ਐਸ.ਜੀ.ਪੀ.ਸੀ. ਵੱਲੋਂ ਕੱਢੇ 523 ਮੁਲਾਜ਼ਮਾਂ ਦੀ ਕਾਨੂੰਨੀ ਲੜਾਈ ਅੰਮ੍ਰਿਤਸਰ ਅਕਾਲੀ ਦਲ ਪਾਰਟੀ ਵਕੀਲਾਂ ਰਾਹੀ ਲੜੇਗਾ

ਅੰਮ੍ਰਿਤਸਰ- ਜਿਥੇ ਵੀ ਕਿਸੇ ਮੁਲਕ, ਸੂਬੇ ਜਾਂ ਸ਼ਹਿਰ, ਪਿੰਡ ਵਿਚ ਕਿਸੇ ਤਰ੍ਹਾਂ ਦਾ ਜ਼ਬਰ-ਜੁਲਮ ਹੁੰਦਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਇਖ਼ਲਾਕੀ ਤੇ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਅਜਿਹੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁਧ ਨਿਰੰਤਰ ਆਵਾਜ਼ ਉਠਾਉਦਾ ਆ ਰਿਹਾ ਹੈ ਅਤੇ ਸਾਨੂੰ ਗੁਰੂ ਸਾਹਿਬਾਨ ਨੇ ਇਹ ਜਨਮ ਤੋਂ ਹੀ ਸੰਦੇਸ਼ ਦਿਤਾ ਹੈ ਕਿ ‘ਭੈ ਕਹੂੰ ਕੋ ਦੇਤਿ ਨਾ, ਨਾ ਭੈ ਮਾਨਤਿ ਆਨਿ’ ਸਿਖ ਕੌਮ ਨਾ ਤਾਂ ਕਿਸੇ ਉਤੇ ਕੋਈ ਵਧੀਕੀ, ਜ਼ਬਰ-ਜੁਲਮ ਕਰਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਅਜਿਹੇ ਜ਼ਬਰ ਨੂੰ ਸਹਿਦੀ ਹੈ । ਬੀਤੇ ਕੁਝ ਸਮਾਂ ਪਹਿਲੇ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਐਗਜੈਕਟਿਵ ਵਲੋਂ ਆਪਣੇ ਸਿਆਸੀ ਆਕਾਵਾਂ ਦੇ ਗੈਰ ਕਾਨੂੰਨੀ ਤੇ ਗੈਰ-ਇਖ਼ਲਾਕੀ ਹੁਕਮਾਂ ਨੂੰ ਮੰਨਦੇ ਹੋਏ ਜੋ ਐਸ.ਜੀ.ਪੀ.ਸੀ. ਵਿਚ ਸ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਸਮੇਂ 523 ਮੁਲਾਜ਼ਮਾਂ ਦੀ ਭਰਤੀ ਵਿਧੀ-ਵਿਧਾਨ ਅਨੁਸਾਰ ਕੀਤੀ ਗਈ ਸੀ, ਉਸ ਨੂੰ ਰਦ ਕਰਕੇ 523 ਗਰੀਬ ਮੁਲਾਜ਼ਮਾਂ ਉਤੇ ਕੁਹਾੜਾ ਚਲਾ ਦਿਤਾ ਗਿਆ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਡਾ ਜ਼ਬਰ ਕਰਾਰ ਦਿੰਦੇ ਹੋਏ ਇਨ੍ਹਾਂ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਵਕੀਲਾਂ ਦੇ ਪੈਨਲ ਰਾਹੀ ਜੁਡੀਸੀਅਲ ਕਮਿਸ਼ਨ ਅਤੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਰਿਟ ਪਾਉਦਾ ਹੋਇਆ ਆਪਣੀ ਕਾਨੂੰਨੀ ਕਾਰਵਾਈ ਕਰਨ ਦੇ ਫਰਜ ਅਦਾ ਕਰੇਗਾ। ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ, ਮੁਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜ ਪਾਰਟੀ ਦੇ ਮੁਖ ਦਫ਼ਤਰ ਤੋਂ ਪਾਰਟੀ ਨੀਤੀ ਅਨੁਸਾਰ ਬਿਆਨ ਜਾਰੀ ਕਰਦੇ ਹੋਏ ਅਤੇ ਜ਼ਬਰੀ ਬਰਖਾਸਤ ਕੀਤੇ ਗਏ 523 ਮੁਲਾਜ਼ਮਾਂ ਨੂੰ ਸ. ਮਾਨ ਦੀ ਇਮਾਨਦਾਰ ਤੇ ਦ੍ਰਿੜਤਾ ਭਰੀ ਸਖਸ਼ੀਅਤ ਅਧੀਨ ਇਕਤਰ ਹੋ ਕੇ ਇਨਸਾਫ਼ ਪ੍ਰਾਪਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਹ ਵੀ ਜਾਣਕਾਰੀ ਦਿਤੀ ਕਿ ਪਾਰਟੀ ਵਲੋਂ ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਸ. ਸਿਮਰਨ ਸਿੰਘ, ਸ. ਕਰਨਰਾਜ ਸਿੰਘ ਇਹ ਕਾਨੂੰਨੀ ਲੜਾਈ ਦੀ ਅਗਲੇਰੀ ਕਾਰਵਾਈ ਕਰਨਗੇ ਅਤੇ ਇਨ੍ਹਾਂ ਦੇ ਇਸ ਸਹਿਯੋਗ ਲਈ ਸਾਡੀ ਪਾਰਟੀ ਦੇ ਚੰਡੀਗੜ੍ਹ ਦੇ ਪ੍ਰਧਾਨ ਸ. ਗੋਪਾਲ ਸਿੰਘ ਝਾੜੋ ਵੀ ਇਨ੍ਹਾਂ ਦੇ ਨਾਲ ਹੋਣਗੇ । ਉਪਰੋਕਤ ਸਤਿਕਾਰਯੋਗ ਐਡਵੋਕੇਟ ਸਾਹਿਬਾਨ ਦੇ ਸੰਪਰਕ ਨੰਬਰ 98554-58024, 94643-82824 ਅਤੇ 94645-55553 ਉਤੇ ਪੀੜਤ ਮੁਲਾਜ਼ਮ ਆਪਣੇ ਦਸਤਾਵੇਜ ਸਹਿਤ ਸੰਪਰਕ ਕਰ ਸਕਦੇ ਹਨ। ਪੀੜਤ ਮੁਲਾਜ਼ਮ ਆਪਣੀ ਨਿਯੁਕਤੀ ਪਤਰ, ਆਧਾਰ ਕਾਰਡ, ਬਰਖਾਸਤੀ ਨੋਟਿਸ ਦੇ ਹੁਕਮਾਂ ਦੀ ਇਕ-ਇਕ ਕਾਪੀ ਲੈਕੇ ਸਾਡੇ ਐਡਵੋਕੇਟਸ ਨੂੰ ਸੰਪਰਕ ਕਰਨ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਦਾ ਹੋਇਆ ਉਪਰੋਕਤ ਜ਼ਬਰ-ਜੁਲਮ ਦਾ ਸ਼ਿਕਾਰ ਹੋਏ 523 ਮੁਲਾਜ਼ਮਾਂ ਨੂੰ ਇਨਸਾਫ਼ ਦਿਵਾ ਸਕੇ। ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਮੁਚੇ ਪੀੜਤ ਮੁਲਾਜ਼ਮ ਜਲਦੀ ਹੀ ਸਾਡੇ ਵਕੀਲਾਂ ਦੇ ਪੈਨਲ ਨਾਲ ਸੰਪਰਕ ਬਣਾ ਲੈਣਗੇ।

Send this to a friend