ਤਲਵੰਡੀ ਸਾਬੋ, 29 ਮਈ (ਰਾਮ ਰੇਸ਼ਮ ਸ਼ਰਨ)- ਤਲਵੰਡੀ ਸਾਬੋ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਸਨੇ ਜਿਲ੍ਹੇ ਭਰ ਵਿੱਚ ਸਰਗਰਮ ਚੇਨੀ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਹਾਂਲਾਕਿ ਗਿਰੋਹ ਦਾ ਇੱਕ ਮੈਂਬਰ ਭੱਜਣ ਵਿੱਚ ਸਫਲ ਹੋ ਗਿਆ ਜਿਸਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਅੱਜ ਥਾਣਾ ਤਲਵੰਡੀ ਸਾਬੋ ਵਿਖੇ ਬੀਤੇ ਦਿਨ ਨਿਯੁਕਤ ਹੋ ਕੇ ਆਏ ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਨਾ ਕੇਵਲ ਉਕਤ ਖਿੱਤੇ ਵਿੱਚ ਔਰਤਾਂ ਦੀਆਂ ਚੇਨੀਆਂ ਝਪਟਨ ਦੀਆਂ ਵਾਰਦਾਤਾਂ ਵਧ ਗਈਆਂ ਸਨ ਸਗੋਂ ਪੁਲਿਸ ਉਸ ਸਮੇਂ ਤੋਂ ਹਰਕਤ ਵਿੱਚ ਆ ਗਈ ਸੀ ਜਦੋਂ ਬੀਤੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਤੋਂ ਆਈ ਸੰਗਤ ਤੋਂ ਸੋਨੇ ਦੀ ਚੇਨੀ ਝਪਟ ਲਈ ਗਈ।ਉਕਤ ਮਾਮਲੇ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਸੀ ਕਿ ਬੀਤੇ ਦਿਨ ਸਥਾਨਕ ਦਸ਼ਮੇਸ ਸਕੂਲ ਦੇ ਰਜਬਾਹੇ ਤੇ ਹੌਲਦਾਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾ ਲਾਇਆ ਹੋਇਆ ਸੀ ਕਿ ਉਨਾਂ ਨੇ ਹੀਰੋ ਹਾਂਡਾ ਮੋਟਰਸਾਈਕਲ ਤੇ ਆ ਰਹੇ ਤਿੰਨ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਤਿੰਨ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਕੇ ਭੱਜ ਗਿਆ ਜਦੋਂਕਿ ਬਾਕੀ ਦੋ ਨੂੰ ਪੁਲਿਸ ਨੇ ਕਾਬੂ ਕਰ ਲਿਆ।ਬਾਦ ਵਿੱਚ ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਤਿੰਨੋ ਨੌਜਵਾਨ ਚੇਨੀ ਚੋਰ ਗਿਰੋਹ ਦੇ ਮੈਂਬਰ ਹਨ। ਤਲਵੰਡੀ ਸਾਬੋ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਬੁਰਜ ਢਿੱਲਵਾਂ (ਮਾਨਸਾ) ਤੋਂ ਦੋ ਸੋਨੇ ਦੀਆਂ ਚੇਨੀਆਂ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਮਾਈਸਰਖਾਨਾ ਤੋਂ ਇੱਕ ਸੋਨੇ ਦੀ ਤੇ ਇੱਕ ਆਰਟੀਫੀਸ਼ਅਲ ਚੇਨੀ ਬਰਾਮਦ ਕੀਤੀ ਹੈ ਜਦੋਂਕਿ ਤੀਜੇ ਭੱਜੇ ਨੌਜਵਾਨ ਦੀ ਪਛਾਣ ਬੂਟਾ ਸਿੰਘ ਵਾਸੀ ਕੁੱਤੀਵਾਲ ਖੁਰਦ ਵਜੋਂ ਹੋਈ ਹੈ।ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨੌਜਵਾਨ ਮੌੜ ਮੰਡੀ ਦੀ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਦੇ ਸਨ ਕਿ ਵਿਸਾਖੀ ਮੌਕੇ ਤੋਂ ਉਨਾਂ ਨੇ ਚੇਨੀਆਂ ਝਪਟਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ।ਪੁਲਿਸ ਨੇ ਉਕਤ ਨੌਜਵਾਨਾਂ ਤੇ ਮੁਕੱਦਮਾ ਨੰ: 129 ਅਧੀਨ ਧਾਰਾ 379 ਬੀ,411 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰਕੇ ਉਨਾਂ ਨੂੰ ਸਥਾਨਕ ਮਾਨਯਗਿ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਭੱਜੇ ਤੀਜੇ ਕਥਿਤ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਤੇਜ ਕਰ ਦਿੱਤੀ ਹੈ।
ਤਲਵੰਡੀ ਸਾਬੋ ਪੁਲਿਸ ਵੱਲੋਂ ਚੇਨੀ ਚੋਰ ਗਿਰੋਹ ਦੇ ਦੋ ਮੈਂਬਰ ਕਾਬੂ, ਇੱਕ ਫਰਾਰ



