Skip to content
Independent perspectives. Global stories.
BREAKING

ਸਬਰ ਤੇ ਸੰਤੋਖ ਦਾ ਪੈ ਰਿਹਾ ਕਾਲ

Share this story

ਮਨੁੱਖੀ ਜ਼ਿੰਦਗੀ ਦੇ ਵਿੱਚ ਸਬਰ, ਸੰਤੋਖ ਤੇ ਭਰੋਸੇ ਦਾ ਕਾਲ ਪੈ ਗਿਆ ਹੈ। ਮਨੁੱਖ ਦੀ ਲਾਲਸਾ ਦਿਨੋਂ ਦਿਨ ਵੱਧ ਹੀ ਨਹੀਂ ਰਹੀ ਸਗੋਂ ਹਲਕ ਰਹੀ ਹੈ । ਜਦੋਂ ਕੋਈ ਮਨੁੱਖ ਕਿਸੇ ਵੀ ਲਾਲਚ ਵਿੱਚ ਆ ਕੇ ਹਲਕਦਾ ਹੈ, ਉਹ ਫੇਰ ਬੇਗਾਨਿਆਂ ਨੂੰ ਹੀ ਨਹੀਂ ਸਗੋਂ ਆਪਣੇ ਘਰਦਿਆਂ ਨੂੰ ਵੱਢਣ ਲੱਗ ਪੈਂਦਾ ਹੈ । ਮਨੁੱਖੀ ਸੰਸਾਰ ਵਿੱਚ ਜ਼ਰ, ਜ਼ੋਰੂ ਤੇ ਜ਼ਮੀਨ ਦੀ ਲਾਲਸਾ ਨੇ ਮਨੁੱਖ ਨੂੰ ਅੱਖਾਂ ਤੋਂ ਅੰਨ੍ਹਾ ਹੀ ਨਹੀਂ ਸਗੋਂ ਅਕਲੋਂ ਵੀ ਅੰਨ੍ਹਾ ਕਰ ਦਿੱਤਾ ਹੈ ਤੇ ਉਹ ਹੁਣ ਆਪਣਿਆਂ ਦਾ ਆਪਣੇ ਹੱਥੀਂ ਕਿਵੇਂ ਕਤਲ ਕਰਦਾ ਹੈ? ਇਸ ਸੰਬੰਧੀ ਕਈ ਸਦੀਆਂ ਤੋਂ ਇਸ ਤਰ੍ਹਾਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਮਨੁੱਖ ਦੀ ਨਾ ਤਾਂ ਲਾਲਸਾ ਮੁੱਕੀ ਹੈ ਤੇ ਨਾ ਹੀ ਲਾਲਚ ਮੁੱਕਿਆ ਹੈ । ਪਰ ਇਸ ਸਭ ਕੁੱਝ ਨਾਲ ਬਹੁਤ ਸਾਰੇ ਰਿਸ਼ਤੇ ਜ਼ਰੂਰ ਮੁੱਕੇ ਹਨ । ਜਦੋਂ ਦੀ ਇਹ ਧਰਤੀ ਸੰਸਾਰ ਬਣੀ ਹੈ, ਉਹਨਾਂ ਲਾਲਚੀ ਮਨੁੱਖਾਂ ਤੇ ਦੇਸ਼ਾਂ ਦੀ ਗਿਣਤੀ ਵੱਧ ਗਈ ਹੈ, ਜਿਹੜੇ ਇੱਕ ਦੂਜੇ ਦੀਆਂ ਜਾਇਦਾਦਾਂ ਤੇ ਦੇਸ਼ਾਂ ਨੂੰ ਹੜੱਪਣ ਦੀ ਲਾਲਸਾ ਰੱਖਦੇ ਹਨ, ਉਹਨਾਂ ਨੇ ਇਸ ਦੇ ਲਈ ਕਈ ਤਰ੍ਹਾਂ ਦੇ ਅਜਿਹੇ ਲੋਕਾਂ ਨੂੰ ਲੁਭਾਉਣ ਵਾਲੇ ਯੰਤਰ ਈਜ਼ਾਦ ਕਰ ਲਏ ਹਨ। ਜਿਨ੍ਹਾਂ ਦੀ ਲਾਲਸਾ ਵਿੱਚ ਫਸਕੇ ਮਨੁੱਖ ਉਹਨਾਂ ਦੇ ਵੱਲ ਦੌੜਿਆ ਹੀ ਜਾ ਰਿਹਾ ਹੈ, ਇਸ ਦੌੜ ਵਿੱਚ ਹੁਣ ਉਹ ਵੀ ਸ਼ਾਮਿਲ ਹੋ ਗਏ ਹਨ, ਜਿਨਾਂ ਦੇ ਪੱਲੇ ਵਿੱਚ ਕੁਝ ਵੀ ਨਹੀਂ, ਉਹਨਾਂ ਨੂੰ ਇਹ ਆਸ ਹੈ ਕਿ ਸ਼ਾਇਦ ਉਹਨਾਂ ਦਾ ਵੀ ਕਿਧਰੇ ਦਾਅ ਲੱਗ ਜਾਵੇ। ਇਸੇ ਤਰ੍ਹਾਂ ਹੁਣ ਮਨੁੱਖ ਦੀ ਸੋਚ ਬਣ ਗਈ ਹੈ, ਮਨੁੱਖ ਸ਼ਿਕਾਰੀ ਦੇ ਵਾਂਗ ਦਾਅ ਲਗਾਈ ਬੈਠਾ ਹੈ । ਜਦੋਂ ਵੀ ਤੇ ਜਿੱਥੇ ਵੀ ਉਸਦਾ ਦਾਅ ਲੱਗਦਾ ਹੈ, ਉਹ ਲਾਉਂਦਾ ਹੈ ਪਰ ਹੋਰਨਾਂ ਨੂੰ ਇਹ ਸਿੱਖਿਆ ਦੇਂਦਾ ਹੈ ਕਿ ਹੋਰਨਾਂ ਦਾ ਹਿੱਸਾ ਖਾਣਾ ਤੇ ਖੋਹਣਾ ਚੰਗਾ ਨਹੀਂ ਹੁੰਦਾ। ਪਰ ਖੁਦ ਉਹ ਇਹ ਕੁੱਝ ਕਰਦਾ ਹੈ, ਅੱਜ ਸਾਡੇ ਸਮਾਜ ਵਿੱਚ ਰੋਜ਼ਾਨਾ ਹੀ ਅਨੇਕਾ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਨੂੰ ਪੜ੍ਹਦਿਆਂ ਤੇ ਸੁਣਦਿਆਂ ਮਨ ਉਦਾਸ ਹੁੰਦਾ ਹੈ। ਦੋਸਤੋ ਮਨ ਉਸ ਵਿਅਕਤੀ ਦਾ ਹੀ ਉਦਾਸ ਹੁੰਦਾ ਹੈ ਜਿਸਦੇ ਅੰਦਰ ਅਜੇ ਮਨੁੱਖ ਜ਼ਿਉਂਦਾ ਤੇ ਜਾਗਦਾ ਹੈ ਪਰ ਸਮਾਜ ਵਿੱਚ ਬਹੁ-ਗਿਣਤੀ ਲੋਕਾਂ ਦੇ ਅੰਦਰੋਂ ਮਨੁੱਖ ਤਾਂ ਮਰ ਹੀ ਗਿਆ ਹੈ । ਜੇ ਮਨੁੱਖ ਮਰਿਆ ਨਹੀਂ ਤਾਂ ਕਿਸੇ ਨਾ ਕਿਸੇ ਦੇ ਭਾਰ ਥੱਲੇ ਏਨਾ ਦੱਬ ਗਿਆ ਹੈ ਕਿ ਉਸ ਤੋਂ ਸਿਰ ਹੀ ਚੁੱਕਿਆ ਨਹੀਂ ਜਾਂਦਾ, ਜੇ ਕਿਧਰੇ ਉਸ ਨੇ ਸਿਰ ਚੁੱਕਣ ਦੀ ਕਦੇ ਕੋਸ਼ਿਸ਼ ਵੀ ਕੀਤੀ ਜਾਂਦੀ ਤਾਂ ਉਸਦਾ ਸਿਰ ਅਗਲਿਆਂ ਨੇ ਇਸ ਤਰ੍ਹਾਂ ਭੰਨ ਦਿੱਤਾ, ਜਿਵੇਂ ਗਰਮੀ ਦੇ ਨਾਲ ਹਦਵਾਣਿਆ ਦੇ ਸਿਰ ਭੰਨੇ ਜਾਂਦੇ ਹਨ ।
ਮਨੁੱਖੀ ਜ਼ਿੰਦਗੀ ਵਿੱਚ ਸਬਰ ਤੇ ਸੰਤੋਖ ਦੀ ਬਹੁਤ ਵੱਡੀ ਮਹੱਤਤਾ ਹੈ, ਮਨੁੱਖ ਇਹਨਾਂ ਦੋਹਾਂ ਚੀਜ਼ਾਂ ਦੇ ਸਹਾਰੇ ਸਾਰੀ ਜ਼ਿੰਦਗੀ ਸਾਦਗੀ ਦੇ ਨਾਲ ਕੱਟ ਸਕਦਾ ਹੈ। ਗੁਰਬਾਣੀ ਵਿੱਚ ਇਸ ਸੰਬੰਧੀ ਬਹੁਤ ਸਲੋਕ ਦਰਜ ਹਨ, ਜਿਨ੍ਹਾਂ ਵਿੱਚ ਸਤ, ਸੰਤੋਖ ਤੇ ਵਿਚਾਰੋ ਅਜਿਹੇ ਜ਼ਿੰਦਗੀ ਦੇ ਤਿੰਨ ਸ਼ਬਦ ਹਨ, ਜਿਨ੍ਹਾਂ ਦੇ ਨਾਲ ਜ਼ਿੰਦਗੀ ਜੀਵੀ ਜਾ ਸਕਦੀ ਹੈ, ਪਰ ਮਨੁੱਖ ਇਹਨਾਂ ਤਿੰਨਾਂ ਹੀ ਸ਼ਬਦਾਂ ਨੂੰ ਤਿਆਗ ਕੇ ਅਜਿਹੀਆਂ ਲੱਭਤਾਂ ਦਾ ਸ਼ਿਕਾਰੀ ਬਣਿਆ ਹੈ ਕਿ ਉਸਨੂੰ ਸਭ ਕੁੱਝ ਹੀ ਭੁੱਲ ਗਿਆ ਹੈ । ਸਿਆਣੇ ਕਹਿੰਦੇ ਹਨ ਉਸਨੂੰ ਭੁਲਿਆ ਨਹੀਂ ਕਹਿੰਦੇ, ਜਿਹੜਾ ਸਵੇਰੇ ਗਿਆ ਸ਼ਾਮ ਨੂੰ ਘਰ ਪਰਤ ਆਵੇ। ਪਰ ਇਸ ਧਰਤੀ ਦੇ ਉ¤ਪਰ ਤਾਂ ਸੱਤਾ ਦੇ ਲਾਲਚੀਆਂ ਨੇ ਲੋਕਾਂ ਦੇ ਘਰ ਬਾਰ ਸਭ ਸਾੜ ਫੂਕ ਦਿੱਤੇ ਹਨ , ਉਹਨਾਂ ਨੇ ਆਪਣੀ ਸੱਤਾ ਕਾਇਮ ਰੱਖਣ ਲਈ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਅਜਿਹੀ ਆਤਿਸ਼ੀ ਬਾਜ਼ੀ ਸ਼ੁਰੂ ਕੀਤੀ ਹੈ, ਜਿਸ ਵਿੱਚ ਆਮ ਲੋਕ ਸੜਕੇ ਮਰ ਰਹੇ ਹਨ । ਜੇ ਕਿਧਰੇ ਕੋਈ ਸੱਤਾ ਦੇ ਵਿਰੁੱਧ ਬੋਲਣ ਦੀ ਜੁਰੱਅਤ ਵੀ ਕਰਦਾ ਹੈ । ਤਾਂ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ । ਜਾਂ ਫਿਰ ਕਿਸੇ ਐਕਸੀਡੈਂਟ ਵਿੱਚ ਉਸਨੂੰ ਬਿਲੇ ਲਾ ਦਿੱਤਾ ਜਾਂਦਾ ਹੈ । ਇਹ ਸਭ ਕੁਝ ਤਾਂ ਹੋ ਰਿਹਾ ਹੈ ਕਿ ਸੱਤਾਧਾਰੀਆ ਨੂੰ ਸੱਤ, ਸੰਤੋਖ, ਤੇ ਸਬਰ ਦਾ ਸਿਰਾ ਭੁੱਲ ਗਿਆ ਹੈ। ਭਾਵੇਂ ਅਧਿਆਤਮਵਾਦੀ ਇਹ ਆਖ ਕੇ ਸਾਨੂੰ ਚੁੱਪ ਰਹਿਣ ਦੇ ਲਈ ਆਖਦੇ ਹਨ ਕਿ ਜੋ ਕਰਤਾ ਕਰਦਾ ਹੈ, ਉਸ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ । ਕਿਉਂਕਿ ਕਰਤਾ ਜੋ ਕਰਦਾ ਹੈ, ਉਹ ਚੰਗਾ ਕਰਦਾ ਹੈ ਜਾਂ ਮਾੜਾ ਕਰਦਾ ਹੈ, ਇਸਦਾ ਗਿਆਨ ਤਾਂ ਉਸਨੂੰ ਹੀ ਹੈ, ਜਿਸਨੇ ਇਸ ਸ਼੍ਰਿਸ਼ਟੀ ਨੂੰ ਸਾਜਿਆ ਹੈ । ਪਰ ਇਸ ਸਮਾਜ ਵਿੱਚ ਮਨੁੱਖ ਉਸ ਕਰਤੇ ਨੂੰ ਭੁੱਲ ਕੇ ਖੁਦ ਕਰਤਾ ਬਣ ਕੇ ਬੈਠ ਗਿਆ ਹੈ । ਉਸਦੇ ਲਈ ਸਮਾਜ ਦੇ ਰਿਸ਼ਤਿਆਂ ਦੀ ਕੋਈ ਪਹਿਚਾਣ ਨਹੀਂ, ਅੱਜ ਜ਼ਰ, ਜ਼ੋਰੂ ਤੇ ਜ਼ਮੀਨ ਤੇ ਜਾਇਦਾਦ ਦੀ ਲਾਲਸਾ ਦੇ ਪਿੱਛੇ ਰਿਸ਼ਤਿਆਂ ਦੇ ਜਿੰਨੇ ਕਤਲ ਹੋ ਰਹੇ ਹਨ, ਇਸ ਤੋਂ ਪਹਿਲਾ ਕਦੇ ਵੀ ਨਹੀਂ ਹੋਏ ਉਸ ਸਮੇਂ ਵੀ ਨਹੀਂ, ਜਦੋਂ ਜੰਗਲ ਰਾਜ ਸੀ, ਪਰ ਹੁਣ ਅਸੀਂ ਇੱਥੇ 21ਵੀਂ ਸਦੀ ਵਿੱਚ ਰਹਿ ਰਹੇ ਹਾਂ, ਪਰ ਸਾਡੀਆਂ ਕਰਤੂਤਾਂ ,,,ਜੰਗਲੀ ਮਨੁੱਖ ਤੋਂ ਵੀ ਭੈੜੀਆਂ ਹਨ । ਕਾਰਨ ਇਸ ਦਾ ਏਹੀ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਭੁੱਲ ਗਏ ਹਾਂ, ਅਸੀਂ ਨਿੱਕੇ ਨਿੱਕੇ ਲਾਲਚਾਂ ਵਿੱਚ ਫਸਕੇ ਵੱਡੇ ਨੁਕਸਾਨ ਉਠਾ ਰਹੇ ਹਾਂ। ਉਹ ਇਸ ਕਰਕੇ ਸਾਡੇ ਮਨਾਂ ਦੇ ਅੰਦਰੋਂ ਸੱਚ ਬੋਲਣਾ ਤੇ ਸੱਚ ਸੁਨਣਾ ਖਤਮ ਹੋ ਗਿਆ ਹੈ । ਇਸ ਕਰਕੇ ਸਬਰ ਤੇ ਸੰਤੋਖ ਨੂੰ ਕਰਨਾ ਅਸੀਂ ਛੱਡ ਦਿੱਤਾ ਹੈ । ਜਦਕਿ ਸਬਰ ਤੋਂ ਬਿਨਾਂ ਢਿੱਡ ਨਹੀਂ ਭਰਿਆ ਜਾ ਸਕਦਾ ਪਰ ਅਸੀਂ ਇਹ ਅਕਸਰ ਕਹਿੰਦੇ ਹਾਂ ਕਿ ਢਿੱਡ ਭਰ ਗਿਆ ਨੀਤ ਨਹੀਂ ਭਰੀ । ਮਾੜੀ ਨੀਤ ਨੂੰ ਮਾੜਿਆਂ ਦਾ ਸਾਥ ਮਿਲਦਾ ਹੈ ਪਰ ਚੰਗਿਆਂ ਨੂੰ ਚੰਗਿਆਂ ਦੀ ਸੰਗਤ ਨਸੀਬ ਹੁੰਦੀ ਹੈ । ਨਸੀਬ ਬਣਾਉਣ ਲਈ ਜੂਆ ਖੇਡਣਾ ਪੈਂਦਾ ਹੈ, ਜੂਏ ਵਿੱਚ ਜਿੱਤ ਹਾਰ ਤਾਂ ਹੁੰਦੀ ਹੈ, ਜੇ ਅਸੀਂ ਸਬਰ ਤੇ ਸੰਤੋਖ ਨੂੰ ਲੜ ਬੰਨ ਲਈਏ ਤਾਂ ਸਾਡੀ ਜ਼ਿੰਦਗੀ ਦੇ ਕਈ ਮਸਲੇ ਹੱਲ ਹੋ ਸਕਦੇ ਹਨ । ਪਰ ਅਸੀਂ ਸਬਰ ਤੇ ਸੰਤੋਖ ਵੱਲ ਪਿੱਠ ਮੋੜ ਲਈ ਹੈ, ਇਸੇ ਕਰਕੇ ਅਸੀਂ ਆਪ ਦੁੱਖੀ ਹੁੰਦੇ ਹਾਂ ਤੇ ਹੋਰਨਾਂ ਨੂੰ ਦੁੱਖ ਦੇਂਦਾ ਹਾਂ, ਲੋੜ ਤਾਂ ਇਸ ਗੱਲ ਦੀ ਹੈ ਕਿ ਇਸ ਲਾਲਚ ਭਰੀ ਜ਼ਿੰਦਗੀ ਤੋਂ ਮੁਕਤ ਹੋ ਕੇ, ‘ਸੱਤ, ਸੰਤੋਖ ਦਾ ਪੱਲਾ ਫੜੀਏ ਤੇ ਸਬਰ ਨਾਲ ਜ਼ਿੰਦਗੀ ਜੀਵੀਏ ।

WRITTEN BY