ਖ਼ਬਰ ਹੈ ਕਿ ਸਿਖ ਇਤਿਹਾਸਕਾਰ ਡਾ: ਗੁਰਦਰਸ਼ਨ ਸਿੰਘ ਢਿਲੋਂ, ਸਾਬਕਾ ਆਈ ਏ ਐਸ ਗੁਰਤੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀ 12ਵੀਂ ਕਲਾਸ ਦੀ ਵਿਵਾਦਤ ਕਿਤਾਬ ਮਾਮਲੇ ਵਿਚ ਤਤਕਾਲੀ ਅਕਾਲੀ ਦਲ ਅਤੇ ਕਾਂਗਰਸ ਦੀ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤਿੰਨਾਂ ਵਿਦਵਾਨਾਂ ਨੇ ਕਿਹਾ ਕਿ 2014 ਵਿਚ ਕਿਤਾਬ ਛਾਪਣ ਅਤੇ ਸਿਲੇਬਸ ਬਨਾਉਣ ਦਾ ਫੈਸਲਾ ਲਿਆ ਗਿਆ ਸੀ ਅਤੇ ਕੈਪਟਨ ਸਰਕਾਰ ਹੁਣ ਇਸ ਫੈਸਲੇ ਨੂੰ ਲਾਗੂ ਕਰ ਰਹੀ ਹੈ। ਉਹਨਾ ਕਿਹਾ ਕਿ ਰਾਸ਼ਟਰਵਾਦ ਦੇ ਨਾਂ ਤੇ ਹਿੰਦੂਵਾਦ ਨੂੰ ਬੜਾਵਾ ਦੇਣ ਲਈ ਆਰ ਐਸ ਐਸ ਏਜੰਡੇ ਨੂੰ ਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ।
ਪੰਜਾਬ ਗ਼ੁਲਾਮ ਹੋਇਆ ਤੇ ਆਜ਼ਾਦ ਹੋਇਆ। ਫਿਰ ਗ਼ੁਲਾਮ ਤੇ ਆਜ਼ਾਦ ਹੋਇਆ, ਪਰ ਜਿਹੜੀ ਗੁਲਾਮੀ ਅਜ ਪੰਜਾਬ ਦੇ ਗਲੇ ਪਈ ਹੋਈ ਹੈ, ਉਹੋ ਜਿਹੀ ਗ਼ੁਲਾਮੀ ਇਸ ਪੰਜਾਬ ਨੇ ਕਦੇ ਨਹੀਂ ਵੇਖੀ। ਨਾ ਹੀ ਕਦੇ ਪੰਜਾਬ ਨੂੰ ਇਸ ਤਰ੍ਹਾਂ ਆਪਣੀ ਪਰਾਧੀਨਤਾ ਦਾ ਅਜ ਵਾਂਗ ਅਹਿਸਾਸ ਹੋਇਆ ਹੈ।
ਕੀ ਖਾਈਏ, ਕੀ ਪਹਿਨੀਏ ਦਾ ਫੈਸਲਾ ਕੌਣ ਕਰਦਾ ਆ? ਭਾਈ ਕੇਂਦਰ ਦੀ ਸਰਕਾਰ? ਕੀ ਬੋਲੀਏ, ਕੀ ਨਾ ਬੋਲੀਏ ਦਾ ਫੈਸਲਾ ਕੌਣ ਕਰਦਾ ਆ? ਭਾਈ ਕੇਂਦਰ ਦੀ ਸਰਕਾਰ! ਸੂਬੇ ਪੰਜਾਬ ‘ਚ ਕੀ ਪੜ੍ਹੀਏ, ਕੀ ਨਾ ਪੜ੍ਹੀਏ ਦਾ ਫੈਸਲਾ ਕੌਣ ਕਰਦਾ ਆ? ਭਾਈ ਕੇਂਦਰ ਦੀ ਸਰਕਾਰ! ਉਹੀ ਕੇਂਦਰ ਦੀ ਸਰਕਾਰ, ਜਿਸ ਦੇ ਨੇਤਾਵਾਂ ਕੌਮ ਲਈ ਕੀਤਾ ਹੀ ਕੁਝ ਨਹੀਂ ਸਗੋਂ ਅੰਗਰੇਜ਼ੀ ਸਰਕਾਰ ਤੋਂ ਮਾਫੀ ਮੰਗਕੇ ਖਹਿੜਾ ਛੁਡਵਾਇਆ ਅਤੇ ਅਜ ਹੀਰੋ ਬਣੇ ਬੈਠੇ ਹਨ। ਤੇ ਅਜ ਆਪਣੀ ਮਰਜ਼ੀ ਨਾਲ ਜੀਹਨੂੰ ਮਰਜ਼ੀ ਹੀਰੋ, ਜਿਹਨੂੰ ਮਰਜ਼ੀ ਜ਼ੀਰੋ ਬਣਾ ਰਹੇ ਆ। ਇਤਿਹਾਸ ਬਦਲ ਰਹੇ ਆ। ਤੇ ਸਾਡੇ ਪੰਜਾਬ ਦੇ ਬਾਦਲਾਂ, ਸਾਡੇ ਪੰਜਾਬ ਦੇ ਕੈਪਟਨਾਂ ਨੂੰ ਭਲਾ ਇਸ ਨਾਲ ਕੀ? ਉਹਨਾ ਨੂੰ ਤਾਂ ਕੁਰਸੀ ਪਿਆਰੀ ਆ, ਪੰਜਾਬ ਨਹੀਂ! ਉਹਨਾ ਨੂੰ ਕੁਰਸੀ ਪਿਆਰੀ ਆ, ਪੰਜਾਬ ਦੀ ਜਨਤਾ ਨਹੀਂ! ਉਹਨਾ ਨੂੰ ਤਾਂ ਕੁਰਸੀ ਪਿਆਰੀ ਆ, ਪੰਜਾਬ ਦਾ ਪਾਣੀ ਨਹੀਂ! ਉਹਨਾ ਨੂੰ ਤਾਂ ਕੁਰਸੀ ਪਿਆਰੀ ਆ, ਪੰਜਾਬੀ ਨਹੀਂ। ਭਲਾ ਉਹਨਾ ਨੂੰ ਸਿਖ ਇਤਿਹਾਸ ਨਾਲ ਕੀ? ਉਹਨਾ ਨੂੰ ਪੰਜਾਬ ਦੇ ਇਤਿਹਾਸ ਨਾਲ ਕੀ? ਉਹਨਾ ਨੂੰ ਦਿਲੀ ਜਾਣ ਲਈ ਉਡਣ ਖਟੋਲਾ ਚਾਹੀਦਾ ਆ। ਚਿਟੇ ਰੰਗ ਦੀ ਕਾਰ ਚਾਹੀਦੀ ਆ। ਪਰ ਤੂੰ, ਤੂੰ ਤਾਂ ਭਾਈ ਚੁਪ ਕਰਕੇ ਲਿਖੀ ਜਾ। ਬਾਕੀ ਗਲਾਂ ਫਿਰ ਕਰਾਂਗੇ। ਇਤਿਹਾਸ ਨੂੰ ਕੋਈ ਹਾਕਮ ਮੇਟ ਨਹੀਂਓ ਸਕਦਾ, ਨਾਨੀਆਂ, ਦਾਦੀਆਂ ਬਾਤਾਂ ਵਾਂਗਰ ਬਚਿਆਂ ਦੇ ਪੇਟੇ ਪਾ ਹੀ ਦਿੰਦੀਆਂ ਆਂ।
ਜਿਹੜੀ ਹੋਈ ਸੋ ਲਈ ਹੈ ਵੇਖ ਅਖੀਂ
ਖ਼ਬਰ ਹੈ ਕਿ ਤਿੰਨ ਸਾਲਾਂ ਬਚੀ ਨਾਲ ਮਕਾਨ ਮਾਲਕ ਵਲੋਂ ਪਟਿਆਲਾ ਵਿਖੇ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸੇ ਤਰ੍ਹਾਂ ਬਠਿੰਡਾ ਵਿਖੇ ਇਕ ਵਿਦਿਆਰਥਣ ਨਾਲ 23 ਅਪ੍ਰੈਲ ਨੂੰ ਇਕ ਸਰਪੰਚ ਦੇ ਮੁੰਡੇ ਅਤੇ ਉਸਦੇ ਸਹਿਯੋਗੀ ਨੇ ਜਬਰਦਸਤੀ ਲੜਕੀ ਨੂੰ ਮੋਟਰਸਾਈਕਲ ਤੇ ਬਿਠਾਇਆ। ਅਗਿਆਤ ਥਾਂ ਲੈ ਗਏ ਉਸ ਨਾਲ ਜਬਰ ਜਨਾਹ ਕੀਤਾ। ਉਸਦੀ ਵੀਡੀਓ ਬਣਾਈ। ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ। ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ।
ਪਤਾ ਨਹੀਂ ਕਿੰਨੀਆਂ ਮਸੂਮ ਬਚੀਆਂ ਦਿਨ ਪ੍ਰਤੀ ਜਬਰ ਜਨਾਹ ਦਾ ਸ਼ਿਕਾਰ ਹੁੰਦੀਆਂ ਹਨ। ਪਤਾ ਨਹੀਂ ਕਿੰਨੀਆਂ ਔਰਤਾਂ ਨਿਤ ਦਿਹਾੜੇ ਮਰਦਾਂ ਦੀਆਂ ਲੁਚੀਆਂ ਅਖਾਂ ਦਾ ਸ਼ਿਕਾਰ ਹੁੰਦੀਆਂ ਹਨ। ਪਤਾ ਨਹੀਂ ਕਿੰਨੀਆਂ ਔਰਤਾਂ, ਲੜਕੀਆਂ, ਮਸੂਮ ਬਚੀਆਂ ਮਰਦਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ। ਕਿਥੇ ਚਲਾ ਜਾਂਦਾ ਹੈ ਕਾਨੂੰਨ? ਕਿਥੇ ਚਲੀ ਜਾਂਦੀ ਹੈ ਸਰਕਾਰ? ਕਿਥੇ ਚਲਾ ਜਾਂਦਾ ਹੈ ਸਮਾਜ? ਸਮਾਜ ਜਿਹੜਾ ਸਭਿਅਕ ਸਮਾਜ ਹੋਣ ਦਾ ਢੌਂਗ ਰਚਦਾ ਹੈ? ਕਾਨੂੰਨ ਜਿਹੜਾ ਸਚ ਝੂਠ ਦਾ ਨਿਤਾਰਾ ਕਰਨ ਦਾ ਅਲੰਬਰਦਾਰ ਬਣਿਆ ਹੋਇਐ?
ਵੇਖੋ ਨਾ ਆਸਾ ਰਾਮ! ਵੇਖੋ ਨਾ ਰਾਮ ਰਹੀਮ!! ਵੇਖੋ ਨਾ ਕੁੰਭੀ ਨਰਕਾਂ ਦੇ ਵਾਸੀ ਸੈਂਕੜੇ ਸੰਤ ਮਹੰਤ!!! ਜਿਹੜੇ ਦਮਨ ਕਰਦੇ ਹਨ! ਆਸ਼ਰਮਾਂ ‘ਚ ਸੁਖ ਭੋਗਦੇ ਹਨ! ਤੇ ਨੇਤਾ, ਉਹਨਾ ਦੀਆਂ ਵੋਟਾਂ ਦੇ ਅਭਿਲਾਸ਼ੀ ਬਣਦੇ ਹਨ।
ਖੇਤਾਂ ‘ਚ ਕਿਸਾਨ ਮਰਿਆ! ਉਹਨਾ ਨੂੰ ਕੀ? ਸਰਹਦਾਂ ਤੇ ਜਵਾਨ ਮਰਿਆ। ਉਹਨਾ ਨੂੰ ਕੀ? ਫੈਕਟਰੀ ‘ਚ ਮਜ਼ਦੂਰ ਝੁਲਸਿਆ। ਉਹਨਾ ਨੂੰ ਕੀ? ਘਰ ਵਿਚ ਤ੍ਰੀਮਤ ਗੈਸ ਸਿਲੰਡਰ ਦੀ ਭੇਂਟ ਹੋਈ! ਉਹਨਾ ਨੂੰ ਕੀ? ਛੋਟੀ ਬਚੀ ਨਾਲ ਜਬਰ ਜਨਾਹ ਹੋਇਆ। ਇਸ ਗਲ ਨਾਲ ਹਾਕਮ ਦਾ ਕੀ ਵਾਹ ਵਾਸਤਾ? ਕੰਮ ਤਾਂ ਕਾਨੂੰਨ ਨੇ ਕਰਨਾ ਹੈ। ਤੇ ਕਾਨੂੰਨ ਤਾਂ ਲੰਮਾ ਸਮਾਂ ਲਾਉਂਦਾ ਹੈ, ਸਚ ਲਭਣ ਲਈ। ਪਰ ਜਨਤਾ , ਤੂੰ ਤਾਂ ਜਿਹੜੀ ਹੋਈ ਸੋ ਲਈ ਹੈ ਵੇਖ ਅਖੀਂ, ਹੁਣ ਲੰਮੀਆਂ ਤਾਣ ਕੇ ਸੌਣ ਦਾ ਵੇਲਾ ਕਦੋਂ ਖਤਮ ਹੋਏਗਾ?
ਅਜ ਕਲ੍ਹ ਲੋਕੀਂ ਭਟਕ ਰਹੇ ਨੇ,
ਵੇਖ ਪਰਦੇ ਤੇ ਨਚਦੀਆਂ ਬੀਬੀਆਂ ਨੂੰ
ਖ਼ਬਰ ਹੈ ਕਿ ਪੰਜਾਬ ਵਿਚ ਇਲਾਜ ਨਾਲੋਂ ਪਰਹੇਜ਼ ਬਿਹਤਰ ਸਚਾਈ ਨੂੰ ਦਰਕਿਨਾਰ ਕਰਦਿਆਂ ਪੰਜਾਬ ‘ਚ ਕੁਝ ਲੋਕਾਂ ਵਲੋਂ ਖਸਰਾ ਅਤੇ ਰੂਬੈਲਾ ਰੋਗ ਦੇ ਟੀਕਿਆਂ ਬਾਰੇ ਸ਼ੋਸ਼ਲ ਮੀਡੀਆ ਉਤੇ ਰੂੜ ਪ੍ਰਚਾਰ ਹੋ ਰਿਹਾ ਹੈ। ਇਹ ਟੀਕਾਕਰਨ ਬਚਿਆਂ ਨੂੰ ਮਾਰੂ ਛੂਤ-ਰੋਗਾਂ ਤੋਂ ਬਚਾਉਣ ਲਈ ਕਾਰਗਰ ਵਿਧੀ ਹੈ। ਅਤੇ ਦੇਸ਼ ਦੇ 13 ਸੂਬਿਆਂ ਦੇ 8 ਕਰੋੜ ਬਚਿਆਂ ਨੂੰ ਟੀਕਾਕਰਨ ਹੋ ਚੁਕਾ ਹੈ। ਪਰ ਪੰਜਾਬ ‘ਚ ਇਸ ਸਬੰਧੀ ਕੁਝ ਪਿਛਾਂ ਖਿਚੂ ਸੋਚ ਦੇ ਧਾਰਨੀ ਲੋਕਾਂ ਵਲੋਂ ਅਜੀਬ ਕਿਸਮ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ‘ਚ ਇਸ ਮੁਹਿੰਮ ਨੂੰ ਲਾਗੂ ਕਰਨ ‘ਚ ਦਿਕਤਾਂ ਆ ਰਹੀਆਂ ਹਨ।
ਘਰ ਘਰ ਮੋਬਾਇਲ! ਘਰ ਘਰ ਇੰਟਰਨੈਟ! ਘਰ ਘਰ ਈ-ਫੋਨ! ਰੋਟੀ ਖਾਣ ਦਾ ਵਿਹਲ ਨਹੀਂ। ਪਾਣੀ ਪੀਣ ਦਾ ਵਿਹਲ ਨਹੀਂ। ਘਰ ਆਏ ਪ੍ਰਾਹੁਣਿਆਂ ਨੂੰ ਸੰਭਾਲਣ ਦੀ ਵਿਹਲ ਨਹੀਂ। ਇਕੋ ਘਰ ‘ਚ ਜੇ ਚਾਰ ਜੀਅ ਹਨ ਤਾਂ ਚਾਰੇ ਘਰ ਵੰਡੇ ਹੋਏ ਹਨ। ਹਰ ਘਰ ‘ਚ ਇਕ ਜੀਅ ਹੈ, ਉਹਦਾ ਆਪਣਾ ਫੋਨ ਹੈ, ਉਹਦੀ ਆਪਣੀ ਦੁਨੀਆ ਹੈ। ਆਪਣਾ ਘਰ-ਬਾਰ ਸੰਸਾਰ ਹੈ।
ਵੀਡੀਓ ਵਾਇਰਲ ਹੋਈ! ਫੇਸਬੁਕ, ਵਰਡਜਅਪ, ਈ-ਮੇਲ ਅਤੇ ਹੋਰ ਪਤਾ ਨਹੀਂ ਕੀ ਕੁਝ ਤੇ ਸਭੋ ਕੁਝ ਸਾਂਝਾ। ਮਿੰਟਾਂ ਸਕਿੰਟਾਂ ‘ਚ ਸਭੋ ਕੁਝ ਸ਼ਿਅਰ! ਤੇ ਆਪਾਂ ਦਿਤਾ ਸਿਰਹਾਣੇ ਥਲੇ ਸਿਰ! ਅਗੋਂ ਕੀ ਵਾਪਰਨਾ ਹੈ? ਇਹ ਫੋਨ ਜਾਣੇ ਜਾਂ ਫੇਸਬੁਕ! ਗੰਦੇ ਗਾਣੇ, ਗੰਦੀਆਂ ਨੰਗੀਆਂ ਫਿਲਮਾਂ। ਅੰਗ ਪ੍ਰਦਰਸ਼ਨ ਕਰਦਿਆਂ ਬੰਦਾ ਆਪ ਹੀ ਨੰਗਾ ਹੋ ਰਿਹਾ। ਤਦੇ ਕਹਿੰਦੇ ਨੇ ਠਅਜ ਕਲ ਦੇ ਲੋਕੀਂ ਭਟਕ ਰਹੇ ਨੇ, ਵੇਖ ਪਰਦੇ ਤੇ ਨਚਦੀਆਂ ਬੀਬੀਆਂ ਨੂੰ!ਠ ਪਰ ਇਹ ਸਭ ਕੁਝ ਕਰਦਿਆਂ, ਉਹ ਆਪਣੇ ਬਚੇ ਨੂੰ ਵੀ ਭੁਲ ਗਏ ਨੇ ਤੇ ਬੀਵੀ ਨੂੰ ਵੀ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਵਿਚ ਕੁਲਮਿਲਾਕੇ ਹਾਲੀ ਤਕ ਵੀ 6449 ਮਨੁਖ-ਰਹਿਤ ਰੇਲਵੇ ਫਾਟਕ ਹਨ।
ਇਕ ਵਿਚਾਰ
ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਕੀ ਦਿਤਾ ਹੈ, ਇਹ ਨਹੀਂ ਪਤਾ ਕਿ ਤੁਹਾਨੂੰ ਮਿਲਿਆ ਹੈ ਕਿ ਨਹੀਂ…
– ਅੰਤੋਨਿਉ ਪਰੋਚਿਆ