June 3, 2026 8:49 pm

ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦਾ ਹੈ ਸਫ਼ਲਤਾ ਦਾ ਮੰਤਰ

ਮੈਂ ਇਕ ਟੀ.ਵੀ. ਲੜੀਵਾਰ ਬਾਰੇ ਪੜ੍ਹਿਆ ਜਿਸ ਵਿੱਚ ਬਾਸਕਟਬਾਲ ਖਿਡਾਰੀ ਮਾਈਕਲ ਜਾਰਡਨ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਸੀ, ਉਸ ਦੇ ਨਾਮ ਦੇ ਨਾਅਰੇ ਲੱਗ ਰਹੇ ਸਨ। ਮਾਈਕਲ ਆਪਣੇ ਆਪ ਨਾਲ ਸੰਵਾਦ ਰਚਾ ਰਿਹਾ ਸੀ ਕਿ ਮੈਂ 9000 ਸ਼ਾਟ ਮਿਸ ਕੀਤੇ। ਮੈਂ ਆਪਣੇ ਖੇਡ ਜੀਵਨ ਵਿੱਚ 300 ਵਾਰ ਹਾਰਿਆ ਅਤੇ 26 ਵਾਰ ਮੈਚ ਨੂੰ ਜਿੱਤਣ ਵਾਲੇ ਸ਼ਾਟ ਲਾਏ। ਇਨ੍ਹਾਂ ਹਾਰਾਂ ਕਾਰਨ ਹੀ ਮੈਂ ਜਿੱਤਿਆ। ਇਸੇ ਸੰਦਰਭ ਵਿੱਚ ਮੈਨੂੰ ਅਮਿਤਾਬ ਬਚਨ ਦੇ ਪਿਤਾ ਹਰਿਬੰਸ ਰਾਏ ਬਚਨ ਦੀਆਂ ਕੁਝ ਸਤਰਾਂ ਚੇਤੇ ਆ ਗਈਆਂ ਜੋ ਇਕ ਦੋਸਤ ਨੇ ਪੰਜਾਬੀ ਵਿੱਚ ਉਲੱਥਾ ਕਰਕੇ ਭੇਜੀਆਂ ਸਨ :
‘‘ਅਸਫ਼ਲਤਾ ਇਕ ਚੁਣੌਤੀ ਹੈ,
ਇਹਨੂੰ ਸਵੀਕਾਰ ਕਰੋ
ਕਮੀ ਕੀ ਰਹਿ ਗਈ,
ਦੇਖੋ ਅਤੇ ਸੁਧਾਰ ਕਰੋ।
ਜਦੋਂ ਤੱਕ ਨਾ ਸਫ਼ਲ ਹੋਵੋ,
ਨੀਂਦ ਚੈਨ ਤਿਆਗੋ ਤੁਸੀਂ।
ਸੰਘਰਸ਼ ਦੇ ਮੈਦਾਨ ’ਚੋਂ,
ਨਾ ਭੱਜੋ ਤੁਸੀਂ।
ਕੁਝ ਕੀਤੇ ਬਿਨਾਂ
ਜੈ ਜੈ ਕਾਰ ਨਹੀਂ ਹੁੰਦੀ।
ਕੋਸ਼ਿਸ਼ ਕਰਨ ਵਾਲਿਆਂ ਦੀ
ਕਦੇ ਹਾਰ ਨਹੀਂ ਹੁੰਦੀ।
ਲਹਿਰਾਂ ਤੋਂ ਡਰਕੇ
ਨੋਕਾ ਪਾਰ ਨਹੀਂ ਹੁੰਦੀ।’’
ਸਾਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ‘‘ਕੁੱਝ ਕੀਤੇ ਬਿਨਾਂ ਜੈ ਜੈ ਕਾਰ ਨਹੀਂ ਹੁੰਦੀ।’’ ਜੋ ਵੀ ਜੈ ਜੈ ਕਾਰ ਚਾਹੁੰਦਾ ਹੈ, ਸਫ਼ਲਤਾ ਚਾਹੁੰਦਾ ਹੈ। ਜਿੱਤ ਚਾਹੁੰਦਾ ਹੈ, ਮਸ਼ਹੂਰੀ ਖੱਟਣੀ ਚਾਹੁੰਦਾ ਹੈ, ਦੌਲਤ, ਸ਼ੋਹਰਤ ਅਤੇ ਸੱਤਾ ਦਾ ਚਾਹਵਾਨ ਹੈ। ਉਸ ਨੂੰ ਇਸਦੇ ਬਦਲੇ ਵੱਡੀ ਕੀਮਤ ਚਕਾਉਣ ਦੀ ਹਿੰਮਤ ਚਾਹੀਦੀ ਹੁੰਦੀ ਹੈ। ਜਿੱਤ ਹਮੇਸ਼ਾਂ ਆਪਣੀ ਕੀਮਤ ਵਸੂਲਦੀ ਹੈ। ਸਫ਼ਲਤਾ ਪ੍ਰਾਪਤ ਕਰਨ ਲਈ ਉਸ ਦੀ ਕੀਮਤ ਦੇਣੀ ਪੈਂਦੀ ਹੈ। ਇਹ ਕੀਮਤ ਕਠਿਨ ਅਤੇ ਸਖਤ ਮਿਹਨਤ ਦੇ ਰੂਪ ਵਿੱਚ ਹੁੰਦੀ ਹੈ, ਤਿਆਗ ਦੇ ਰੂਪ ਵਿੱਚ ਹੁੰਦੀ ਹੈ, ਸਾਧਨਾਂ ਦੇ ਰੂਪ ਵਿੱਚ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਜਿੱਤ ਹਮੇਸ਼ਾ ਸਿਦਕਵਾਨਾਂ ਦੀ ਹੁੰਦੀ ਹੈ। ਸਿਦਕਵਾਨਾਂ ਨੂੰ ਪਤਾ ਹੁੰਦੈ ਕਿ ਸੱਚ ਦਾ ਮੁੱਲ ਸੀਸ-ਭੇਟ ਤੋਂ ਘੱਟ ਨਹੀਂ ਪੈਂਦਾ ਅਤੇ ਉਹ ਸੀਸ ਤਲੀ ’ਤੇ ਧਰਕੇ ਹੀ ਨਿਕਲਦੇ ਹਨ।
ਇਤਿਹਾਸ ਦੇ ਪੰਨਿਆਂ ’ਤੇ ਆਪਣਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਵਾਉਣ ਵਾਲੇ ਆਪਣੀ ਨਜ਼ਰ ਹਮੇਸ਼ਾਂ ਟੀਸੀ ’ਤੇ ਰੱਖਦੇ ਹਨ। ਅਸਫ਼ਲਤਾਵਾਂ ਵੀ ਉਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਡਗਮਗਾ ਨਹੀਂ ਸਕਦੀਆਂ। ਅਜਿਹੇ ਰਾਹੀਆਂ ਨੇ ਹਿੰਮਤ ਨੂੰ ਯਾਰ ਬਣਾਇਆ ਹੁੰਦਾ ਹੈ। ਸ਼ਾਇਰ ਵਜਾਹਤ ਅਲੀ ਸੰਦੇਲਵੀ ਦਾ ਆਹ ਸ਼ੇਅਰ ਹਮੇਸ਼ਾਂ ਉਨ੍ਹਾਂ ਦੇ ਜ਼ਿਹਨ ’ਚ ਰਹਿੰਦਾ ਹੈ :
ਸਕੀਂ ਕੇ ਨੂਰ ਸੇ,
ਰੌਸ਼ਨ ਹੈਂ ਰਾਸਤੇ ਅਪਨੇ
ਯੇ ਵੋ ਚਿਰਾਗ ਹੈਂ,
ਤੂਫਾਂ ਜਿਨ੍ਹੇ ਬੁਝਾ ਨਾ ਸਕਾ।
ਸਫਲਤਾ ਦੇ ਰਾਹੀਆਂ ਨੂੰ ਪਤਾ ਹੁੰਦਾ ਹੈ ਕਿ ਕਾਮਯਾਬੀ ਹਾਸਲ ਕਰਨ ਲਈ ਕੀਮਤ ਤਾਂ ਦੇਣੀ ਹੀ ਪਵੇਗੀ। ਜੋ ਵਿਅਕਤੀ ਸਫ਼ਲਤਾ ਦੇ ਮੁਕਾਮ ’ਤੇ ਪਹੁੰਚਦਾ ਹੈ ਉਸ ਨੂੰ ਆਪਣੇ ਕੰਮ ਦੇ ਲਈ ਵਾਤਾਵਰਣ ਬਣਾਉਣ ਲਈ ਕਾਫੀ ਮੁੱਲ ਦੇਣਾ ਪੈਂਦਾ ਹੈ। ਭਾਵੇਂ ਉਹ ਸਿਆਸਤ ਵਿੱਚ ਸਫ਼ਲਤਾ ਪ੍ਰਾਪਤ ਕਰਦਾ ਹੈ ਜਾਂ ਵਪਾਰ ਵਿੱਚ ਜਾਂ ਫਿਰ ਖੇਤਾਂ ਵਿੱਚ ਅਤੇ ਜਾਂ ਫਿਲਮਾਂ ਵਿੱਚ। ਕਿਸੇ ਵੀ ਖੇਤਰ ਵਿੱਚ ਸਿਖਰ ’ਤੇ ਪਹੁੰਚਣ ਵਾਲਿਆਂ ਨੂੰ ਸਰੀਰਕ ਅਰਾਮ ਵੀ ਤਿਆਗਣਾ ਪੈਂਦਾ ਹੈ ਅਤੇ ਬਹੁਤ ਵਾਰ ਬੱਚਿਆਂ ਅਤੇ ਪਰਿਵਾਰ ਦਾ ਵਕਤ ਵੀ ਆਪਣੇ ਮਨੋਰਥ ਨੂੰ ਦੇਣਾ ਪੈਂਦਾ ਹੈ। ਬਹੁਤ ਸਾਰੇ ਸਿਆਸੀ ਲੀਡਰ ਆਪਣੀ ਨੀਂਦ ਵੀ ਪੂਰੇ ਨਹੀਂ ਲੈ ਸਕਦੇ। ਜਥੇਦਾਰ ਟੌਹੜਾ ਵਾਂਗ ਸਫ਼ਰ ਦੌਰਾਨ ਕਾਰਾਂ ਵਿੱਚ ਹੀ ਨੀਂਦ ਪੂਰੀ ਕਰਦੇ ਹਨ। ਸਿਆਸੀ ਨੇਤਾਵਾਂ ਨੂੰ ਬਹੁਤ ਵਾਰ ਨਾ ਚਾਹੁੰਦੇ ਹੋਏ ਵੀ ਅੱਧ ਮੰਨੇ ਮਨ ਨਾਲ ਚਿਹਰੇ ’ਤੇ ਮੁਸਕਰਾਹਟ ਲਿਆਕੇ ਮਿਲਣਾ ਪੈਂਦਾ ਹੈ।
ਇਕ ਦਿਨ ਇਕ ਸੰਤ ਨੇ ਮੈਨੂੰ ਦੱਸਿਆ ਕਿ ਸੰਤਗਿਰੀ ਬਹੁਤ ਔਖੀ ਖੇਡ ਹੈ। ਸਾਨੂੰ ਸਰੀਰਕ ਆਰਾਮ ਤਿਆਗਕੇ ਜ਼ਿੰਦਗੀ ਕੱਟਣੀ ਪੈਂਦੀ ਹੈ। ਗਰਮੀ ਸਰਦੀ ਬਹੁਤ ਕੁੱਝ ਅਜਿਹਾ ਕਰਦੇ ਹਾਂ ਜੋ ਦਿਲ ਨਹੀਂ ਚਾਹੁੰਦਾ। ਸਿਆਸਤ ਹੋਵੇ ਜਾਂ ਸੰਤਗਿਰੀ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਜੇ ਚੰਗੇ ਖ਼ਿਡਾਰੀ ਬਣਨਾ ਹੈ ਤਾਂ ਅਭਿਆਸ ਕਰਨਾ ਜ਼ਰੂਰੀ ਹੈ। ਜੇ ਅਫਸਰ ਬਣਨਾ ਤਾਂ ਪੜ੍ਹਨਾ ਜ਼ਰੂਰੀ ਹੈ। ਗੱਲ ਕੀ ਜ਼ਿੰਦਗੀ ਵਿੱਚ ਕੁੱਝ ਪਾਉਣ ਲਈ ਕੁੱਝ ਗਵਾਉਣਾ ਜ਼ਰੂਰੀ ਹੁੰਦਾ ਹੈ। ਕੁਰਬਾਨੀ ਤਾਂ ਕੁਦਰਤ ਦਾ ਨਿਯਮ ਹੈ। ਕੁਦਰਤ ਦਾ ਤਾਂ ਇਹ ਵੀ ਅਸੂਲ ਹੈ ਕਿ ਜਿਨਾਂ ਗੁੜ ਉਨ੍ਹਾਂ ਹੀ ਮਿੱਠਾ। ਸੋ ਸੂਤਰ ਸਪੱਸ਼ਟ ਕਿ ਸਫ਼ਲਤਾ ਜਾਂ ਜਿੱਤ ਲਈ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਕੁਝ ਕਰੇ ਬਿਨਾਂ ਜੈ ਜੈ ਕਾਰ ਨਹੀਂ ਹੁੰਦੀ।

Send this to a friend