June 3, 2026 8:51 pm

ਆਲੂ ਬੀਜ ਦੇ ਸੁਧਾਰ ਲਈ ਪੈਪਸੀਕੋ ਕਰੇਗੀ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਕੰਮ

ਵਪਾਰੀ ਬਣੇ ਬਿਨਾਂ ਕਿਰਸਾਨੀ ਮੁਨਾਫੇ ਵਿਚ ਨਹੀਂ ਆ ਸਕਦੀ : ਸਿੱਧੂ

ਅੰਮ੍ਰਿਤਸਰ, 5 ਮਈ (ਦਵਾਰਕਾ ਨਾਥ ਰਾਣਾ, ਰਾਜੇਸ਼ ਡੈਨੀ)- ਪੰਜਾਬ ਦੀ ਕਿਰਸਾਨੀ ਦੇ ਸੰਕਟ ਅਤੇ ਹੱਲ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੀ. ਐਚ. ਡੀ. ਚੈਂਬਰ ਨਾਲ ਮਿਲ ਕੇ ਕਰਵਾਈ ਗਈ ਦੋ ਰੋਜ਼ਾ ਕਿਸਾਨ ਗੋਸ਼ਟੀ ਦੇ ਦੂਸਰੇ ਦਿਨ ਹੋਈ ਵਿਚਾਰ-ਚਰਚਾ ਨੂੰ ਸੰਬੋਧਨ ਕਰਦੇ ਅਗਾਂਹਵਧੂ ਕਿਸਾਨ ਅਤੇ ਖੇਤੀ ਵਸਤਾਂ ਨੂੰ ਵਿਦੇਸ਼ਾਂ ਤੱਕ ਵੇਚ ਰਹੇ ਸ. ਕਰਮਵੀਰ ਸਿੰਘ ਸਿੱਧੂ ਨੇ ਕਿਹਾ ਕਿ ਜਦ ਤੱਕ ਪੰਜਾਬ ਦਾ ਕਿਸਾਨ ਵਪਾਰੀ ਨਹੀਂ ਬਣਦਾ, ਤਦ ਤਕ ਖੇਤੀ ਦਾ ਧੰਦਾ ਮੁਨਾਫੇ ਵਿਚ ਨਹੀਂ ਆ ਸਕਦਾ। ਉਨਾਂ ਆਪਣੇ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ ਪੰਜਾਬ ਦੇ ਖੇਤੀ ਉਤਪਾਦ ਦੀ ਯੂਰਪੀਅਨ ਯੂਨੀਅਨ, ਮੱਧ ਪੂਰਬੀ ਦੇਸ਼ਾਂ, ਆਸਟਰੇਲੀਆ, ਬਰਤਾਨੀਆ, ਮਲੇਸ਼ੀਆ, ਜਪਾਨ ਅਤੇ ਰੂਸ ਵਿਚ ਚੰਗੀ ਮੰਗ ਹੈ, ਪਰ ਇਸ ਲਈ ਖੇਤੀ ਪਦਾਰਥਾਂ ਦੀ ਗੁਣਵਤਾ ਸੁਧਾਰਨੀ ਪਵੇਗੀ ਅਤੇ ਚੰਗੀ ਪੈਕਿੰਗ ਤੇ ਕੋਲ਼ਡ ਸਟੋਰ ਸਹੂਲਤਾਂ ਦੇਣੀਆਂ ਪੈਣਗੀਆਂ। ਉਨਾਂ ਦੱਸਿਆ ਕਿ ਦੁਨੀਆਂ ਦੇ ਪ੍ਰਚੂਨ ਖੇਤਰ ਵਿਚ ਖੁਰਾਕ ਪਦਾਰਥਾਂ ਦਾ 69 ਫੀਸਦੀ ਹਿੱਸਾ ਹੈ, ਜੋ ਕਿ ਖੇਤਾਂ ਵਿਚ ਹੀ ਪੈਦਾ ਹੋ ਰਹੀਆਂ ਹਨ। ਚੇਅਰਮੈਨ ਪੀ. ਐਚ. ਡੀ ਚੈਂਬਰ ਪੰਜਾਬ ਸ੍ਰੀ ਆਰ. ਐਸ. ਸਚਦੇਵਾ ਨੇ ਦੱਸਿਆ ਕਿ ਇਸ ਵੇਲੇ ਚੀਨ, ਚਿਲੀ, ਥਾਈਲੈਂਡ ਆਦਿ ਦੇਸ਼ ਵਿਸ਼ਵ ਖੇਤੀ ਬਾਜ਼ਾਰ ਵਿਚ ਭਾਰਤ ਨੂੰ ਮੁਕਾਬਲਾ ਦੇ ਰਹੇ ਹਨ, ਪਰ ਇਸਦੇ ਬਾਵਜੂਦ ਵਿਸ਼ਵ ਬਾਜ਼ਾਰ ਵਿਚ ਪੰਜਾਬ ਦੀ ਉਪਜ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਸਾਨੂੰ ਆਪਣੇ ਉਤਪਾਦ ਵਿਸ਼ਵ ਮੰਡੀ ਲਈ ਤਿਆਰ ਕਰਨ ਦੀ ਲੋੜ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਵੀ. ਕੇ. ਮਹਾਜਨ ਨੇ ਅੱਜ ਦੀ ਹਾਲਤ ਉਤੇ ਝਾਤ ਪਾਉਂਦੇ ਦੱਸਿਆ ਕਿ ਪੰਜਾਬ ਵਿਚ ਆਲੂ ਦੀ ਫਸਲ ਤੋਂ ਸਿਵਾਏ ਸਬਜ਼ੀ ਅਤੇ ਫਲ ਨੂੰ ਲੰਮੇ ਸਮੇਂ ਤੱਕ ਠੰਡਾ ਰੱਖਣ ਲਈ ਕੋਲਡ ਸਟੋਰ ਹੀ ਨਹੀਂ ਹਨ। ਉਨਾਂ ਦੱਸਿਆ ਕਿ ਪੰਜਾਬ ਦੀ ਇਹ ਫਸਲ ਕਰੀਬ ਇਕ ਲਖ ਮੀਟਰਕ ਟਨ ਹੈ, ਜਿਸ ਨੂੰ ਸੰਭਾਲਣ ਲਈ ਅੰਦਾਜ਼ਨ 150 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ। ਪੈਪਸੀਕੋ ਫੂਡ ਦੇ ਜਨਰਲ ਮੈਨੇਜਰ ਸ੍ਰੀ ਰਾਜੇਸ਼ ਕਾਨੌਜੀਆ ਨੇ ਦੱਸਿਆ ਕਿ ਗੁਣਵੱਤਾ ਦੀ ਘਾਟ ਕਾਰਨ ਪੈਪਸੀਕੋ ਨੂੰ ਆਲੂ ਦੀ ਬਹੁਤੀ ਖਰੀਦ ਗੁਜਰਾਤ ਤੋਂ ਕਰਨੀ ਪੈਂਦੀ ਹੈ, ਹਾਂਲਾਕਿ ਪੰਜਾਬ ਵਿਚ ਆਲੂ ਬਹੁਤ ਪੈਦਾ ਹੁੰਦਾ ਹੈ। ਉਨਾਂ ਆਲੂ ਦੀ ਗੁਣਵੱਤਾ ਸੁਧਾਰ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਹਿਯੋਗ ਦੀ ਮੰਗ ਕੀਤੀ, ਜਿਸ ਨੂੰ ਡਾਇਰੈਕਟਰ ਪਸਾਰ ਸ. ਜਸਕਰਨ ਸਿੰਘ ਮਾਹਲ ਨੇ ਹਾਂਪੱਖੀ ਹੁੰਗਾਰਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਖੇਤੀ ਵਿਗਿਆਨੀ ਡਾ. ਕੁਸ਼ਲਦੀਪ ਧਰਨੀ, ਮੁੱਖ ਖੇਤੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ, ਡਾ. ਨਰਪਿੰਦਰ ਸਿੰਘ, ਪੰਜਾਬ ਐਗਰੋ ਦੇ ਮਾਰਕੀਟਿੰਗ ਮੁਖੀ ਭਵਨਦੀਪ ਸਿੰਘ ਸਿੱਧੂ, ਮਾਰਕਫੈਡ ਦੇ ਵਧੀਕ ਡਾਇਰੈਕਟਰ ਸ਼੍ਰੀ ਬਾਲ ਮੁਕੰਦ ਸ਼ਰਮਾ, ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ ਸ੍ਰੀ ਜੀ. ਪੀ. ਐਸ. ਰੰਧਾਵਾ, ਕਨਵੀਨਰ ਪੀ. ਐਚ. ਡੀ. ਸ੍ਰੀ ਜੈਦੀਪ ਸਿੰਘ, ਅੰਮ੍ਰਿਤਸਰ ਹੈਡ ਸ੍ਰੀ ਜੇ. ਐਸ. ਮੱਕੜ ਨੇ ਵੀ ਸੰਬੋਧਨ ਕੀਤਾ।

Send this to a friend