਕ ਦੂਜੇ ਤੋਂ ਸਿਖਣ ਦੇ ਲਈ ਬਹੁਤ ਕੁਝ ਹੈ। ਦੋਵੇਂ ਦੇਸ਼ਾਂ ਦੀ ਇਸ ਸਾਂਝ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਭਾਰਤੀ ਯੂਨੀਵਰਸਿਟੀ ਵਿਖੇ ਬੰਗਾਲਾਦੇਸ਼ ਭਵਨ ਦਾ ਨਿਰਮਾਣ ਕੀਤਾ ਗਿਆ ਹੈ। ਯੂਨੀਵਰਸਿਟੀ ਵਿਚ ਬੰਗਲਾਦੇਸ਼ ਭਵਨ ਦਾ ਉਦਘਾਟਨ ਕਰਨ ਮੌਕੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਵਲੇ ਮਸਲਿਆਂ ਉਤੇ ਵੇਰਵੇ ਸਹਿਤ ਕਰੀਬ ਡੇਢ ਘੰਟਾ ਲੰਮੀ ਗਲਬਾਤ ਕੀਤੀ। ਦੋਵਾਂ ਦੇਸ਼ਾਂ ਨੇ ਖਿਤੇ ਦੀ ਸੁਰਖਿਆ ਅਤੇ ਰਾਜਨੀਤੀ ਬਾਰੇ ਵੀ ਚਰਚਾ ਕੀਤੀ। ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣਗੇ ਅਤੇ ਅੱਗੇ ਵਧਣ ਵਿੱਚ ਇਕ ਦੂਸਰੇ ਦੀ ਮਦਦ ਕਰਨਗੇ। ਕੌਮਾਂਤਰੀ ਪੱਧਰ ’ਤੇ ਵੀ ਦੋਵੇਂ ਦੇਸ਼ਾਂ ਨੂੰ ਇਕ ਦੂਸਰੇ ਨਾਲ ਮਿਲਜੁਲ ਕੇ ਵਿਚਰਨਾ ਚਾਹੀਦਾ ਹੈ। ਦੋਵੇਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿੱਚ ਫੈਲੀ ਹਿੰਸਾ ਨੂੰ ਰੋਕਣ ਲਈ ਵੀ ਸਾਂਝੇ ਯਤਨ ਹੋਣੇ ਚਾਹੀਦੇ ਹਨ। ਬੰਗਲਾਦੇਸ਼ ਤੇ ਭਾਰਤ ਰੋਹਿੰਗੀਆ ਮੁਸਲਮਾਨਾਂ ਨੂੰ ਵਾਪਿਸ ਮਿਆਂਮਾਰ ਭੇਜਣ ਦੇ ਲਈ ਇਕ ਮਤ ਹਨ। ਰੋਹਿੰਗੀਆ ਮੁਸਲਮਾਨ ਇਸ ਸਮੇਂ ਬੰਗਲਾਦੇਸ਼ ਦੇ ਕੈਂਪਾਂ ਵਿਚ ਰਹਿ ਰਹੇ ਹਨ। ਸ਼ੇਖ ਹਸੀਨਾ ਚਾਹੁੰਦੇ ਹਨ ਕਿ ਬੰਗਲਾਦੇਸ਼ ਕੌਕਸ ਬਾਜ਼ਾਰ ਵਿਚ ਸ਼ਰਨ ਲੈ ਰਹੇ ਰੋਹਿੰਗੀਆ ਮੁਸਲਮਾਨਾ ਨੂੰ ਮਿਆਂਮਾਰ ਵਾਪਿਸ ਲਵੇ। ਬੰਗਲਾਦੇਸ਼ ਇਸ ਸਬੰਧ ਵਿੱਚ ਭਾਰਤ ਦੀ ਮਦਦ ਚਾਹੁੰਦਾ ਹੈ। ਇਹ ਆਸ ਕਰਨੀ ਚਾਹੀਦੀ ਹੈ ਕਿ ਦਵੱਲੇ ਮਸਲਿਆਂ ਵਿੱਚ ਦੋਵੇਂ ਦੇਸ਼ ਸਹਿਯੋਗ ਕਰਨ।
30 ਮਈ 2018 – ਬਲਜੀਤ ਸਿੰਘ ਬਰਾੜ



