ਕਠੂਆ ਵਿਖੇ ਬੱਚੀ ਨਾਲ ਮੰਦਰ ’ਚ ਜ਼ਬਰ-ਜ਼ਿਨਾਹ ਕਰਨ ਵਾਲੇ ਦਰਿੰਦਿਆ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ

ਫ਼ਤਹਿਗੜ੍ਹ ਸਾਹਿਬ- ਜੰਮੂ-ਕਸ਼ਮੀਰ ਸੂਬੇ ਦੇ ਕਠੂਆ ਸ਼ਹਿਰ ਵਿਖੇ ਆਸਫਾ ਨਾਮ ਦੀ 8 ਸਾਲਾ ਮਾਸੂਮ ਬਚੀ ਨਾਲ ਜਿਨ੍ਹਾਂ ਕਟੜਵਾਦੀ ਹਿੰਦੂ ਦਰਿੰਦਿਆਂ ਨੇ ਮੰਦਰ ਵਿਚ ਸਮੂਹਿਕ ਜ਼ਬਰ-ਜ਼ਿਨਾਹ ਕਰਦੇ ਹੋਏ ਅਤਿ ਸ਼ਰਮਨਾਕ ਕਾਰਾ ਕੀਤਾ, ਉਨ੍ਹਾਂ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਤੀ ਜਾਵੇ । ਕਿਉਂਕਿ ਇਨ੍ਹਾਂ ਦਰਿੰਦਿਆਂ ਨੇ ਕਟੜਵਾਦੀ ਜਨੂਨ ਵਿਚ ਗ੍ਰਸਤ ਹੋ ਕੇ ਅਤੇ ਘਟ ਗਿਣਤੀ ਕੌਮਾਂ ਉਤੇ ਹਿੰਦੂਤਵ ਧੋਸ ਜਮਾਉਣ ਹਿਤ ਇਹ ਗੈਰ-ਇਖ਼ਲਾਕੀ ਕਾਰਵਾਈ ਕਰਕੇ ਇਹ ਸੰਦੇਸ਼ ਦਿਤਾ ਹੈ ਕਿ ਇਹ ਹਿੰਦੂਤਵ ਮੁਲਕ ਹੈ, ਇਥੇ ਉਹੀ ਅਮਲ ਹੋਣਗੇ ਜੋ ਬਹੁਗਿਣਤੀ ਹਿੰਦੂ ਕੌਮ ਚਾਹੇਗੀ । ਇਹ ਹੋਰ ਵੀ ਅਤਿ ਘਿਣੋਨੀ ਤੇ ਗੈਰ-ਇਨਸਾਨੀਅਤ ਅਮਲ ਹੋਇਆ ਹੈ ਕਿ ਬਹੁਗਿਣਤੀ ਨਾਲ ਸੰਬੰਧਤ ਜੰਮੂ-ਕਸ਼ਮੀਰ ਦੇ ਸਿਆਸਤਦਾਨ, ਵਕੀਲਾਂ ਤੇ ਹੋਰਨਾਂ ਨੇ ਸੰਬੰਧਤ ਬਲਾਤਕਾਰੀ ਦੋਸ਼ੀਆਂ ਦਾ ਪਖ ਪੂਰਕੇ ਇਨਸਾਨੀਅਤ ਕਦਰਾ-ਕੀਮਤਾ ਦਾ ਜਨਾਜਾ ਕਢ ਦਿਤਾ ਹੈ ਅਤੇ ਹਿੰਦੂਤਵ ਕਟੜਵਾਦੀ ਸੋਚ ਅਧੀਨ ਤਾਨਾਸ਼ਾਹੀ ਅਮਲ ਕਰਕੇ ਇਥੇ ਅਰਾਜਕਤਾ ਫੈਲਾਈ ਜਾ ਰਹੀ ਹੈ । ਅਜਿਹੇ ਘਿਣੋਨੇ ਜੁਲਮ ਕਰਨ ਵਾਲਿਆ ਨੂੰ ਤੁਰੰਤ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਕਾਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਪ੍ਰਵਾਨ ਕਰਦੇ ਹੋਏ ਕਾਨੂੰਨ ਵਿਚ ਕਿਸੇ ਤਰ੍ਹਾਂ ਦੀ ਢਿਲ੍ਹ ਨਹੀਂ ਹੋਣੀ ਚਾਹੀਦੀ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਠੂਆ ਵਿਖੇ ਇਕ ਮਾਸੂਮ ਮੁਸਲਿਮ ਬਚੀ ਨਾਲ ਇਕ ਮੰਦਰ ਵਿਚ ਸਮੂਹਿਕ ਜ਼ਬਰ-ਜ਼ਿਨਾਹ ਹੋਣ ਦੀ ਅਤਿ ਸ਼ਰਮਨਾਕ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਦੇ ਮਥੇ ਉਤੇ ਕਾਲਾ ਕਲੰਕ ਕਰਾਰ ਦਿੰਦੇ ਹੋਏ ਅਤੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਬੀਤੇ ਸਮੇਂ ਦੇ ਬਹੁਗਿਣਤੀ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦੇ ਵੇਰਵੇ ਦਿੰਦੇ ਹੋਏ ਕਿਹਾ ਕਿ ਕਟੜਵਾਦੀ ਹੁਕਮਰਾਨਾਂ ਨੇ ਇਥੇ ‘ਜੰਗਲ ਦਾ ਰਾਜ‘ ਕਾਇਮ ਕਰ ਦਿਤਾ ਹੈ । ਘਟ ਗਿਣਤੀ ਕੌਮਾਂ ਉਤੇ ਹੋਣ ਵਾਲੇ ਜ਼ਬਰ-ਜੁਲਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਅਤੇ ਪੀੜਤਾਂ ਨੂੰ ਇਨਸਾਫ਼ ਨਾ ਦੇਣ ਦੀ ਬਦੌਲਤ ਘਟ ਗਿਣਤੀ ਕੌਮਾਂ ਦਾ ਆਜ਼ਾਦੀ ਨਾਲ ਜਿਊਣਾ ਦੁਭਰ ਹੋਇਆ ਪਿਆ ਹੈ । ਇਹ ਹਿੰਦੂਤਵ ਸੋਚ ਹੀ ਹੈ ਕਿ ਸਮੁਚੀ ਸਿਖ ਕੌਮ ਨੂੰ ਹੁਕਮਰਾਨਾਂ ਵਲੋਂ ਨਿਸ਼ਾਨਾਂ ਬਣਾਉਦੇ ਹੋਏ ਅਤਵਾਦੀ, ਗਰਮਦਲੀਏ, ਵਖਵਾਦੀ, ਸ਼ਰਾਰਤੀ ਅਨਸਰ ਆਦਿ ਬਦਨਾਮਨੁੰਮਾ ਨਾਮ ਦੇ ਕੇ ਪ੍ਰੈਸ ਅਤੇ ਮੀਡੀਏ ਵਿਚ ਸਿਖ ਕੌਮ ਨੂੰ ਬਦਨਾਮ ਵੀ ਕਰਦੇ ਆ ਰਹੇ ਹਨ ਅਤੇ ਨਿਰੰਤਰ ਜ਼ਬਰ-ਜੁਲਮ ਵੀ ਢਾਹੁੰਦੇ ਆ ਰਹੇ ਹਨ। 1984 ਵਿਚ ਹਿੰਦ, ਸੋਵੀਅਤ ਅਤੇ ਬਰਤਾਨੀਆ ਦੀਆਂ ਫ਼ੌਜਾਂ ਨੇ ਰਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੀ ਨਹੀਂ ਕੀਤਾ, ਬਲਕਿ ਸਿਖ ਕੌਮ ਦੀ ਨਸ਼ਲਕੁਸੀ ਵੀ ਕੀਤੀ । ਕੇ.ਪੀ.ਐਸ. ਗਿਲ, ਇਜਹਾਰ ਆਲਮ, ਐਸ.ਐਸ. ਵਿਰਕ ਅਤੇ ਸੁਮੇਧ ਸੈਣੀ ਵਰਗੇ ਜ਼ਾਬਰ ਅਫ਼ਸਰਾਂ ਦੀ ਪਿਠ ਠੋਕ ਕੇ ਹੁਕਮਰਾਨਾਂ ਵਲੋਂ ਸਿਖ ਨੌਜ਼ਵਾਨੀ ਦੀ ਤਬਾਹੀ ਕੀਤੀ ਗਈ । ਇਹੀ ਵਜਹ ਹੈ ਕਿ ਸਾਡੇ ਬਚੇ ਇਥੇ ਰਹਿਣਾ ਬਿਲਕੁਲ ਪਸੰਦ ਨਹੀਂ ਕਰਦੇ । ਕਿਉਂਕਿ ਇਥੇ ਨਾ ਤਾਂ ਸੁਰਖਿਅਤ ਹਨ ਅਤੇ ਨਾ ਹੀ ਉਨ੍ਹਾਂ ਲਈ ਰੁਜ਼ਗਾਰ ਹੈ ਅਤੇ ਉਹ ਆਈ.ਲੈਟਸ ਕਰਕੇ ਬਾਹਰਲੇ ਮੁਲਕਾਂ ਵਿਚ ਜਾ ਰਹੇ ਹਨ।
ਸ. ਮਾਨ ਨੇ ਕਿਹਾ ਕਿ 2002 ਵਿਚ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਜਦੋਂ ਗੁਜਰਾਤ ਦੇ ਮੁਖ ਮੰਤਰੀ ਸਨ ਤਾਂ ਉਥੇ 2 ਹਜ਼ਾਰ ਮੁਸਲਮਾਨਾਂ ਦਾ ਬੇਰਹਿੰਮੀ ਅਤੇ ਗੈਰ-ਇਨਸਾਨੀਅਤ ਤਰੀਕੇ ਕਤਲੇਆਮ ਕਰਵਾਇਆ ਗਿਆ । ਮੁਸਲਿਮ ਬੀਬੀਆਂ ਨਾਲ ਜ਼ਬਰ-ਜ਼ਿਨਾਹ ਕਰਦਿਆ ਦੀਆਂ ਜਨਤਕ ਤੌਰ ਤੇ ਨਗਨ ਵੀਡੀਓਜ਼ ਬਣਾਈਆ ਗਈਆ। ਦਖਣੀ ਸੂਬਿਆਂ ਵਿਚ ਇਸਾਈ ਦੇ ਪ੍ਰਚਾਰਕ ਦੇ ਕਤਲ ਕੀਤੇ ਗਏ । ਇਸਾਈ ਨਨਜਾ ਨਾਲ ਜ਼ਬਰ-ਜ਼ਿਨਾਹ ਕਰਨ ਦੇ ਨਾਲ-ਨਾਲ ਚਰਚਾ ਨੂੰ ਅਗਾਂ ਲਗਾਈਆ ਗਈਆ । ਅਜਿਹੇ ਨਸ਼ਲਕੁਸੀ, ਜ਼ਬਰ-ਜ਼ਿਨਾਹ ਦੇ ਅਮਲ ਕਟੜਵਾਦੀ ਹਿੰਦੂਤਵ ਧੋਸ ਕਾਇਮ ਕਰਨ ਲਈ ਹੀ ਕੀਤੀ ਗਈ । ਅਜ ਜੋ ਕਠੂਆ ਵਿਚ 8 ਸਾਲਾ ਮਾਸੂਮ ਬਚੀ ਨਾਲ ਦਰਿੰਦਿਆ ਨੇ ਜ਼ਬਰ-ਜ਼ਿਨਾਹ ਦਾ ਸਮੂਹਿਕ ਕਾਰਾ ਕੀਤਾ ਹੈ, ਇਸ ਤੋਂ ਚਿਟੇ ਦਿਨ ਵਾਂਗੂ ਸਾਫ਼ ਹੈ ਕਿ ਬਹੁਗਿਣਤੀ ਹਿੰਦੂ ਹੁਕਮਰਾਨ ਤੇ ਸਿਆਸਤਦਾਨ ਅਜਿਹੇ ਗੈਰ-ਇਨਸਾਨੀ ਅਤੇ ਗੈਰ-ਸਮਾਜਿਕ ਅਮਲ ਕਰਕੇ ਮੰਦਭਾਵਨਾ ਭਰਿਆ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਇਥੇ ਹਿੰਦੂਤਵ ਸੋਚ ਵਾਲੇ ਜੋ ਚਾਹੁਣਗੇ, ਉਹੀ ਹੋਵੇਗਾ, ਭਾਵੇ ਕਿ ਉਹ ਗੈਰ-ਸੰਵਿਧਾਨਿਕ, ਗੈਰ-ਇਖ਼ਲਾਕੀ ਜਾਂ ਗੈਰ-ਸਮਾਜਿਕ ਕਿਉਂ ਨਾ ਹੋਵੇ । ਜਿਸ ਤੋਂ ਸਮੁਚੇ ਸੰਸਾਰ ਨੂੰ ਪ੍ਰਤਖ ਹੋ ਰਿਹਾ ਹੈ ਕਿ ਇੰਡੀਆਂ ਵਿਚ ਘਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਅਤੇ ਅਰਾਜਕਤਾ ਹਿੰਦੂ ਹੁਕਮਰਾਨ ਤੇ ਸਿਆਸਤਦਾਨ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਯੂ.ਐਨ. ਵਿਚ 8 ਸਾਲਾ ਬਚੀ ਦੇ ਜ਼ਬਰ-ਜ਼ਿਨਾਹ ਦੀ ਗਲ ਸਿਖਾਂ, ਮੁਸਲਮਾਨਾਂ ਤੇ ਘਟ ਗਿਣਤੀ ਕੌਮਾਂ ਵਲੋਂ ਨਾ ਉਠਾਈ ਜਾਂਦੀ ਤਾਂ ਇਨ੍ਹਾਂ ਜ਼ਾਬਰ ਹੁਕਮਰਾਨਾਂ ਨੇ ਵਡੇ ਗੁਨਾਹ ਦੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਸੀ ਕਰਨੀ । ਇਹ ਤਾਂ ਉਨ੍ਹਾਂ ਇਨਸਾਨੀਅਤ ਪਖੀ ਸੋਚ ਦੇ ਮਾਲਕ ਸੰਗਠਨਾਂ ਤੇ ਸਖਸ਼ੀਅਤਾਂ ਦਾ ਪ੍ਰਸ਼ੰਸ਼ਾਯੋਗ ਉਦਮ ਹੈ ਜਿਨ੍ਹਾਂ ਨੇ ਇੰਡੀਆਂ ਵਿਚ ਘਟ ਗਿਣਤੀ ਕੌਮਾਂ ਉਤੇ ਹੋ ਰਹੇ ਜ਼ਬਰ-ਜੁਲਮ ਅਤੇ 8 ਸਾਲਾ ਬਚੀ ਨਾਲ ਹੋਏ ਜ਼ਬਰ-ਜ਼ਿਨਾਹ ਦੀ ਗਲ ਉਠਾਕੇ ਕੌਮਾਂਤਰੀ ਪਧਰ ਤੇ ਹਿੰਦੂਤਵ ਹੁਕਮਰਾਨਾਂ ਦੇ ਦਰਿੰਦਗੀ ਵਾਲੇ ਚਿਹਰੇ ਨੂੰ ਨੰਗਾਂ ਕੀਤਾ ਹੈ ਅਤੇ ਕੌਮਾਂਤਰੀ ਪਧਰ ਤੇ ਮੁਤਸਵੀ ਮੋਦੀ ਹਕੂਮਤ ਨੂੰ ਚੋਰਾਹੇ ਵਿਚ ਖੜ੍ਹਾ ਕੀਤਾ ਹੈ।
ਸ. ਮਾਨ ਨੇ ਮੁਤਸਵੀ ਹਿੰਦੂਤਵ ਹੁਕਮਰਾਨਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਘਟ ਗਿਣਤੀਆਂ ਉਤੇ ਜ਼ਬਰ-ਜੁਲਮ ਕਰਕੇ ਜਾਂ ਸ਼ਰਮਨਾਕ ਕਾਰਵਾਈਆ ਕਰਕੇ ਘਟ ਗਿਣਤੀ ਕੌਮਾਂ ਨੂੰ ਕਤਈ ਦਬਾਅ ਨਹੀਂ ਸਕਣਗੇ ਅਤੇ ਨਾ ਹੀ ਅਸੀਂ ਅਜਿਹਾ ਸਹਿਣ ਕਰਾਂਗੇ।

Send this to a friend